Punjabi Story "Khavan Chidi De Chochle" "ਖਾਵਾਂ ਚਿੜੀ ਦੇ ਚੋਚਲੇ" in Punjabi Language.

ਖਾਵਾਂ ਚਿੜੀ ਦੇ ਚੋਚਲੇ 
Khavan Chidi De Chochle

ਇਕ ਵਾਰੀ ਭਾਈ ਇਕ ਚਿੜੀ ਹੁੰਦੀ ਸੀ। ਉਹ ਆਉਂਦੀ ਅਤੇ ਵਿਹੜੇ ਵਿਚ ਖੜੀ ਮੱਝ ਉੱਤੇ ਬਿੱਠ ਕਰ ਜਾਂਦੀ। ਉਹ ਦਿਨ ਵਿਚ ਕਈ ਵਾਰ ਆਉਂਦੀ ਅਤੇ ਬਿੱਠ ਕਰ ਜਾਂਦੀ। ਇਕ ਦਿਨ ਮੱਝ ਕਹਿੰਦੀ, “ਕੁੜੇ ਭੈਣੇ, ਤੂੰ ਹਰ ਰੋਜ਼ ਮੇਰੇ 'ਤੇ ਬਿੱਠ ਕਰ ਜਾਨੀ ਐਂ। ਅੱਜ ਮੇਰੀ ਵਾਰੀ ਐ। ਮੈਨੂੰ ਬਿੱਠ ਕਰ ਲੈਣ ਦੇਹ।” ਚੱਲ ਭਾਈ ਚਿੜੀ ਹੇਠਾਂ ਬੈਠ ਗਈ। ਮੱਝ ਨੇ ਚਿੜੀ ਉੱਤੇ ਫੋਸ (ਗੋਹਾ) ਕੀਤਾ ਤਾਂ ਚਿੜੀ ਗੋਹੇ ਥੱਲੇ ਹੀ ਦੱਬੀ ਗਈ। ਜਦ ਗੋਹਾ ਚੁੱਕਣ ਵਾਲੀ ਆਈ ਤਾਂ ਉਸ ਨੇ ਲਿੱਬੜੀ ਚਿੜੀ ਨੂੰ ਵਗਾਹ ਕੇ ਦੂਰ ਸੁੱਟ ਦਿੱਤਾ। 

ਝੱਟ ਇਕ ਕਾਂ ਆਇਆ ਅਤੇ ਉਸ ਨੇ ਚਿੜੀ ਨੂੰ ਠੰਗ ਮਾਰੀ। ਚਿੜੀ ਕਹਿੰਦੀ, “ਲਿੱਬੜੀ ਨੂੰ ਕਿਉਂ ਖਾਨੈਂ, ਧੋ ਕੇ ਤਾਂ ਖਾਹ। ਕਾਂ ਮੰਨ ਗਿਆ। ਉਹ ਚਿੜੀ ਦੀ ਪੂਛ ਫੜ ਕੇ ਛੱਪੜ `ਤੇ ਲੈ ਗਿਆ। ਕਾਂ ਨੇ ਚਿੜੀ ਦੇ ਪੂੰਝੇ ਫੜ ਕੇ ਉਸ ਨੂੰ ਪਾਣੀ ਵਿਚ ਗੋਤੇ ਲੁਆਏ ਅਤੇ ਚਿੜੀ ਸਾਫ਼ ਸੁਥਰੀ ਹੋ ਗਈ। ਕਾਂ ਨੇ ਫੇਰ ਚਿੜੀ ਨੂੰ ਠੰਗ ਮਾਰੀ ਤਾਂ ਚਿੜੀ ਕਹਿਣ ਲੱਗੀ :

“ਕੱਚੀ ਨੂੰ ਕਿਉਂ ਖਾਨੈ, ਰਿੰਨ੍ਹ ਕੇ ਤਾਂ ਖਾਹ।”

ਕਾਂ ਕਹਿੰਦਾ, “ਮੇਰੇ ਕੋਲ ਤਾਂ ਕੋਈ ਭਾਂਡਾ ਨਹੀਂ।” ਚਿੜੀ ਕਹਿੰਦੀ, “ਮੇਰੇ ਖੰਭ ਭਿੱਜੇ ਹਨ ਅਤੇ ਮੈਂ ਉੱਡ ਨਹੀਂ ਸਕਦੀ। ਤੂੰ ਘੁਮਿਆਰ ਕੋਲੋਂ ਭਾਂਡਾ ਲੈ ਆ। ਫੇਰ ਮੈਨੂੰ ਸਵਾਦੀ ਬਣਾ ਕੇ ਖਾਈਂ।” ਚੱਲ ਭਾਈ ਕਾਂ ਘੁਮਿਆਰ ਕੋਲ ਗਿਆ ਅਤੇ ਕਹਿਣ ਲੱਗਾ :

“ਘੁਮਿਆਰ, ਘੁਮਿਆਰ

ਦੇਈ ਭੰਡਰੀਆ

ਖਾਵਾਂ ਚਿੜੀ ਦੇ ਚੋਂਚਲੇ 

ਮੈਂ ਕਾਂਗਰ ਸਰੀਆ।”

ਘੁਮਿਆਰ ਕਹਿੰਦਾ, “ਮਿੱਟੀ ਲਿਆ। ਫੇਰ ਭਾਂਡਾ ਬਣਾ ਦੂੰ।” ਜਦੋਂ ਮਿੱਟੀ ਕੋਲ ਗਿਆ ਤਾਂ ਉਹ ਕੱਚ ਵਰਗੀ ਕਰੜੀ ਪਈ ਸੀ। ਮਿੱਟੀ ਕਹਿੰਦੀ, “ਤੂੰ ਮਿਰਗ ਦਾ ਸਿੰਗ ਲੈ ਆ ਅਤੇ ਮੈਨੂੰ ਪੁੱਟ ਕੇ ਲੈ ਜਾਈਂ।” ਕਾਂ ਮਿਰਗ ਕੋਲ ਗਿਆ ਅਤੇ ਕਹਿਣ ਲੱਗਾ :

“ਮਿਰਗਾ, ਮਿਰਗਾ

ਦੇਈ ਸਿੰ-ਗਰੀਆ

ਪੱਟਾਂ ਮਿੱਟਰੀਆ

ਦੇਵਾਂ ਘੁਮਿਆਰ

ਘੜੇ ਠੀ-ਕਰੀਆ

ਖਾਵਾਂ ਚਿੜੀ ਦੇ ਚੋਂਚਲੇ

ਮੈਂ ਕਾਂਗਰ ਸਰੀਆ।”

ਮਿਰਗ ਕਹਿੰਦਾ, “ਯਾਰ ਏਦਾਂ ਸਿੰਗ ਮੈਂ ਕਿਸ ਤਰ੍ਹਾਂ ਦੋਵਾਂ। ਤੂੰ ਕੁੱਤੇ ਲੈ ਆ। ਉਹ ਮੈਨੂੰ ਮਾਰ ਲੈਣਗੇ ਤੇ ਫੇਰ ਤੂੰ ਮੇਰਾ ਸਿੰਗ ਲੈ ਜਾਵੀਂ।” ਕਾਂ ਕੁੱਤਿਆਂ ਕੋਲ ਚਲਾ ਗਿਆ ਅਤੇ ਕਹਿਣ ਲੱਗਾ:

“ਕੁੱਤਿਓ ਕੁੱਤਿਓ,

ਮਾਰੋ ਮਿ-ਗਰੀਆ

ਲਵਾਂ ਸਿੰ-ਗਰੀਆ

ਪੱਟਾਂ ਮਿ-ਟਰੀਆ 

ਦੋਵਾਂ ਘੁਮਿਆਰ

ਘੜੇ ਠੀ-ਕਰੀਆ

ਖਾਵਾਂ ਚਿੜੀ ਦੇ ਚੋਂਚਲੇ

ਮੈਂ ਕਾਂਗਰ ਸਰੀਆ।"

ਕੁੱਤੇ ਕਹਿੰਦੇ, “ਮਿੱਤਰਾ, ਭੁੱਖੇ ਮਰਦੇ ਆਂ। ਪਹਿਲਾਂ ਮੱਝ ਦਾ ਦੁੱਧ ਲੈ ਆ। ਫੇਰ ਰੱਜ ਕੇ ਅਸੀਂ ਮਿਰਗ ਨੂੰ ਮਾਰ ਲਵਾਂਗੇ।” ਕਾਂ ਛੇਤੀ ਮੱਝ ਕੋਲ ਗਿਆ ਅਤੇ ਉਸੇ ਤਰ੍ਹਾਂ ਫੇਰ ਮੱਝ ਨੂੰ ਗੀਤ ਵਿਚ ਹੀ ਬੇਨਤੀ ਕੀਤੀ। ਪਰ ਅੱਗੋਂ ਮੱਝ ਵੀ ਭੁੱਖੀ ਸੀ। ਉਹ ਕਹਿੰਦੀ, “ਪਹਿਲਾਂ ਮੈਨੂੰ ਘਾਹ ਖੁਆ, ਫੇਰ ਮੈਂ ਦੁੱਧ ਦੇ ਦਿਊਂ।” ਕਾਂ ਘਾਹ ਕੋਲ ਚਲਾ ਗਿਆ। ਘਾਹ ਸੁੱਕਾ ਪਿਆ ਸੀ। ਘਾਹ ਕਹਿੰਦਾ, “ਫੱਕਰਾ, ਰੱਬ ਤੋਂ ਮੀਂਹ ਪਵਾ ਲੈ। ਫੇਰ ਮੈਂ ਹਰਾ ਹੋ ਜਾਊਂ ਅਤੇ ਤੂੰ ਵੱਢ ਕੇ ਪੰਡ ਬਣਾ ਕੇ ਲੈ ਜਾਈਂ।” ਫੇਰ ਕਾਂ ਨੇ ਰੱਬ ਅੱਗੇ ਅਰਜ਼ ਕਰਦਿਆਂ ਕਿਹਾ :

ਰੱਬਾ ਰੱਬਾ,

ਮੀਂਹ ਵਸਾ

ਹੋਵੇ ਘਾਸ

ਪਾਵਾਂ ਮੈਸ

ਦੇਵੇ ਦੁੱ-ਧਰੀਆ

ਪਾਵਾਂ ਕੁੱ-ਤਰੀਆ

ਮਾਰੇ ਮਿ-ਗਰੀਆ 

ਲਵਾਂ ਸਿੰ-ਗਰੀਆ

ਪੱਟਾਂ ਮਿੱਟਰੀਆ

ਦੇਵਾਂ ਘੁਮਿਆਰ

ਘੜੇ ਠ-ਕਰੀਆ

ਖਾਵਾਂ ਚਿੜੀ ਦੇ ਚੋਂਚਲੇ

ਮੈਂ ਕਾਂਗਰ ਸਰੀਆ।”

ਚੱਲ ਭਾਈ, ਰੱਬ ਨੇ ਮੀਂਹ ਪਾ ਦਿੱਤਾ। ਘਾਹ ਹਰਾ ਹੋ ਗਿਆ। ਕਾਂ ਨੇ ਘਾਹ ਵੱਢ ਕੇ ਮੱਝ ਨੂੰ ਪਾ ਦਿੱਤਾ। ਮੱਝ ਨੇ ਖ਼ੁਸ਼ ਹੋ ਕੇ ਦੁੱਧ ਦੇ ਦਿੱਤਾ। ਦੁੱਧ ਕੁੱਤਿਆਂ ਨੂੰ ਪਿਲਾਇਆ, ਕੁੱਤਿਆਂ ਨੇ ਮਿਰਗ ਨੂੰ ਭਜਾਇਆ ਅਤੇ ਥਕਾ ਕੇ ਮਾਰ ਲਿਆ। ਕਾਂ ਨੇ ਉਸ ਦਾ ਸਿੰਗ ਵੱਢਿਆ ਅਤੇ ਉਸ ਨਾਲ ਮਿੱਟੀ ਪੁੱਟੀ। ਮਿੱਟੀ ਲਿਜਾ ਕੇ ਘੁਮਿਆਰ ਨੂੰ ਦੇ ਦਿੱਤੀ। ਘੁਮਿਆਰ ਨੇ ਉਸੇ ਵੇਲੇ ਇਕ ਭਾਂਡਾ ਬਣਾ ਕੇ ਦੇ ਦਿੱਤਾ। ਜਦੋਂ ਕਾਂ ਭਾਂਡਾ ਲੈ ਕੇ ਕਾਹਲੀ ਨਾਲ ਘਰ ਪਹੁੰਚਿਆ ਤਾਂ ਚਿੜੀ ਦੇ ਖੰਭ ਸੁੱਕ ਚੁੱਕੇ ਸਨ। ਕਾਂ ਨੂੰ ਦੇਖਦੇ ਸਾਰ ਹੀ ਚਿੜੀ ਕਹਿੰਦੀ, “ਹੁਣ ਕਾਵਾਂ, ਤੂੰ ਮਸਾਲਾ ਰਗੜ ਲੈ।” ਤੇ ਉਹ ਉਹਦੇ ਸਾਹਮਣੇ ਝੱਟ ਫੁਰਰ ਕਰ ਕੇ ਉੱਡ ਗਈ। ਥੱਕਿਆ ਕਾਂ ਵੇਖਦਾ ਹੀ ਰਹਿ ਗਿਆ। ਚੱਲ ਮੇਰੇ ਭਾਈ ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ।


Post a Comment

0 Comments