ਦੇਸ਼ ਵਾਸਤੇ
Desh Vaste
ਜਾਨ ਤਲੀ 'ਤੇ ਰੱਖਕੇ ਚੱਲਦਾ ਕੋਈ ਕੋਈ ਏ
ਦੇਸ਼ ਵਾਸਤੇ ਲੱਖਾਂ ਦੁੱਖੜੇ, ਝੱਲਦਾ ਕੋਈ ਕੋਈ ਏ
ਕਈ ਕਰਤਾਰ ਸਰਾਭੇ ਵਰਗੇ
ਤੇ ਗੁਰਮੁਖ ਸਿੰਘ ਬਾਬੇ ਵਰਗੇ
ਹੱਸਦੇ ਸੀ ਕਈ ਫਾਂਸੀ ਚੜ੍ਹ ਗਏ
ਵੱਡੇ-ਵੱਡੇ ਕੰਮ ਜੋ ਕਰ ਗਏ
ਵਿਚ ਸ਼ਹੀਦਾਂ ਜਾ ਕੇ ਥਾਵਾਂ
ਮੱਲਦਾ ਕੋਈ ਕੋਈ ਏ......ਦੇਸ਼ ਵਾਸਤੇ….
ਜੇਲ੍ਹਾਂ ਤੋਂ ਉਹ ਖੌਫ਼ ਨਾ ਖਾਂਦੇ
ਹੱਕਾਂ ਦੇ ਲਈ ਲੜਦੇ ਜਾਂਦੇ
ਮੌਤ ਦੇ ਕੋਲੋਂ ਨਾ ਘਬਰਾਂਦੇ
ਜ਼ਾਲਮ ਨੂੰ ਨੇ ਸਬਕ ਸਿਖਾਂਦੇ
ਉਂਞ ਤਾਂ ਬੂਟੇ ਲੱਖਾਂ ਹੁੰਦੇ
ਫਲਦਾ ਕੋਈ ਕੋਈ ਏ......ਦੇਸ਼ ਵਾਸਤੇ….
ਇੰਜ ਚਮਕਦੇ ਜਿੱਦਾਂ ਤਾਰੇ
ਉਹ ਨਾ ਜਾਂਦੇ ਕਦੇ ਵਿਸਾਰੇ
ਕਰ ਗਏ ਨੇ ਜੋ ਕੰਮ ਨਿਆਰੇ
ਕਸ਼ਟ ਸਿਰਾਂ 'ਤੇ ਸਹਿ ਗਏ ਭਾਰੇ
ਨਾਲ ਸ਼ਮ੍ਹਾ ਪਰਵਾਨੇ ਵਾਂਗੂੰ
ਜਲਦਾ ਕੋਈ ਕੋਈ ਏ .....ਦੇਸ਼ ਵਾਸਤੇ…..
ਪੈਣ ਗੋਲੀਆਂ ਭਾਵੇਂ ਤਨ 'ਤੇ
ਤਾਂ ਵੀ ਆਂਚ ਨਾ ਆਵੇ ਮਨ ਤੇ
ਮੌਤ ਨੂੰ ਆਪਣੀ ਲਾੜੀ ਮੰਨ ਕੇ
ਸਿਰ ਦੇ ਉੱਤੇ ਕੱਫਣ ਬੰਨ੍ਹ ਕੇ
ਉਨ੍ਹਾਂ ਦੇ ਵਿਚ ‘ਲਲਤੋਂ' ਵਾਲਿਆ,
ਰੁਲਦਾ ਕੋਈ ਕੋਈ ਏ... ਦੇਸ਼ ਵਾਸਤੇ…..
0 Comments