Punjabi Story Udan Khatola "ਉੱਡਣ ਖਟੋਲਾ" for Students and Kids in Punjabi Language.

ਉੱਡਣ ਖਟੋਲਾ 
Udan Khatola

ਇਕ ਰਾਜੇ ਦਾ ਲੜਕਾ ਸੀ। ਉਸ ਦੇ ਤਿੰਨ ਗੂੜ੍ਹੇ ਦੋਸਤ ਸਨ—ਵਜ਼ੀਰ ਦਾ ਮੁੰਡਾ, ਤਰਖਾਣਾਂ ਦਾ ਮੁੰਡਾ, ਅਤੇ ਝੀਅਰਾਂ ਦਾ ਮੁੰਡਾ। ਰਾਜੇ ਦੇ ਮੁੰਡੇ ਦਾ ਘਰ ਦਿਲ ਨਹੀਂ ਸੀ ਲੱਗਦਾ। ਇਸ ਲਈ ਇਕ ਦਿਨ ਉਸ ਨੇ ਮਹਿਲਾਂ ਨੂੰ ਛੱਡ ਕੇ ਜਾਣ ਦਾ ਫ਼ੈਸਲਾ ਕਰ ਲਿਆ। ਉਸ ਨੇ ਇਹ ਫ਼ੈਸਲਾ ਆਪਣੇ ਦੋਸਤਾਂ ਨੂੰ ਵੀ ਦੱਸਿਆ ਅਤੇ ਉਹ ਵੀ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਏ। ਇਸ ਤਰ੍ਹਾਂ ਚਾਰੇ ਦੋਸਤ ਘਰੋਂ ਨਿਕਲ ਗਏ।

ਉਹ ਤੁਰਦੇ ਗਏ ਅਤੇ ਅੱਗੇ ਇਕ ਰੋਹੀ ਬੀਆਬਾਨ ਵਿਚ ਪਹੁੰਚ ਗਏ। ਉਥੇ ਪਾਣੀ ਦੀ ਤੇਹ ਲੱਗ ਗਈ। ਪਰ ਪਾਣੀ ਕਿੱਥੇ ? ਸਾਰੇ ਮਾਰੂਥਲ ਵਿਚ ਰੇਤਾ ਹੀ ਰੇਤਾ ਸੀ। ਕਿਧਰੇ ਵੀ ਹਰਿਆਵਲ ਨਹੀਂ ਸੀ। ਝਿਊਰਾਂ ਦਾ ਮੁੰਡਾ ਇਕ ਦਰੱਖ਼ਤ ਉੱਤੇ ਚੜ੍ਹ ਗਿਆ। ਉਸ ਨੇ ਦੇਖਿਆ ਕਿ ਦੂਰ ਕੋਈ ਚੀਜ਼ ਪਾਣੀ ਵਾਂਗ ਚਮਕਦੀ ਸੀ ਅਤੇ ਨੇੜੇ ਹਰੇ ਦਰੱਖ਼ਤ। ਉਹ ਚਾਰੇ ਉਧਰ ਵੱਲ ਨੂੰ ਚੱਲ ਪਏ। ਸਾਹਮਣੇ ਵਾਕਿਆ ਹੀ ਪਾਣੀ ਦਾ ਇਕ ਤਲਾਬ ਸੀ। ਚਾਰੇ ਪਾਸੇ ਹਰੇ ਭਰੇ ਦਰੱਖ਼ਤ। ਰਾਜੇ ਦਾ ਲੜਕਾ ਤਾਂ ਤਰੱਖ਼ਤ ਹੇਠਾਂ ਬੈਠ ਗਿਆ ਪਰ ਬਾਕੀ ਦੇ ਤਿੰਨੇ ਜਣੇ ਪਾਣੀ ਲੈਣ ਚਲੇ ਗਏ। ਇਕ ਵੱਡਾ ਤਲਾਬ ਪਾਣੀ ਦਾ ਭਰਿਆ ਪਿਆ ਸੀ। ਤਲਾਬ ਦੇ ਇਕ ਕੋਣੇ 'ਤੇ ਇਕ ਬਹੁਤ ਹੀ ਸੁੰਦਰ ਔਰਤ ਦੀ ਤਸਵੀਰ ਰੱਖੀ ਹੋਈ ਸੀ। ਉਹਨਾਂ ਨੇ ਸੋਚਿਆ ਕਿ ਜੇਕਰ ਰਾਜੇ ਦੇ ਮੁੰਡੇ ਨੇ ਇਹ ਤਸਵੀਰ ਦੇਖ ਲਈ ਤਾਂ ਉਹ ਕਹੇਗਾ ਕਿ ਇਸ ਔਰਤ ਨੂੰ ਲੱਭ ਕੇ ਲਿਆਉ। ਇਸ ਲਈ ਉਹਨਾਂ ਨੇ ਉਸ ਤਸਵੀਰ ਗਾਰੇ ਨਾਲ ਲਿਬੇੜ ਦਿੱਤਾ। ਫਿਰ ਪਾਣੀ ਪੀ ਕੇ ਰਾਜੇ ਦੇ ਮੁੰਡੇ ਲਈ ਪਾਣੀ ਲੈ ਗਏ।

ਰਾਜੇ ਦੇ ਮੁੰਡੇ ਨੇ ਪਾਣੀ ਪੀਤਾ। ਪਾਣੀ ਬਹੁਤ ਹੀ ਸਵਾਦ ਸੀ। ਉਸ ਦਾ ਦਿਲ ਠਰ ਗਿਆ। ਕਹਿੰਦਾ, “ਚਲੋ, ਹੋਰ ਪੀਨੇ ਆਂ।” ਚਾਰੇ ਹੀ ਤਲਾਬ 'ਤੇ ਚਲੇ ਗਏ। ਰਾਜੇ ਦੇ ਮੁੰਡੇ ਨੇ ਗਾਰੇ ਨਾਲ ਲਿੱਬੜੀ ਉਹ ਤਸਵੀਰ ਦੇਖੀ। ਕਹਿੰਦਾ, “ਕਿਸੇ ਮੂਰਖ ਨੇ ਆਹ ਤਾਂ ਤਸਵੀਰ ਹੀ ਖ਼ਰਾਬ ਕਰ ਦਿੱਤੀ।” ਉਹ ਪਾਣੀ ਨਾਲ ਤਸਵੀਰ ਨੂੰ ਧੋਣ ਲੱਗ ਪਿਆ। ਤਸਵੀਰ ਨੰਗੀ ਹੋਈ ਤਾਂ ਉਹ ਹੈਰਾਨ ਰਹਿ ਗਿਆ। ਕਿੰਨਾ ਚਿਰ ਹੀ ਉਹ ਤਸਵੀਰ ਵੱਲ ਵੇਖਦਾ ਰਿਹਾ, ਜਿਵੇਂ ਪਛਾਣ ਰਿਹਾ ਹੋਵੇ। ਫੇਰ ਕਹਿੰਦਾ, “ਮਿੱਤਰੋ, ਇਸ ਔਰਤ ਨੂੰ ਲੱਭਿਆ ਜਾਵੇ।” ਬਾਕੀ ਤਿੰਨੇ ਜਣੇ ਤਾਂ ਔਰਤ ਦੀ ਭਾਲ ਵਿਚ ਚਲੇ ਗਏ ਪਰ ਰਾਜੇ ਦਾ ਮੁੰਡਾ ਸਾਹਮਣੇ ਇਕ ਰੁੱਖ ਹੇਠਾਂ ਜਾ ਕੇ ਬੈਠ ਗਿਆ।

ਝੱਟ ਕੁ ਬਾਅਦ ਉਹ ਫੇਰ ਤਸਵੀਰ ਵੱਲ ਵੇਖ ਕੇ ਹੈਰਾਨ ਰਹਿ ਗਿਆ। ਇਹ ਕੀ ? ਤਸਵੀਰ ਦੇ ਅੱਗੇ ਇਕ ਵੱਡਾ ਕਾਲਾ ਨਾਗ ਬੈਠਾ ਸੀ। ਸ਼ਾਇਦ ਤਲਾਬ ਵਿਚੋਂ ਹੀ ਨਿਕਲਿਆ ਹੋਵੇ। ਲੈ ਹੁਣ ਨਾਗ ਕਲੋਲਾਂ ਕਰ ਰਿਹਾ ਸੀ। ਉਹ ਦੇਖ ਦੇ ਦੰਗ ਰਹਿ ਗਿਆ ਜਦੋਂ ਤਲਾਬ ਦਾ ਪਾਣੀ ਇਕ ਦਮ ਕਈ ਫ਼ੁੱਟ ਹੇਠਾਂ ਉਤਰ ਗਿਆ ਅਤੇ ਫਿਰ ਚੜ੍ਹ ਆਇਆ। ਰਾਜੇ ਦਾ ਮੁੰਡਾ ਪੱਬਾਂ ਪਰਨੇ ਹੋ ਗਿਆ। ਦਰੱਖ਼ਤ ਦੇ ਉਹਲੇ ਹੋ ਕੇ ਉਸ ਨੇ ਧਿਆਨ ਨਾਲ ਵੇਖਿਆ। ਸੱਪ ਦੇ ਕੋਲ ਮਣਕਿਆਂ ਦੀ ਇਕ ਮਾਲਾ ਸੀ। ਜਦ ਉਹ ਮਾਲਾ ਚੁੱਕ ਲੈਂਦਾ ਤਾਂ ਤਲਾਬ ਦਾ ਪਾਣੀ ਕਾਫ਼ੀ ਉਪਰ ਚੜ੍ਹ ਆਉਂਦਾ। ਪਰ ਜਦੋਂ ਉਹ ਮਾਲਾ ਨੂੰ ਹੇਠਾਂ ਸੁੱਟ ਦਿੰਦਾ ਤਾਂ ਤਲਾਬ ਦਾ ਪਾਣੀ ਕਈ ਫ਼ੁੱਟ ਹੇਠਾਂ ਲਹਿ ਜਾਂਦਾ। ਬਿਜਲੀ ਦੀ ਤੇਜ਼ੀ ਨਾਲ ਉਸ ਨੇ ਤਲਵਾਰ ਚੁੱਕੀ ਅਤੇ ਪਿੱਛੋਂ ਦੀ ਜਾ ਕੇ ਨਾਗ ਦੇ ਦੋ ਟੁਕੜੇ ਕਰ ਦਿੱਤੇ। ਤਲਵਾਰ ਨਾਲ ਮਾਲਾ ਖਿੱਚ ਲਈ। ਜਦੋਂ ਮਾਲਾ ਹੱਥ ਨਾਲ ਉਪਰ ਚੁੱਕੀ ਤਾਂ ਤਲਾਬ ਦਾ ਪਾਣੀ ਕਿਨਾਰਿਆਂ ਤਕ ਚੜ੍ਹ ਆਇਆ। ਪਾਣੀ ਉਸ ਦੇ ਪੈਰਾਂ ਥੱਲੇ ਆ ਰਿਹਾ ਸੀ। ਉਸ ਨੇ ਇਕ ਪਾਸੇ ਮਾਲਾ ਹੱਥ ਤਾਂ ਝੱਟ ਪਾਣੀ ਬਹੁਤ ਨੀਵਾਂ ਹੋ ਗਿਆ।

ਅੱਜ ਤਾਂ ਜਿਵੇਂ ਉਹ ਹੈਰਾਨੀਆਂ ਦੇਖਣ ਲਈ ਹੀ ਜਿਉਂ ਰਿਹਾ ਸੀ। ਸਾਹਮਣੇ ਕੀ ਦੇਖ ਰਿਹੈ ਉਹ। ਤਲਾਬ ਵਿਚ ਨਜ਼ਰ ਮਾਰੀ ਤਾਂ ਇਕ ਸੁੰਦਰ ਕਮਰਾ ਨਜ਼ਰ ਆਇਆ। ਜਦੋਂ ਪਾਣੀ ਉਪਰ ਆਉਂਦਾ ਤਾਂ ਇਹ ਕਮਰਾ ਢੱਕਿਆ ਜਾਂਦਾ ਸੀ। ਮਾਲਾ ਨੂੰ ਦਰੱਖ਼ਤ ਦੀ ਜੜ੍ਹ ਵਿਚ ਸਾਂਭ ਕੇ ਉਹ ਕਮਰੇ ਵੱਲ ਤੁਰ ਪਿਆ। ਜਦੋਂ ਬੂਹਾ ਖੋਲ੍ਹਿਆ ਤਾਂ ਅੱਖਾਂ ਅੱਡੀਆਂ ਰਹਿ ਗਈਆਂ। ਕਮਰੇ ਅੰਦਰ ਉਹ ਸੁੰਦਰ ਔਰਤ ਬੈਠੀ ਸੀ। ਉਹ ਕਹਿੰਦਾ, “ਤੂੰ ਕੌਣ ਹੈ ਅਤੇ ਇਥੇ ਕਿਉਂ ਰਹਿੰਦੀ ਐ।” ਉਹ ਔਰਤ ਕਹਿੰਦੀ, “ਮੈਨੂੰ ਤਾਂ ਇਥੇ ਇਕ ਦਿਓ ਨੇ ਜ਼ਬਰਦਸਤੀ ਰੱਖਿਆ ਹੋਇਆ ਹੈ। ਉਸ ਦੀ ਜਾਨ ਇਕ ਕਾਲੇ ਨਾਗ ਵਿਚ ਹੈ ਅਤੇ ਉਹ ਕਾਲਾ ਨਾਗ ਬਣ ਕੇ ਹੀ ਬਾਹਰ ਨਿਕਲਦਾ ਹੈ। ਹੇ ਰੱਬ ਦੇ ਬੰਦੇ! ਤੂੰ ਇਥੋਂ ਛੇਤੀ ਚਲਾ ਜਾਹ। ਪਾਣੀ ਉਤਰਿਆ ਦੇਖ ਕੇ ਉਹ ਦਿਓ ਆ ਜਾਊਗਾ ਅਤੇ ਤੈਨੂੰ ਖਾ ਜਾਊਗਾ। ਮੈਂ ਤਾਂ ਹੈਰਾਨ ਹਾਂ ਕਿ ਤੂੰ ਇਥੇ ਆ ਕਿਵੇਂ ਗਿਆ ?"

ਜਦੋਂ ਰਾਜੇ ਦੇ ਮੁੰਡੇ ਨੇ ਉਸ ਨੂੰ ਮਾਲਾ ਨਾਲ ਖੇਡਦੇ ਕਾਲੇ ਨਾਗ ਨੂੰ ਮਾਰ ਦੇਣ ਬਾਰੇ ਦੱਸਿਆ ਤਾਂ ਉਹ ਔਰਤ ਬੇਹੱਦ ਖ਼ੁਸ਼ ਹੋਈ। ਉਸ ਨੇ ਹੱਥ ਜੋੜ ਕੇ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਕੀਤਾ। ਕਹਿੰਦੀ, “ਚੱਲ ਮੈਨੂੰ ਨਾਗ ਤਾਂ ਦਿਖਾ। ਤੈਨੂੰ ਪਰਮਾਤਮਾ ਨੇ ਮੇਰੀ ਖਲਾਸੀ ਲਈ ਹੀ ਭੇਜਿਆ ਹੈ। ਉਹ ਦੋਵੇਂ ਕਾਲੇ ਨਾਗ ਕੋਲ ਆ ਗਏ। ਫਿਰ ਉਹਨਾਂ ਨੇ ਨਾਗ ਨੂੰ ਟੋਏ ਵਿਚ ਦੱਬ ਦਿੱਤਾ ਅਤੇ ਮਾਲਾ ਸੰਭਾਲ ਦਿੱਤੀ। ਉਹ ਬੜੇ ਆਨੰਦ ਨਾਲ ਰਹਿਣ ਲੱਗੇ। ਆਥਣ ਉੱਗਣ ਤਲਾਬ ਦੇ ਕਿਨਾਰੇ ਸੈਰ ਕਰਦੇ।

ਇਕ ਦਿਨ ਆਥਣੇ ਉਹ ਸੈਰ ਕਰ ਰਹੇ ਸਨ ਕਿ ਇਕ ਰਾਜਾ ਉਧਰੋਂ ਆ ਗਿਆ। ਉਸ ਔਰਤ ਨੂੰ ਦੇਖ ਕੇ ਉਸ ਦੀ ਨੀਤ ਬਦਨੀਤ ਹੋ ਗਈ। ਕਹਿੰਦਾ, “ਇਸ ਔਰਤ ਨੂੰ ਮੈਂ ਜ਼ਰੂਰ ਪ੍ਰਾਪਤ ਕਰਨਾ ਹੈ।” ਉਸ ਨੇ ਇਕ ਵਿਉਂਤ ਘੜ ਲਈ। ਅਗਲੇ ਦਿਨ ਉਸ ਨੇ ਇਕ ਫਫੇਕੁੱਟਣੀ ਨੂੰ ਭੇਜ ਦਿੱਤਾ। ਜਦੋਂ ਰਾਜੇ ਦਾ ਮੁੰਡਾ ਅਤੇ ਉਹ ਔਰਤ ਸੈਰ ਕਰਨ ਆਏ ਤਾਂ ਫਫੇਕੁੱਟਣੀ ਪਾਟੇ ਪੁਰਾਣੇ ਕੱਪੜੇ ਪਾਈ ਉਹਨਾਂ ਕੋਲ ਚਲੀ ਗਈ। ਉਸ ਨੇ ਆਪਣੀ ਘੜੀ-ਘੜਾਈ ਵਿਥਿਆ ਸੁਣਾਈ ਅਤੇ ਕਿਹਾ ਕਿ ਮੈਂ ਤਾਂ ਰੋਟੀ ਨੂੰ ਤਰਸ ਰਹੀ ਹਾਂ। ਕੋਈ ਮੈਨੂੰ ਨੌਕਰ ਹੀ ਰੱਖ ਲਏ। ਮੁੰਡੇ ਨੂੰ ਤਰਸ ਆ ਗਿਆ। ਕਹਿੰਦਾ, “ਮਾਈ, ਤੂੰ ਸਾਡੇ ਕੋਲ ਰਹਿ। ਛੋਟਾ ਮੋਟਾ ਕੰਮ ਕਰ ਛੱਡਿਆ ਕਰੀਂ।” ਇਸ ਤਰ੍ਹਾਂ ਉਹ ਬੁੱਢੀ ਭੇਤ ਲੈਣ ਲੱਗ ਪਈ। ਉਸ ਔਰਤ ਤੋਂ ਹੌਲੀ ਹੌਲੀ ਬੁੱਢੀ ਨੂੰ ਭੇਤ ਲੱਗ ਗਿਆ ਕਿ ਰਾਜੇ ਦੇ ਮੁੰਡੇ ਦੀ ਜਾਨ ਤਲਵਾਰ ਵਿਚ ਹੈ।

ਇਕ ਦਿਨ ਜਦੋਂ ਰਾਜੇ ਦਾ ਮੁੰਡਾ ਸੁੱਤਾ ਪਿਆ ਸੀ ਤਾਂ ਬੁੱਢੀ ਨੇ ਉਸ ਸੁੰਦਰ ਔਰਤ ਨੂੰ ਕਿਹਾ ਕਿ ਚੱਲ ਆਪਾਂ ਥੋੜ੍ਹੀ ਦੂਰ ਸੈਰ ਕਰ ਆਈਏ। ਭੋਲੀ ਤਿਆਰ ਹੋ ਗਈ। ਜਾਣ ਵੇਲੇ ਫਫੇਕੁੱਟਣੀ ਨੇ ਅੱਖ ਬਚਾ ਕੇ ਤਲਵਾਰ ਅੱਗ ਵਾਲੇ ਚੁੱਲ੍ਹੇ ਵਿਚ ਰੱਖ ਦਿੱਤੀ ਅਤੇ ਆਪ ਉਸ ਨੂੰ ਸੈਰ ਕਰਨ ਲੈ ਗਈ। ਉਹ ਤਲਾਬ ਦੇ ਪਰਲੇ ਕਿਨਾਰੇ ਤੋਂ ਵੀ ਅੱਗੇ ਲੰਘ ਗਈਆਂ। ਅੱਗੇ ਰਾਜਾ ਉਡੀਕ ਰਿਹਾ ਸੀ। ਉਹ ਝਟ ਹੀ ਉਸ ਔਰਤ ਨੂੰ ਚੁੱਕ ਕੇ ਲੈ ਗਿਆ।

ਹੁਣ ਉਹ ਸੁੰਦਰ ਔਰਤ ਇਸ ਰਾਜੇ ਦੇ ਮਹਿਲਾਂ ਵਿਚ ਰਹਿਣ ਲੱਗੀ। ਉਧਰ ਵਜ਼ੀਰ ਦਾ ਮੁੰਡਾ, ਤਰਖਾਣ ਅਤੇ ਝਿਊਰ ਉਸ ਔਰਤ ਦੀ ਭਾਲ ਵਿਚ ਥਾਂ ਥਾਂ ਘੁੰਮ ਰਹੇ ਸਨ। ਭੇਤ ਲੈਣ ਲਈ ਉਹ ਵੱਖ ਵੱਖ ਭੇਸ ਧਾਰ ਕੇ ਵਿਚਰ ਰਹੇ ਸਨ, ਕਦੇ ਕੁਝ ਬਣ ਕੇ, ਕਦੇ ਕੁਝ ਬਣ ਕੇ। ਅੱਜ ਉਹ ਵਣਜਾਰੇ ਬਣ ਕੇ ਗਲੀਆਂ ਵਿਚ ‘ਚੂੜੀਆਂ ਚੜ੍ਹਾ ਲੈ' ਦਾ ਹੋਕਾ ਦੇ ਰਹੇ ਸਨ। ਜਦੋਂ ਉਹ ਮਹਿਲਾਂ ਸਾਹਮਣੇ ਆਏ ਤਾਂ ਉਹਨਾਂ ਨੇ ਫਿਰ ਹੋਕਾ ਦਿੱਤਾ। ਮਹਿਲਾਂ ਸਾਹਮਣੇ ਇਕ ਬੱਚਾ ਖੇਲ ਰਿਹਾ ਸੀ। ਇਸ ਬੱਚੇ ਦਾ ਮੁਹਾਂਦਰਾ ਰਾਜੇ ਦੇ ਮੁੰਡੇ ਨਾਲ ਵੀ ਅਤੇ ਉਸ ਸੁੰਦਰ ਔਰਤ ਨਾਲ ਵੀ ਮਿਲਦਾ ਸੀ, ਜਿਸ ਦੀ ਉਹ ਤਸਵੀਰ ਲਈ ਫਿਰਦੇ ਸਨ। ਉਹ ਬੜੀ ਗਹੁ ਨਾਲ ਬੱਚੇ ਵੱਲ ਵੇਖਣ ਲੱਗੇ। ਇੰਨੇ ਵਿਚ ਉਹ ਔਰਤ ਮਹਿਲਾਂ ਦੇ ਉਪਰ ਆ ਗਈ। ਉਹਨਾਂ ਨੇ ਫਿਰ ਹੋਕਾ ਦਿੱਤਾ। ਔਰਤ ਨੇ ਨੌਕਰ ਭੇਜ ਕੇ ਵਣਜਾਰਿਆਂ ਨੂੰ ਉਪਰ ਬੁਲਾ ਲਿਆ। ਵਣਜਾਰੇ ਉਪਰ ਚਲੇ ਗਏ ਅਤੇ ਚੂੜੀਆਂ ਚੜ੍ਹਾਉਣ ਲੱਗੇ। ਪਰ ਉਹਨਾਂ ਦਾ ਧਿਆਨ ਚੂੜੀਆਂ ਚੜ੍ਹਾਉਣ ਵਿਚ ਨਹੀਂ ਸੀ। ਉਹ ਕਦੇ ਉਸ ਔਰਤ ਵੱਲ ਤੱਕਣ ਅਤੇ ਕਦੇ ਥੈਲੇ ਵਿਚਲੀ ਉਸ ਦੀ ਤਸਵੀਰ ਵੱਲ। ਬਿਲਕੁਲ ਹੀ ਮਿਲਦੀਆਂ ਸ਼ਕਲਾਂ। ਉਹਨਾਂ ਨੂੰ ਇਸ ਤਰ੍ਹਾਂ ਕਰਦੇ ਵੇਖ ਕੇ ਆਖ਼ਰ ਉਸ ਔਰਤ ਨੇ ਪੁੱਛ ਹੀ ਲਿਆ ਕਿ ਭਾਈ ਕੀ ਗੱਲ ਹੈ। ਮੈਨੂੰ ਦੱਸੋ। ਫੇਰ ਉਹਨਾਂ ਨੇ ਸਾਰੀ ਗੱਲ ਦੱਸ ਦਿੱਤੀ। ਉਹ ਬਹੁਤ ਖ਼ੁਸ਼ ਹੋਈ। ਫਿਰ ਉਸ ਨੇ ਉਦਾਸ ਹੋ ਕੇ ਦੱਸਿਆ ਕਿ ਮੈਂ ਉਹੀ ਔਰਤ ਹਾਂ। ਰਾਜੇ ਦਾ ਮੁੰਡਾ ਮੈਨੂੰ ਮਿਲ ਗਿਆ ਸੀ। ਪਰੰਤੂ ਧੋਖੇ ਨਾਲ ਇਹ ਰਾਜਾ ਮੈਨੂੰ ਚੁੱਕ ਕੇ ਲੈ ਆਇਆ ਹੈ। ਜੇ ਕਿਸੇ ਤਰ੍ਹਾਂ ਤੁਸੀਂ ਮੈਨੂੰ ਉਸ ਰਾਜੇ ਦੇ ਲੜਕੇ ਕੋਲ ਲੈ ਚੱਲੋ, ਤਾਂ ਮੈਂ ਤੁਹਾਡਾ ਅਹਿਸਾਨ ਨਹੀਂ ਭੁੱਲਾਂਗੀ। ਉਹ ਕਹਿੰਦੇ, “ਅਸੀਂ ਜ਼ਰੂਰ ਹੀਲਾ ਕਰਾਂਗੇ।”

ਉਹਨਾਂ ਤਿੰਨਾਂ ਜਣਿਆਂ ਨੇ ਉਥੇ ਬੈਠੇ ਹੀ ਇਕ ਵਿਉਂਤ ਬਣਾ ਲਈ। ਉਹ ਰਾਜੇ ਕੋਲ ਚਲੇ ਗਏ। ਕਹਿਣ ਲੱਗੇ ਕਿ ਮਹਾਰਾਜ ਅਸੀਂ ਬਹੁਤ ਵਧੀਆ ਕਾਰੀਗਰ ਹਾਂ। ਅਸੀਂ ਤੁਹਾਨੂੰ ਹਵਾ ਵਿਚ ਉੱਡਣ ਵਾਲਾ ਉੱਡਣ-ਖਟੋਲਾ ਬਣਾ ਕੇ ਦੇ ਸਕਦੇ ਹਾਂ। ਪਰ ਅਸੀਂ ਗ਼ਰੀਬ ਹਾਂ। ਸਾਡੇ ਕੋਲ ਲੱਕੜ ਖ਼ਰੀਦਣ ਲਈ ਪੈਸੇ ਨਹੀਂ ਹਨ ਅਤੇ ਨਾ ਹੀ ਸਿਰ ਲੁਕਾਉਣ ਲਈ ਕੋਈ ਥਾਂ ਹੈ। ਰਾਜਾ ਬਹੁਤ ਹੀ ਖ਼ੁਸ਼ ਹੋਇਆ। ਰਾਜੇ ਨੇ ਉਹਨਾਂ ਨੂੰ ਮਹਿਲਾਂ ਵਿਚ ਹੀ ਰੱਖ ਲਿਆ ਅਤੇ ਉੱਡਣ-ਖਟੋਲੇ ਲਈ ਲੱਕੜ ਅਤੇ ਕਿੱਲ-ਪੱਤੀਆਂ ਦੇ ਦਿੱਤੀਆਂ। ਰਾਜਾ ਆਪਣੇ ਕੰਮਾਂ ਵਿਚ ਰੁੱਝਿਆ ਰਿਹਾ ਅਤੇ ਉਹ ਤਿੰਨੇ ਆਪਣੇ ਕੰਮ ਵਿਚ। ਕੁਝ ਦਿਨਾਂ ਵਿਚ ਹੀ ਉੱਡਣ-ਖਟੋਲਾ ਤਿਆਰ ਹੋ ਗਿਆ।

ਇਕ ਦਿਨ ਆਥਣ ਵੇਲੇ ਜਦੋਂ ਰਾਜਾ ਸ਼ਿਕਾਰ ਖੇਡਣ ਗਿਆ ਹੋਇਆ ਸੀ ਤਾਂ ਉਹਨਾਂ ਨੇ ਉਸ ਔਰਤ ਅਤੇ ਬੱਚੇ ਨੂੰ ਉੱਡਣ-ਖਟੋਲੇ ਵਿਚ ਬਿਠਾ ਲਿਆ ਅਤੇ ਪੰਜੇ ਜਣੇ ਤਲਾਬ ਵਿਚਲੇ ਕਮਰੇ ਅੱਗੇ ਜਾ ਕੇ ਉਤਰ ਗਏ।

ਜਦੋਂ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਰਾਜੇ ਦਾ ਮੁੰਡਾ ਮੰਜੇ ਵਿਚ ਪਿਆ ਸੀ। ਚੁੱਲ੍ਹੇ ਵਿਚਲੀ ਅੱਗ ਠੰਢੀ ਹੋਣ ਤਕ ਉਹ ਕਾਫ਼ੀ ਲੂਹਿਆ ਗਿਆ ਸੀ। ਉਹ ਹੌਲੀ ਹੌਲੀ ਕੁਝ ਠੀਕ ਵੀ ਹੋ ਰਿਹਾ ਸੀ। ਉਸ ਔਰਤ ਨੇ ਉਹ ਤਲਵਾਰ ਚੁੱਲ੍ਹੇ ਵਿਚੋਂ ਕੱਢ ਲਈ ਅਤੇ ਅੰਦਰ ਰੱਖ ਦਿੱਤੀ। ਮੁੰਡੇ ਨੂੰ ਪਾਣੀ ਧਾਣੀ ਪਿਲਾਇਆ, ਅਤੇ ਕੁਝ ਖਾਣ ਨੂੰ ਦਿੱਤਾ। ਸਵੇਰ ਤਕ ਉਹ ਮੰਜੇ 'ਤੇ ਬੈਠਾ ਹੋ ਗਿਆ। ਫਿਰ ਉਸ ਔਰਤ ਨੇ ਉਸ ਫਫੇਕੁੱਟਣੀ ਦੀ ਸਾਰੀ ਕਰਤੂਤ ਦੱਸੀ ਅਤੇ ਮੁੜ ਇਥੇ ਪਹੁੰਚਣ ਦੀ ਕਹਾਣੀ ਸੁਣਾਈ। ਰਾਜੇ ਦਾ ਮੁੰਡਾ ਕਹਿੰਦਾ, “ਹੁਣ ਆਪਾਂ ਇਥੇ ਨਹੀਂ ਰਹਿਣਾ। ਚਲੋ ਆਪਾਂ ਆਪਣੇ ਮਹਿਲੀਂ ਚਲੇ ਚੱਲੀਏ।” ਇਸ ਤਰ੍ਹਾਂ ਉਹ ਛੇ ਦੇ ਛੇ ਜਣੇ ਉੱਡਣ-ਖਟੋਲੇ ਵਿਚ ਸਵਾਰ ਹੋ ਗਏ। ਉੱਡਣ-ਖਟੋਲਾ ਲੂੰ ਲੂੰ ਕਰ ਕੇ ਉੱਡਿਆ ਅਤੇ ਹਵਾ ਚੀਰਨ ਲੱਗਾ। ਚੰਦ ਮਿੰਟਾਂ ਵਿਚ ਹੀ ਉਹ ਆਪਣੇ ਮਹਿਲਾਂ ਅੱਗੇ ਜਾ ਕੇ ਉੱਤਰ ਗਏ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ। 


Post a Comment

0 Comments