Punjabi Story Chaar Amli "ਚਾਰ ਅਮਲੀ" for Students and Kids in Punjabi Language.

ਚਾਰ ਅਮਲੀ 
Chaar Amli

ਇਕ ਰਾਹ ਵਿਚ ਚਾਰ ਅਮਲੀ ਤੁਰੇ ਜਾ ਰਹੇ ਸਨ। ਉਸੇ ਰਾਹ ਵਿਚ ਇਕ ਊਠ ਦੀਆਂ ਪੈੜਾਂ ਦੇ ਨਿਸ਼ਾਨ ਜਾ ਰਹੇ ਸਨ। ਊਠ ਦੀਆਂ ਪੈੜਾਂ ਨੂੰ ਦੇਖ ਕੇ ਪਹਿਲਾ ਅਮਲੀ ਬੋਲਿਆ ਕਿ ਇਥੋਂ ਦੀ ਇਕ ਊਠ ਲੰਘਿਆ ਹੈ। ਥੋੜੀ ਦੇਰ ਬਾਅਦ ਦੂਜਾ ਅਮਲੀ ਕਹਿਣ ਲੱਗਾ ਕਿ “ਊਠ ਇਕ ਅੱਖੋਂ ਕਾਣਾ ਹੈ।” ਫੇਰ ਤੀਜਾ ਕਹਿੰਦਾ, “ਊਠ ਦੇ ਇਕ ਪਾਸੇ ਰੂੰ ਲੱਦੀ ਹੋਈ ਹੈ।” ਕੁਝ ਇਧਰ ਉਧਰ ਦੇਖ ਕੇ ਚੌਥਾ ਅਮਲੀ ਵੀ ਬੋਲ ਪਿਆ। ਕਹਿੰਦਾ, “ਊਠ ਦੇ ਇਕ ਪਾਸੇ ਸ਼ਹਿਦ ਲੱਦਿਆ ਹੈ।” ਇੰਨੇ ਨੂੰ ਊਠ ਦਾ ਮਾਲਕ ਊਠ ਨੂੰ ਲੱਭਦਾ ਲੱਭਦਾ ਉਹਨਾਂ ਦੇ ਨਾਲ ਆ ਰਲਿਆ। ਉਸ ਨੇ ਅਮਲੀਆਂ ਨੂੰ ਪੁੱਛਿਆ ਕਿ ਤੁਸੀਂ ਕੋਈ ਊਠ ਇਥੋਂ ਦੀ ਲੰਘਦਾ ਵੇਖਿਆ ਹੈ ਤਾਂ ਪਹਿਲੇ ਨੇ ਕਿਹਾ, “ਹਾਂ।” ਦੂਜੇ ਅਮਲੀ ਨੇ ਨਾਲ ਦੀ ਨਾਲ ਪੁੱਛਿਆ, “ਕੀ ਉਠ ਇਕ ਅੱਖੋਂ ਕਾਣਾ ਸੀ ?" ਮਾਲਕ ਨੇ ਕਿਹਾ, “ਹਾਂ, ਕਾਣਾ ਸੀ।" ਤੀਜੇ ਅਮਲੀ ਨੇ ਕਿਹਾ, “ਕੀ ਉਸ ਦੇ ਇਕ ਪਾਸੇ ਰੂੰਈਂ ਲੱਦੀ ਹੋਈ ਸੀ ?" ਮਾਲਕ ਨੇ ਫਿਰ ‘ਹਾਂ’ ਵਿਚ ਉੱਤਰ ਦਿੱਤਾ। ਫੇਰ ਚੌਥੇ ਅਮਲੀ ਨੇ ਕਿਹਾ, “ਕੀ ਉਸ ਦੇ ਦੂਜੇ ਪਾਸੇ ਸ਼ਹਿਦ ਲੱਦਿਆ ਹੋਇਆ ਸੀ ?" ਮਾਲਕ ਹੈਰਾਨ ਹੋ ਗਿਆ। ਉਸ ਨੇ ਸੋਚਿਆ ਕਿ ਊਠ ਇਹਨਾਂ ਬੰਦਿਆਂ ਨੇ ਹੀ ਚੋਰੀ ਕੀਤਾ ਹੈ। ਉਸ ਨੇ ਉਹਨਾਂ ਚਾਰਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਉਹਨਾਂ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ।

ਰਾਜੇ ਨੇ ਪਹਿਲੇ ਅਮਲੀ ਨੂੰ ਪੁੱਛਿਆ ਕਿ “ਤੈਨੂੰ ਕਿੱਦਾਂ ਪਤਾ ਲੱਗਿਆ ਕਿ ਕੋਈ ਊਠ ਲੰਘਿਆ ਹੈ।” ਉਸ ਨੇ ਕਿਹਾ ਕਿ “ਮੈਂ ਊਠ ਦੀਆਂ ਪੈੜਾਂ ਦੇਖੀਆਂ ਸਨ।” ਰਾਜੇ ਦੀ ਤਸੱਲੀ ਹੋ ਗਈ। ਫਿਰ ਰਾਜੇ ਨੇ ਦੂਜੇ ਨੂੰ ਪੁੱਛਿਆ ਕਿ ਉਸ ਨੂੰ ਕਿਵੇਂ ਪਤਾ ਲੱਗਾ ਕਿ ਊਠ ਕਾਣਾ ਸੀ। ਉਸ ਨੇ ਵੀ ਤਸੱਲੀ ਬਖ਼ਸ਼ ਜੁਆਬ ਦਿੱਤਾ ਕਿ ਉਹ ਕੇਵਲ ਇਕੋ ਪਾਸਿਉਂ ਹੀ ਚਰਦਾ ਜਾਂਦਾ ਸੀ। ਫਿਰ ਤੀਜੇ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਦੇਖਿਆ ਕਿ ਰਾਹ ਦੇ ਇਕ ਪਾਸੇ ਦਰੱਖ਼ਤਾਂ ਨਾਲ ਰੂੰ ਲੱਗਦੀ ਜਾਂਦੀ ਸੀ। ਇਸ ਤੋਂ ਮੈਂ ਹਿਸਾਬ ਲਾਇਆ ਕਿ ਊਠ ਦੇ ਇਕ ਪਾਸੇ ਰੂੰ ਲੱਦੀ ਹੋਈ ਹੈ। ਜਦੋਂ ਚੌਥੇ ਅਮਲੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਉੱਤਰ ਦਿੱਤਾ ਕਿ ਰਾਹ ਦੇ ਦੂਜੇ ਪਾਸੇ ਪਾਸੇ ਦਰੱਖ਼ਤਾਂ ਨਾਲ ਸ਼ਹਿਦ ਲੱਗਦਾ ਜਾਂਦਾ ਸੀ ਅਤੇ ਟਾਹਣੀਆਂ ਉੱਤੇ ਮੱਖੀਆਂ ਬੈਠੀਆਂ ਹੋਈਆਂ ਸਨ। ਇਸ ਤਰ੍ਹਾਂ ਮੈਂ ਸੋਚਿਆ ਕਿ ਊਠ ਉੱਤੇ ਹੀ ਸ਼ਹਿਰ ਲੱਦਿਆ ਹੋਣਾ ਹੈ। ਰਾਜਾ ਉਹਨਾਂ ਦੇ ਜਵਾਬ ਸੁਣ ਕੇ ਬਹੁਤ ਖ਼ੁਸ਼ ਹੋਇਆ। ਕਹਿੰਦਾ, “ਇਹ ਤਾਂ ਬੰਦੇ ਹੀ ਬੜੇ ਕੰਮ ਦੇ ਐ।” ਅਤੇ ਉਸ ਨੇ ਚਾਰਾਂ ਅਮਲੀਆਂ ਨੂੰ ਆਪਣੇ ਮਹਿਲਾਂ ਵਿਚ ਹੀ ਰੱਖ ਲਿਆ।

ਹੁਣ ਅਮਲੀ ਮੌਜਾਂ ਮਾਰਨ ਲੱਗੇ। ਨਸ਼ਾ ਪੱਤਾ ਉਹਨਾਂ ਨੂੰ ਵਾਧੂ ਮਿਲ ਜਾਂਦਾ ਸੀ। ਅਚਾਨਕ ਇਕ ਦਿਨ ਰਾਣੀ ਦਾ ਹਾਰ ਗੁਆਚ ਗਿਆ। ਰਾਜੇ ਨੇ ਚਾਰਾਂ ਅਮਲੀਆਂ ਨੂੰ ਬੁਲਾ ਲਿਆ। ਕਹਿੰਦਾ ਸਵੇਰ ਤਕ ਲੱਭ ਕੇ ਦੱਸੋ ਕਿ ਹਾਰ ਕਿਸ ਨੇ ਚੋਰੀ ਕੀਤਾ ਹੈ, ਨਹੀਂ ਤਾਂ ਕੱਲ ਨੂੰ ਤੁਹਾਨੂੰ ਕੋਹਲੂ ਵਿਚ ਪੀੜ ਦੇਵਾਂਗਾ। ਅਮਲੀਆਂ ਦੇ ਸਾਹ ਸੁੱਕ ਗਏ। ਅੱਜ ਭੋਰਾ ਵੀ ਨਸ਼ਾ ਨਾ ਚੜ੍ਹੇ। ਉਹ ਡੂੰਘੇ ਗ਼ਮ ਵਿਚ ਡੁੱਬ ਗਏ ਅਤੇ ਜਾਨ ਬਚਾਉਣ ਦਾ ਕੋਈ ਰਾਹ ਨਾ ਲੱਭਿਆ। ਸ਼ਾਮ ਹੋਈ ਤਾਂ ਉਹ ਆਪਣੇ ਕਮਰੇ ਦੇ ਬੂਹੇ 'ਤੇ ਬੈਠ ਕੇ ਰੋਣ ਲੱਗ ਪਏ। ਉਹ ਕਹਿਣ ਲੱਗੇ : 

“ਹਾਏ ਜਿੰਦੜੀਏ ਨੀ! ਹੁਣ ਜਾਨ ਮੁੱਠੀ ਵਿਚ ਆਈ,

ਤੜਕੇ ਕੋਹਲੂ ਵਿਚ ਪੀੜੀ ਜਾਵੇਗੀ।”

ਕੋਲ ਫਿਰਦੀ ਇਕ ਬੁੱਢੀ ਨੇ ਸੁਣ ਲਿਆ। ਉਸ ਦਾ ਨਾਂ ਜਿੰਦੜੀ ਸੀ। ਉਸ ਨੇ ਹੀ ਹਾਰ ਚੋਰੀ ਕੀਤਾ ਸੀ। ਉਸ ਨੇ ਸਮਝਿਆ ਕਿ ਚੋਰੀ ਦਾ ਪਤਾ ਲੱਗ ਗਿਆ ਹੈ। ਇਹ ਅਮਲੀ ਮੈਨੂੰ ਹੀ ਬੁਝਾਰਤਾਂ ਪਾ ਰਹੇ ਹਨ। ਉਸ ਨੇ ਝੱਟ ਹਾਰ ਲਿਆ ਕੇ ਅਮਲੀਆਂ ਨੂੰ ਦੇਂਦੇ ਹੋਏ ਕਿਹਾ ਕਿ ਲਓ ਆਹ ਹਾਰ ਲੈ ਲਓ, ਪਰ ਹਾੜੇ ਮੇਰਾ ਨਾਂ ਰਾਜੇ ਨੂੰ ਨਾ ਦੱਸਿਓ। ਚਾਰੇ ਕਹਿੰਦੇ, “ਠੀਕ ਐ, ਤੇਰਾ ਨਾਂ ਨਹੀਂ ਲੈਂਦੇ। ਪਰ ਤੂੰ ਸਾਨੂੰ ਇਕ ਮੁਰਗਾ ਲਿਆ ਦੇ। ਬੁੱਢੀ ਨੇ ਮੁਰਗਾ ਲਿਆ ਕੇ ਦੇ ਦਿੱਤਾ। ਅਮਲੀਆਂ ਨੇ ਥੋੜ੍ਹਾ ਜਿੰਨਾ ਹਾਰ ਤੋੜਿਆ ਅਤੇ ਮੁਰਗੇ ਨੂੰ ਖਵਾ ਦਿੱਤਾ। ਬਾਕੀ ਹਾਰ ਉਹਨਾਂ ਨੇ ਆਪ ਸਾਂਭ ਲਿਆ। ਅਗਲੇ ਦਿਨ ਜਦ ਰਾਜੇ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਮੁਰਗੇ ਦੀ ਤੋਰ ਦੇਖ ਕੇ ਪਤਾ ਲੱਗਦੈ ਕਿ ਹਾਰ ਇਸ ਨੇ ਖਾਧਾ ਹੈ। ਤੁਰੰਤ ਮੁਰਗੇ ਦਾ ਪੇਟ ਚੀਰਿਆ ਗਿਆ ਅਤੇ ਹਾਰ ਦਾ ਟੁੱਕੜਾ ਨਿਕਲ ਆਇਆ। ਅਮਲੀ ਕਹਿੰਦੇ, “ਬਾਕੀ ਦਾ ਹਾਰ ਇਸ ਨੇ ਕੱਲ ਦਾ ਬਿੱਠਾਂ ਰਾਹੀਂ ਕੱਢ ਦਿੱਤਾ ਹੈ।” ਰਾਜਾ ਬਹੁਤ ਹੀ ਖ਼ੁਸ਼ ਹੋਇਆ ਅਤੇ ਉਸ ਨੇ ਚਾਰਾਂ ਅਮਲੀਆਂ ਨੂੰ ਹੋਰ ਸੋਨਾ ਇਨਾਮ ਵਿਚ ਦਿੱਤਾ। ਪਰੰਤੂ ਚਾਰੇ ਹੀ ਅਮਲੀ ਅਗਲੇ ਦਿਨ ਮਹਿਲਾਂ ਵਿਚੋਂ ਤਿੱਤਰ ਹੋ ਗਏ।


Post a Comment

0 Comments