Punjabi Story "Mein Diyu Da Vi Piyu" "ਮੈਂ ਦਿਓ ਦਾ ਵੀ ਪਿਓ " in Punjabi Language.

ਮੈਂ ਦਿਓ ਦਾ ਵੀ ਪਿਓ 
Mein Diyu Da Vi Piyu

ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਥਾਂ ਇਕ ਦਿਓ ਰਹਿੰਦਾ ਸੀ। ਉਹ ਰਾਹ ਜਾਂਦੇ ਰਾਹੀਆਂ ਅਕਸਰ ਫੜ ਕੇ ਖਾ ਜਾਂਦਾ। ਛੋਟੇ ਬੱਚਿਆਂ ਨੂੰ ਸਾਬਤ ਹੀ ਨਿਗਲ ਜਾਂਦਾ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕੀਂ ਬਹੁਤ ਸਤਾਏ ਪਏ ਸਨ। ਹਰ ਰੋਜ਼ ਕੋਈ ਨਾ ਕੋਈ ਬੰਦਾ ਉਸ ਦੇ ਟੇਟੇ ਚੜ੍ਹ ਜਾਂਦਾ। ਜਦੋਂ ਦਿਓ ਭੁੱਖਾ ਹੁੰਦਾ ਤੇ ਉਸ ਨੂੰ ਕੋਈ ਭੋਜਨ ਨਾ ਮਿਲਦਾ ਤਾਂ ਉਹ ਪਿੰਡ ਵਿਚ ਆ ਵੜਦਾ ਅਤੇ ਬੰਦੇ ਮਾਰ ਕੇ ਖਾ ਜਾਂਦਾ। ਪਿੰਡਾਂ ਦੇ ਲੋਕੀਂ ਬਹੁਤ ਭੈ-ਭੀਤ ਹੋਏ ਪਏ ਸਨ। ਰੋਜ਼ਾਨਾ ਸੱਥਾਂ ਵਿਚ ਵਿਚਾਰਾਂ ਹੋਣ ਲੱਗੀਆਂ। ਆਖ਼ਰ ਇਕ ਦਿਨ ਆਲੇ-ਦੁਆਲੇ ਦੇ ਪਿੰਡਾਂ ਦਾ ਇਕ ਇਕੱਠ ਬੁਲਾਇਆ ਗਿਆ। ਦਿਓ ਨੂੰ ਮਾਰਨ ਦਾ ਸਵਾਲ ਉੱਠਿਆ ਪਰ ਕਿਸੇ ਦਾ ਹੀਆ ਨਾ ਪਵੇ। ਅਖ਼ੀਰ ਇਕੱਠ ਵਿਚੋਂ ਚਾਰ ਨੌਜੁਆਨ ਉੱਠੇ। ਉਹਨਾਂ ਨੇ ਦਿਓ ਨੂੰ ਡਰਾ ਕੇ ਭਜਾ ਦੇਣ ਦੀ ਸਕੀਮ ਲੋਕਾਂ ਅੱਗੇ ਰੱਖੀ। ਭਾਵੇਂ ਖ਼ਤਰਾ ਤਾਂ ਇਹਦੇ ਲਈ ਵੀ ਮੁੱਲ ਲੈਣਾ ਪੈਣਾ ਸੀ ਪਰ ਉਹ ਤਿਆਰ ਸਨ। ਇਕੱਠ ਨੇ ਉਹਨਾਂ ਦੀ ਸਕੀਮ ਮੰਨ ਲਈ। ਉਸੇ ਦਿਨ ਚਾਰੇ ਬੰਦਿਆਂ ਨੇ ਚਾਰ ਚੀਜ਼ਾਂ ਆਪਣੇ ਨਾਲ ਲੈ ਲਈਆਂ। ਇਹ ਸਨ, ਇਕ ਹਲ ਦੀ ਚੌਅ, ਇਕ ਛੱਜ, ਇਕ ਮੋਟਾ ਰੱਸਾ (ਲਾਸ) ਅਤੇ ਇਕ ਗਾਰੇ ਦਾ ਭਰਿਆ ਹੋਇਆ ਢੋਲ। ਸ਼ਾਮ ਨੂੰ ਉਹ ਮੂੰਹ ਹਨੇਰੇ ਨਾਲ ਹੀ ਦਿਓ ਦੇ ਡੇਰੇ ਵੱਲ ਚੱਲ ਪਏ।

ਹਨੇਰਾ ਹੁੰਦੇ ਹੀ ਉਹ ਦਿਓ ਦੇ ਘਰ ਕੋਲ ਪਹੁੰਚ ਗਏ। ਦੇਖਿਆ ਦਿਓ ਦੀ ਕੋਈ ਆਵਾਜ਼ ਨਹੀਂ ਸੀ ਸੁਣਦੀ। ਉਹਨਾਂ ਨੇ ਪੌੜੀ ਲਾ ਕੇ ਘਰ ਦੀ ਛੱਤ ਉੱਪਰ ਸਾਮਾਨ ਚੜ੍ਹਾ ਲਿਆ। ਉੱਪਰ ਚੜ੍ਹ ਕੇ ਰੌਸ਼ਨਦਾਨ ਵਿਚੋਂ ਦੀ ਦੇਖਿਆ ਤਾਂ ਘਰ ਵਿਚ ਦਿਓ ਨਹੀਂ ਸੀ। ਉਹਨਾਂ ਨੇ ਛੱਤ ਵਿਚੋਂ ਦੀ ਮਘੋਰਾ ਕੱਢ ਲਿਆ, ਜਿਸ ਵਿਚੋਂ ਦੀ ਢੋਲ ਸੁੱਟਿਆ ਜਾ ਸਕੇ। ਚਾਰੇ ਜਣੇ ਬੈਠ ਕੇ ਦਿਓ ਦੀ ਉਡੀਕ ਕਰਨ ਲੱਗੇ। ਫੇਰ ਅਚਾਨਕ ਮੀਂਹ ਆਇਆ, ਬੱਦਲ ਗਰਜੇ ਤੇ ਹਨੇਰੀ ਆਈ। ਪਰ ਛੇਤੀ ਹੀ ਹਵਾ ਰੁਕ ਕੇ ਚੁੱਪ ਚਾਪ ਹੋ ਗਈ। ਇਹ ਦਿਓ ਆ ਰਿਹਾ ਸੀ। ਚਾਰੇ ਜਣੇ ਚੁਕੰਨੇ ਹੋ ਗਏ। ਜਦ ਦਿਓ ਅੰਦਰ ਵੜ੍ਹਿਆ ਤਾਂ ਉਸ ਨੂੰ ਬੰਦਿਆਂ ਦੀ ਬੋਅ ਆਈ। ਉਹ ‘ਆਦਮ ਬੋਅ’ ਕਰਨ ਲੱਗ ਪਿਆ।

ਦਿਓ ਗਰਜ ਕੇ ਬੋਲਿਆ, “ਇਥੇ ਕੌਣ ਹੈ ?” ਇਕ ਬੰਦੇ ਨੇ ਊਪਰੋਂ ਪੁੱਛਿਆ, “ਤੂੰ ਕੌਣ ?” ਕਹਿੰਦਾ, “ਮੈਂ ਦਿਓ।” ਛੱਤ ਉਪਰਲਾ ਕਹਿੰਦਾ, “ਮੈਂ ਦਿਓ ਦਾ ਵੀ ਪਿਓ।” ਦਿਓ ਕਹਿੰਦਾ, “ਕੋਈ ਸੁੱਟ ਨਿਸ਼ਾਨੀ।” ਉਹਨਾਂ ਨੇ ਮੋਘੇ ਥਾਣੀਂ ਛੱਜ ਸੁੱਟ ਦਿੱਤਾ ਅਤੇ ਕਿਹਾ ਕਿ “ਦੇਖ ਯਾਰਾਂ ਦਾ ਕੰਨ।” ਦਿਓ ਹੈਰਾਨ ਰਹਿ ਗਿਆ ਅਤੇ ਫੇਰ ਕਹਿੰਦਾ, “ਤੂੰ ਹੈਂ ਕੌਣ ?'' ਉਪਰਲਾ ਕਹਿੰਦਾ, “ਮੈਂ ਦਿਓ ਦਾ ਵੀ ਪਿਓ।” ਕਹਿੰਦਾ, “ਸੁੱਟ ਨਿਸ਼ਾਨੀ।” ਉਪਰਲੇ ਨੇ ਹਲ ਦਾ ਚੋਅ ਸੁੱਟ ਕੇ ਕਿਹਾ ਦੇਖ ਯਾਰਾਂ ਦਾ ਦੰਦ।” ਦਿਓ ਹੋਰ ਡਰ ਗਿਆ ਅਤੇ ਪੁੱਛਿਆ, “ਤੂੰ ਹੈਂ ਕੌਣ ? ਇਹ ਤਾਂ ਦੱਸ।” ਉਹ ਕਹਿੰਦਾ, “ਮੈਂ ਦਿਓ ਦਾ ਵੀ ਪਿਓ।” ‘“ਫੇਰ ਹੋਰ ਸੁੱਟ ਨਿਸ਼ਾਨੀ।” ਹੁਣ ਉਪਰਲੇ ਨੇ ਲੰਬਾ ਰੱਸਾ (ਲਾਸ) ਸੁੱਟ ਦਿੱਤਾ ਅਤੇ ਕਿਹਾ, “ਦੇਖ ਯਾਰਾਂ ਦੀ ਮੁੱਛ ਦਾ ਵਾਲ।” ਦਿਓ ਅਸਲੋਂ ਹੀ ਡਰ ਗਿਆ ਕਿ ਇਹ ਕਿਹੜਾ ਜਾਨਵਰ ਹੋ ਸਕਦਾ ਹੈ। ਉਸ ਨੇ ਹੋਰ ਜਾਣਨ ਲਈ ਕੰਬਦੀ ਆਵਾਜ਼ ਵਿਚ ਪੁੱਛਿਆ, “ਪਰ ਤੂੰ ਹੈਂ ਕੌਣ ?” ਉਪਰਲੇ ਨੇ ਉੱਚੀ ਆਵਾਜ਼ ਵਿਚ ਕਿਹਾ, “ਮੈਂ ਦਿਓ ਦਾ ਵੀ ਪਿਓ।” ਦਿਓ ਫੇਰ ਕਹਿੰਦਾ, “ਕੋਈ ਸੁੱਟ ਨਿਸ਼ਾਨੀ।” ਹੁਣ ਉਪਰੋਂ ਚਾਰੇ ਜਣਿਆਂ ਨੇ ਗਾਰੇ ਦਾ ਭਰਿਆ ਢੋਲ ਹੇਠਾਂ ਉਲਟਾ ਦਿੱਤਾ ਅਤੇ ਇਕੱਠਿਆਂ ਗਰਜ ਕੇ ਕਿਹਾ, “ਦੇਖ ਯਾਰਾਂ ਦੀ ਬਿੱਠ।” ਗਾਰਾ ਦਿਓ ਦੇ ਸਿਰ ਵਿਚ ਹੀ ਪੈ ਜਾਣਾ ਸੀ। ਉਹ ਮਸੀਂ ਬਚਿਆ। ਸੋਚਿਆ ਇਹ ਤਾਂ ਕੋਈ ਅਜੀਬ ਸ਼ੈਅ ਹੈ। ਉਹ ਇਕ ਦਮ ਪੂਰੇ ਜ਼ੋਰ ਨਾਲ ਘਰੋਂ ਭੱਜ ਗਿਆ ਅਤੇ ਮੁੜ ਕੇ ਕਦੇ ਵੀ ਉਥੇ ਨਾ ਆਇਆ। ਇਸ ਤਰ੍ਹਾਂ ਉਹਨਾਂ ਚਾਰੇ ਮੁੰਡਿਆਂ ਨੇ ਸਾਰੇ ਪਿੰਡਾਂ ਦਾ ਦਿਓ ਤੋਂ ਖਹਿੜਾ ਛੁਡਾ ਦਿੱਤਾ।


Post a Comment

0 Comments