ਮਾਂ-ਬਾਪ ਦਾ ਨਾਂ ਚਮਕਾਇਆ
Maa-Baap Da Na Chamkaiya
ਜਿਹੜੀ ਧੀ ਦੇ ਜਨਮ ਦੇ ਉੱਤੇ, ਸਾਰਾ ਟੱਬਰ ਸੀ ਘਬਰਾਇਆ
ਓਸ ਕੁੜੀ ਨੇ ਵੱਡੀ ਹੋ ਕੇ, ਮਾਂ-ਬਾਪ ਦਾ ਨਾਂ ਚਮਕਾਇਆ
ਜਿਸ ਵੇਲੇ ਮਾਂ ਨੇ ਧੀ ਜਾਈ
ਸੁਣ ਕੇ ਸਭ ਨੇ ਨੀਵੀਂ ਪਾਈ
ਦਾਦੀ ਨੇ ਵੀ ‘ਪੱਥਰ' ਕਹਿ ਕੇ
ਮੱਥੇ ਉੱਤੇ ਸੌ ਵੱਟ ਪਾਇਆ
ਜਿਹੜੀ ਧੀ ਦੇ..
ਨਾ ਹੀ ਖ਼ੁਸ਼ੀਆਂ ਕਿਸੇ ਮਨਾਈਆਂ
ਨਾ ਕਿਧਰੇ ਵੰਡੀਆਂ ਮਠਿਆਈਆਂ
ਰੱਬ ਦੀ ਭੇਜੀ ਏਸ ਸੁਗਾਤ ਨੂੰ,
ਸਭ ਨੇ ਅੰਦਰੋਂ ਸੀ ਠੁਕਰਾਇਆ
ਜਿਹੜੀ ਧੀ ਦੇ...
ਪੁੱਤਾਂ ਲਈ ਜੋ ਲਾਡ ਲਡਾਏ
ਇਸ ਦੇ ਹਿੱਸੇ ਉਹ ਨਾ ਆਏ
ਪੈਰ-ਪੈਰ 'ਤੇ ਸਹੇ ਵਿਤਕਰੇ,
ਰਹਿ ਕੇ ਚੁੱਪ ਸਭ ਦੁੱਖ ਹੰਢਾਇਆ
ਜਿਹੜੀ ਧੀ ਦੇ…
ਮਾਂ ਨਾਲ ਕੰਮ 'ਚ ਹੱਥ ਵਟਾਉਂਦੀ
ਫਿਰ ਸਕੂਲ ਦਾ ਕੰਮ ਮੁਕਾਉਂਦੀ
ਸੁਣਿਆ ਅੱਜ ਨਤੀਜਾ ਸਭ ਨੇ,
ਜ਼ਿਲ੍ਹੇ 'ਚੋਂ ਪਹਿਲਾ ਨੰਬਰ ਆਇਆ
ਜਿਹੜੀ ਧੀ ਦੇ ...

0 Comments