Punjabi Moral Story Tak Tak Bhama "ਤੱਕ ਤੱਕ ਭਾਂਅ " for Students and Kids in Punjabi Language.

ਤੱਕ ਤੱਕ ਭਾਂਅ 
Tak Tak Bhama



ਇਕ ਪਿੰਡ ਵਿਚ ਇਕ ਬੁੱਢਾ ਅਤੇ ਇਕ ਬੁੱਢੀ ਰਹਿੰਦੇ ਸਨ। ਉਹਨਾਂ ਦੀਆਂ ਇਕੋ ਘਰ ਦੀਆਂ ਹੀ ਦੋ ਨੂੰਹਾਂ ਸਨ। ਬੁੱਢਾ ਅਤੇ ਬੁੱਢੀ ਬੜੇ ਅਜੀਬ ਸੁਭਾਅ ਦੇ ਸਨ ਜਿਸ ਕਰਕੇ ਦੋਵੇਂ ਨੂੰਹਾਂ ਦੁਖੀ ਰਹਿੰਦੀਆਂ ਸਨ। ਬੁੱਢੀ ਆਪਣੀਆਂ ਨੂੰਹਾਂ ਨੂੰ ਹਰ ਵੇਲੇ ਚਰਖੇ 'ਤੇ ਬਿਠਾਈ ਰੱਖਦੀ। ਉਹ ਕੱਤ ਕੱਤ ਕੇ ਥੱਕ ਜਾਂਦੀਆਂ।

ਇਕ ਦਿਨ ਉਹਨਾਂ ਨੂੰਹਾਂ ਦਾ ਭਰਾ ਮਿਲਣ ਆਇਆ ਤਾਂ ਉਹਨਾਂ ਨੇ ਆਪਣੇ ਭਰਾ ਨੂੰ ਆਪਣਾ ਦੁੱਖ ਦੱਸਿਆ। ਉਹਨਾਂ ਨੇ ਦੱਸਿਆ ਕਿ ਕੇਵਲ ਦਿਨੇ ਹੀ ਨਹੀਂ ਸਗੋਂ ਕਾਫ਼ੀ ਰਾਤ ਗਏ ਤਕ ਉਹ ਉਹਨਾਂ ਤੋਂ ਚਰਖਾ ਕਤਵਾਉਂਦੀ ਰਹਿੰਦੀ ਹੈ। ਉਹਨਾਂ ਦੇ ਭਰਾ ਨੇ ਫੇਰ ਇਕ ਸਕੀਮ ਬਣਾਈ। ਉਹ ਰਾਤ ਨੂੰ ਸੰਦੂਕ ਉਪਰ ਲੇਟ ਗਿਆ। ਉਸ ਦੀਆਂ ਭੈਣਾਂ ਚਰਖਾ ਕੱਤ ਰਹੀਆਂ ਸਨ ਅਤੇ ਬੁੱਢੀ ਗਲੋਟੇ ਅਟੇਰ ਰਹੀ ਸੀ। ਉਹ ਭੂਤਾਂ ਦੀ ਤਰ੍ਹਾਂ ਬੋਲਿਆ :

“ਤੱਕ ਤੱਕ ਭਾਂਅ 

ਕੱਤਦੀਆਂ ਨੂੰ ਛੱਡ ਕੇ 

'ਟੇਰਦੀ ਨੂੰ ਖਾਂ।”

ਬੁੱਢੀ ਨੇ ਚਾਰ ਚੁਫੇਰੇ ਦੇਖਿਆ ਅਤੇ ਫਿਰ ਆਪਣੀਆਂ ਨੂੰਹਾਂ ਨੂੰ ਲੈ ਕੇ ਕੋਠੇ ਉਪਰ ਵੀ ਦੇਖ ਆਈ। ਕੋਈ ਨਹੀਂ ਸੀ। ਫਿਰ ਉਹ ਆਪ ਕੱਤਣ ਲੱਗ ਪਈ ਅਤੇ ਨੂੰਹਾਂ ਨੂੰ ਅਟੇਰਨ 'ਤੇ ਲਾ ਦਿੱਤਾ। ਉਹ ਬੰਦਾ ਫਿਰ ਅਜੀਬ ਆਵਾਜ਼ ਵਿਚ ਬੋਲਿਆ :

“ਤੱਕ ਤੱਕ ਭਾਂਅ

'ਟੇਰਦੀਆਂ ਨੂੰ ਛੱਡ ਕੇ, 

ਕੱਤਦੀ ਨੂੰ ਖਾਂ।”

ਬੁੱਢੀ ਫੇਰ ਡਰ ਗਈ। ਉਸ ਨੇ ਲਾਲਟੈਣ ਲੈ ਕੇ ਸਾਰੀ ਸਬਾਤ ਵਿਚ ਦੇਖਿਆ। ਫਿਰ ਕੋਠੇ ਚੜ੍ਹ ਕੇ ਵੀ ਦੇਖ ਕੇ ਆਈ। ਪਰ ਕੁਝ ਨਹੀਂ ਦਿਸਿਆ। ਫਿਰ ਉਹ ਮੰਜੇ ਉਪਰ ਲੇਟ ਗਈ ਅਤੇ ਨੂੰਹਾਂ ਕੱਤਦੀਆਂ ਰਹੀਆਂ। ਪਰੰਤੂ ਉਹਦੇ ਮਨ ਵਿਚ ਡਰ ਜ਼ਰੂਰ ਬੈਠ ਗਿਆ। ਉਹ ਬੰਦਾ ਫੇਰ ਭੂਤਾਂ ਦੀ ਤਰ੍ਹਾਂ ਬੋਲਿਆ :

ਤੱਕ ਤੱਕ ਭਾਂਅ 

ਕੱਤਦੀਆਂ ਨੂੰ ਛੱਡ ਕੇ 

ਪਈ ਨੂੰ ਖਾਂ।”

ਹੁਣ ਤਾਂ ਬੁੱਢੀ ਅਸਲੋਂ ਹੀ ਡਰ ਗਈ ਸੀ। ਉਸ ਨੇ ਵਾਸਤਾ ਪਾਇਆ ਅਤੇ ਉੱਚੀ ਦੇ ਕੇ ਕਿਹਾ ਕਿ ਮੈਂ ਅੱਗੇ ਤੋਂ ਕਿਸੇ ਤੋਂ ਨਹੀਂ ਕਤਾਉਂਦੀ ਅਤੇ ਜਿਹੜਾ ਵੀ ਹੈ ਮੇਰਾ ਖਹਿੜਾ ਛੱਡੇ। ਬਸ ਉਹ ਪੈ ਗਈ ਅਤੇ ਆਪਣੀਆਂ ਨੂੰਹਾਂ ਨੂੰ ਵੀ ਲਾਲਟੈਣ ਬੁਝਾ ਕੇ ਸੌਂ ਜਾਣ ਲਈ ਕਿਹਾ। ਇਸ ਤਰ੍ਹਾਂ ਕੱਤਣ ਤੋਂ ਉਹਨਾਂ ਦਾ ਖਹਿੜਾ ਛੁੱਟ ਗਿਆ।

ਬੁੱਢਾ ਵੀ ਨੂੰਹਾਂ ਦੇ ਕੰਮ ਵਿਚ ਅੜਿੱਕੇ ਲਾਉਂਦਾ ਰਹਿੰਦਾ ਸੀ। ਉਹ ਆਪਣੀਆਂ ਨੂੰਹਾਂ ਨੂੰ ਖੀਰ ਨਹੀਂ ਸੀ ਧਰਨ ਦਿੰਦਾ। ਉਸ ਨੂੰ ਠੀਕ ਕਰਨ ਲਈ ਨੂੰਹਾਂ ਨੇ ਖ਼ੁਦ ਇਕ ਵਿਉਂਤ ਬਣਾਈ। ਜਦੋਂ ਬੁੱਢਾ ਸਵੇਰੇ ਹਨੇਰੇ ਵਿਚ ਹੀ ਜੰਗਲ ਪਾਣੀ ਗਿਆ ਤਾਂ ਦੋਵੇਂ ਨੂੰਹਾਂ ਵੀ ਉਸ ਦੇ ਪਿੱਛੇ ਪਿੱਛੇ ਚਲੀਆਂ ਗਈਆਂ ਅਤੇ ਘਰ ਵਾਲੇ ਪਾਸੇ ਹੀ ਉਸ ਤੋਂ 100 ਗਜ਼ ਦੂਰ ਬੈਠ ਗਈਆਂ। ਬੁੱਢੇ ਦੇ ਬੈਠਣ ਸਾਰ ਹੀ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ :

“ਨੀ ਪੰਜਾਬੋ, ਹਾਂ ਗੁਲਾਬੋ

ਮਾਰ ਨਿਪੁੱਤੇ ਦਾਰੇ ਨੂੰ

ਨਾ ਜਾਣੇ ਥਿਆਈ ਵਾਰੇ ਨੂੰ।”

ਇਹ ਸੁਣ ਕੇ ਬੁੱਢਾ ਖੜਾ ਹੋ ਗਿਆ। ਉਸੇ ਵੇਲੇ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, “ਨੀ ਫੜ ਲੌ, ਨੀ ਫੜ ਲੌ, ਜਾਵੇ ਨਾ ਸੁੱਕਾ।” ਬੁੱਢਾ ਉੱਠ ਕੇ ਦੌੜ ਪਿਆ ਪਰੰਤੂ ਉਸ ਦੀਆਂ ਨੂੰਹਾਂ ਉਸ ਤੋਂ ਪਹਿਲਾਂ ਹੀ ਘਰ ਪਹੁੰਚ ਗਈਆਂ।

ਘਰ ਪਹੁੰਚ ਕੇ ਬੁੱਢੇ ਨੇ ਆਪਣੇ ਨਾਲ ਵਾਪਰੀ ਅਜੀਬ ਕਹਾਣੀ ਸੁਣਾ ਦਿੱਤੀ ਅਤੇ ਕਿਹਾ ਕਿ ਭਾਈ ਅੱਗੇ ਤੋਂ ਖੀਰ ਜ਼ਰੂਰ ਬਣਾਇਆ ਕਰੋ।ਨੂੰਹਾਂ ਖ਼ੁਸ਼ ਹੋ ਗਈਆਂ ਅਤੇ ਉਹ ਆਪਣੇ ਦਿਲ ਹੀ ਦਿਲ ਵਿਚ ਹੱਸ ਰਹੀਆਂ ਸਨ। ਇਸ ਤਰ੍ਹਾਂ ਬੁੱਢੇ ਨੇ ਖਾਣ ਪੀਣ ਵਿਚ ਦਖ਼ਲ ਦੇਣਾ ਛੱਡ ਦਿੱਤਾ। ਚੱਲ ਭਾਈ ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ। ਵੱਸਦੇ ਐ, ਰਸਦੇ ਐ। ਮੌਜਾਂ ਕਰਦੇ ਐਂ।


Post a Comment

0 Comments