Punjabi Story Nambardari Da Haq "ਨੰਬਰਦਾਰੀ ਦਾ ਹੱਕ"for Students and Kids in Punjabi Language.

ਨੰਬਰਦਾਰੀ ਦਾ ਹੱਕ 
Nambardari Da Haq



ਕਿਸੇ ਪਿੰਡ ਵਿਚ ਇਕ ਜੱਟ ਦੇ ਦੋ ਪੁੱਤਰ ਸਨ। ਵੱਡਾ ਮੁੰਡਾ ਘਰ ਦਾ ਮੁਖ਼ਤਿਆਰ ਸੀ। ਉਹ ਹੀ ਹਰ ਥਾਂ ਆਉਣ ਜਾਣ ਦਾ ਕੰਮ ਕਰਿਆ ਕਰਦਾ ਸੀ। ਪੈਸੇ ਦਾ ਲੈਣ ਦੇਣ ਵੀ ਉਹੀ ਕਰਿਆ ਕਰਦਾ ਸੀ। ਘਰ ਦਾ ਕੰਮ ਠੀਕ ਠਾਕ ਚੱਲ ਰਿਹਾ ਸੀ। ਛੋਟਾ ਮੁੰਡਾ ਖੇਤ ਦਾ ਕੰਮ ਕਰਦਾ ਅਤੇ ਮੱਝਾਂ ਗਊਆਂ ਸੰਭਾਲਦਾ ਸੀ। ਪਰ ਹੌਲੀ ਹੌਲੀ ਉਹ ਵੱਡੇ ਨਾਲ ਈਰਖਾ ਕਰਨ ਲੱਗ ਪਿਆ। ਘਰ ਵਿਚ ਲੜਾਈ ਝਗੜਾ ਸ਼ੁਰੂ ਹੋ ਗਿਆ। ਇਕ ਦਿਨ ਉਸ ਨੇ ਆਪਣੇ ਪਿਉ ਨੂੰ ਆਖ ਦਿੱਤਾ ਕਿ ਵੱਡਾ ਤਾਂ ਸੈਰਾਂ ਕਰਦਾ ਰਹਿੰਦਾ ਹੈ ਅਤੇ ਮੈਂ ਖੇਤਾਂ ਵਿਚ ਧੱਕੇ ਖਾਂਦਾ ਹਾਂ। ਇਹ ਮੈਂ ਨਹੀਂ ਝੱਲਣਾਂ। ਘਰ ਦੀ ਨੰਬਰਦਾਰੀ ਉਸ ਤੋਂ ਖੋਹ ਕੇ ਮੈਨੂੰ ਦਿੱਤੀ ਜਾਵੇ। ਉਸ ਦਾ ਪਿਉ ਬੜਾ ਸਿਆਣਾ ਸੀ। ਉਸ ਨੇ ਇਕ ਸਕੀਮ ਬਣਾ ਲਈ।

ਉਸ ਨੇ ਦੋਹਾਂ ਮੁੰਡਿਆਂ ਨੂੰ ਸੱਦ ਦੇ ਵਿਹੜੇ ਵਿਚ ਬਿਠਾ ਲਿਆ। ਗੁਆਂਢ ਦੇ ਦੋ ਸਿਆਣੇ ਬੰਦੇ ਹੋਰ ਸੱਦ ਲਏ। ਫੇਰ ਉਸ ਨੇ ਦੋ ਪਰਾਂਤਾਂ ਮੰਗਵਾ ਲਈਆਂ। ਉਸ ਨੇ ਸ਼ਰਤ ਇਹ ਰੱਖੀ ਕਿ ਦੋਵੇਂ ਪਰਾਂਤਾਂ ਘਿਉ ਨਾਲ ਚਪੜਾਉਣੀਆਂ ਹਨ। ਤੁਹਾਡੇ ਦੋਹਾਂ ਵਿਚੋਂ ਜਿਹੜਾ ਭਰਾ ਬਿਨਾ ਪੈਸੇ ਪਰਾਂਤ ਨੂੰ ਘਿਉ ਨਾਲ ਚੋਪੜਾ ਦੇਵੇਗਾ, ਉਸ ਨੂੰ ਘਰ ਦਾ ਨੰਬਰਦਾਰ ਬਣਾ ਦਿੱਤਾ ਜਾਵੇਗਾ। ਪਹਿਲਾਂ ਛੋਟੇ ਲੜਕੇ ਨੂੰ ਕਿਹਾ ਗਿਆ ਕਿ ਉਹ ਜਾਵੇ ਤੇ ਪਰਾਂਤ ਚੋਪੜਾ ਲਿਆਵੇ।

ਛੋਟਾ ਪੁੱਤ ਪਰਾਂਤ ਲੈ ਕੇ ਚਲਾ ਗਿਆ। ਉਹ ਗਲੀ ਗਲੀ ਵਿਚ ਕਹਿੰਦਾ ਫਿਰੇ ਕਿ ਕੋਈ ਬਿਨਾਂ ਪੈਸੇ ਤੋਂ ਮੇਰੀ ਪਰਾਂਤ ਘਿਉ ਨਾਲ ਚੋਪੜ ਦਿਵੇ, ਪਰ ਕਿਸੇ ਨੇ ਹੁੰਗਾਰਾ ਨਾ ਭਰਿਆ। ਉਸ ਨੂੰ ਇਕ ਦੋ ਬੁੱਢੀਆਂ ਮਿਲੀਆਂ। ਉਹਨਾਂ ਨੂੰ ਰੋਕ ਕੇ ਉਸ ਨੇ ਪੁੱਛਿਆ ਕਿ ਮਾਈ ਬਿਨਾਂ ਪੈਸੇ ਤੋਂ ਮੇਰੀ ਪਰਾਂਤ ਘਿਉ ਨਾਲ ਚੋਪੜ ਦਿਓ। ਪਰੰਤੂ ਉਹਨਾਂ ਨੇ ਉਸ ਨੂੰ ਕਿਹਾ ਕਿ ਜਾਹ ਜਾਹ ਤੁਰਦਾ ਲੱਗ। ਅਸੀਂ ਤੇਰੇ ਵਰਗੀਆਂ ਮੂਰਖ ਨਹੀਂ ਹਾਂ। ਕਿਸੇ ਨੇ ਉਸ ਦੀ ਪਰਾਂਤ ਨਾ ਚੋਪੜੀ। ਚੋਪੜੇ ਵੀ ਕੌਣ ? ਉਹ ਬੁੱਲ੍ਹ ਢਿੱਲੇ ਕਰ ਕੇ ਘਰ ਮੁੜ ਆਇਆ ਅਤੇ ਖ਼ਾਲੀ ਪਰਾਂਤ ਰੱਖ ਦਿੱਤੀ। ਹੁਣ ਵੱਡੇ ਪੁੱਤ ਨੂੰ ਭੇਜਿਆ ਗਿਆ। ਉਹ ਇਕ ਗਲੀ ਵਿਚ ਗਿਆ। ਬੂਹੇ 'ਤੇ ਖੜੀ ਇਕ ਬੁੱਢੀ ਨੂੰ ਉਸ ਨੇ ਪੁੱਛਿਆ ਕਿ ਮਾਈ ਮੈਂ ਘਿਉ ਖ਼ਰੀਦਣਾ ਹੈ। ਇਹ ਕਿਸ ਘਰੋਂ ਮਿਲ ਸਕਦਾ ਹੈ ? ਬੁੱਢੀ ਕਹਿੰਦੀ, “ਭਾਈ, ਕਿੰਨਾ ਕੁ ਲੈਣਾ ਹੈ ?” ਕਹਿੰਦਾ, “ਪੰਜ ਕਿਲੋ ਤਾਂ ਅੱਜ ਹੀ ਲੈਣਾ ਹੈ। ਬਾਕੀ ਕਦੇ ਫੇਰ ਸਹੀ।” ਬੁਢੀ ਕਹਿੰਦੀ, “ਪੰਜ ਕਿਲੋ ਤਾਂ ਤੈਨੂੰ ਮੈਂ ਹੀ ਦੇ ਸਕਦੀ ਹਾਂ। ਮੇਰੇ ਕੋਲ ਵਧੀਆ ਘਿਉ ਪਿਆ ਹੈ।” “ਤਾਂ ਫੇਰ ਤੋਲ ਦੇ ਮਾਈ, ਪਰ ਘਿਉ ਵਧੀਆ ਹੋਵੇ, ਪੈਸੇ ਭਾਵੇਂ ਚਾਰ ਵੱਧ ਲੈ ਲਵੀਂ।” ਇਹ ਕਹਿ ਕੇ ਉਹ ਘਰ ਦੇ ਅੰਦਰ ਚਲੇ ਗਏ। ਬੁੱਢੀ ਨੇ ਇਕ ਪੀਪੀ ਵਿਚੋਂ ਘਿਉ ਪੁੱਟ ਕੇ ਦੋ ਦੋ ਕਿਲੋ ਕਰ ਕੇ ਤੋਲਣਾ ਸ਼ੁਰੂ ਕਰ ਦਿੱਤਾ। ਪ੍ਰਾਂਤ ਵਿਚ ਚਾਰ ਕਿਲੋ ਘਿਉ ਪੈ ਗਿਆ। ਜਦੋਂ ਉਹ ਪੰਜਵਾਂ ਕਿਲੋ ਤੋਲਣ ਲੱਗੀ ਤਾਂ ਉਸ ਬੰਦੇ ਨੇ ਪੀਪੀ ਦੇ ਇਕ ਪਾਸੇ ਲਾਗ ਲੱਗੀ ਦੇਖੀ। ਸ਼ਾਇਦ ਲੱਸੀ ਵਿਚੋਂ ਕੋਈ ਛਿੱਦੀ ਆ ਗਈ ਹੋਣੀ ਹੈ। ਕਹਿੰਦਾ, “ਮਾਈ ਰਹਿਣ ਦੇ। ਤੇਰਾ ਤਾਂ ਘੀ ਖ਼ਰਾਬ ਹੈ। ਮੈਂ ਨਹੀਂ ਜੇ ਲੈਣਾ, ਮੈਨੂੰ ਤਾਂ ਖਰਾ ਵਧੀਆ ਘੀ ਚਾਹੀਦਾ ਹੈ। ਆਹ ਵੀ ਆਪਣਾ ਕੱਢ ਲੈ।” ਬੁੱਢੀ ਨੇ ਘਿਉ ਕੱਢ ਲਿਆ ਅਤੇ ਇਸ ਤਰ੍ਹਾਂ ਉਹ ਘਰ ਮੁੜ ਗਿਆ। ਘਰ ਜਾ ਕੇ ਉਸ ਨੇ ਚੋਪੜੀ ਪਰਾਂਤ ਸਭ ਦੇ ਅੱਗੇ ਰੱਖ ਦਿੱਤੀ ਅਤੇ ਨਾਲੇ ਸਾਰੀ ਗੱਲ ਦੱਸ ਦਿੱਤੀ। ਛੋਟਾ ਭਾਈ ਬਹੁਤ ਸ਼ਰਮਸਾਰ ਹੋਇਆ। ਵੱਡੇ ਨੇ ਸ਼ਰਤ ਪੂਰੀ ਕਰ ਦਿੱਤੀ। ਮੁੰਡਿਆਂ ਦਾ ਪਿਉ ਕਹਿਣ ਲੱਗਾ ਕਿ ਨੰਬਰਦਾਰੀ ਦਾ ਹੱਕ ਉਸੇ ਦਾ ਹੈ, ਜਿਸ ਨੂੰ ਪਰਾਂਤ ਚੋਪੜਾਉਣ ਦੀ ਜਾਚ ਹੋਵੇ। ਇਸ ਤਰ੍ਹਾਂ ਵੱਡੇ ਭਰਾ ਨੂੰ ਫੇਰ ਨੰਬਰਦਾਰੀ ਮਿਲ ਗਈ। ਚੱਲ ਭਾਈ ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ। ਪਾਉਣਾ ਸੀ ਚੁਬਾਰਾ, ਪੈ ਗਈ ਸਬਾਤ। ਕੱਲ ਮੈਂ ਗਿਆ ਸੀ, ਖੰਡ ਵਾਲੀ ਚਾਹ ਪੀ ਕੇ ਆਇਆ ਸੀ।


Post a Comment

0 Comments