ਭਗਤ ਸਿੰਘ
Bhagat Singh
ਭਗਤ ਸਿੰਘ ਤਾਂ ਹਰ ਯੁੱਗ ਅੰਦਰ, ਹੱਸ ਕੇ ਫਾਂਸੀ ਚੜ੍ਹਦਾ ਹੈ
ਦੱਬੇ ਕੁਚਲੇ ਲੋਕਾਂ ਖ਼ਾਤਰ, ਮੂਹਰੇ ਹੋ ਕੇ ਲੜਦਾ ਹੈ
ਕਿੰਨੀ ਵਾਰੀ ਉਸ ਦੀ ਸੋਚ ਨੂੰ, ਜ਼ਾਲਮ ਸੂਲੀ ਟੰਗਣਗੇ ?
ਜਦ ਤੱਕ ਅਸੀਂ ਆਜ਼ਾਦ ਨੀਂ ਹੁੰਦੇ, ਰੋਜ਼ ਭਗਤ ਸਿੰਘ ਜੰਮਣਗੇ
ਗੋਰਾ ਭਾਵੇਂ ਚਲਾ ਗਿਆ ਹੈ, ਲੁੱਟ ਤਾਂ ਅੱਜ ਵੀ ਜਾਰੀ ਹੈ
ਰਿਸ਼ਵਤਖ਼ੋਰੀ, ਚੋਰ ਬਾਜ਼ਾਰੀ, ਭੁੱਖ ਨੰਗ, ਮਾਰੋ ਮਾਰੀ ਹੈ
ਧਰਮ ਦੇ ਨਾਂ 'ਤੇ ਫਿਰਕੂ ਲੋਕੀਂ, ਕਦ ਤੱਕ ਸਾਨੂੰ ਵੰਡਣਗੇ ?
ਭਗਤ ਸਿੰਘ ਤਾਂ…..
ਧੁਰ ਅੰਦਰ ਤੱਕ ਖੌਰੂ ਪਾਇਆ, ਭਾਰਤ ਮਾਂ ਦੀਆਂ ਹੂਕਾਂ ਨੇ
ਭਗਤ ਸਿੰਘ ਦੇ ਬਚਪਨ ਨੇ ਫਿਰ, ਬੀਜੀਆਂ ਖੇਤ ਬੰਦੂਕਾਂ ਨੇ
ਜਾਬਰ ਨੂੰ ਵੀ ਝੁਕਣਾ ਪੈਣਾ, ਹੱਕ ਮਜ਼ਲੂਮ ਇਹ ਮੰਗਣਗੇ
ਭਗਤ ਸਿੰਘ ਤਾਂ...
ਜਾਨ ਤਲੀ ਤੇ ਰੱਖ ਕੇ ਤੁਰਦਾ, ਨਾ ਇਹ ਮੌਤੋਂ ਡਰਦਾ ਹੈ
ਭਗਤ ਸਿੰਘ ਤਾਂ ਅੱਜ ਵੀ ਜੀਂਦਾ, ਮਰਕੇ ਵੀ ਨਾ ਮਰਦਾ ਹੈ
ਜਾਗ ਪਏ ਨੇ ਸੁੱਤੇ ਲੋਕੀਂ, ਹੁਣ ਇਹ ਅੱਗੇ ਲੰਘਣਗੇ
ਭਗਤ ਸਿੰਘ ਤਾਂ ...
ਬੰਦੇ ਹੱਥੋਂ ਬੰਦੇ ਦੀ ਲੁੱਟ, ਖ਼ਤਮ ਅਜੇ ਨਾ ਹੋਈ ਹੈ
ਕੁਰਸੀ ਵਾਲੇ ਹਾਕਮ ਬਦਲੇ, ਹਾਲਤ ਬਿਲਕੁਲ ਓਹੀ ਹੈ
ਇਕ ਦਿਨ ਸਭ ਨੂੰ ਉੱਠਣਾ ਪੈਣਾ, ਤਾਂ ਹੀ ਹਾਕਮ ਕੰਬਣਗੇ
ਭਗਤ ਸਿੰਘ ਤਾਂ ...
ਪੜ੍ਹਨਾ ਲਿਖਣਾ ਭੁੱਲ ਕੇ ਬਚਪਨ ਜੂਠੇ ਭਾਂਡੇ ਧੋਂਦਾ ਹੈ
ਕਾਣੀ ਵੰਡ ਦਾ ਇਹ ਵਰਤਾਰਾ, ਸੀਨੇ ਸੂਲ ਚੁਭੋਂਦਾ ਹੈ
ਹੱਕ ਲੈਣ ਲਈ ਫੇਰ ਦੁਬਾਰਾ, ਯੋਧੇ ਫਾਂਸੀ ਚੁੰਮਣਗੇ
ਭਗਤ ਸਿੰਘ ਤਾਂ...
ਸਾਮਰਾਜ ਦੀ ਤਾਕਤ ਅੱਗੇ ਸ਼ੇਰਾਂ ਵਾਂਗੂੰ ਬੁੱਕਣਗੇ
ਪਰਬਤ ਵਾਂਗ ਤੂਫ਼ਾਨ ਰੋਕਣੇ, ਝੰਡੇ ਉੱਚੇ ਚੁੱਕਣਗੇ
ਤੇਰੇ ਕੋਲੋਂ ਭੱਜ ਨੀ ਹੋਣਾ, ਜ਼ਹਿਰੀ ਸੱਪ ਬਣ ਡੰਗਣਗੇ
ਭਗਤ ਸਿੰਘ ਤਾਂ ..
ਜਲ੍ਹਿਆਂ ਵਾਲੇ ਬਾਗ਼ ਦੀ ਧਰਤੀ ਸਾਨੂੰ ਫੇਰ ਪੁਕਾਰ ਰਹੀ
ਕਿਰਤੀ ਲੋਕੋ 'ਕੱਠੇ ਹੋਵੇ, ਸਾਡੀ ਅਣਖ ਵੰਗਾਰ ਰਹੀ
ਉਸ ਮਿੱਟੀ ਨੂੰ ਪਹਿਲਾਂ ਵਾਂਗੂੰ, ਆਪਣੇ ਖ਼ੂਨ 'ਚ ਰੰਗਣਗੇ
ਭਗਤ ਸਿੰਘ ਤਾਂ…..
ਭਗਤ ਸਿੰਘ ਨੇ ਜੋ ਆਰੰਭੀ ਜੰਗ ਉਹ ਅਜੇ ਅਧੂਰੀ ਹੈ
ਉਸ ਸੁਪਨੇ ਦੀ ਬਾਕੀ ਗਾਥਾ, ਆਪਾਂ ਕਰਨੀ ਪੂਰੀ ਹੈ
ਅੱਗੇ ਵਧਣੇ ਜਦੋਂ ਕਾਫ਼ਲੇ, ਹੜ੍ਹ ਨਾ ਕਿਸੇ ਤੋਂ ਥੰਮ੍ਹਣਗੇ
ਭਗਤ ਸਿੰਘ ਤਾਂ….
0 Comments