ਸੋਹਣਾ ਵਿਰਸਾ ਭੁੱਲਦੇ ਜਾਂਦੇ
Sohna Virsa Bhulde Jande
ਟੀ.ਵੀ. ਦਾ ਜਦ ਬਟਨ ਘੁਮਾਈਏ ਭੈੜੇ ਗੀਤ ਨੇ ਵੱਜਦੇ
ਫੈਸ਼ਨ ਦੇ ਵਿੱਚ ਰੰਗੇ ਹੋਏ, ਕੱਪੜੇ ਪਾਉਣ ਨਾ ਚੱਜਦੇ
ਚੁੱਪ ਬੈਠੇ ਨੇ ਧਰਮਾਂ ਵਾਲੇ, ਨਾ ਬੋਲਣ ਸਰਕਾਰਾਂ
ਸੋਹਣਾ ਵਿਰਸਾ ਭੁੱਲਦੇ ਜਾਂਦੇ ਗੱਭਰੂ ਤੇ ਮੁਟਿਆਰਾਂ
ਗੀਤ ਗਾਉਣ ਲਈ ਕਲਾਕਾਰ ਕੋਈ ਜਦ ਸਟੇਜ 'ਤੇ ਆਵੇ
‘ਰੱਬ ਵਰਗੇ ਸਰੋਤੇ’ ਕਹਿ ਕੇ ਸਾਨੂੰ ਉਹ ਪਰਚਾਵੇ
ਦੋ ਅਰਥਾਂ ਦੇ ਗੀਤ ਬੋਲਦਾ, ਕਿੰਨਾ ਕੁਝ ਸਹਾਰਾਂ ? .... ਸੋਹਣਾ ਵਿਰਸਾ....
ਟੀ.ਵੀ. ਸਾਹਵੇਂ ਨੂੰਹ ਬੈਠੀ ਹੈ ਸੱਸ ਬੇਵੱਸ ਵਿਚਾਰੀ
ਕਹਿਣ ਬਜ਼ੁਰਗਾਂ ਨੂੰ ਇਹਨਾਂ ਦੀ ਮੱਤ ਗਈ ਏ ਮਾਰੀ
ਨਾ ਕੋਈ ਭੱਤਾ ਲੈ ਕੇ ਜਾਵੇ, ਨਾ ਚੋਂਦੀਆਂ ਧਾਰਾਂ ... ਸੋਹਣਾ ਵਿਰਸਾ ...
ਚਰਖ਼ਾ ਬਹੁਤ ਉਦਾਸ ਪਿਆ ਏ, ਲੱਭਦੀ ਨਾ ਫੁਲਕਾਰੀ
ਪਟੇ ਕਰਾ ਕੇ ਅੱਜ ਪੰਜਾਬਣ ਵਿਰਸਾ ਫਿਰੇ ਵਿਸਾਰੀ
ਬਿਊਟੀ ਪਾਰਲਰ 'ਤੇ ਨਿੱਤ ਜਾਵੇ, ਕੀ ਕੀ ਚੋਜ ਉਚਾਰਾਂ ? ...ਸੋਹਣਾ ਵਿਰਸਾ...
ਨਾ ਬਲਦਾਂ ਗਲ ਟੱਲੀਆਂ ਛਣਕਣ, ਘੁੰਮਦੀ ਨਾ ਮਧਾਣੀ
ਅੰਮ੍ਰਿਤ ਵੇਲੇ ਉਠ ਕੇ ਮਿੱਠੀ ਸੁਣਦੇ ਨਾ ਗੁਰਬਾਣੀ
ਗੁਰੂਆਂ ਦੀ ਸਿੱਖਿਆ ਦੇ ਵੱਲੋਂ ਲਈਆਂ ਮੋੜ ਮੁਹਾਰਾਂ.... ਸੋਹਣਾ ਵਿਰਸਾ
ਕਰਜ਼ਾ ਚੁੱਕ ਕੇ ਕਾਲਜ ਦੀਆਂ ਮਾਪੇ ਭਰਦੇ ਫੀਸਾਂ
ਕੁੜੀਆਂ ਵਰਗੇ ਵਾਲ ਬਣਾ ਕੇ ਮੁੰਡੇ ਕਰਦੇ ਰੀਸਾਂ
ਇੱਲ੍ਹ ਤੇ ਕੁੱਕੜ ਆਏ ਨਾ ਪੜ੍ਹਨਾ, ਸੁਣਦੇ ਨਿੱਤ ਫੁਟਕਾਰਾ….ਸੋਹਣਾ ਵਿਰਸਾ…..
ਕੰਮ ਕਾਰ ਨੂੰ ਹੱਥ ਨਾ ਲਾਉਂਦੇ, ਕੰਨੀਂ ਮੁੰਦਰਾਂ ਪਾਉਂਦੇ
ਸੈਂਟ ਤੇ ਪਾਊਡਰ ਲਾ ਕੇ ਮੋਟਰ ਸਾਈਕਲ ਰਹਿਣ ਘੁਮਾਉਂਦੇ
ਕੀ ਬਣੇਗਾ ਇਸ ਪੀੜ੍ਹੀ ਦਾ, ਸਿਆਣੇ ਕਰਨ ਵਿਚਾਰਾਂ….ਸੋਹਣਾ ਵਿਰਸਾ….
ਮੋਬਾਈਲ ਫੋਨ ਕੰਨਾਂ ਨੂੰ ਲਾ ਕੇ, ਖ਼ੂਬ ਦਿਖਾਵਾ ਕਰਦੇ
ਫੁੱਕਰਪੁਣੇ ਵਿਚ ਮਾਪਿਆਂ ਦੀ ਵੀ ਇੱਜ਼ਤ ਨਹੀਂਓ ਕਰਦੇ
ਨਸ਼ਿਆਂ ਦੇ ਦਰਿਆ ਵਿਚ ਡੁੱਬੇ ਸੁਣਦੇ ਨਹੀਂ ਪੁਕਾਰਾਂ.. ਸੋਹਣਾ ਵਿਰਸਾ….
ਕਿੱਕਲੀ, ਪੀਂਘਾਂ, ਤੀਆਂ, ਜਾਗੋ ਭਾਲਿਆਂ ਵੀ ਨਾ ਲੱਭਦੇ
ਛਿੰਝਾਂ, ਲੁੱਡੀ, ਭੰਗੜੇ ਛੱਡ 'ਤੇ, ਢੋਲ ਨਾ ਕਿਧਰੇ ਵੱਜਦੇ
ਵਿੱਚ ਕਲੱਬਾਂ ਡਿਸਕੋ ਕਰਦੇ, ਘੁੰਮਦੇ ਲੈ ਕੇ ਕਾਰਾਂ...ਸੋਹਣਾ ਵਿਰਸਾ….
ਕੈਂਠੇ, ਚਾਦਰੇ, ਗਾਨੀ, ਖੂੰਡੇ, ਸ਼ਮਲੇ ਵਾਲੀਆਂ ਪੱਗਾਂ
ਢੱਡ, ਸਾਰੰਗੀ, ਵੰਝਲੀ ਖੋ ਗਏ, ਕਿੱਥੋਂ ਜਾ ਕੇ ਲੱਭਾਂ ?
ਪੰਜ ਦਰਿਆਵਾਂ ਦੀ ਧਰਤੀ 'ਚੋਂ ਮੁੱਕਦੀਆਂ ਜਾਣ ਬਹਾਰਾਂ…..ਸੋਹਣਾ ਵਿਰਸਾ….
ਪਹਿਲਾਂ ਵਰਗੇ ਲੋਕ ਰਹੇ ਨਾ, ਇਸ ਧਰਤੀ ਦੇ ਉਤੇ
ਗੁਰੂ ਗੋਬਿੰਦ ਤੇ ਭਗਤ, ਸਰਾਭੇ ਦੇ ਵਾਰਸ ਪਏ ਸੁੱਤੇ
ਜਾਗੋ ਭਾਰਤ ਮਾਂ ਦੇ ਸ਼ੇਰੋ ! ਮੁੜ ਮੁੜ ਧਾਹਾਂ ਮਾਰਾਂ……ਸੋਹਣਾ ਵਿਰਸਾ….
ਹਾਲੇ ਵੀ ਜੇ ਅਸੀਂ ਨਾ ਜਾਗੇ, ਪੈ ਜੂ ਗਾ ਪਛਤਾਉਣਾ
ਵਕਤ ਗਵਾਚਾ ਸਾਡੇ ਕੋਲੋਂ ਨਹੀਓਂ ਫੇਰ ਥਿਆਉਣਾ
ਵਿਚ ਉਜਾੜਾਂ ਖੜਾ ਇਕੱਲਾ ‘ਰਾਜੀ’ ਕਰੇ ਪੁਕਾਰਾਂ….. ਸੋਹਣਾ ਵਿਰਸਾ…..
0 Comments