Punjabi Story Albalali "ਅੱਲਬਲੱਲੀ"for Students and Kids in Punjabi Language.

ਅੱਲਬਲੱਲੀ 
Albalali

ਇਕ ਭਾਈ ਅੱਲਬਲੱਲੀ ਸੀ। ਉਹ ਮੋਟੀ ਮੱਤ ਦੀ ਸੀ। ਉਸ ਨੂੰ ਜਿਹੜਾ ਵੀ ਕੰਮ ਕਰਨ ਨੂੰ ਕਿਹਾ ਜਾਂਦਾ, ਉਹ ਉਸ ਨੂੰ ਹੋਰ ਵਿਗਾੜ ਦਿੰਦੀ। ਇਕ ਦਿਨ ਉਸ ਦੀ ਮਾਂ ਨੇ ਉਸ ਨੂੰ ਕਿਹਾ ਕਿ ਪਾਈਆ ਅੱਧ ਸੇਰ ਦੀ ਖਿਚੜੀ ਬਣਾ ਲਵੇ। ਅੱਲਬਲੱਲੀ ਨੇ ਇਕ ਪਾਈਆ ਦਾ ਵੱਟਾ ਅਤੇ ਇਕ ਅੱਧ ਸੇਰ ਦਾ ਵੱਟਾ ਪਤੀਲੇ ਵਾਲੇ ਪਾਣੀ ਵਿਚ ਪਾ ਕੇ ਪਤੀਲਾ ਹਾਰੇ ਵਿਚ ਰੱਖ ਦਿੱਤਾ। ਵੱਟੇ ਉਬਲੀ ਗਏ, ਜਦ ਉਸ ਦੀ ਮਾਂ ਨੇ ਖਿਚੜੀ ਦੇਖੀ ਤਾਂ ਉਸ ਨੇ ਮੱਥੇ 'ਤੇ ਹੱਥ ਮਾਰਿਆ ਅਤੇ ਕਹਿੰਦੀ, “ਕੁੜੇ ਤੈਨੂੰ ਮੈਂ ਕੋਈ ਵੱਟੇ ਉਬਾਲਣ ਲਈ ਕਿਹਾ ਸੀ।” ਅੱਲਬਲੱਲੀ ਕਹਿੰਦੀ, “ਤੂੰ ਹੀ ਤਾਂ ਕਹਿ ਕੇ ਗਈ ਸੀ।” ਫੇਰ ਉਸ ਦੀ ਮਾਂ ਨੇ ਸਮਝਾਇਆ ਕਿ ਮੈਂ ਤਾਂ ਤੈਨੂੰ ਚੌਲਾਂ ਮੂੰਗੀ ਦੀ ਖਿਚੜੀ ਕਿਹਾ ਸੀ।” ਕਹਿੰਦੀ, “ਚੱਲ ਮਾਂ, ਮੈਂ ਹੁਣ ਇਹਨੂੰ ਡੋਲ੍ਹ ਕੇ ਦੁਬਾਰੇ ਖਿਚੜੀ ਬਣਾ ਦਿੰਦੀ ਹਾਂ।” ਉਸ ਦੀ ਮਾਂ ਨੇ ਵਰਜਿਆ ਕਿ ਤੈਥੋਂ ਪਾਣੀ ਵੀ ਡੋਲ੍ਹਿਆ ਨਹੀਂ ਜਾਣਾ। ਕਹਿੰਦੀ, “ਨਹੀਂ ਮਾਂ, ਮੈਂ ਡੋਲ੍ਹ ਦੇਵਾਂਗੀ।” ਅੱਲਬਲੱਲੀ ਨੇ ਜਦ ਪਤੀਲਾ ਉਲਟਾਇਆ ਤਾਂ ਸਾਰਾ ਤੱਤਾ ਪਾਣੀ ਪੈਰਾਂ 'ਤੇ ਹੀ ਪਾ ਲਿਆ।

ਅਗਲੇ ਦਿਨ ਉਸ ਦੀ ਮਾਂ ਨੇ ਅੱਲਬਲੀ ਨੂੰ ਇਕ ਚਾਦਰ ਕੱਢਣ ਲਈ ਕਿਹਾ ਅਤੇ ਆਪ ਖੇਤੀਂ ਚਲੀ ਗਈ। ਅੱਲਬਲੱਲੀ ਨੇ ਇਕ ਛੁੱਟੀਆਂ ਦਾ ਡੱਕਾ ਲਿਆ ਅਤੇ ਉਸ ਨੂੰ ਚੁੱਲ੍ਹੇ ਦੀ ਅੱਗ ਵਿਚ ਲਾ ਕੇ ਫੇਰ ਚਾਦਰ ਉੱਤੇ ਲਾ ਦਿਆ ਕਰੇ। ਇਸ ਤਰ੍ਹਾਂ ਉਸ ਨੇ ਚਾਦਰ ਵਿਚ ਅੱਗ ਨਾਲ ਅਨੇਕਾਂ ਮੋਰੀਆਂ ਕਰ ਦਿੱਤੀਆਂ। ਮਾਂ ਨੂੰ ਆਉਂਦੇ ਸਾਰ ਹੀ ਉਸ ਨੇ ਚਾਦਰ ਦਿਖਾ ਦਿੱਤੀ। ਚਾਦਰ ਵੇਖ ਕੇ ਉਸ ਦੀ ਮਾਂ ਉਦਾਸ ਹੋ ਕੇ ਚੁੱਪ ਬੈਠ ਗਈ।

ਫੇਰ ਇਕ ਦਿਨ ਅੱਲਬਲੱਲੀ ਦੀ ਮਾਂ ਨੇ ਉਸ ਨੂੰ ਖੇਤ ਆਪਣੇ ਪਿਤਾ ਦੀ ਰੋਟੀ ਦੇ ਕੇ ਤੋਰ ਦਿੱਤਾ। ਉਹ ਰੋਟੀ ਲੈ ਕੇ ਚਲੀ ਗਈ। ਰਾਹ ਵਿਚ ਕੁਝ ਕੁੱਤੇ ਬੈਠੇ ਸਨ। ਕਹਿੰਦੀ, “ਲੈ ਵਿਚਾਰੇ, ਇਹ ਤਾਂ ਭੁੱਖੇ ਮਰਦੇ ਹੋਣਗੇ। ਉਸ ਨੇ ਟੋਕਰਾ ਲਾਹ ਕੇ ਸਾਰੀਆਂ ਰੋਟੀਆਂ ਕੁੱਤਿਆਂ ਨੂੰ ਪਾ ਦਿੱਤੀਆਂ। ਫੇਰ ਉਹਨਾਂ ਨੂੰ ਸਾਰੀ ਲੱਸੀ ਪਿਲਾ ਦਿੱਤੀ। ਫੇਰ ਖ਼ਾਲੀ ਟੋਕਰਾ ਲੈ ਕੇ ਅੱਗੇ ਤੁਰ ਪਈ। ਅੱਗੇ ਰਾਹ ਵਿਚ ਇਕ ਬੇਰ ਸੀ। ਬੇਰੀ ਹਵਾ ਨਾਲ ਝੂਲ ਰਹੀ ਸੀ। ਅੱਲਬਲੱਲੀ ਨੇ ਸੋਚਿਆ ਕਿ ਬੇਰੀ ਵਿਚਾਰੀ ਨੂੰ ਠੰਢ ਲੱਗਦੀ ਹੋਵੇਗੀ। ਇਸ ਲਈ ਉਸ ਨੇ ਆਪਣੀ ਚੁੰਨੀ ਲਾਹ ਕੇ ਬੇਰੀ 'ਤੇ ਪਾ ਦਿੱਤੀ। ਇਸ ਤਰ੍ਹਾਂ ਕਰਦੀ ਕਰਾਉਂਦੀ ਉਹ ਗਿਆਰਾਂ ਵਜੇ ਕਿਤੇ ਜਾ ਕੇ ਖੇਤ ਪਹੁੰਚੀ। ਖ਼ਾਲੀ ਟੋਕਰਾ ਸਿਰ ਤੋਂ ਲਾਹ ਕੇ ਭੁੰਜੇ ਰੱਖ ਦਿੱਤਾ। ਜਦ ਉਸ ਦੇ ਪਿਓ ਨੇ ਰੋਟੀ ਬਾਰੇ ਪੁੱਛਿਆ ਤਾਂ ਅੱਲਬਲੱਲੀ ਨੇ ਸਾਰੀ ਗੱਲ ਸੁਣਾ ਦਿੱਤੀ। ਉਹ ਬਹੁਤ ਹੀ ਦੁਖੀ ਹੋਇਆ। ਭੁੱਖ ਨਾਲ ਉਸ ਦੀਆਂ ਕੋਕੜਾਂ ਹੋ ਰਹੀਆਂ ਸਨ। ਪਰ ਅੱਲਬਲੱਲੀ ਨੂੰ ਕੀ ਕਹਿੰਦਾ। ਉਹਨੂੰ ਕੁਦਰਤ ਨੇ ਦਿਮਾਗ਼ ਹੀ ਐਨਾ ਦਿੱਤਾ ਸੀ। ਵਿਚਾਰਾ ਹਲ ਛੱਡ ਕੇ ਭੁੱਖਣ-ਭਾਣਾ ਡਿੱਗਦਾ ਢੋਂਦਾ ਘਰ ਪਹੁੰਚਿਆ ਅਤੇ ਜਾ ਕੇ ਰੋਟੀ ਖਾਧੀ। ਅਹੀ ਜੀ ਤਾਂ ਸੀ ਭਾਈ ਅੱਲਬਲੱਲੀ।


Post a Comment

0 Comments