Punjabi Moral Story Amiri Garibi "ਅਮੀਰੀ ਗ਼ਰੀਬੀ " for Students and Kids in Punjabi Language.

ਅਮੀਰੀ ਗ਼ਰੀਬੀ 
Amiri Garibi



ਇਕ ਜੱਟ ਤੇ ਜੱਟੀ ਸੁਭਾਅ ਦੇ ਬਹੁਤ ਹੀ ਚੰਗੇ ਅਤੇ ਖੁੱਲ੍ਹ-ਦਿਲੇ ਸਨ। ਜਦੋਂ ਕੋਈ ਪ੍ਰਾਹੁਣਾ ਘਰ ਆਉਂਦਾ ਤਾਂ ਉਹ ਬਹੁਤ ਖ਼ੁਸ਼ ਹੁੰਦੇ ਅਤੇ ਉਸ ਦੀ ਰੱਜ ਕੇ ਸੇਵਾ ਕਰਦੇ। ਸ਼ਾਇਦ ਇਸੇ ਲਈ ਪਰਮਾਤਮਾ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਸੀ। ਉਹਨਾਂ ਦੇ ਘਰ ਕੋਈ ਘਾਟ ਨਹੀਂ ਸੀ।

ਇਕ ਦਿਨ ਇਕ ਸਾਧੂ ਉਹਨਾਂ ਦੇ ਘਰ ਆਇਆ ਤਾਂ ਉਹਨਾਂ ਨੇ ਉਸ ਦੀ ਖ਼ੂਬ ਸੇਵਾ ਕੀਤੀ। ਚੰਗਾ ਮਾਨ ਤਾਣ ਕੀਤਾ। ਦੋਵੇਂ ਪਤੀ ਪਤਨੀ ਫੁੱਲੇ ਨਾ ਸਮਾਉਣ। ਸਾਧੂ ਉਹਨਾਂ ਦਾ ਵਰਤਾਓ ਵੇਖ ਕੇ ਬੜਾ ਖ਼ੁਸ਼ ਹੋਇਆ। ਜਾਣ ਤੋਂ ਪਹਿਲਾਂ ਸਾਧੂ ਨੇ ਜੱਟ ਨੂੰ ਕਿਹਾ, “ਮੰਗ ਬੱਚਾ, ਜੋ ਕੁਝ ਮੰਗਣਾ ਹੈ। ਤੇਰੀ ਇੱਛਾ ਪੂਰੀ ਕਰ ਦਿਆਂਗੇ।” ਪਰੰਤੂ ਜੱਟ ਕੀ ਮੰਗਦਾ ? ਉਸ ਦੇ ਘਰ ਸਭ ਕੁਝ ਸੀ। ਸੋਹਣਾ ਪਰਿਵਾਰ, ਸੋਨਾ ਚਾਂਦੀ, ਹਾਥੀ ਘੋੜੇ, ਵੱਡੇ ਮਹਿਲ ਆਦਿ। ਉਸ ਨੂੰ ਕੁਝ ਨਾ ਔੜਿਆ ਕਿ ਕੀ ਮੰਗੇ। ਇਸ ਲਈ ਉਸ ਨੇ ਸਾਧੂ ਅੱਗੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਤੁਹਾਡਾ ਦਿੱਤਾ ਸਭ ਕੁਝ ਹੈ। ਮੇਰੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ। ਸਾਧੂ ਖ਼ੁਦ ਵੀ ਸੋਚੀਂ ਪੈ ਗਿਆ ਕਿ ਹੁਣ ਕਿਹੜੀ ਚੀਜ਼ ਇਸ ਜਜਮਾਨ ਨੂੰ ਦਿੱਤੀ ਜਾਵੇ। ਉਸ ਨੂੰ ਵੀ ਕੋਈ ਘਾਟ ਦਿਖਾਈ ਨਾ ਦਿੱਤੀ। ਅਖ਼ੀਰ ਉਸ ਨੇ ਇਕ ਪਰਚੀ ਉੱਤੇ ਲਿਖਿਆ ‘ਗ਼ਰੀਬੀ' ਅਤੇ ਫਿਰ ਪਰਚੀ ਬੰਦ ਕਰ ਕੇ ਜੱਟ ਨੂੰ ਕਿਹਾ ਕਿ ਲੈ ਇਸ ਨੂੰ ਸੋਨੇ ਦੇ ਤਵੀਤ ਵਿਚ ਮੜ੍ਹਾ ਕੇ ਗਲ ਪਾ ਲੈ। ਜੱਟ ਨੇ ਇਸੇ ਤਰ੍ਹਾਂ ਹੀ ਕੀਤਾ।

ਬੱਸ ਫੇਰ ਕੀ ਸੀ। ਦਿਨ ਉਲਟਦੇ ਗਏ। ਅੱਜ ਹੋਰ, ਕੱਲ ਹੋਰ। ਆਖ਼ਰ ਉਹਨਾਂ 'ਤੇ ਗ਼ਰੀਬੀ ਆ ਗਈ। ਗ਼ਰੀਬੀ ਇਥੋਂ ਤਕ ਵਧ ਗਈ ਕਿ ਉਹਨਾਂ ਦੇ ਘਰ ਰੋਟੀ ਪੱਕਣੀ ਵੀ ਮੁਸ਼ਕਲ ਹੋ ਗਈ। ਹੁਣ ਉਹ ਮਦਦ ਲਈ ਆਸਰੇ ਲੱਭਣ ਲੱਗੇ। ਇਕ ਦਿਨ ਜੱਟੀ ਨੇ ਜੱਟ ਨੂੰ ਕਿਹਾ :

“ਮਖਿਆ, ਤੂੰ ਮੇਰੇ ਪੇਕੇ ਚਲਾ ਜਾਹ। ਉਹ ਆਪਣੀ ਥੋੜੀ ਬਹੁਤੀ ਮਦਦ ਜ਼ਰੂਰ ਕਰਨਗੇ।”

ਜੱਟ ਕਹਿੰਦਾ, “ਨਹੀਂ ਭਾਗਵਾਨੇ, ਤੂੰ ਰਹਿਣ ਦੇਹ। ਆਪਾਂ ਨਾ ਜਾਈਏ ਉਥੇ।” ਪਰ ਜੱਟੀ ਨੇ ਖਹਿੜੇ ਪੈ ਕੇ ਉਸ ਨੂੰ ਉੱਥੇ ਭੇਜ ਹੀ ਦਿੱਤਾ।

ਜੱਟ ਪਿਛਲੇ ਪਹਿਰ ਨੂੰ ਆਪਣੇ ਸਹੁਰੇ ਘਰ ਪਹੁੰਚ ਗਿਆ। ਉਸ ਦਾ ਬਜ਼ੁਰਗ ਸਹੁਰਾ ਦਰਵਾਜ਼ੇ ਵਿਚ ਬੈਠਾ ਸੀ। ਬੁੱਢਾ ਉਸ ਨੂੰ ਖ਼ੁਸ਼ ਹੋ ਕੇ ਮਿਲਿਆ। ਐਨੇ ਵਿਚ ਜੱਟ ਦਾ ਛੋਟਾ ਸਾਲਾ ਆਪਣੇ ਬਾਪੂ ਲਈ ਚਾਹ ਲੈ ਕੇ ਆ ਗਿਆ। ਬੁੱਢਾ ਕਹਿੰਦਾ, “ਆਹ ਤੇਰਾ ਭਾਈਆ ਆਇਐ, ਇਹਦੇ ਲਈ ਵੀ ਚਾਹ ਲਿਆ ਦੇ।” ਪਰ ਉਹ ਮੁੰਡਾ ਮੁੜ ਕੇ ਨਾ ਆਇਆ। ਦੁਬਾਰੇ ਫਿਰ ਉਹ ਬੁੱਢੇ ਲਈ ਰੋਟੀ ਲੈ ਕੇ ਆਇਆ ਤਾਂ ਬੁੱਢੇ ਨੇ ਫਿਰ ਉਹ ਨੂੰ ਕਿਹਾ ਕਿ, “ਪ੍ਰਾਹੁਣੇ ਲਈ ਵੀ ਰੋਟੀ ਲੈ ਆ।” ਪਰ ਉਹਨੇ ਕਾਹਨੂੰ ਆਉਣਾ ਸੀ ਮੁੜ ਕੇ। ਸਹੁਰੇ ਘਰ ਨੂੰ ਜੱਟ ਦੀ ਗ਼ਰੀਬੀ ਦਾ ਜੋ ਪਤਾ ਲੱਗ ਗਿਆ ਸੀ। ਦੋ ਘੰਟੇ ਹਨੇਰੇ ਤਕ ਉਹ ਬੈਠਾ ਰਿਹਾ ਅਤੇ ਫੇਰ ਭੁੱਖਣ-ਭਾਣਾ ਉੱਠ ਕੇ ਆਪਣੇ ਪਿੰਡ ਨੂੰ ਵਾਪਸ ਚੱਲ ਪਿਆ।

ਰਾਹ ਵਿਚ ਜਾਂਦਾ ਉਹ ਫ਼ਿਕਰ ਕਰਦਾ ਰਿਹਾ ਕਿ ਉਹ ਆਪਣੀ ਘਰਵਾਲੀ ਨੂੰ ਜਾ ਕੇ ਕੀ ਦੱਸੇਗਾ। ਜੇ ਸੱਚੀ ਗੱਲ ਦੱਸ ਦਿੱਤੀ ਤਾਂ ਉਸ ਨੂੰ ਸਦਮਾ ਲੱਗੇਗਾ। ਨਾਲੇ ਹੁਣ ਖ਼ਾਲੀ ਹੱਥ ਕਿੱਦਾਂ ਜਾਵਾਂ। ਸੋਚ ਵਿਚਾਰ ਕਰ ਕੇ ਉਸ ਨੇ ਆਪਣਾ ਝੋਲਾ ਇੱਟਾਂ ਰੋੜਿਆਂ ਨਾਲ ਭਰ ਲਿਆ। ਸਵੇਰ ਹੋਣ ਵਾਲੀ ਸੀ। ਉਸ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ। ਉਸ ਨੇ ਸੋਚਿਆ ਕਿ ਹੁਣ ਸੋਨੇ ਦਾ ਤਵੀਤ ਵੇਚ ਕੇ ਹੀ ਚਾਹ ਪਾਣੀ ਪੀਤਾ ਜਾਵੇ। ਸੋਨੇ ਦਾ ਤਵੀਤ ਗਲ ਵਿਚੋਂ ਲਾਹ ਲਿਆ ਅਤੇ ਉਸ ਨੂੰ ਖੋਲ੍ਹ ਕੇ ਦੇਖਿਆ। ਉਹ ਪੜ੍ਹ ਕੇ ਹੈਰਾਨ ਰਹਿ ਗਿਆ। “ਐ ਤੇਰਾ ਸਤਿਆਨਾਸ ਹੋ ਜੇ ਦੁਸ਼ਟਾ। ਮੈਨੂੰ ਆਹ ਵਰਦਾਨ ਦੇਣਾ ਸੀ ?" ਉਸ ਨੇ ਝੱਟ ‘ਗ਼ਰੀਬੀ’ ਵਾਲੀ ਪਰਚੀ ਪਾੜ ਸੁੱਟੀ। ਸੋਨਾ ਵੇਚ ਕੇ ਰੋਟੀ ਖਾਧੀ ਅਤੇ ਚਾਹ ਪਾਣੀ ਪੀਤਾ। ਫਿਰ ਉਹ ਘਰ ਨੂੰ ਤੁਰ ਪਿਆ।

ਘਰ ਪਹੁੰਚ ਕੇ ਅੱਖ ਬਚਾ ਕੇ ਉਸ ਨੇ ਰੋੜਿਆਂ ਵਾਲਾ ਥੈਲਾ ਪਿਛਲੀ ਕੋਠੜੀ ਵਿਚ ਰੱਖ ਦਿੱਤਾ। ਘਰਵਾਲੀ ਨੇ ਚਾਹ ਬਣਾਈ। ਚਾਹ ਪਿਆ ਕੇ ਪੁੱਛਣ ਲੱਗੀ ਕਿ ਦੱਸੋ ਮੇਰੇ ਪੇਕਿਆਂ ਨੇ ਕੀ ਮਦਦ ਕੀਤੀ ਹੈ। ਹੁਣ ਜੱਟ ਕੀ ਦੱਸੇ। ਦੁਖੀ ਦਾ ਹੋਰ ਦਿਲ ਦੁਖੀ ਹੋਣਾ ਸੀ। ਬੱਸ ਉਹ ਕੇਵਲ ਇਹ ਕਹਿਣ ਦਾ ਜੇਰਾ ਹੀ ਕਰ ਸਕਿਆ ਕਿ ਅੰਦਰ ਕੋਠੜੀ ਵਿਚ ਥੈਲਾ ਪਿਆ ਹੈ। ਜਾ ਕੇ ਵੇਖ ਲੈ। ਜਦੋਂ ਜੱਟੀ ਨੇ ਥੈਲਾ ਦੇਖਿਆ ਤਾਂ ਉਹ ਬੇਹੱਦ ਖ਼ੁਸ਼ ਹੋਈ। ਉਸ ਦੀਆਂ ਅੱਖਾਂ ਵਿਚ ਨਵੀਂ ਚਮਕ ਆ ਗਈ ਸੀ।

ਝੋਲੇ ਵਿਚਲੇ ਸਾਰੇ ਇੱਟਾਂ ਰੋੜੇ ਸੋਨੇ ਦੇ ਬਣੇ ਪਏ ਸਨ, ਕਿਉਂਕਿ ਪਰਚੀ ਪਾੜ ਦੇਣ ਨਾਲ ਸਾਧੂ ਵੱਲੋਂ ਦਿੱਤਾ ਗ਼ਰੀਬੀ ਦਾ ਵਰਦਾਨ ਹੁਣ ਖ਼ਤਮ ਹੋ ਚੁੱਕਾ ਸੀ। ਜੱਟੀ ਨੇ ਆ ਕੇ ਜੱਟ ਨੂੰ ਵੀ ਪੁੱਛਿਆ ਕਿ ਐਨਾ ਸੋਨਾ ਉਹਨਾਂ ਕੋਲ ਕਿਥੋਂ ਆ ਗਿਆ। ਜੱਟ ਹੈਰਾਨ ਰਹਿ ਗਿਆ। ਉਸ ਨੇ ਆਪ ਜਾ ਕੇ ਝੋਲਾ ਦੇਖਿਆ। ਸਾਰੇ ਘਰ ਵਿਚ ਫੇਰ ਦੁਬਾਰਾ ਖ਼ੁਸ਼ੀ ਅਤੇ ਖ਼ੁਸ਼ਹਾਲੀ ਮੁੜ ਆਈ। ਇਕ ਵਾਰ ਫੇਰ ਉਹ ਵੱਡੇ ਅਮੀਰਾਂ ਵਿਚ ਹੋ ਗਏ। ਪਰ ਜੱਟ ਨੇ ਜੱਟੀ ਨੂੰ ਕਦੇ ਵੀ ਨਾ ਦੱਸਿਆ ਕਿ ਉਹ ਤਾਂ ਉਸ ਦੇ ਪੇਕੇ ਘਰੋਂ ਭੁੱਖਾ ਹੀ ਮੁੜਿਆ ਸੀ। ਕਿਸੇ ਨੇ ਉਸ ਨੂੰ ਚਾਹ ਤਕ ਵੀ ਨਹੀਂ ਸੀ ਪੁੱਛੀ।

ਇੱਦਾਂ ਦਿਨ ਬੀਤਦੇ ਗਏ। ਦੋ ਸਾਲ ਲੰਘ ਗਏ। ਹੁਣ ਸਾਰੇ ਰਿਸ਼ਤੇਦਾਰਾਂ ਨੂੰ ਉਹਨਾਂ ਦੀ ਅਮੀਰੀ ਦਾ ਪਤਾ ਲੱਗ ਗਿਆ।

ਜੱਟ ਦੇ ਸਹੁਰਿਆਂ ਨੂੰ ਵੀ ਉਸ ਦੀ ਅਮੀਰੀ ਦਾ ਪਤਾ ਲੱਗ ਗਿਆ। ਹੁਣ ਉਹ ਬਿੜਕਾਂ ਭੰਨਣ ਲੱਗੇ ਕਿ ਪ੍ਰਾਹੁਣੇ ਨਾਲ ਦੁਬਾਰਾ ਕਿਵੇਂ ਵਰਤ ਵਰਤੇਵਾਂ ਵਧਾਇਆ ਜਾਵੇ। ਬਹਾਨੇ ਲੱਭਣ ਲੱਗੇ। ਅਖ਼ੀਰ ਕੁਦਰਤ ਨੇ ਬਹਾਨਾ ਬਣਾ ਦਿੱਤਾ। ਜੱਟ ਦੇ ਸਹੁਰੇ ਜਾਣ ਤੋਂ ਦੋ ਕੁ ਸਾਲ ਬਾਅਦ ਉਸ ਦੇ ਸਾਲੇ ਦੇ ਘਰ ਲੜਕਾ ਪੈਦਾ ਹੋਇਆ। ਉਸ ਮੁੰਡੇ ਦੀ ਛਟੀ ਰੱਖ ਦਿੱਤੀ ਗਈ ਅਤੇ ਜੱਟ ਜੱਟੀ ਨੂੰ ਨਾਈ ਭੇਜ ਕੇ ਖ਼ਾਸ ਬੁਲਾਵਾ ਦਿੱਤਾ। ਲਿਖਿਆ ਸੀ ਕਿ ਤੁਹਾਡੀ ਹਾਜ਼ਰੀ ਬਹੁਤ ਜ਼ਰੂਰੀ ਹੈ। ਜੱਟ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਕੋਲ ਬਿਠਾ ਕੇ ਕਿਹਾ ਕਿ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਨਹੀਂ ਹੈ। ਇਸ ਲਈ ਜਦੋਂ ਆਪਾਂ ਉਹਨਾਂ ਦੇ ਘਰ ਪਹੁੰਚ ਗਏ ਤਾਂ ਤੁਸੀਂ ਮੇਰੇ ਕੋਲ ਹੀ ਰਹਿਣਾ ਅਤੇ ਜਿਸ ਤਰ੍ਹਾਂ ਮੈਂ ਕਰਾਂ, ਉਸੇ ਤਰ੍ਹਾਂ ਹੀ ਤੁਸੀਂ ਕਰਨਾ। ਫੇਰ ਦੇਖਿਓ ਨਵਾਂ ਤਜਰਬਾ ਹੁੰਦਾ। ਸਾਰੇ ਸਹਿਮਤ ਹੋ ਗਏ।

ਜੱਟ ਨੇ ਗਲ ਵਿਚ ਸੋਨੇ ਦਾ ਕੈਂਠਾ ਅਤੇ ਹੱਥਾਂ ਵਿਚ ਛਾਪਾਂ ਛੱਲੇ ਪਾ ਲਏ। ਦੋਹਾਂ ਹੱਥਾਂ ਵਿਚ ਸੋਨੇ ਦੇ ਕੜੇ। ਜੱਟੀ ਨੇ ਵੀ ਸੋਨੇ ਦੇ ਹਾਰ, ਪੰਜੇਬਾਂ ਵਗ਼ੈਰਾ ਕੁੱਲ ਟੂਮਾਂ ਪਾ ਲਈਆਂ। ਬੱਚਿਆਂ ਨੂੰ ਵੀ ਸੋਨੇ ਦੇ ਗਹਿਣੇ ਪਹਿਨਾਏ ਗਏ। ਕੱਢਵੀਆਂ ਜੁੱਤੀਆਂ ਅਤੇ ਸਾਰੇ ਪੂਰੇ ਸੱਜੇ-ਧੱਜੇ। ਉਹ ਆਪਣਾ ਰੱਥ ਲੈ ਕੇ ਚੱਲ ਪਏ। ਘਰ ਪਹੁੰਚੇ ਤਾਂ ਉਹਨਾਂ ਦੀ ਚੰਗੀ ਆਉ ਭਗਤ ਕੀਤੀ ਗਈ। ਘਰ ਵਾਲੇ ਉਹਨਾਂ ਦੇ ਅੱਗੇ ਪਿੱਛੇ ਫਿਰਨ। ਜੱਟ ਦਾ ਉਹੀ ਸਾਲਾ, ਜਿਸ ਨੇ ਚਾਹ ਵੀ ਨਹੀਂ ਪਿਲਾਈ ਸੀ, ਹੁਣ ਸਭ ਤੋਂ ਅੱਗੇ ਹੋਇਆ ਖੜਾ ਸੀ। ਉਸ ਨੇ ਗ਼ੈਰ-ਸੁੱਖ ਪੁੱਛੀ ਅਤੇ ਬੇਹੱਦ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।

ਜੱਟ ਅਤੇ ਉਸ ਦਾ ਟੱਬਰ ਇਕ ਬੈਠਕ ਵਿਚ ਬਿਠਾ ਦਿੱਤੇ ਗਏ। ਥੋੜੇ ਚਿਰ ਬਾਅਦ ਉਸ ਦਾ ਸਾਲਾ ਜੱਟ ਅਤੇ ਬਾਕੀ ਜੀਆਂ ਲਈ ਮਿੱਠੇ ਪਾਣੀ ਦੇ ਗਿਲਾਸ ਲੈ ਆਇਆ। ਜੱਟ ਨੇ ਉਸ ਦੇ ਸਾਹਮਣੇ ਹੀ ਆਪਣੀ ਸੋਨੇ ਦੀ ਛਾਪ ਲਾਹ ਕੇ ਗਲਾਸ ਵਿਚ ਗੇਰ ਦਿੱਤੀ। ਫੇਰ ਸਾਰਿਆਂ ਨੇ ਹੀ ਆਪਣੇ ਆਪਣੇ ਗਿਲਾਸਾਂ ਵਿਚ ਛਾਪਾਂ ਲਾਹ ਕੇ ਪਾ ਦਿੱਤੀਆਂ। ਕਿਸੇ ਨੇ ਵੀ ਪਾਣੀ ਨਾ ਪੀਤਾ। ਜਦੋਂ ਉਸ ਦੇ ਸਾਲੇ ਨੇ ਇਸ ਦਾ ਕਾਰਨ ਪੁੱਛਿਆ ਤਾਂ ਜੱਟ ਨੇ ਕਿਹਾ ਕਿ ਛਾਪ ਪਾਣੀ ਪੀਂਦੀ ਹੈ ਕਿਉਂਕਿ ਇਹ ਪਾਣੀ ਸਾਡੇ ਲਈ ਨਹੀਂ ਆਇਆ। ਉਹ ਵੇਲਾ ਵੀ ਯਾਦ ਕਰ ਲੈ ਜਦੋਂ ਤੂੰ ਚਾਹ ਤਾਂ ਕੀ, ਪਾਣੀ ਤਕ ਵੀ ਮੈਨੂੰ ਨਹੀਂ ਸੀ ਪੁੱਛਿਆ ਅਤੇ ਜਦੋਂ ਮੈਂ ਭੁੱਖਣ-ਭਾਣਾ ਹੀ ਰਾਤ ਨੂੰ ਤੁਹਾਡੇ ਘਰੋਂ ਵਾਪਿਸ ਗਿਆ ਸੀ। ਕੀ ਤੂੰ ਭੁੱਲ ਗਿਆ ਐਡੀ ਛੇਤੀ। ਮੁੰਡਾ ਬਿੱਟ ਬਿੱਟ ਵੇਖੇ। ਹੁਣ ਜੱਟੀ ਨੂੰ ਸਭ ਪਤਾ ਲੱਗ ਗਿਆ। ਉਸ ਨੇ ਜੱਟ ਨੂੰ ਬਾਂਹ ਫੜ ਕੇ ਖੜਾ ਕਰ ਲਿਆ ਅਤੇ ਉਹ ਸਾਰੇ ਰੱਥ ਵਿਚ ਬੈਠ ਕੇ ਆਪਣੇ ਘਰ ਆ ਗਏ।


Post a Comment

0 Comments