ਬੱਚੇ ਰੱਬ ਦਾ ਰੂਪ
Bache Rab Da Roop
ਪੜ੍ਹਨਾ ਲਿਖਣਾ ਅਤੇ ਖੇਡਣਾ ਬਚਪਨ ਦੇ ਅਧਿਕਾਰ
ਨਿੱਕੀ ਉਮਰੇ ਬਾਲਾਂ 'ਤੇ ਨਾ ਪਾਵੇ ਕੰਮ ਦਾ ਭਾਰ
ਬੱਚੇ ਰੱਬ ਦਾ ਰੂਪ ਹੁੰਦੇ ਨੇ, ਇਹ ਗੱਲ ਕਹਿੰਦੇ ਸਾਰੇ
ਦੁੱਖ ਹੁੰਦਾ ਏ ਭਾਂਡੇ ਮਾਂਜਦੇ, ਦੇਖਾਂ ਜਦੋਂ ਵਿਚਾਰੇ
ਇਹ ਨੇ ਸਾਡੇ ਹੱਕ ਅੰਮੀਏ ! ਡਾਕਾ ਨਾ ਤੂੰ ਮਾਰ
ਪੜ੍ਹਨਾ ਲਿਖਣਾ…
ਚਾਹੀਦੀਆਂ ਸੀ ਜਿਨ੍ਹਾਂ ਹੱਥਾਂ ਦੇ ਵਿਚ ਕਲਮ ਦਵਾਤਾਂ
ਭੀਖ ਮੰਗਦੇ ਫਿਰਦੇ ਨੇ ਉਹ, ਕੈਸੀਆਂ ਮਿਲੀਆਂ ਦਾਤਾਂ
ਸੋਚੋ ਕੁਝ ਤਾਂ ਦੁਨੀਆਂ ਵਾਲਿਓ, ਬੱਚੇ ਕਰਨ ਪੁਕਾਰ
ਨਿੱਕੀ ਉਮਰੇ…
ਕੱਚਾ ਕੋਠਾ ਤੰਗ ਵਿਹੜੇ ਵਿਚ ਪੰਦਰਾਂ ਫਿਰਨ ਨਿਆਣੇ
ਥੱਕ ਹਾਰ ਕੇ ਸੌਂ ਜਾਂਦੇ ਨੇ ਰਾਤੀਂ ਭੁੱਖਣ ਭਾਣੇ
ਕਿੰਨਾ ਚੰਗਾ ਹੁੰਦਾ ਰੱਖਦੇ, ਜੇ ਛੋਟਾ ਪਰਿਵਾਰ
ਨਿੱਕੀ ਉਮਰੇ ..
ਬੋਝ ਕੰਮ ਦਾ ਹੋਣ ਨਾ ਦੇਵੇ, ਬੱਚੇ ਦਾ ਪੂਰਾ ਵਿਕਾਸ
ਫੁੱਲਾਂ ਵਰਗੇ ਚਿਹਰੇ ਨੂੰ ਕਿਉਂ ਹੋਣਾ ਪਏ ਉਦਾਸ
ਗਰੇਵਾਲ ਪਿਆ ਆਖੇ ਬੰਦਿਆ, ਕੁਝ ਤਾਂ ਸੋਚ ਵਿਚਾਰ
ਨਿੱਕੀ ਉਮਰੇ……
0 Comments