ਖੋਲ੍ਹੋ ਪੁੱਤ ਬਲੂੰਗੜਿਓ ਬਾਰ
Khollu Putt Balungdiyu Baar
ਬਿੱਲੀ ਭੋਜਨ ਲੈਣ ਚਲੀ ਗਈ ਅਤੇ ਰਾਹ ਦੇ ਵਿਚਕਾਰ ਜਾ ਕੇ ਲੇਟ ਗਈ। ਉਧਰੋਂ ਇਕ ਗੁੜ ਨਾਲ ਭਰਿਆ ਗੱਡਾ ਆਇਆ। ਗੱਡੇ ਵਾਲੇ ਨੇ ਕਿਹਾ, “ਬਿੱਲੀਏ, ਬਿੱਲੀਏ, ਉੱਠ ਖੜ।” ਬਿੱਲੀ ਕਹਿੰਦੀ, “ਮੈਂ ਨਹੀਂ ਉੱਠਦੀ।” ਕਹਿੰਦਾ, “ਆਖ਼ਰੀ ਵਾਰ ਕਹਿੰਨਾ, “ਉੱਠ ਖੜ। ਨਹੀਂ ਤਾਂ ਮਰਜੇਂਗੀ।” ਕਹਿੰਦੀ, “ਮਾਰ ਦਿਓ, ਮੈਂ ਨਹੀਂ ਉੱਠਦੀ।” ਦੂਜਾ ਬੰਦਾ ਕਹਿੰਦਾ, “ਯਾਰ ਗੱਡਾ ਲੰਘਾ ਦੇ ਉਤੋਂ ਦੀ।” ਗੱਡੇ ਦੇ ਪੱਟ 'ਤੇ ਬੈਠਾ ਜੱਟ ਕਹਿੰਦਾ, “ਉਏ ਬਿੱਲੀ ਦਾ ਪਾਪ ਤਾਂ ਸੱਤ ਪੀਹੜੀਆਂ ਤਾਈਂ ਨ੍ਹੀਂ ਲਹਿੰਦਾ। ਕਾਹਨੂੰ ਮਾਰਨੀ ਐਂ ਵਿਚਾਰੀ। ਇਸ ਨੂੰ ਪੁੱਛ ਕੀ ਮੰਗਦੀ ਐ। ਜਦੋਂ ਪੁੱਛਿਆ ਤਾਂ ਕਹਿੰਦੀ ਪਹਿਲਾਂ ਮੇਰਾ ਕੰਨ ਦਾ ਕੋਕਰੂ ਭਰੋ, ਫੇਰ ਉੱਠੇ।” ਚੱਲ ਭਾਈ ਜੱਟ ਨੇ ਇਕ ਰੋੜੀ ਗੁੜ ਦੀ ਚੁੱਕ ਕੇ ਬਿੱਲੀ ਦੇ ਕੰਨ ਵਿਚ ਪਾ ਦਿੱਤੀ ਪਰ ਰੋੜੀ ਤਾਂ ਥੱਲੇ ਹੀ ਚਲੀ ਗਈ। ਇਕ ਹੋਰ ਪਾਈ, ਉਹ ਵੀ ਹੇਠਾਂ ਹੀ ਚਲੀ ਗਈ। ਇਸ ਤਰ੍ਹਾਂ ਸਾਰਾ ਗੱਡਾ ਬਿੱਲੀ ਦੇ ਕੰਨ ਵਿਚ ਪੈ ਗਿਆ। ਬਿੱਲੀ ਝੱਟ ਉੱਠ ਕੇ ਘਰ ਚਲੀ ਗਈ। ਕੋਠੀ ਦੇ ਬਾਰ ਨਾਲ ਲੱਗ ਕੇ ਬਹੁਤ ਹੀ ਪਿਆਰੀ ਆਵਾਜ਼ 'ਚ ਬੋਲੀ :
“ਕਾਨਿਆਂ ਦੀ ਮੇਰੀ ਝੌਂਪੜੀ
ਗੁੜ ਲਿੱਪੀ, ਚੌਲਾਂ ਚਿੱਪੀ,
ਖੋਲ੍ਹੋ ਪੁੱਤ ਬਲੂੰਗੜਿਓ ਬਾਰ।”
ਦੋਵੇਂ ਬਲੂੰਗੜੇ ਛਾਲ ਮਾਰ ਕੇ ਉੱਠੇ ਅਤੇ ਬਾਰ ਖੋਲ੍ਹ ਦਿੱਤਾ। ਬਿੱਲੀ ਨੇ ਕੰਨ ਉਲਟਾ ਦਿੱਤਾ। ਗੁੜ ਦਾ ਢੇਰ ਲੱਗ ਗਿਆ। ਬਲੂੰਗੜਿਆਂ ਨੇ ਜੀਭਾਂ ਮਾਰ ਮਾਰ ਕੇ ਖਾਧਾ। ਫੇਰ ਉਹ ਬਿੱਲੀ ਦੇ ਦੁਆਲੇ ਛਾਲਾਂ ਮਾਰ ਮਾਰ ਕੇ ਕਲੋਲਾਂ ਕਰਨ ਲੱਗੇ।
ਅਗਲੇ ਦਿਨ ਫੇਰ ਬਿੱਲੀ ਉਸੇ ਤਰ੍ਹਾਂ ਜਾ ਕੇ ਰਾਹ ਵਿਚ ਲੇਟ ਗਈ। ਉਧਰੋਂ ਇਕ ਚੌਲਾਂ ਦਾ ਭਰਿਆ ਗੱਡਾ ਆਇਆ। ਗੱਡਾ ਆ ਕੇ ਰੁਕ ਗਿਆ। ਭਾਈ ਕਹਿੰਦਾ, “ਬਿੱਲੀਏ, ਬਿੱਲੀਏ, ਉੱਠ ਖੜ।” ਕਹਿੰਦੀ, “ਮੈਂ ਨੀਂ ਉੱਠਦੀ।” ਕਹਿੰਦਾ, “ਮਰਜੇਂਗੀ।” ਕਹਿੰਦੀ, “ਮੈਂ ਨਾ ਉੱਠਦੀ, ਚਾਹੇ ਮਰਜਾਂ। ਮੇਰੇ ਬੱਚੇ ਭੁੱਖੇ ਹਨ। ਪਹਿਲਾਂ ਮੇਰਾ ਕੰਨ ਦਾ ਕੋਕਰੂ ਭਰੋ, ਮੈਂ ਫੇਰ ਉੱਨੂੰ।” ਜੱਟ ਨੂੰ ਤਰਸ ਆ ਗਿਆ। ਕਹਿੰਦਾ, “ਰਤਨਿਆਂ, ਇਕ ਮੁੱਠੀ ਪਾ ਦੇ ਇਹਦੇ ਕੰਨ ਵਿਚ।” ਉਸ ਨੇ ਇਕ ਮੁੱਠੀ ਪਾਈ ਪਰ ਉਹ ਤਾਂ ਹੇਠਾਂ ਹੀ ਚਲੀ ਗਈ। ਇਕ ਮੁੱਠੀ ਹੋਰ ਪਾਈ, ਉਹ ਵੀ ਗ਼ਾਇਬ। ਪਾਉਂਦੇ ਪਾਉਂਦੇ ਸਾਰਾ ਗੱਡਾ ਬਿੱਲੀ ਦੇ ਕੰਨ ਵਿਚ ਪੈ ਗਿਆ ਤਾਂ ਕਿਤੇ ਜਾ ਕੇ ਕੰਨ ਭਰਿਆ। ਬਿੱਲੀ ਆਰਾਮ ਨਾਲ ਉੱਠ ਕੇ ਚਲੀ ਗਈ। ਘਰ ਜਾ ਕੇ ਫੇਰ ਖ਼ੁਸ਼ ਆਵਾਜ਼ ਵਿਚ ਬੋਲੀ :
“ਕਾਨਿਆਂ ਦੀ ਮੇਰੀ ਝੌਂਪੜੀ,
ਗੁੜ ਲਿੱਪੀ, ਚੌਲਾਂ ਚਿੱਪੀ,
ਖੋਲ੍ਹੋ ਪੁੱਤ ਬਲੂੰਗੜਿਓ ਬਾਰ।”
“ਉਏ ਮਾਂ ਈ ਐ।” ਬਿੱਲੀ ਦੂਜੀ ਵਾਰ ਫੇਰ ਬੋਲੀ। ਉਹਨਾਂ ਨੂੰ ਯਕੀਨ ਹੋ ਗਿਆ। ਬਾਰ ਖੋਲ੍ਹ ਦਿੱਤਾ। ਬਿੱਲੀ ਨੇ ਚੌਲਾਂ ਦਾ ਢੇਰ ਲਗਾ ਦਿੱਤਾ। ਬਲੂੰਗੜਿਆਂ ਨੇ ਬਿੱਲੀ ਦੇ ਉੱਤੋਂ ਦੀ ਛਾਲਾਂ ਲਗਾਈਆਂ, ਉਸ ਨੂੰ ਪਾਰੀਆਂ ਕੀਤੀਆਂ, ਉਹਦੇ ਕੰਨ ਚੱਟੇ। ਫੇਰ ਚੌਲਾਂ ਨਾਲ ਰੱਜ ਕੇ ਲੇਟ ਗਏ।
ਅਗਲੇ ਦਿਨ ਬਿੱਲੀ ਫੇਰ ਚਲੀ ਗਈ। ਬਲੂੰਗੜਿਆਂ ਨੇ ਅੰਦਰੋਂ ਕੁੰਡਾ ਮਾਰ ਲਿਆ। ਕਹਿੰਦੇ, “ਅੱਜ ਫੇਰ ਕੋਈ ਸਵਾਦਲੀ ਖਾਣਚੀਜ਼ੋ ਆਏਗੀ। ਇਹ ਸੋਚ ਸੋਚ ਉਹਨਾਂ ਦੇ ਮੂੰਹ ਵਿਚ ਪਾਣੀ ਭਰ ਆਇਆ। ਛੇਤੀ ਹੀ ਇਕ ਆਵਾਜ਼ ਬਾਹਰੋਂ ਆਈ :
“ਕਾਨਿਆਂ ਦੀ ਮੇਰੀ ਝੌਂਪੜੀ,
ਗੁੜ ਲਿੱਪੀ, ਚੌਲਾਂ ਚਿੱਲੀ,
ਖੇਲ੍ਹੋ ਪੁੱਤ ਬਲੂੰਗੜਿਓ ਬਾਰ।”
ਛੋਟਾ ਬਲੂੰਗੜਾ ਬਾਰ ਖੋਲ੍ਹਣ ਭੱਜਿਆ। ਉਹ ਖਾਣ ਲਈ ਕਾਹਲਾ ਸੀ। ਪਰ ਵੱਡਾ ਬਲੂੰਗੜਾ ਸਿਆਣਾ ਸੀ। ਕਹਿੰਦਾ, “ਆਵਾਜ਼ ਤਾਂ ਪਛਾਣ ਲੈ ਪਹਿਲਾਂ। ਮੈਨੂੰ ਮਾਂ ਦੀ ਆਵਾਜ਼ ਨਹੀਂ ਲੱਗਦੀ।” ਅਸਲ ਵਿਚ ਇਹ ਬਾਹਰ ਬਿੱਲੇ ਦੀ ਆਵਾਜ਼ ਸੀ। ਉਸ ਨੇ ਬਿੱਲੀ ਨੂੰ ਇੱਦਾਂ ਕਹਿੰਦੇ ਹੋਏ ਕੱਲ ਸੁਣ ਲਿਆ ਸੀ। ਬਿੱਲਾ ਦੁਬਾਰੇ ਫਿਰ ਬੋਲਿਆ :
“ਕਾਨਿਆਂ ਦੀ ਮੇਰੀ ਝੌਂਪੜੀ,
ਗੁੜ ਲਿੱਪੀ, ਚੌਲਾਂ ਚਿੱਪੀ,
ਖੋਲ੍ਹੋ ਪੁੱਤ ਬਲੂੰਗੜਿਓ ਬਾਰ।”
ਛੋਟੇ ਬਲੂੰਗੜੇ ਨੇ ਫੇਰ ਜ਼ਿੱਦ ਕੀਤੀ ਕਿ ਇਹ ਮਾਂ ਦੀ ਆਵਾਜ਼ ਹੈ। ਉਹ ਦੋਵੇਂ ਜੱਕੋ ਤੱਕੀ ਵਿਚ ਪੈ ਗਏ। ਵੱਡੇ ਨੂੰ ਹਾਲੇ ਵੀ ਸ਼ੱਕ ਸੀ ਪਰੰਤੂ ਛੋਟੇ ਨੇ ਫੁਰਤੀ ਨਾਲ ਕੁੰਡਾ ਖੋਲ੍ਹ ਦਿੱਤਾ। ਬੱਸ ਕੁੰਡਾ ਖੁੱਲ੍ਹਿਆ ਅਤੇ ਭੁੱਖਾ ਬਿੱਲਾ ਝਪਟ ਮਾਰ ਕੇ ਦੋਹਾਂ ਨੂੰ ਨਿਗਲ ਗਿਆ।
ਇੰਨੇ ਵਿਚ ਹੀ ਉਸ ਨੂੰ ਬਿੱਲੀ ਦੇ ਆਉਣ ਦੀ ਪੈੜਚਾਲ ਸੁਣਾਈ ਦਿੱਤੀ। ਬਿੱਲੇ ਨੇ ਝੱਟ ਅੰਦਰੋਂ ਕੁੰਡਾ ਲਾ ਲਿਆ। ਬਿੱਲੀ ਆਈ ਤੇ ਉਸ ਨੇ ‘ਕਾਨਿਆਂ ਦੀ ਮੇਰੀ ਝੌਂਪੜੀ’ ਕਹਿ ਕੇ ਪੁਕਾਰਿਆ। ਉਹ ਫੇਰ ਦੋ ਵਾਰ ਬੋਲੀ, ਪਰ ਅੰਦਰੋਂ ਕੋਈ ਵੀ ਜਵਾਬ ਨਾ ਆਇਆ। ਕਿਸੇ ਨੇ ਕੁੰਡਾ ਨਾ ਖੋਲ੍ਹਿਆ। ‘ਹੈਂ, ਮੇਰੇ ਬਲੂੰਗੜੇ ਕਿਥੇ ਗਏ।' ਬਾਰ ਨੂੰ ਉਸ ਨੇ ਧੱਕਾ ਮਾਰਿਆ। ਅੰਦਰੋਂ ਤਾਂ ਕੁੰਡਾ ਲੱਗਾ ਹੋਇਆ ਸੀ। ਉਹ ਝੱਟ ਸਮਝ ਗਈ। ਉਸ ਨੇ ਝੱਟ ਬੂਹੇ ਦੀ ਚੂਲ ਲਾਹ ਲਈ। ਬਿੱਲੇ ਨੇ ਇਕ ਦਮ ਬਾਹਰ ਨੂੰ ਛਾਲ ਮਾਰੀ ਪਰ ਅੱਗੇ ਬਿੱਲੀ ਵੀ ਤਿਆਰ ਸੀ। ਲੈਂਦੀ ਨੇ ਪੰਜਾ ਬਿੱਲੇ ਦੀਆਂ ਅੱਖਾਂ 'ਤੇ ਮਾਰਿਆ ਤੇ ਉਹ ਅੰਨ੍ਹਾ ਹੋ ਗਿਆ। ਫੇਰ ਉਸ ਨੇ ਬਿੱਲੇ ਦੇ ਪੇਟ 'ਤੇ ਪੰਜਾ ਮਾਰਿਆ ਤੇ ਦੋਵੇਂ ਬਲੂੰਗੜੇ ਜਿਉਂਦੇ ਬਾਹਰ ਆ ਗਏ। ਦੋਵੇਂ ਭੱਜ ਕੇ ਬਿੱਲੀ ਦੇ ਗਲ ਚੰਬੜ ਗਏ। ਬਿੱਲੀ ਦੋਵਾਂ ਨੂੰ ਚੱਟਣ ਲੱਗ ਪਈ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ। ਪਾਉਣਾ ਸੀ ਚੁਬਾਰਾ, ਪੈ ਗਈ ਸਬਾਤ।
0 Comments