Ve Put, Kinna ku Mota Si "ਵੇ ਪੁੱਤ, ਕਿੰਨਾ ਕੁ ਮੋਟਾ ਸੀ?" for Students and Kids in Punjabi Language.

ਵੇ ਪੁੱਤ, ਕਿੰਨਾ ਕੁ ਮੋਟਾ ਸੀ? 
Ve Put, Kinna ku Mota Si



ਇਕ ਪਿੰਡ ਵਿਚ ਇਕ ਬੁੱਢੀ ਅਤੇ ਉਸ ਦਾ ਪੁੱਤਰ ਰਹਿੰਦੇ ਸਨ। ਦੋਵਾਂ ਵਿਚ ਬਹੁਤ ਹੀ ਪ੍ਰੇਮ ਸੀ। ਬੁੱਢੀ ਨੂੰ ਖਾਣ ਪੀਣ ਦਾ ਕਾਫ਼ੀ ਸ਼ੌਕ ਸੀ। ਆਪਣੇ ਮੁੰਡੇ ਦੇ ਖੇਤ ਜਾਣ ਪਿੱਛੋਂ ਉਹ ਦਾਣੇ ਵੇਚ ਦਿੰਦੀ ਅਤੇ ਖਾਰੀ ਵਾਲੇ ਤੋਂ ਕੋਈ ਨਾ ਕੋਈ ਚੀਜ਼ ਖਾਣ ਲਈ ਲੈ ਲੈਂਦੀ। ਉਹਦਾ ਧਿਆਨ ਹਰ ਵੇਲੇ ਖਾਣ ਵੱਲ ਹੀ ਰਹਿੰਦਾ। ਗੁਆਂਢਣਾਂ ਉਹਦੇ ਦਾਣੇ ਵੇਚਣ ਦੀ ਚਰਚਾ ਕਰਦੀਆਂ। ਇਕ ਦਿਨ ਗੁਆਂਢਣਾਂ ਨੇ ਬੁੱਢੀ ਦੇ ਪੁੱਤ ਨੂੰ ਦੱਸ ਦਿੱਤਾ ਕਿ ਤੇਰੀ ਮਾਂ ਹਰ ਰੋਜ਼ ਦਾਣੇ ਵੇਚਦੀ ਹੈ ਅਤੇ ਖਾਣ ਪੀਣ 'ਤੇ ਬਹੁਤ ਖ਼ਰਚ ਕਰਦੀ ਹੈ ਪਰ ਤੈਨੂੰ ਪਤਾ ਨਹੀਂ ਲੱਗਣ ਦਿੰਦੀ। ਇਹ ਸੁਣ ਕੇ ਉਸ ਦੇ ਪੁੱਤਰ ਨੇ ਗੱਲ ਦੀ ਸੱਚਾਈ ਕੱਢਣੀ ਚਾਹੀ ਅਤੇ ਉਸ ਨੇ ਆਪਣੇ ਮਨ ਵਿਚ ਇਕ ਵਿਉਂਤ ਬਣਾ ਲਈ।

ਅਗਲੇ ਦਿਨ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਖੇਤ ਚੱਲਿਆ ਹੈ ਪਰੰਤੂ ਅੱਖ ਬਚਾ ਕੇ ਘਰ ਦੇ ਇਕ ਖੂੰਜੇ ਹੀ ਲੁੱਕ ਕੇ ਬੈਠ ਗਿਆ। ਥੋੜੀ ਦੇਰ ਬਾਅਦ ਇਕ ਫੇਰੀ ਵਾਲਾ ਆਇਆ ਤਾਂ ਬੁੱਢੀ ਨੇ ਦਾਣੇ ਵੇਚ ਕੇ ਖੀਰਾ ਲੈ ਲਿਆ ਅਤੇ ਛਕ ਲਿਆ। ਫੇਰ ਗੰਨੇ ਵੇਚਣ ਵਾਲਾ ਆਇਆ ਤਾਂ ਇਕ ਗੰਨਾ ਲੈ ਕੇ ਚੂਪ ਲਿਆ। ਪਰ ਉਹਨੂੰ ਰੱਜ ਨਾ ਆਇਆ। ਉਹ ਕਹੀ ਜਾਵੇ ਕਿ ਹੁਣ ਹੋਰ ਕੀ ਖਾਵਾਂ। ਔਂਤਰੇ ਫੇਰੀ ਵਾਲੇ ਨੇ ਹੁਣ ਕਿੰਨਾ ਚਿਰ ਨਹੀਂ ਆਉਣਾ। ਅਖ਼ੀਰ ਨੂੰ ਉਸ ਨੇ ਹੱਟੀ ਤੋਂ ਦਾਖਾਂ ਅਤੇ ਖੋਪਾ ਲਿਆ ਕੇ ਖੀਰ ਬਣਾ ਲਈ ਅਤੇ ਉਸ ਵਿਚ ਕੜਛੀ ਭਰ ਕੇ ਦੇਸੀ ਘੀ ਦੀ ਪਾ ਲਈ। ਫੇਰ ਉਸ ਨੇ ਉਹ ਖੀਰ ਜੀਭਾਂ ਮਾਰ ਮਾਰ ਕੇ ਖਾਧੀ। ਮੁੰਡੇ ਨੇ ਇਹ ਸਭ ਕੁਝ ਦੇਖਿਆ। ਫੇਰ ਉਹ ਅੱਖ ਬਚਾ ਕੇ ਖੇਤਾਂ ਨੂੰ ਚਲਾ ਗਿਆ।

ਦਿਨ ਢਲੇ ਉਹ ਖੇਤੋਂ ਮੁੜਿਆ ਅਤੇ ਆਉਂਦੇ ਸਾਰ ਕਹਿਣ ਲੱਗਾ, “ਮਾਂ, ਅੱਜ ਤਾਂ ਮੈਂ ਖਾ ਲਿਆ ਸੀ ਸੱਪ ਨੇ। ਕਾਲਾ ਨਾਗ ਸੀ, ਕਾਲਾ ਨਾਗ। ਬੱਸ ਉੱਤੇ ਹੀ ਪੈਰ ਟਿਕ ਜਾਣਾ ਸੀ।” ਬੁੱਢੀ ਨੇ ਬੜੀ ਉਤਸੁਕਤਾ ਨਾਲ ਫ਼ਿਕਰਮੰਦ ਹੋ ਕੇ ਪੁੱਛਿਆ :

“ਬੂਅ ਵੇ ਪੁੱਤ, ਕਿੰਨਾ ਕੁ ਮੋਟਾ ਸੀ?”

ਤਾਂ ਅੱਗੋਂ ਮੁੰਡੇ ਨੇ ਜੁਆਬ ਦਿੱਤਾ : 

“ਜਿੰਨਾ ਖੀਰਾ ਮੋਟਾ ਸੀ।”

ਬੁੱਢੀ ਕੁਝ ਗੰਭੀਰ ਹੋ ਕੇ ਨੀਵੀਂ ਪਾ ਕੇ ਬੋਲੀ,

“ਵੇ ਪੁੱਤ ਕਿੰਨਾ ਕੁ ਲੰਮਾ ਸੀ?”

ਅੱਗੋਂ ਉਸ ਨੇ ਫਿਰ ਜੁਆਬ ਦਿੱਤਾ :

“ਮਾਂ, ਜਿੰਨਾ ਗੰਨਾ ਲੰਮਾ ਸੀ।”

ਉਸ ਦੀ ਮਾਂ ਨੇ ਮੁਸਕਰਾਹਟ ਨੂੰ ਦਬਾ ਕੇ ਫੇਰ ਪੁੱਛਿਆ :

“ਵੇ ਪੁੱਤ, ਕਿੱਦਾਂ ਤੁਰਦਾ ਸੀ?”

ਮੁੰਡੇ ਨੇ ਚਮਕਦੀਆਂ ਅੱਖਾਂ ਨਾਲ ਫੇਰ ਗੀਤ ਵਾਲੇ ਲਹਿਜ਼ੇ 'ਚ ਜੁਆਬ ਦਿੱਤਾ !

“ਬੇਬੇ, ਓਦਾਂ ਈ ਜਿੱਦਾਂ ਖੀਰ 'ਚ ਘਿਓ ਤੁਰਦਾ ਸੀ।”

ਬਸ ਕਹਿ ਕੇ ਉਸ ਦਾ ਹਾਸਾ ਨਿਕਲ ਗਿਆ ਅਤੇ ਉਹ ਦੋਵੇਂ ਖਿਲਬਲੀਆਂ ਹੋ ਗਏ। ਕਿੰਨਾ ਚਿਰ ਹੀ ਉਹ ਹੱਸ ਹੱਸ ਦੂਹਰੇ ਹੁੰਦੇ ਰਹੇ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ।


Post a Comment

0 Comments