ਰੁੱਖ ਆਖਦਾ
Rukh Aakhda
ਕਿੰਨੇ ਹਾਂ ਉਪਕਾਰ ਮੈਂ ਕਰਦਾ, ਕੁਝ ਤਾਂ ਸੋਚ ਵਿਚਾਰ ਕਰੋ
ਰੁੱਖ ਆਖਦਾ ਮੇਰੇ ਉੱਤੇ, ਨਾ ਤੁਸੀਂ ਅੱਤਿਆਚਾਰ ਕਰੋ
ਬਚਪਨ ਦੇ ਵਿਚ ਤੇਰੇ ਲਈ ਤਾਂ ਮੇਰਾ ਬਣੇ ਪੰਘੂੜਾ
ਮੇਰੀ ਕਲਮ ਦੇ ਨਾਲ ਤੂੰ ਸਿੱਖਿਆ, ਲਿਖਣਾ ਆੜਾ-ਊੜਾ
ਮੈਂ ਹਾਂ ਤੇਰਾ ਸੱਚਾ ਸਾਥੀ, ਨਾ ਇਹ ਮਾਰਾ ਮਾਰ ਕਰੋ
ਰੁੱਖ ਆਖਦਾ..
ਨਿੱਕੀ ਉਮਰੇ ਰਿਹਾ ਖੇਡਦਾ, ਤੂੰ ਰੁੱਖਾਂ 'ਤੇ ਚੜ੍ਹਕੇ
ਵੱਡਾ ਹੋ ਕੇ ਫੇਰੇਂ ਆਰੀ ਮੇਰਾ ਸੀਨਾ ਤੜਫੇ
ਮੇਰੇ ਕਰਕੇ ਜੀਵਨ ਥੋਡਾ, ਮਾੜਾ ਨਾ ਵਿਵਹਾਰ ਕਰੋ
ਰੁੱਖ ਆਖਦਾ…
ਮਿੱਠੇ ਫਲ਼ ਮੈਂ ਦੇਵਾਂ ਤੈਨੂੰ ਨਾਲੇ ਠੰਡੀਆਂ ਛਾਵਾਂ
ਏਦਾਂ ਸੇਵਾ ਕਰਦਾ ਤੇਰੀ, ਜਿਵੇਂ ਕਰਦੀਆਂ ਮਾਵਾਂ
ਸੋਹਣੇ-ਸੋਹਣੇ ਫੁੱਲ ਵੇਖ ਕੇ, ਸੀਨਾ ਠੰਢਾ ਠਾਰ ਕਰੋ
ਰੁੱਖ ਆਖਦਾ…
ਮੇਰੀ ਟਾਹਣੀ ਉੱਤੇ ਬੈਠੇ ਪੰਛੀ ਨੇ ਕੁਰਲਾਉਂਦੇ
ਜੇ ਬੰਦੇ ਨੇ ਰੁੱਖ ਵੱਢ ਦਿੱਤੇ, ਕਿੰਜ ਰਹਾਂਗੇ ਜਿਊਂਦੇ
ਬੰਦਿਓ ਆਪਣੇ ਸੁੱਖ ਲਈ ਸਾਡਾ ਜੀਣਾ ਨਾ ਦੁਸ਼ਵਾਰ ਕਰੋ
ਰੁੱਖ ਆਖਦਾ ..
0 Comments