ਰੂਪਾ ਚਿੜੀ
Roopa Chidi
ਚਿੜੀ ਉੱਡ ਕੇ ਇਕ ਤਰਖਾਣ ਕੋਲ ਚਲੀ ਗਈ। ਉਸ ਨੇ ਮਿੰਨਤ ਕਰ ਕੇ ਤਰਖਾਣ ਨੂੰ ਕਿਹਾ ਕਿ “ਤਰਖਾਣਾ, ਤਰਖਾਣਾ, ਖੁੰਢ ਪਾੜ ਦੇ।” ਤਰਖਾਣ ਨੇ ਉਸ ਨੂੰ ਕੋਰਾ ਜੁਆਬ ਦੇ ਦਿੱਤਾ। ਚਿੜੀ ਵਿਚਾਰੀ ਰੁਦਨ ਕਰਨ ਲੱਗੀ :
ਤਰਖਾਣ ਖੁੰਢ ਪਾੜਦਾ ਨਹੀਂ
ਖੁੰਢ ਖੁੱਲ ਦਿੰਦਾ ਨਹੀਂ
ਰੂਪਾ ਚਿੜੀ ਵਿਚਾਰੀ ਕੀਕੂੰ ਜੀਵੇ।”
ਫੇਰ ਚਿੜੀ ਰਾਜੇ ਕੋਲ ਚਲੀ ਗਈ ਅਤੇ ਬੇਨਤੀ ਕੀਤੀ ਕਿ “ਮਹਾਰਾਜ, ਤੁਸੀਂ ਤਰਖਾਣ ਨੂੰ ਸਜ਼ਾ ਦੇਵੋ ਕਿਉਂਕਿ ਮੇਰੀ ਮਦਦ ਕਰਨ ਤੋਂ ਇਨਕਾਰ ਕੀਤਾ ਹੈ।” ਪਰ ਰਾਜੇ ਨੇ ਵੀ ਉਸ ਦੀ ਗੱਲ ਸੁਣ ਕੇ ਟਕੇ ਵਰਗਾ ਜੁਆਬ ਦੇ ਦਿੱਤਾ। ਚਿੜੀ ਵਿਚਾਰੀ ਫੇਰ ਕੁਰਲਾਉਣ ਲੱਗੀ :
“ਰਾਜਾ ਤਰਖਾਣ ਨੂੰ ਮਾਰਦਾ ਨਹੀਂ
ਤਰਖਾਣ ਖੁੰਢ ਪਾੜਦਾ ਨਹੀਂ
ਖੁੰਢ ਖਿੱਲ ਦਿੰਦਾ ਨਹੀਂ
ਰੂਪਾ ਚਿੜੀ ਵਿਚਾਰੀ ਕੀਕੂੰ ਜੀਵੇ।”
ਫੇਰ ਚਿੜੀ ਰਾਣੀ ਕੋਲ ਫ਼ਰਿਆਦ ਲੈ ਕੇ ਗਈ ਅਤੇ ਕਿਹਾ ਕਿ “ਤੁਸੀਂ ਰਾਜੇ ਨਾਲ ਰੁੱਸ ਜਾਓ ਜੀ।” ਪਰ ਰਾਣੀ ਕਹਿੰਦੀ, “ਕਿਉਂ ਕੁੜੇ, ਸੁੱਖੀਂ ਸਾਂਦੀ ਮੈਂ ਕਿਉਂ ਰੁੱਸਾਂ। ਨਾ ਭੈਣੇ, ਨੀਂ ਰੁੱਸਦੀ।” ਚਿੜੀ ਵਿਚਾਰੀ ਉਥੋਂ ਵੀ ਉਦਾਸ ਚਿੱਤ ਹੋ ਕੇ ਮੁੜ ਪਈ ਅਤੇ ਕਹਿਣ ਲੱਗੀ :
ਰਾਣੀ ਰਾਜੇ ਨਾਲ ਰੁੱਸਦੀ ਨਹੀਂ
ਰਾਜਾ ਤਰਖਾਣ ਨੂੰ ਮਾਰਦਾ ਨਹੀਂ
ਤਰਖਾਣ ਖੁੰਢ ਪਾੜਦਾ ਨਹੀਂ
ਖੁੰਢ ਖੁੱਲ ਦਿੰਦਾ ਨਹੀਂ ਚਿੜੀ ਵਿਚਾਰੀ ਕੀ ਕਰੇ
ਠੰਢਾ ਪਾਣੀ ਪੀ ਮਰੇ।”
ਚਿੜੀ ਨੂੰ ਭੁੱਖ ਬਹੁਤ ਸਤਾ ਰਹੀ ਸੀ। ਉਹ ਤੇਜ਼ੀ ਨਾਲ ਸੱਪਾਂ ਕੋਲ ਗਈ ਅਤੇ ਕਿਹਾ ਕਿ “ਭਰਾਵੋ ਸੱਪੋ, ਤੁਸੀਂ ਰਾਣੀ ਦੇ ਡੰਗ ਮਾਰ ਦੇਵੋ। ਉਹ ਮੇਰੀ ਖਿੱ ਨਹੀਂ ਦਿਵਾਉਂਦੀ ਮੈਨੂੰ।” ਪਰ ਸੱਪਾਂ ਨੇ ਵੀ ਇਨਕਾਰ ਕਰ ਦਿੱਤਾ। ਚਿੜੀ ਨੇ ਫੇਰ ਦੁਹਾਈ ਪਾਈ :
“ਸੱਪ ਰਾਣੀ ਨੂੰ ਡੰਗਦੇ ਨਹੀਂ
ਰਾਣੀ ਰਾਜੇ ਨਾਲ ਰੁੱਸਦੀ ਨਹੀਂ
ਰਾਜਾ ਤਰਖਾਣ ਨੂੰ ਮਾਰਦਾ ਨਹੀਂ
ਤਰਖਾਣ ਖੁੰਢ ਪਾੜਦਾ ਨਹੀਂ
ਖੁੰਢ ਖਿੱਲ ਦਿੰਦਾ ਨਹੀਂ
ਚਿੜੀ ਵਿਚਾਰੀ ਕੀ ਕਰੇ
ਠੰਢਾ ਪਾਣੀ ਪੀ ਮਰੇ।”
ਚਿੜੀ ਫੇਰ ਗੁੱਸੇ ਹੋ ਕੇ ਸੋਟਿਆਂ ਕੋਲ ਗਈ ਅਤੇ ਸੱਪਾਂ ਨੂੰ ਮਾਰਨ ਲਈ ਕਿਹਾ, ਪਰ ਸੱਪਾਂ ਨੂੰ ਮਾਰਨ ਤੋਂ ਸੋਟੇ ਵੀ ਕੰਨੀਂ ਕਤਰਾ ਗਏ।
ਚਿੜੀ ਭੱਜੀ ਭੱਜੀ ਅੱਗ ਕੋਲ ਗਈ ਅਤੇ ਅੱਗ ਨੂੰ ਕਹਿੰਦੀ, “ਅੱਗੇ, ਅੱਗੇ, ਤੂੰ ਸੋਟਿਆਂ ਨੂੰ ਸਾੜ ਦੇਹ।” ਅੱਗ ਕਹਿੰਦੀ, “ਨੀ ਤੁਰੀ ਜਾਹ ਇਥੋਂ, ਮੈਂ ਤਾਂ ਸਭ ਨੂੰ ਹੀ ਸਾੜ ਦੇਨੀ ਆਂ। ਮੈਂ ਤਾਂ ਤੈਨੂੰ ਵੀ ਵਿਚੇ ਹੀ ਜਲਾ ਦੂੰ।” ਚਿੜੀ ਵਿਚਾਰੀ ਡਰਦੀ ਪਾਣੀ ਕੋਲ ਚਲੀ ਗਈ ਅਤੇ ਕਹਿੰਦੀ, “ਪਾਣੀਆਂ ਪਾਣੀਆਂ, ਅੱਗ ਨੂੰ ਛੇਤੀ ਬੁਝਾ ਦੇ। ਨਹੀਂ ਤਾਂ ਉਹ ਆਪਾਂ ਨੂੰ ਜਲਾ ਦੇਊਗੀ।” ਪਰ ਪਾਣੀ ਕਹਿੰਦਾ, “ਅੱਗ ਮੈਨੂੰ ਨਹੀਂ ਜਲਾ ਸਕਦੀ। ਇਸ ਲਈ ਮੈਂ ਅੱਗ ਨੂੰ ਕਿਉਂ ਬੁਝਾਵਾਂ।' ਚਿੜੀ ਨਿਰਾਸ਼ ਹੋ ਕੇ ਊਠਾਂ ਕੋਲ ਚਲੀ ਗਈ ਅਤੇ ਕਿਹਾ ਕਿ “ਊਠੋ, ਊਠੋ, ਪਾਣੀ ਨੂੰ ਪੀ ਜਾਵੋ।” ਪਰ ਊਠ ਕਹਿੰਦੇ, “ਅਸੀਂ ਪਾਣੀ ਤਾਂ ਰੋਜ਼ ਹੀ ਪੀਂਦੇ ਹਾਂ। ਅਸੀਂ ਤਾਂ ਆਪਣੀ ਮਰਜ਼ੀ ਨਾਲ ਪੀਵਾਂਗੇ। ਤੇਰੇ ਕਹੇ ਤੋਂ ਕਿਉਂ ਪੀਵੀਏ। ਤੂੰ ਜਾਹ ਚਲੀ ਜਾਹ ਇਥੋਂ।” ਚਿੜੀ ਫੇਰ ਕੁਰਲਾਉਣ ਲੱਗੀ :
“ਹਾਏ ਮੈਂ ਕੀ ਕਰਾਂ,
ਊਠ ਪਾਣੀ ਪੀਂਦੇ ਨਹੀਂ
ਪਾਣੀ ਅੱਗ ਬੁਝਾਉਂਦਾ ਨਹੀਂ
ਅੱਗ ਸੋਟਿਆਂ ਨੂੰ ਸਾੜਦੀ ਨਹੀਂ
ਸੋਟੇ ਸੱਪਾਂ ਨੂੰ ਮਾਰਦੇ ਨਹੀਂ
ਸੱਪ ਰਾਣੀ ਨੂੰ ਡੰਗਦੇ ਨਹੀਂ
ਰਾਣੀ ਰਾਜੇ ਨਾਲ ਰੁੱਸਦੀ ਨਹੀਂ
ਰਾਜਾ ਤਰਖਾਣ ਨੂੰ ਮਾਰਦਾ ਨਹੀਂ
ਤਰਖਾਣ ਖੁੰਢ ਪਾੜਦਾ ਨਹੀਂ
ਖੁੰਢ ਖੁੱਲ ਦਿੰਦਾ ਨਹੀਂ
ਚਿੜੀ ਵਿਚਾਰੀ ਕੀ ਕਰੇ
ਠੰਢਾ ਪਾਣੀ ਪੀ ਮਰੇ।”
ਹੁਣ ਚਿੜੀ ਚੂਹਿਆਂ ਕੋਲ ਚਲੀ ਗਈ। ਕਹਿੰਦੀ, “ਵੇ ਚੂਹਿਓ, ਊਠਾਂ ਦੀ ਨੱਕ ਵਾਲੀ ਰੱਸੀ ਕੁਤਰ ਦਿਓ।” ਚੂਹੇ ਕਹਿੰਦੇ, “ਨਾ ਭਾਈ, ਅਸੀਂ ਨ੍ਹੀਂ ਇਹ ਕੰਮ ਕਰਦੇ। ਜੇ ਊਠਾਂ ਨੇ ਸਾਨੂੰ ਪੈਰਾਂ ਥੱਲੇ ਲਿਤਾੜ ਦਿੱਤਾ ਫੇਰ ? ਤੇਰਾ ਕੀ ਜਾਊ।” ਚਿੜੀ ਕਹਿੰਦੀ, “ਅੱਛਾ, ਨਹੀਂ ਕੁਤਰਦੇ ਫੇਰ। ਦੇਖਦੀ ਆਂ ਤੁਹਾਨੂੰ।” ਇਹ ਕਹਿ ਕੇ ਚਿੜੀ ਬਿੱਲੀ ਕੋਲ ਚਲੀ ਗਈ ਅਤੇ ਕਹਿੰਦੀ, “ਨੀ ਬਿੱਲੀਏ, ਔਹ ਸਾਹਮਣੇ ਕਿੰਨੇ ਚੂਹੇ ਫਿਰਦੇ ਐ। ਤੂੰ ਉਹਨਾਂ ਨੂੰ ਖਾ ਜਾ।” ਬਿੱਲੀ ਕਹਿੰਦੀ, “ਮੈਂ ਤਾਂ ਹੁਣ ਖਾ ਜਾਊਂ। ਤੂੰ ਦਿਖਾ ਤਾਂ ਸਹੀ ਕੇਰਾਂ ਮੈਨੂੰ।” ਚੱਲ ਭਾਈ ਚਿੜੀ ਖ਼ੁਸ਼ ਹੋ ਗਈ ਅਤੇ ਗਾ ਕੇ ਕਹਿਣ ਲੱਗੀ :
“ਬਿੱਲੀ ਚੂਹਿਆਂ ਨੂੰ ਖਾਊਗੀ
ਚੂਹੇ ਊਠਾਂ ਦੀ ਰੱਸੀ ਕੁਤਰਣਗੇ
ਊਠ ਪਾਣੀ ਪੀਣਗੇ
ਪਾਣੀ ਅੱਗ ਬੁਝਾਊਗਾ
ਅੱਗ ਸੋਟਿਆਂ ਨੂੰ ਸਾੜੇਗੀ
ਸੋਟੇ ਸੱਪਾਂ ਨੂੰ ਮਾਰਨਗੇ
ਸੱਪ ਰਾਣੀ ਨੂੰ ਡੱਸਣਗੇ
ਰਾਣੀ ਰਾਜੇ ਨਾਲ ਰੁੱਸੂਗੀ
ਰਾਜਾ ਤਰਖਾਣ ਨੂੰ ਮਾਰੂਗਾ
ਤਰਖਾਣ ਖੁੰਢ ਪਾੜੂਗਾ
ਖੁੰਢ ਖਿੱਲ ਦੇਊਗਾ
ਰੂਪਾ ਚਿੜੀ ਜਿਊਗੀ
ਹੱਸੂਗੀ ਤੇ ਖੇਡੂਗੀ।”
ਚੱਲ ਭਾਈ ਅੰਮ੍ਰਿਤ ਤੇ ਰਾਜੇ, ਐਡੀ ਮੇਰੀ ਬਾਤ, ਉੱਤੋਂ ਪੈ ਗਈ ਰਾਤ। ਚਿੜੀ ਕੋਲ ਕੱਲ ਮੈਂ ਗਿਆ ਸੀ। ਖੰਡ ਆਲੀ ਚਾਹ ਪੀ ਕੇ ਆਇਆ ਸੀ।
0 Comments