ਜੱਟ ਦੀ ਕੁੜੀ ਦੇ ਸੰਯੋਗ
Jatt Di Kudi De Sanjog
ਇਕ ਭਾਈ ਜੱਟ ਦੀ ਕੁੜੀ ਸੀ ਅਤੇ ਇਕ ਪੰਡਤ ਦੀ। ਉਹ ਇਕੋ ਜਮਾਤ ਵਿਚ ਪੜ੍ਹਦੀਆਂ ਸਨ। ਦੋਵੇਂ ਪਹਿਲੀ ਜਮਾਤ ਦਾ ਕਾਇਦਾ ਪੜ੍ਹਨਾ ਸਿਖ ਰਹੀਆਂ ਸਨ। ਉਹਨਾਂ ਦਾ ਮਾਸਟਰ ਜ਼ਾਤ ਦਾ ਬ੍ਰਾਹਮਣ ਸੀ। ਜਦੋਂ ਉਹ ਮਾਸਟਰ ਪੜ੍ਹਾਉਣ ਲੱਗਦਾ ਤਾਂ ਉਹ ਪੰਡਤ ਦੀ ਕੁੜੀ ਨੂੰ ਤਾਂ ਚੰਗੀ ਤਰ੍ਹਾਂ ਊੜਾ ਐੜਾ ਪੜ੍ਹਾਉਂਦਾ, ਪਰੰਤੂ ਜਦ ਜੱਟ ਦੀ ਧੀ ਦੀ ਵਾਰੀ ਆਉਂਦੀ ਤਾਂ ਉਹ ਅਊਂ ਗਊਂ ਕਰ ਜਾਂਦਾ। ਇਕ ਦੋ ਦਿਨ ਦੇਖ ਕੇ ਜੱਟ ਦੀ ਧੀ ਨੇ ਘਰ ਜਾ ਕੇ ਆਪਣੇ ਪਿਉ ਨੂੰ ਦੱਸ ਦਿੱਤਾ।
ਅਗਲੇ ਦਿਨ ਜੱਟ ਸਕੂਲ ਦੇ ਕਮਰੇ ਦੇ ਉਹਲੇ ਹੋ ਕੇ ਖਲੋ ਗਿਆ। ਜਦੋਂ ਮਾਸਟਰ ਪੜ੍ਹਾਉਣ ਲੱਗਿਆ ਤਾਂ ਉਹ ਫੇਰ ਜੱਟ ਦੀ ਕੁੜੀ ਵਾਰੀ ਅਊਂ ਗਊਂ ਕਰ ਗਿਆ। ਕਮਰੇ ਉਹਲੇ ਖੜਾ ਜੱਟ ਝੱਟ ਮਾਸਟਰ ਦੇ ਸਾਹਮਣੇ ਆ ਗਿਆ। ਕਹਿੰਦਾ, “ਮਾਸਟਰ ਜੀ, ਇਹ ਕੀ ਗੱਲ ਹੈ। ਪੰਡਤ ਦੀ ਕੁੜੀ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਪੜ੍ਹਾਉਂਦੇ ਹੋ, ਪਰ ਮੇਰੀ ਧੀ ਵਾਰੀ ਅਊਂ ਗਊਂ ਕਰ ਜਾਂਦੇ ਹੋ।” ਮਾਸਟਰ ਨੇ ਜੱਟ ਦੇ ਮੋਢੇ 'ਤੇ ਹੱਥ ਧਰਿਆ ਅਤੇ ਸੋਚੀਂ ਪਏ ਜੱਟ ਨੂੰ ਇਕ ਪਾਸੇ ਲੈ ਗਿਆ। ਕਹਿੰਦਾ, “ਕੀ ਦੱਸਾਂ, ਇਸ ਦੀ ਕਿਸਮਤ ਹੀ ਐਸੀ ਹੈ। ਪੰਡਤ ਦੀ ਕੁੜੀ ਦੇ ਤਾਂ ਰਾਜੇ ਨਾਲ ਸੰਯੋਗ ਹਨ, ਪਰ ਤੇਰੀ ਕੁੜੀ ਦੇ ਮਰੇ ਹੋਏ ਬੰਦੇ ਨਾਲ ਸੰਯੋਗ ਹਨ। ਇਸ ਲਈ ਇਹਨੂੰ ਪੜ੍ਹਾਈ ਦਾ ਕੀ ਫ਼ਾਇਦਾ। ਚੰਗਾ ਹੋਵੇ ਤੂੰ ਇਸ ਨੂੰ ਕਿਧਰੇ ਦੂਰ ਛੱਡ ਆਵੇਂ।” ਪੁਰਾਣੇ ਸਮਿਆਂ ਵਿਚ ਲੋਕ ਪੰਡਤਾਂ ਦੀ ਗੱਲ ਮੰਨਦੇ ਸਨ। ਜੱਟ ਨੂੰ ਵਹਿਮ ਪੈ ਗਿਆ ਅਤੇ ਉਸ ਨੇ ਕੁੜੀ ਨੂੰ ਕਿਧਰੇ ਦੂਰ ਛੱਡਣ ਦੀ ਧਾਰ ਲਈ।
ਕੁਝ ਦਿਨਾਂ ਬਾਅਦ ਜੱਟ ਨੇ ਆਪਣੀ ਧੀ ਨੂੰ ਕਿਹਾ ਕਿ “ਚੱਲ ਪੁੱਤ, ਤੈਨੂੰ ਤੇਰੇ ਨਾਨਕੇ ਮਿਲਾ ਕੇ ਲਿਆਵਾਂ।” ਉਹ ਦੋਵੇਂ ਚੱਲ ਪਏ। ਰਾਹ ਵਿਚ ਇਕ ਉਜਾੜ ਜਿਹੀ ਥਾਂ ਆ ਗਈ। ਕੁੜੀ ਕਹਿੰਦੀ, “ਮੈਨੂੰ ਪਿਆਸ ਲੱਗੀ ਹੈ। ਸਾਹਮਣੇ ਇਕ ਟੁੱਟੀ ਜਿਹੀ ਸਰਾਂ ਸੀ। ਉਰਲੇ ਪਾਸੇ ਇਕ ਬਾਰੀ ਸੀ। ਜੱਟ ਕਹਿੰਦਾ, “ਜਾਹ ਪੁੱਤ, ਉਹ ਬਾਰੀ ਖੋਲ੍ਹ ਕੇ ਅੰਦਰ ਚਲੀ ਜਾਈਂ। ਅੰਦਰ ਨਲਕਾ ਹੈ।” ਕੁੜੀ ਚਲੀ ਗਈ। ਉਹ ਬਾਰੀ ਖੋਲ੍ਹ ਕੇ ਅੰਦਰ ਵੜ ਗਈ, ਪਰੰਤੂ ਜਦ ਆਉਣ ਲੱਗੀ ਤਾਂ ਬਾਰੀ ਬੰਦ ਹੋ ਗਈ। ਉਹ ਕੁੜੀ ਅੰਦਰੇ ਬੰਦ ਹੋ ਗਈ। ਉਸ ਦਾ ਪਿਉ ਉਸ ਨੂੰ ਉਥੇ ਹੀ
ਛੱਡ ਕੇ ਚਲਾ ਗਿਆ। ਕੁੜੀ ਨੇ ਜਦ ਕਮਰੇ ਵਿਚ ਦੇਖਿਆ ਤਾਂ ਉਸ ਦੀ ਨਜ਼ਰ ਇਕ ਖੂੰਜੇ ਵਿਚ ਪਏ ਬੰਦੇ ਉਪਰ ਪਈ। ਹੋਰ ਨੇੜੇ ਹੋ ਕੇ ਦੇਖਿਆ ਤਾਂ ਉਹ ਬੰਦਾ ਮਰਿਆ ਹੋਇਆ ਜਾਪਦਾ ਸੀ। ਉਹ ਇਹ ਦੇਖ ਕੇ ਵੀ ਹੈਰਾਨ ਹੋਈ ਕਿ ਉਸ ਦਾ ਸਾਰਾ ਸਰੀਰ ਸੂਈਆਂ ਨਾਲ ਤੜੱਪਿਆ ਪਿਆ ਸੀ।
ਜੱਟ ਦੀ ਕੁੜੀ ਉਸ ਬੰਦੇ ਦੇ ਸਰੀਰ ਵਿਚੋਂ ਸੂਈਆਂ ਕੱਢਣ ਲੱਗ ਪਈ। ਫੇਰ ਉਥੇ ਇਕ ਬਾਜ਼ੀਗਰਨੀ ਨੇ ਆ ਹੋਕਾ ਦਿੱਤਾ ਕਿ ਕੋਈ ਮੈਨੂੰ ਨੌਕਰ ਰੱਖ ਲਉ। ਜੱਟ ਦੀ ਕੁੜੀ ਨੇ ਬਾਜ਼ੀਗਰਨੀ ਨੂੰ ਨੌਕਰ ਰੱਖ ਲਿਆ ਅਤੇ ਉਹ ਦੋਵੇਂ ਸੂਈਆਂ ਕੱਢਣ ਲੱਗ ਪਈਆਂ। ਜਦੋਂ ਉਸ ਬੰਦੇ ਦੇ ਸਰੀਰ ਵਿਚੋਂ ਸਾਰੀਆਂ ਸੂਈਆਂ ਨਿਕਲ ਗਈਆਂ ਤਾਂ ਉਹ ‘ਵਾਹਿਗੁਰੂ ਵਾਹਿਗੁਰੂ' ਕਰਦਾ ਬੈਠਾ ਹੋ ਗਿਆ। ਦੋਵਾਂ ਨੇ ਉਸ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਉਸ ਨੇ ਬਾਜ਼ੀਗਰਨੀ ਨੂੰ ਆਪਣੀ ਪਤਨੀ ਬਣਾ ਲਿਆ ਅਤੇ ਉਸ ਕੁੜੀ ਨੂੰ ਨੌਕਰ। ਉਹ ਇਕ ਅਮੀਰ ਰਾਜ ਕੁਮਾਰ ਸੀ ਅਤੇ ਦੋਵਾਂ ਨੂੰ ਆਪਣੇ ਮਹਿਲੀਂ ਲੈ ਗਿਆ। ਇਕ ਦਿਨ ਉਹ ਕਿਸੇ ਵੱਡੇ ਸ਼ਹਿਰ ਜਾ ਰਿਹਾ ਸੀ ਤਾਂ ਉਸ ਨੇ ਦੋਵਾਂ ਨੂੰ ਕਿਹਾ ਕਿ ਜੇ ਕੁਛ ਮੰਗਵਾਉਣਾ ਹੈ ਤਾਂ ਦੱਸ ਦਿਉ। ਬਾਜ਼ੀਗਰਨੀ ਨੇ ਚਨੇ ਲਿਆਉਣ ਲਈ ਕਿਹਾ ਅਤੇ ਜੱਟ ਦੀ ਕੁੜੀ ਨੇ ਆਪਣੇ ਲਈ ਮੋਮਣ ਗੁੱਡੀਆਂ ਦੀ ਮੰਗ ਕੀਤੀ।
ਉਹ ਰਾਜ ਕੁਮਾਰ ਕਈ ਦਿਨ ਘੁੰਮਦਾ ਰਿਹਾ। ਉਸ ਨੇ ਮੁੜਨ ਵੇਲੇ ਚਨੇ ਤਾਂ ਖ਼ਰੀਦ ਲਏ ਪਰ ਮੋਮਣ ਗੁੱਡੀਆਂ ਕਿਤੋਂ ਨਾ ਮਿਲੀਆਂ। ਫਿਰ ਉਹ ਪਿੰਡਾਂ ਵਿਚ ਘੁੰਮਣ ਲੱਗ ਪਿਆ ਅਤੇ ‘ਕੋਈ ਮੋਮਣ ਗੁੱਡੀਆਂ ਵੇਚ ਲਉ' ਦਾ ਹੋਕਾ ਦਿੰਦਾ ਗਿਆ। ਘੁੰਮਦਾ ਘੁੰਮਦਾ ਉਹ ਕੁੜੀ ਦੇ ਪਿੰਡ ਆ ਗਿਆ। ਉਸ ਦਾ ਹੋਕਾ ਸੁਣ ਕੇ ਕੁੜੀ ਦੀ ਮਾਂ ਨੇ ਜੱਟ ਨਾਲ ਸਲਾਹ ਕੀਤੀ ਕਿ ਆਪਣੀ ਕੁੜੀ ਨੇ ਤਾਂ ਹੁਣ ਖੇਡਣਾ ਨਹੀਂ। ਆਪਾਂ ਉਸ ਦੀਆਂ ਗੁੱਡੀਆਂ ਵੇਚ ਦਿੰਦੇ ਆਂ। ਇਸ ਤਰ੍ਹਾਂ ਉਸ ਰਾਜ ਕੁਮਾਰ ਨੂੰ ਮੋਮਣ ਗੁੱਡੀਆਂ ਮਿਲ ਗਈਆਂ। ਘਰ ਜਾ ਕੇ ਉਸ ਨੇ ਦੋਵਾਂ ਨੂੰ ਆਪਣੀਆਂ ਆਪਣੀਆਂ ਚੀਜ਼ਾਂ ਵੰਡ ਦਿੱਤੀਆਂ।
ਹੁਣ ਜੱਟ ਦੀ ਕੁੜੀ ਰੋਜ਼ਾਨਾ ਮੋਮਣ ਗੁੱਡੀਆਂ ਨੂੰ ਨਹਾ ਕੇ ਸੋਹਣੇ ਕੱਪੜੇ ਪੁਆਇਆ ਕਰੇ ਅਤੇ ਫੇਰ ਉਹ ਹਰ ਰੋਜ਼ ਉਹਨਾਂ ਤੋਂ ਪੁੱਛਿਆ ਕਰੇ, “ਬੋਲੋ ਮੇਰੀਓ ਮੋਮਣ ਗੁੱਡੀਓ, ਮੇਰੇ ਮਾਂ ਪਿਓ ਕੀ ਕੰਮ ਕਰਦੇ ਨੇ ?” ਇਕ ਦਿਨ ਉਸ ਰਾਜ ਕੁਮਾਰ ਨੇ ਉਸ ਨੂੰ ਇਹ ਕਹਿੰਦੀ ਨੂੰ ਸੁਣ ਲਿਆ। ਉਸ ਨੇ ਕੁੜੀ ਤੋਂ ਉਸ ਦੇ ਮਾਂ ਪਿਉ ਬਾਰੇ ਪੁੱਛਿਆ। ਫਿਰ ਉਸ ਨੇ ਦੱਸਿਆ ਕਿ ਮੇਰੇ ਮਾਂ-ਪਿਉ ਉਹੀ ਹਨ, ਜਿਨ੍ਹਾਂ ਤੋਂ ਉਹ ਮੋਮਣ ਗੁੱਡੀਆਂ ਲੈ ਕੇ ਆਇਆ ਹੈ। ਫਿਰ ਉਸ ਨੇ ਆਪਣੇ ਪੰਡਤ ਮਾਸਟਰ ਦੀ ਸੰਯੋਗਾਂ ਵਾਲੀ ਗੱਲ ਵੀ ਦੱਸੀ। ਇਸ ਗੱਲ ਦਾ ਰਾਜ ਕੁਮਾਰ `ਤੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਉਸ ਨੇ ਉਸ ਦਿਨ ਤੋਂ ਹੀ ਉਸ ਕੁੜੀ ਨੂੰ ਆਪਣੀ ਪਤਨੀ ਬਣਾ ਲਿਆ ਅਤੇ ਬਾਜ਼ੀਗਰਨੀ ਨੂੰ ਨੌਕਰ। ਫਿਰ ਉਹ ਦੋਵੇਂ ਜਣੇ ਮੋਮਣ ਗੁੱਡੀਆਂ ਨੂੰ ਨਾਲ ਲੈ ਕੇ ਉਸ ਕੁੜੀ ਦੇ ਮਾਂ ਪਿਉ ਨੂੰ ਲੈਣ ਚਲੇ ਗਏ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ। ਪਾਉਣਾ ਸੀ ਚੁਬਾਰਾ, ਪੈ ਗਈ ਸਬਾਤ।
0 Comments