Punjabi Story "Sone Da Sita" "ਸੋਨੇ ਦਾ ਸਿੱਟਾ" in Punjabi Language.

ਸੋਨੇ ਦਾ ਸਿੱਟਾ 
Sone Da Sita 

ਇਕ ਰਾਜੇ ਦੀਆਂ ਤਿੰਨ ਰਾਣੀਆਂ ਸਨ। ਉਹਨਾਂ ਵਿਚੋਂ ਇਕ ਰਾਣੀ ਮਰ ਗਈ ਅਤੇ ਆਪਣੇ ਪਿੱਛੇ ਇਕ ਪੁੱਤ ਅਤੇ ਇਕ ਧੀ ਛੱਡ ਗਈ। ਦੋਵੇਂ ਮਤੇਰ ਮਾਵਾਂ ਉਹਨਾਂ ਬੱਚਿਆਂ ਨਾਲ ਭੈੜਾ ਸਲੂਕ ਕਰਦੀਆਂ। ਦੋਵੇਂ ਭੈਣ ਭਰਾ ਆਪ ਹੀ ਇਕ ਦੂਜੇ ਦੀ ਮਦਦ ਕਰਦੇ।

ਇਕ ਵਾਰੀ ਉਸ ਲੜਕੇ ਦੀਆਂ ਅੱਖਾਂ ਦੁਖਣੀਆਂ ਆ ਗਈਆਂ। ਭੈਣ ਨੂੰ ਬੜਾ ਫ਼ਿਕਰ ਹੋਇਆ। ਉਸ ਨੇ ਬਥੇਰੀ ਓਹੜ ਪੋਹੜ ਕੀਤੀ ਪਰ ਆਰਾਮ ਨਾ ਆਇਆ। ਇਕ ਦਿਨ ਇਕ ਫ਼ਕੀਰ ਖ਼ੈਰ ਮੰਗਣ ਆ ਗਿਆ। ਲੜਕੀ ਨੇ ਦੂਰੋਂ ਹੀ ਕਹਿ ਦਿੱਤਾ, “ਬਾਬਾ, ਖ਼ੈਰ ਨਹੀਂ ਪਾਉਣੀ ਕਿਉਂਕਿ ਮੇਰੇ ਭਰਾ ਦੀਆਂ ਅੱਖਾਂ ਦੁਖਦੀਆਂ ਹਨ।” ਇਹ ਵਿਸ਼ਵਾਸ ਚਲਿਆ ਆ ਰਿਹਾ ਸੀ ਕਿ ਅੱਖਾਂ ਦੁਖਦੀਆਂ ਵੇਲੇ ਕਿਸੇ ਨੂੰ ਖ਼ੈਰ ਨਹੀਂ ਪਾਉਣੀ। ਫ਼ਕੀਰ ਕਹਿੰਦਾ, “ਬੱਚਾ, ਮੈਨੂੰ ਖ਼ੈਰ ਪਾ ਦੇ। ਮੈਂ ਤੈਨੂੰ ਅੱਖਾਂ ਦੇ ਆਰਾਮ ਆਉਣ ਦੀ ਦਵਾਈ ਦੱਸਾਂਗਾ।” ਲੜਕੀ ਨੇ ਖ਼ੈਰ ਪਾ ਦਿੱਤੀ ਤਾਂ ਫ਼ਕੀਰ ਨੇ ਬੈਠ ਕੇ ਕਿਹਾ, “ਬੱਚਾ, ਤੇਰੇ ਸਹੁਰਿਆਂ ਦੇ ਬਾਗ਼ ਵਿਚ ਇਕ ਸੋਨੇ ਦਾ ਸਿੱਟਾ ਹੈ। ਉਸ ਨੂੰ ਲਿਆ ਕੇ ਇਸ ਮੁੰਡੇ ਦੀਆਂ ਅੱਖਾਂ 'ਤੇ ਛੁਹਾ ਦੇ। ਬਸ ਨੌਂ-ਬਰ-ਨੌਂ ਹੋ ਜਾਵੇਗਾ।” ਇਹ ਕਹਿ ਕੇ ਫ਼ਕੀਰ ਚਲਾ ਗਿਆ।

ਲੜਕੀ ਸੋਚੀਂ ਪੈ ਗਈ। ਉਹ ਤਾਂ ਹਾਲੇ ਕੇਵਲ ਮੰਗੀ ਹੋਈ ਸੀ, ਵਿਆਹ ਨਹੀਂ ਸੀ ਹੋਇਆ। ਇਸ ਤਰ੍ਹਾਂ ਕੱਚੇ ਚੌਲੀਂ ਉਹ ਸਹੁਰਿਆਂ ਘਰ ਕਿੱਦਾਂ ਜਾਵੇ। ਪਰ ਭਰਾ ਦੇ ਇਲਾਜ ਲਈ ਉਹ ਇਹ ਮੁਸ਼ਕਿਲ ਵੀ ਪਾਰ ਕਰ ਸਕਦੀ ਸੀ। ਇਸ ਲਈ ਉਸ ਨੇ ਭੇਸ ਵਟਾ ਲਿਆ। ਮੁੰਡਿਆਂ ਵਾਲੇ ਕੱਪੜੇ ਪਾ ਕੇ ਘੋੜੇ 'ਤੇ ਚੜ੍ਹ ਗਈ। ਆਪਣੇ ਨਾਲ ਉਸ ਨੇ ਇਕ ਸਿਆਣੀ ਪੜ੍ਹੀ ਹੋਈ ਕੁੱਤੀ ਲੈ ਲਈ ਅਤੇ ਸਹੁਰੇ ਘਰ ਨੂੰ ਚੱਲ ਪਈ। ਇਸ ਕੁੱਤੀ ਤੋਂ ਹੀ ਉਸ ਨੇ ਸਾਰਾ ਭੇਤ ਲੈਣ ਦਾ ਕੰਮ ਲੈਣਾ ਸੀ।

ਜਦੋਂ ਉਹ ਆਪਣੇ ਸਹੁਰੇ ਘਰ ਦੇ ਬੂਹੇ 'ਤੇ ਗਈ ਤਾਂ ਅੱਗੇ ਉਸ ਦਾ ਮੰਗੇਤਰ ਮੁੰਡਾ ਖੜਾ ਸੀ। ਲੜਕੀ ਘੋੜੇ ਤੋਂ ਹੇਠਾਂ ਉੱਤਰੀ ਅਤੇ ਬੰਦਿਆਂ ਵਾਂਗੂੰ ‘ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਮੰਗੇਤਰ ਨਾਲ ਸੱਜਾ ਹੱਥ ਮਿਲਾਇਆ। ਉਹ ਮੁੰਡਾ ਸੋਚੀਂ ਪੈ ਗਿਆ ਕਿਉਂਕਿ ਦੇਖਣ ਨੂੰ ਤਾਂ ਉਹ ਔਰਤ ਜਾਪਦੀ ਸੀ, ਪਰੰਤੂ ਕੰਮ ਅਤੇ ਵਰਤਾਓ ਬੰਦਿਆਂ ਵਾਲਾ ਕਰਦੀ ਸੀ। ਉਸ ਨੂੰ ਬੈਠਕ ਵਿਚ ਬਿਠਾ ਕੇ ਉਹ ਮੁੰਡਾ ਅੰਦਰ ਆਪਣੀ ਭਾਬੀ ਕੋਲ ਚਲਾ ਗਿਆ। ਕੁੱਤੀ ਵੀ ਚੁੱਪਕੇ ਜਿਹੇ ਉਸ ਦੇ ਪਿੱਛੇ ਚਲੀ ਗਈ। ਮੁੰਡੇ ਨੇ ਭਾਬੀ ਨੂੰ ਕਿਹਾ :

“ਲੱਗਦੀ ਜ਼ਨਾਨੀ, ਭੇਸ ਮਰਦਾਵਾਂ।

ਦੱਸ ਮੇਰੀ ਭਾਬੋ ਕਾਹਦਾ ਅੰਤਰਾ ਪਾਵਾਂ।”

ਫੇਰ ਉਸ ਮੁੰਡੇ ਨੇ ਹੱਥ ਮਿਲਾਣ ਵਾਲੀ ਗੱਲ ਵੀ ਦੱਸੀ। ਉਸ ਦੀ ਭਾਬੀ ਨੇ ਇਕ ਵਿਉਂਤ ਦੱਸੀ। ਕਹਿੰਦੀ, “ਆਪਾਂ ਦੁੱਧ ਗਰਮ ਰੱਖ ਦੋਨੇਂ ਆਂ। ਜੇਕਰ ਔਰਤ ਹੋਈ ਤਾਂ ਦੁੱਧ ਉਬਲਣ 'ਤੇ ਰੌਲਾ ਪਾ ਦੇਵੇਗੀ ਕਿ ਦੁੱਧ ਉੱਬਲ ਗਿਆ, ਦੁੱਧ ਉੱਬਲ ਗਿਆ। ਜੇ ਮਰਦ ਹੋਇਆ ਤਾਂ ਚੁੱਪ ਬੈਠਾ ਰਹੇਗਾ।” ਕੁੱਤੀ ਨੇ ਆ ਕੇ ਕੁੜੀ ਨੂੰ ਸਾਰੀ ਗੱਲ ਦੱਸ ਦਿੱਤੀ। ਥੋੜ੍ਹੇ ਚਿਰ ਬਾਅਦ ਦੁੱਧ ਉਬਲਿਆ ਪਰ ਉਹ ਕੁੜੀ ਚੁੱਪ ਬੈਠੀ ਰਹੀ। ਇਹ ਵਿਉਂਤ ਵੀ ਫੇਲ੍ਹ ਹੋ ਗਈ। ਮੁੰਡੇ ਨੇ ਫੇਰ ਆਪਣੀ ਭਾਬੀ ਨੂੰ ਕਿਹਾ :

ਲੱਗਦੀ ਜ਼ਨਾਨੀ, ਭੇਸ ਮਰਦਾਵਾਂ।

ਦੱਸ ਮੇਰੀ ਭਾਬੋ, ਕਾਹਦਾ ਅੰਤਰਾ ਪਾਵਾਂ।”

ਮੁੰਡੇ ਦੀ ਭਾਬੀ ਨੇ ਇਕ ਹੋਰ ਪਰਖ ਦੱਸੀ। ਉਹ ਕਹਿੰਦੀ, “ਆਪਾਂ ਦਾਲ ਵਿਚ ਮਿਰਚਾਂ ਜ਼ਿਆਦਾ ਪਾ ਦੇਵਾਂਗੇ। ਜੇ ਔਰਤ ਹੋਈ ਤਾਂ ਹਾਏ ਹਾਏ ਕਰੇਗੀ। ਆਖੂ ਬੂ ਨੀ ਮੂੰਹ ਮੱਚ ਗਿਆ।” ਕੁੱਤੀ ਨੇ ਜਾ ਕੇ ਫੇਰ ਸਾਰੀ ਗੱਲ ਦੱਸ ਦਿੱਤੀ। ਦਾਲ ਵਿਚ ਮਿਰਚਾਂ ਬੇਹਿਸਾਬ ਪਾਈਆਂ ਗਈਆਂ। ਦਾਲ ਖਾਣੀ ਵੀ ਮੁਸ਼ਕਿਲ ਸੀ, ਪਰ ਉਸ ਕੁੜੀ ਨੇ ਸੀ ਤਕ ਨਾ ਕੀਤੀ। ਰੋਟੀ ਖਾ ਲਈ। ਦਿਉਰ ਭਾਬੀ ਫੇਰ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ।

ਮੁੰਡੇ ਨੇ ਫੇਰ ਪਹਿਲਾਂ ਵਾਲੀ ਗੱਲ ਦੁਹਰਾਈ, “ਲੱਗਦੀ ਜ਼ਨਾਨੀ, ਭੇਸ ਮਰਦਾਵਾਂ। ਦੱਸ ਮੇਰੀ ਭਾਬੋ ਕਾਹਦਾ ਅੰਤਰਾ ਪਾਵਾਂ।” ਭਾਬੀ ਨੇ ਇਕ ਹੋਰ ਜੁਗਤ ਦੱਸੀ। ਕਹਿੰਦੀ, “ਇਸ ਨੂੰ ਬਾਗ਼ ਵਿਚ ਲੈ ਜਾਹ। ਜੇਕਰ ਔਰਤ ਹੋਈ ਤਾਂ ਕਹੇਗੀ ਕਿ ਆਹ ਵੀ ਲੈਣਾ ਹੈ, ਔਹ ਵੀ ਲੈਣਾ ਹੈ।” ਕੁੱਤੀ ਨੇ ਫੇਰ ਕੁੜੀ ਨੂੰ ਸਾਰੀ ਗੱਲ ਦੱਸ ਦਿੱਤੀ। ਮੁੰਡਾ ਉਸ ਨੂੰ ਬਾਗ਼ ਵਿਚ ਲੈ ਗਿਆ। ਉਥੇ ਰੰਗ ਬਰੰਗੇ ਫੁੱਲ ਅਤੇ ਕਈ ਤਰ੍ਹਾਂ ਦੇ ਫਲ ਲੱਗੇ ਹੋਏ ਸਨ। ਕੁੜੀ ਦੇਖਦੀ ਗਈ ਪਰ ਉਸ ਨੇ ਕੋਈ ਫੁੱਲ ਨਾ ਮੰਗਿਆ। ਜਦੋਂ ਉਹ ਸੋਨੇ ਦੇ ਸਿੱਟੇ ਕੋਲ ਪਹੁੰਚੀ ਤਾਂ ਉਸ ਨੇ ਸਿੱਟਾ ਤੋੜ ਲਿਆ। ਫਿਰ ਉਹ ਘਰ ਮੁੜ ਆਏ। ਮੁੰਡੇ ਨੂੰ ਕੋਈ ਸਮਝ ਨਾ ਲੱਗੇ। ਘਰ ਆ ਕੇ ਉਸ ਨੇ ਆਪਣੀ ਭਾਬੀ ਨੂੰ ਸਾਰੀ ਗੱਲ ਦੱਸ ਦਿੱਤੀ ਅਤੇ ਕਿਹਾ :

ਲੱਗਦੀ ਜ਼ਨਾਨੀ, ਭੇਸ ਮਰਦਾਵਾਂ।

ਦੱਸ ਮੇਰੀ ਭਾਬੋ, ਕਾਹਦਾ ਅੰਤਰਾ ਪਾਵਾਂ।”

ਉਸ ਦੀ ਭਾਬੀ ਨੇ ਫੇਰ ਇਕ ਵਿਉਂਤ ਦੱਸੀ। ਉਹ ਕਹਿੰਦੀ, “ਵੇ ਐਂ ਕਰ, ਬਾਗ਼ ਵਿਚੋਂ ਤਾਜ਼ੇ ਫੁੱਲ ਲਿਆ ਅਤੇ ਇਕ ਹਾਰ ਬਣਾ ਲੈ। ਆਪਾਂ ਇਹ ਰਾਤ ਸੌਣ ਵੇਲੇ ਇਸ ਨੂੰ ਪਹਿਨਾ ਦੇਵਾਂਗੇ। ਜੇਕਰ ਔਰਤ ਹੋਈ ਤਾਂ ਸਵੇਰ ਨੂੰ ਫੁੱਲ ਮੁਰਝਾ ਜਾਣਗੇ। ਜੇ ਮਰਦ ਹੋਇਆ ਤਾਂ ਫੁੱਲ ਟਹਿ ਟਹਿ ਕਰਦੇ ਪਏ ਹੋਣਗੇ।” ਕੁੱਤੀ ਨੇ ਇਹ ਸਾਰਾ ਕੁਝ ਸੁਣ ਲਿਆ। ਕੁੱਤੀ ਨੇ ਜਦੋਂ ਕੁੜੀ ਨੂੰ ਇਹ ਗੱਲ ਦਸੀ ਤਾਂ ਕੁੜੀ ਦਾ ਚਿਹਰਾ ਉੱਡ ਗਿਆ। ਵਿਚਾਰੀ ਸੋਚੀਂ ਪੈ ਗਈ ਕਿ ਹੁਣ ਕੀ ਕੀਤਾ ਜਾਵੇ। ਪਰ ਕੁੱਤੀ ਨੇ ਉਸ ਨੂੰ ਕਿਹਾ, “ਤੂੰ ਕੋਈ ਫ਼ਿਕਰ ਨਾ ਕਰ। ਮੈਂ ਆਪੇ ਪ੍ਰਬੰਧ ਕਰੂੰਗੀ ਕੋਈ।” ਮੁੰਡਾ ਫੁੱਲ ਤੋੜ ਲਿਆਇਆ। ਜਦੋਂ ਦਿਉਰ ਭਾਬੀ ਨੇ ਧਾਗਾ ਕੱਟਿਆ ਤਾਂ ਕੁੱਤੀ ਧਾਗੇ ਨੂੰ ਪੈਰ ਵਿਚ ਫਸਾ ਕੇ ਬੈਠਕ ਵਿਚ ਲੈ ਗਈ। ਮੁੰਡੇ ਦੀ ਭਾਬੀ ਨੇ ਹਾਰ ਬਣਾ ਕੇ ਕੁੜੀ ਨੂੰ ਪਹਿਨਾ ਦਿੱਤਾ ਤੇ ਉਹ ਸੌਂ ਗਏ। ਕੁੱਤੀ ਸਵੇਰੇ ਚਾਰ ਵਜੇ ਉੱਠੀ ਅਤੇ ਬਾਗ਼ ਵਿਚੋਂ ਫੁੱਲ ਤੋੜ ਲਿਆਈ। ਕੁੜੀ ਨੇ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਿਆ। ਦੂਜਾ ਮੁਰਝਾਇਆ ਹੋਇਆ ਹਾਰ ਕੁੱਤੀ ਦੂਰ ਸੁੱਟ ਆਈ। ਜਦੋਂ ਸਵੇਰੇ ਮੁੰਡੇ ਨੇ ਹਾਰ ਦੇਖਿਆ ਤਾਂ ਫੁੱਲ ਟਹਿਕਦੇ ਪਏ ਸਨ। ਉਹਨਾਂ ਨੂੰ ਫਿਰ ਵੀ ਯਕੀਨ ਨਾ ਆਇਆ। ਉਹਨਾਂ ਦੇ ਦਿਲ ਵਿਚ ਸ਼ੱਕ ਬਣਿਆ ਰਿਹਾ ਕਿਉਂਕਿ ਦੇਖਣ ਨੂੰ ਤਾਂ ਉਹ ਔਰਤ ਲੱਗਦੀ ਸੀ।

ਮੁੰਡੇ ਨੇ ਫੇਰ ਪਹਿਲਾਂ ਵਾਲਾ ਟੱਪਾ ਬੋਲਿਆ, “ਲੱਗਦੀ ਜ਼ਨਾਨੀ, ਭੇਸ ਮਰਦਾਵਾਂ। ਦੱਸ ਮੇਰੀ ਭਾਬੋ, ਕਾਹਦਾ ਅੰਤਰਾ ਪਾਵਾਂ।” ਭਾਬੀ ਵੀ ਕਾਫ਼ੀ ਚਤੁਰ ਕਹਾਉਂਦੀ ਸੀ। ਕਹਿੰਦੀ, “ਤੂੰ ਵਿਦਾ ਕਰਨ ਵੇਲੇ ਖ਼ਿਆਲ ਰੱਖੀਂ। ਜੇ ਉਹ ਘੋੜੇ ਦੇ ਸੱਜੇ ਪਾਸੇ ਦੀ ਚੜ੍ਹੀ ਤਾਂ ਸਮਝ ਲਵੀਂ ਕਿ ਉਹ ਔਰਤ ਹੈ।” ਕੁੱਤੀ ਨੇ ਗੱਲ ਕੰਨ 'ਚ ਪਾਈ ਅਤੇ ਫੇਰ ਜਾ ਕੇ ਕੁੜੀ ਨੂੰ ਦੱਸ ਦਿੱਤੀ। ਜਦੋਂ ਉਹ ਵਿਦਾ ਕਰਨ ਆਇਆ ਤਾਂ ਕੁੜੀ ਹੱਥ ਮਿਲਾ ਕੇ ਖੱਬੇ ਪਾਸਿਉਂ ਘੋੜੇ 'ਤੇ ਚੜ੍ਹ ਗਈ। ਮੁੰਡੇ ਨੂੰ ਕੋਈ ਸਮਝ ਨਾ ਲੱਗੀ। ਉਹ ਡੌਰ ਭੌਰ ਰਹਿ ਗਿਆ। ਜਦੋਂ ਉਹ ਮੁੜਨ ਲੱਗਿਆ ਤਾਂ ਕੁੜੀ ਨੇ ਕਿਹਾ, “ਕਿਉਂ ? ਦੇਖਿਆ ਬੱਚੂ ?'' ਜਦੋਂ ਘੋੜਾ ਤੁਰ ਪਿਆ ਤਾਂ ਮੁੰਡਾ ਵੀ ਕਹਿੰਦਾ, “ਕੋਈ ਨ੍ਹੀਂ, ਦੇਖਾਂਗੇ ਫੇਰ।”

ਕੁੜੀ ਘਰ ਪਹੁੰਚ ਗਈ। ਉਸ ਨੇ ਸੋਨੇ ਦਾ ਸਿੱਟਾ ਆਪਣੇ ਬਿਮਾਰ ਭਰਾ ਦੀਆਂ ਅੱਖਾਂ ਉਤੋਂ ਦੀ ਛੁਹਾ ਦਿੱਤਾ। ਮੁੰਡੇ ਦੀਆਂ ਅੱਖਾਂ ਨੂੰ ਆਰਾਮ ਆ ਗਿਆ। ਪਰ ਹੁਣ ਉਹ ਕੁੜੀ ਵਿਚੇ ਵਿਚ ਫ਼ਿਕਰ ਵਿਚ ਸੁੱਕਣ ਲੱਗ ਪਈ। ਜਿਉਂ ਜਿਉਂ ਉਸ ਦੇ ਵਿਆਹ ਦਾ ਦਿਨ ਨੇੜੇ ਆਉਂਦਾ ਗਿਆ, ਕੁੜੀ ਸੁੱਕ ਕੇ ਤਵੀਤ ਹੁੰਦੀ ਗਈ। ਆਖ਼ਰ ਉਸ ਦੇ ਭਰਾ ਨੇ ਪੁੱਛਿਆ ਕਿ ਤੈਨੂੰ ਫ਼ਿਕਰ ਤਾਂ ਦੱਸ ਕਾਹਦਾ ਹੈ। ਕੁੜੀ ਨੇ ਰੋ ਰੋ ਕੇ ਸਾਰੀ ਗੱਲ ਦੱਸ ਦਿੱਤੀ। ਉਹ ਕਹਿੰਦਾ, “ਤੂੰ ਕੋਈ ਫ਼ਿਕਰ ਨਾ ਕਰ। ਇਸ ਦਾ ਇਲਾਜ ਮੇਰੇ ਕੋਲ ਹੈ।”

ਫਿਰ ਦੋਵਾਂ ਨੇ ਇਕ ਵਿਉਂਤ ਬਣਾਈ। ਉਹਨਾਂ ਨੇ ਬੰਦੇ ਜਿੱਡੀ ਇਕ ਬੋਤਲ ਲਾਲ ਰੰਗ ਦੇ ਮਿੱਠੇ ਰਸ ਨਾਲ ਭਰ ਲਈ। ਵਿਆਹ ਵਾਲੇ ਦਿਨ ਉਸ ਬੋਤਲ ਨੂੰ ਇਕ ਮੰਜੇ ਉੱਤੇ ਲਿਟਾ ਕੇ ਉੱਪਰ ਕੱਪੜਾ ਪਾ ਦਿੱਤਾ। ਜਦੋਂ ਬਰਾਤ ਆਈ ਤਾਂ ਲਾੜੇ ਨੂੰ ਉਸ ਮੰਜੇ ਕੋਲ ਦੀ ਲੰਘਾਇਆ। ਲਾੜੇ ਨੇ ਮੰਜੇ ਉਪਰ ਪਈ ਕੱਜੀ ਬੋਤਲ ਨੂੰ ਆਪਣੀ ਮੰਗੇਤਰ ਸਮਝ ਕੇ ਉਸ ਉਪਰ ਜ਼ੋਰ ਦੀ ਤਲਵਾਰ ਮਾਰੀ। ਬੋਤਲ ਕੜਾਕ ਕਰ ਕੇ ਟੁੱਟੀ ਅਤੇ ਮਿੱਠੇ ਰਸ ਦੇ ਲਾਲ ਤੁਬਕੇ ਲਾੜੇ ਦੇ ਬੁੱਲ੍ਹਾਂ 'ਤੇ ਜਾ ਵੱਜੇ। ਜਦੋਂ ਉਸ ਨੇ ਬੁੱਲ੍ਹਾਂ 'ਤੇ ਜੀਭ ਫੇਰੀ ਤਾਂ ਕਹਿੰਦਾ, “ਹਾਏ ਉਏ, ਇਹ ਤਾਂ ਬਹੁਤ ਮਿੱਠੀ ਸੀ। ਮੈਂ ਪੱਟਿਆ ਗਿਆ। ਹੁਣ ਮੈਂ ਵੀ ਮਰੂੰਗਾ ਨਾਲੇ।” ਇਹ ਕਹਿ ਕੇ ਉਸ ਨੇ ਤਲਵਾਰ ਨਾਲ ਆਪਣਾ ਗਲ ਵੱਢਣਾ ਚਾਹਿਆ ਪਰ ਝੱਟ ਉਹ ਕੁੜੀ ਮੰਜੇ ਹੇਠੋਂ ਨਿਕਲ ਕੇ ਬੋਲੀ, “ਵੇ ਦੇਖੀਂ। ਮਰ ਨਾ ਵੇ ਜਾਈਂ ਕਿਤੇ। ਮੈਂ ਤਾਂ ਹਾਲੇ ਜਿਉਂਦੀ ਆਂ।”

ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ। ਹੁਣ ਵੱਸਦੇ ਐ ਰਸਦੇ ਐ, ਮੌਜਾਂ ਕਰਦੇ ਐ। ਕੱਲ੍ਹ ਮੈਂ ਗਿਆ ਸੀ, ਖੰਡ ਆਲੀ ਚਾਹ ਪੀ ਕੇ ਆਇਆ ਸੀ।


Post a Comment

0 Comments