Punjabi Story Do Urliyan Do Parliyan "ਦੋ ਉਰਲੀਆਂ ਦੋ ਪਰਲੀਆਂ"for Students and Kids in Punjabi Language.

ਦੋ ਉਰਲੀਆਂ ਦੋ ਪਰਲੀਆਂ 
Do Urliyan Do Parliyan

ਇਕ ਘਰ ਵਿਚ ਦੋ ਭਰਾ ਸੀ, ਇਕ ਵੱਡਾ ਤੇ ਇਕ ਛੋਟਾ। ਵੱਡਾ ਖੇਤ ਦਾ ਕੰਮ ਕਰਿਆ ਕਰਦਾ ਅਤੇ ਛੋਟਾ ਜੋ ਕੁਝ ਪੜ੍ਹਿਆ ਵੀ ਸੀ, ਘਰ ਦੇ ਹੋਰ ਕੰਮ ਧੰਦੇ ਕਰਦਾ। ਵੱਡੇ ਭਰਾ ਨੂੰ ਈਰਖਾ ਹੋ ਗਈ। ਕਹਿੰਦਾ, “ਮੈਂ ਤਾਂ ਹਲ ਵਾਹੁੰਦਾ ਫਿਰਦਾ ਹਾਂ ਤੇ ਇਹ ਕਰਦੈ ਮੌਜਾਂ।” ਛੋਟੇ ਭਰਾ ਨੇ ਸਤਿਕਾਰ ਨਾਲ ਉਸ ਨੂੰ ਕੰਮ ਵਟਾ ਲੈਣ ਲਈ ਕਿਹਾ। ਝਗੜਾ ਮਿਟ ਗਿਆ। ਹੁਣ ਵੱਡਾ ਭਰਾ ਕਬੀਲਦਾਰੀ ਦੇ ਕੰਮ ਧੰਦੇ ਕਰਨ ਲੱਗ ਪਿਆ।

ਅਗਲੇ ਦਿਨ ਮਾਂ ਨੇ ਵੱਡੇ ਭਰਾ ਨੂੰ ਕਿਹਾ ਕਿ “ਆਹ ਪੰਜ ਰੁਪਏ ਲੈ ਜਾਹ ਤੇ ਕਿਸੇ ਤੋਂ ਰੂੰ ਲੈ ਆ।” ਉਹ ਚਲਾ ਗਿਆ ਅਤੇ ਉਸ ਨੇ ਗਲੀਆਂ ਵਿਚ ਬੈਠੀਆਂ ਕੱਤ ਰਹੀਆਂ ਬੁੱਢੀਆਂ ਨੂੰ ਪੁੱਛਿਆ, “ਤੇਰੇ ਕੋਲੇ ਨੂੰ ਨ੍ਹੀਂ ਮਾਈ।” ਉਸ ਨੂੰ ਹਰ ਇਕ ਨੇ ਰੁੱਖਾ ਜਵਾਬ ਹੀ ਦਿੱਤਾ। ਕਹਿੰਦੀਆਂ, “ਜਾਹ ਚਲਾ ਜਾਹ। ਹੈ ਨ੍ਹੀਂ ਤੂੰ ਏਥੇ।” ਉਹ ਨਿਰਾਸ਼ ਹੋ ਕੇ ਅੱਗੇ ਤੁਰ ਜਾਇਆ ਕਰੇ। ਅੱਗੇ ਜਾ ਕੇ ਫੇਰ ਇਕ ਹੋਰ ਬੁੱਢੀ ਨੂੰ ਰੂੰ ਬਾਰੇ ਪੁੱਛਿਆ। ਕਹਿੰਦੀ, “ਆਹੋ ਹੈਗੀ। ਕਿੰਨੇ ਦੀ ਲੈਣੀ ਹੈ।” ਉਹ ਕਹਿੰਦਾ, “ਪੰਜ ਰੁਪਈਆਂ ਦੀ।” ਕਹਿੰਦੀ, “ਲਿਆ ਦੇਹ, ਪੰਜ ਰੁਪਈਏ।” ਉਸ ਨੇ ਪੰਜ ਰੁਪਏ ਫੜਾ ਦਿੱਤੇ ਅਤੇ ਬੁੱਢੀ ਉਸ ਨੂੰ ਵਿਹੜੇ ਵਿਚ ਲੈ ਗਈ। ਕਹਿੰਦੀ, “ਫੇਰ ਦਊਂ ਰੂੰ ਤੈਨੂੰ, ਪਹਿਲਾਂ ਦੋ ਉਰਲੀਆਂ ਦੋ ਪਰਲੀਆਂ ਸੁਣਾ।” ਉਸ ਮੁੰਡੇ ਨੂੰ ਤਾਂ ਕੁਝ ਵੀ ਨਹੀਂ ਸੀ ਆਉਂਦਾ। ਇਸ ਲਈ ਬੁੱਢੀ ਨੇ ਪੰਜ ਰੁਪਏ ਲੈ ਕੇ ਉਸ ਨੂੰ ਬਿਨਾਂ ਰੂੰ ਦਿੱਤੇ ਹੀ ਤੋਰ ਦਿੱਤਾ। ਹੁਣ ਘਰ ਜਾ ਕੇ ਦੱਸੇ ਤਾਂ ਕੀ ਦੱਸੋ। ਪਹਿਲੇ ਦਿਨ ਹੀ ਕਸੂਤਾ ਫਸ ਗਿਆ।

ਦੂਜੇ ਦਿਨ ਉਹ ਸਵੇਰੇ ਉੱਠਿਆ ਤੇ ਬੌਲਦ ਖੋਲ੍ਹਣ ਲੱਗ ਪਿਆ। ਉਧਰ ਛੋਟਾ ਭਾਈ ਵੀ ਤਿਆਰ ਸੀ। ਉਹ ਵੀ ਬੌਲਦਾਂ ਕੋਲ ਆ ਗਿਆ। ਛੋਟਾ ਕਹਿੰਦਾ, “ਬਾਈ, ਹਲ ਤਾਂ ਮੈਂ ਵਾਹੁਣ ਜਾਣਾ ਹੈ। ਆਪਾਂ ਕੱਲ ਕੰਮ ਵਟਾ ਲਏ ਸਨ।” ਵੱਡਾ ਭਰਾ ਬਹੁਤ ਸ਼ਰਮਸਾਰ ਹੋਇਆ, ਕਹਿੰਦਾ, “ਨਹੀਂ, ਹੁਣ ਮੈਂ ਹੀ ਜਾਇਆ ਕਰਾਂਗਾ। ਤੂੰ ਆਪਣਾ ਪਹਿਲਾ ਕੰਮ ਸਾਂਭ ਲੈ।” ਫੇਰ ਉਸ ਨੇ ਬੁੱਢੀ ਦੀ ਉਰਲੀਆਂ-ਪਰਲੀਆਂ ਵਾਲੀ ਗੱਲ ਦੱਸੀ ਅਤੇ ਰੋਣ-ਹਾਕਾ ਹੋ ਗਿਆ। ਬੱਸ ਚੁੱਪ ਚਾਪ ਖੇਤਾਂ ਨੂੰ ਚਲਾ ਗਿਆ।

ਹੁਣ ਛੋਟੇ ਭਰਾ ਨੇ ਸਕੀਮ ਬਣਾਈ। ਉਸ ਨੇ ਪੰਜ ਰੁਪਏ ਲਏ ਅਤੇ ਉਸੇ ਬੁੱਢੀ ਦੇ ਘਰ ਚਲਾ ਗਿਆ। ਕਹਿੰਦਾ, “ਮਾਈ, ਮੈਂ ਪੰਜ ਕੁ ਰੁਪਏ ਦੀ ਤੂੰ ਲੈਣੀ ਸੀ, ਜੇ ਤੇਰੇ ਕੋਲ ਹੈ ਤਾਂ।” ਕਹਿੰਦੀ, “ਲਿਆ ਫੜਾ ਪੰਜ ਰੁਪਏ।” ਉਸ ਨੇ ਤੁਰੰਤ ਜੇਬ 'ਚੋਂ ਕੱਢ ਕੇ ਪੰਜ ਰੁਪਏ ਦੇ ਦਿੱਤੇ। ਬੁੱਢੀ ਬੜੀ ਖਚਰੀ ਸੀ ਕਹਿੰਦੀ,“ਵੇ ਮੁੰਡਿਆ, ਪਹਿਲਾਂ ਦੋ ਉਰਲੀਆਂ ਸੁਣਾ, ਦੋ ਪਰਲੀਆਂ ਸੁਣਾ, ਫੇਰ ਦੇਊਂ ਮੈਂ ਤੈਨੂੰ ਰੂੰ।” ਉਹ ਕਹਿੰਦਾ, “ਉਰਲੀਆਂ ਪਰਲੀਆਂ ਤਾਂ ਬਹੁਤ ਨੇ ਮੇਰੇ ਕੋਲ। ਸੁਣਾ ਕੇ ਹੀ ਲਿਜਾਊਂ ਰੂੰ।” ਇਹ ਕਹਿ ਕੇ ਉਹ ਚਲਾ ਗਿਆ।

ਉਸ ਨੇ ਪਿੰਡ ਵਿਚੋਂ ਬੁੱਢੀ ਬਾਰੇ ਸਾਰਾ ਪਤਾ ਕਰ ਲਿਆ। ਬੁੱਢੀ ਦਾ ਇਕ ਵਿਆਹਿਆ ਹੋਇਆ ਪੁੱਤ ਸੀ। ਬੁੱਢੀ ਦੀ ਨੂੰਹ ਪੇਕੇ ਮਿਲਣ ਗਈ ਹੋਈ ਸੀ। ਬਸ ਉਸ ਨੇ ਬੁੱਢੀ ਵੱਲੋਂ ਚਿੱਠੀ ਲਿਖ ਦਿੱਤੀ ਕਿ ਤੁਹਾਡਾ ਜਵਾਈ ਮਰ ਗਿਆ ਹੈ। ਉਧਰੋਂ ਮੁੰਡੇ ਦੇ ਸਹੁਰਿਆਂ ਵੱਲੋਂ ਬੁੱਢੀ ਨੂੰ ਚਿੱਠੀ ਲਿਖ ਦਿੱਤੀ ਕਿ ਉਸ ਦੀ ਨੂੰਹ ਬੁਖ਼ਾਰ ਨਾਲ ਮਰ ਗਈ ਹੈ। ਉਸ ਨੇ ਕਿਸੇ ਤਰੀਕੇ ਨਾਲ ਚਿੱਠੀਆਂ ਪਹੁੰਚਾ ਦਿੱਤੀਆਂ ਅਤੇ ਐਸਾ ਟਾਈਮ ਫਿੱਟ ਕੀਤਾ ਕਿ ਦੋਵੇਂ ਮਕਾਣਾਂ ਰਾਹ ਵਿਚ ਹੀ ਇਕ ਦੂਜੇ ਨੂੰ ਮਿਲਣ। ਮਕਾਣਾਂ ਰੋਂਦੀਆਂ ਹੋਈਆਂ ਚੱਲ ਪਈਆਂ। ਉਹ ਮੁੰਡਾ ਵੀ ਅੱਗੇ ਪਿੱਛੇ ਹੀ ਤੁਰਦਾ ਰਿਹਾ। ਇਧਰੋਂ ਬੁੱਢੀ ਨੂੰਹ ਦੇ ਕੀਰਨੇ ਪਾਵੇ ਅਤੇ ਉਧਰੋਂ ਨੂੰਹ ਦੇ ਪੇਕੇ ਮੁੰਡੇ ਦੇ ਕੀਰਨੇ ਪਾਉਣ। ਨੇੜੇ ਆ ਕੇ ਪਤਾ ਲੱਗਿਆ ਕਿ ਦੋਵੇਂ ਧਿਰਾਂ ਰਿਸ਼ਤੇਦਾਰ ਹੀ ਸਨ। ਕਈ ਬੁੱਢੀਆਂ ਉਧਰੋਂ ਉਧਰੀ ਜਾਣਦੀਆਂ ਸਨ। ਗੱਲ ਖੁੱਲ੍ਹ ਗਈ। ਫੇਰ ਚਿੱਠੀਆਂ ਦੀ ਗੱਲ ਚੱਲੀ। ਬੁੱਢੀ ਦਾ ਨੂੰਹ ਦੀ ਮੌਤ ਬਾਰੇ ਸੁਣ ਕੇ ਪਹਿਲਾਂ ਹੀ ਦਿਲ ਹਿੱਲਿਆ ਪਿਆ ਸੀ। ਕਹਿੰਦੀ, “ਆਹ ਤਾਂ ਕਿਸੇ ਨੇ ਲੋਹੜਾ ਮਾਰਿਆ। ਆਹ ਤਾਂ ਕਿਸੇ ਬੇਈਮਾਨ ਨੇ ਜੱਗੋਂ ਤੇਰ੍ਹਵੀਂ ਕੀਤੀ ਐ ਮੇਰੇ ਨਾਲ।” ਨੇੜੇ ਖੜੋਤਾ ਉਹ ਰੂੰ ਵਾਲਾ ਮੁੰਡਾ ਬੋਲ ਲਿਆ, “ਕਹਿੰਦਾ, ਕੀ ਗੱਲ ਹੋ ਗਈ ਮਾਈ। ਤੂੰ ਤਾਂ ਹੁਣੇ ਹੀ ਘਬਰਾ ਗਈ, ਹਾਲੇ ਤਾਂ ਦੋ ਉਰਲੀਆਂ ਹੀ ਸੁਣਾਈਆਂ ਨੇ ਪਰ ਹਾਲੇ ਦੋ ਪਰਲੀਆਂ ਰਹਿੰਦੀਆਂ ਨੇ।”

ਬੁੱਢੀ ਹੱਥ ਜੋੜ ਕੇ ਖੜੋ ਗਈ। ਕਹਿੰਦੀ, “ਮੇਰਾ ਖਹਿੜਾ ਛੱਡ ਭਾਈ। ਤੂੰ ਆਪਣੀ ਰੂੰ ਲੈ ਜਾਵੀਂ।” ਕਹਿੰਦਾ, “ਤੂੰ ਪੰਜਾਂ ਦੀ ਨਹੀਂ, ਹੁਣ ਦਸਾਂ ਦੀ ਲੈਣੀ ਹੈ।” ਕਹਿੰਦੀ, “ਤੂੰ ਦਸਾਂ ਦੀ ਹੀ ਲੈ ਜਾਈਂ। ਹੋਰ ਭੋਰਾ ਵੱਧ ਪਾ ਦੇਊਂ। ਭਾਈ ਤੂੰ ਆ ਕੇ ਆਪਣੀ ਰੂੰ ਲੈ ਜਾਹ। ਬਸ ਮੁੜ ਕੇ ਇੱਦਾਂ ਨਾ ਕਰੀਂ।”


Post a Comment

0 Comments