Punjabi Story "Dhanya Raja Bikramjeet" "ਧੰਨ ਰਾਜਾ ਬਿਕਰਮਜੀਤ" in Punjabi Language.

ਧੰਨ ਰਾਜਾ ਬਿਕਰਮਜੀਤ 
Dhanya Raja Bikramjeet


ਇਕ ਵਾਰੀ ਕਿਸੇ ਦੇਸ ਵਿਚ ਬਿਕਰਮਜੀਤ ਨਾਂ ਦਾ ਰਾਜਾ ਸੀ, ਜੋ ਬਹੁਤ ਹੀ ਦਿਆਲੂ ਸੀ। ਉਹ ਮਨੁੱਖਾਂ ਅਤੇ ਕੁਦਰਤ ਦੇ ਸਭ ਜੀਵਾਂ ਨੂੰ ਪਿਆਰ ਕਰਦਾ ਸੀ। ਉਹ ਬੜੇ ਲੋਕ ਭਲਾਈ ਦੇ ਕੰਮ ਕਰਦਾ। ਗੁਆਂਢੀ ਰਾਜੇ ਐਸ਼-ਪ੍ਰਸਤੀ ਵਿਚ ਗਲਤਾਨ ਰਹਿੰਦੇ ਸਨ ਅਤੇ ਉਹਨਾਂ ਦੀ ਪਰਜਾ ਰਾਜੇ ਬਿਕਰਮਜੀਤ ਦੇ ਚੰਗੇ ਕੰਮਾਂ ਦੀ ਚਰਚਾ ਕਰਦੀ। ਇਸ ਤਰ੍ਹਾਂ ਉਹ ਰਾਜੇ ਦੁਖੀ ਹੋ ਕੇ ਰਾਜੇ ਬਿਕਰਮਜੀਤ ਨਾਲ ਈਰਖਾ ਕਰਨ ਲੱਗ ਪਏ ਕਿਉਂਕਿ ਮਜਬੂਰੀ ਕਰਕੇ ਹੀ ਉਹਨਾਂ ਨੂੰ ਕੁਝ ਲੋਕ-ਭਲਾਈ ਦੇ ਕੰਮ ਕਰਨੇ ਪੈਂਦੇ।

ਇਕ ਦਿਨ ਰਾਜੇ ਬਿਕਰਮਜੀਤ ਦੇ ਮਹਿਲਾਂ ਉਪਰ ਦੋ ਹੰਸ ਆ ਕੇ ਬੈਠ ਗਏ। ਬਰਫ਼ ਵਰਗੇ ਚਿੱਟੇ ਅਤੇ ਲੰਮੀਆਂ ਧੌਣਾਂ ਵਾਲੇ। ਉਹ ਹੇਠਾਂ ਬੈਠੇ ਰਾਜੇ ਦੇ ਨਜ਼ਰੀਂ ਪੈ ਗਏ। ਰਾਜੇ ਨੇ ਉਹਨਾਂ ਲਈ ਮੋਤੀਆਂ ਦਾ ਇਕ ਥਾਲ ਭੇਜਿਆ। ਰਾਜੇ ਦਾ ਸਾਰਾ ਪਰਿਵਾਰ ਵੀ ਮਹਿਲਾਂ ਉਪਰ ਚੜ੍ਹ ਆਇਆ। ਹੰਸ ਮੋਤੀ ਚੁਗ ਕੇ ਬਹੁਤ ਖ਼ੁਸ਼ ਹੋਏ। ਸਤਿਜੁਗ ਵਿਚ ਜਾਨਵਰ ਵੀ ਗੱਲਾਂ ਕਰਿਆ ਕਰਦੇ ਸਨ। ਹੰਸਾਂ ਨੇ ਰਾਜੇ ਦੇ ਬੱਚਿਆਂ ਨਾਲ ਮਿੱਠੀਆਂ ਮਿੱਠੀਆਂ, ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ। ਹੰਸ ਕਹਿੰਦੇ, “ਅਸੀਂ ਮਾਨ ਸਰੋਵਰ ਝੀਲ ਦੇ ਹੰਸ ਹਾਂ। ਅਸੀਂ ਕੇਵਲ ਮੋਤੀ ਹੀ ਚੁਗਦੇ ਹਾਂ, ਹੋਰ ਕੋਈ ਚੀਜ਼ ਨਹੀਂ ਖਾਂਦੇ।” ਭਲਾ ਰਾਜੇ ਕੋਲ ਮੋਤੀਆਂ ਦਾ ਕੀ ਘਾਟਾ ਸੀ। ਰਾਜੇ ਨੇ ਹੰਸਾਂ ਨੂੰ ਪਿਆਰ ਨਾਲ ਕਿਹਾ ਕਿ ਤੁਸੀਂ ਕੁਝ ਦਿਨ ਸਾਡੇ ਕੋਲ ਹੀ ਰਹੋ। ਹੰਸਾਂ ਨੂੰ ਉਹਨਾਂ ਦਾ ਪਰਿਵਾਰ ਅਤੇ ਦੋਸਤ ਝੀਲ 'ਤੇ ਉਡੀਕ ਰਹੇ ਸੀ, ਪਰ ਫਿਰ ਵੀ ਉਹ ਨਾਂਹ ਨਾ ਕਰ ਸਕੇ। ਉਹ ਕੁਝ ਦਿਨ ਰਹਿਣ ਲਈ ਸਹਿਮਤ ਹੋ ਗਏ।

ਹੰਸਾਂ ਨੂੰ ਸਵੇਰੇ ਸ਼ਾਮ ਮੋਤੀਆਂ ਦਾ ਬਾਲ ਮਿਲ ਜਾਂਦਾ। ਦਿਨ ਵੇਲੇ ਉਹ ਨੇੜੇ ਤੇੜੇ ਉਡਾਰੀ ਲਾ ਆਉਂਦੇ। ਕਿੰਨਾ ਕਿੰਨਾ ਚਿਰ ਉਹਨਾਂ ਦਾ ਦਿਲ ਲਵਾ ਜਾਂਦੇ। ਉਹ ਮੌਜਾਂ ਨਾਲ ਰਹਿੰਦੇ ਰਹੇ। ਇਕ ਦਿਨ ਉਹਨਾਂ ਨੇ ਰਾਜੇ ਤੋਂ ਜਾਣ ਦੀ ਆਗਿਆ ਮੰਗੀ। ਰਾਜੇ ਨੇ ਮੋਤੀਆਂ ਦਾ ਥਾਲ ਉਹਨਾਂ ਨੂੰ ਪਾਇਆ ਅਤੇ ਕਿਹਾ, “ਮੇਰਾ ਨਾਂ ਰਾਜਾ ਬਿਕਰਮਜੀਤ ਹੈ। ਜੇ ਰਸਤੇ ਵਿਚ ਤੁਹਾਨੂੰ ਕੋਈ ਮੁਸੀਬਤ ਆਵੇ ਤਾਂ ਮੈਨੂੰ ਸੁਨੇਹਾ ਘੱਲ ਦੇਣਾ।”

ਹੰਸਾਂ ਨੇ ਕਿਹਾ, “ਹੇ ਰਾਜਾ ਤੂੰ ਧੰਨ ਹੈਂ! ਅਸੀਂ ਤੇਰਾ ਪਿਆਰ ਕਦੇ ਵੀ ਨਹੀਂ ਭੁੱਲਾਂਗੇ।” ਉਹ ਉੱਡਣ ਲਈ ਤਿਆਰ ਹੋਏ। ਸਾਰਾ ਪਰਿਵਾਰ ਉਹਨਾਂ ਨੂੰ ਵਿਦਾ ਕਰਨ ਲਈ ਸਾਹਮਣੇ ਖੜਾ ਸੀ। ਹੰਸਾਂ ਨੇ ਬੱਚਿਆਂ ਵੱਲ ਪਿਆਰ ਨਾਲ ਦੇਖਿਆ ਅਤੇ ਫੇਰ ਉਦਾਸ ਚਿਹਰੇ ਲੈ ਕੇ ਉਡਾਰੀ ਮਾਰ ਗਏ।

ਰਾਹ ਵਿਚ ਹੰਸ ਰਾਜੇ ਬਿਕਰਮਾਜੀਤ ਦਾ ਨਾਂ ਜਪਦੇ ਤੁਰੇ ਗਏ। ‘ਧੰਨ ਰਾਜਾ ਬਿਕਰਮਜੀਤ, ਧੰਨ ਰਾਜਾ ਬਿਕਰਮਜੀਤ’। ਇਉਂ ਕਹਿੰਦੇ ਕਹਿੰਦੇ ਉਹ ਰਾਜੇ ਦੀ ਜੂਹ ਪਾਰ ਹੋ ਗਏ। ਅੱਗੇ ਰਾਜਾ ਕਰਨ ਦਾ ਦੇਸ ਸੀ। ਜਦੋਂ ਹੰਸ ਰਾਜੇ ਕਰਨ ਦੇ ਮਹਿਲਾਂ ਉੱਤੋਂ ਦੀ ‘ਧੰਨ ਰਾਜਾ ਬਿਕਰਮਜੀਤ' ਕਹਿ ਕੇ ਲੰਘੇ ਤਾਂ ਰਾਜੇ ਨੇ ਸੁਣ ਲਿਆ। ਉਸ ਨੇ ਆਪਣੇ ਬਾਜ਼ ਹੰਸਾਂ ਦੇ ਪਿੱਛੇ ਛੱਡ ਦਿੱਤੇ। ਛੇਤੀ ਹੀ ਬਾਜ਼ ਹੰਸਾਂ ਨੂੰ ਵਾਪਸ ਰਾਜੇ ਦੇ ਮਹਿਲਾਂ ਵਿਚ ਮੋੜ ਲਿਆਏ। ਰਾਜਾ ਕਰਨ, ਸਵਾ ਮਣ ਸੋਨਾ ਰੋਜ਼ਾਨਾ ਪੁੰਨ ਕਰਿਆ ਕਰਦਾ ਸੀ। ਉਸ ਨੇ ਹੰਸਾਂ ਨੂੰ ਕਿਹਾ :

 “ਤੁਸੀਂ ਮੇਰਾ ਨਾਂ ਕਿਉਂ ਨਹੀਂ ਲੈਂਦੇ। ਮੈਂ ਸਵਾ ਮਣ ਸੋਨਾ ਰੋਜ਼ਾਨਾ ਪੁੰਨ ਕਰਦਾ ਹਾਂ।”

ਹੰਸਾਂ ਨੇ ਸਤਿਕਾਰ ਨਾਲ ਕਿਹਾ, “ਰਾਜੇ ਬਿਕਰਮਜੀਤ ਨੇ ਸਾਨੂੰ ਮੋਤੀ ਖੁਆਏ ਹਨ ਅਤੇ ਪਿਆਰ ਦਿੱਤਾ ਹੈ। ਅਸੀਂ ਉਸ ਦਾ ਨਾਂ ਹੀ ਸਾਰੀ ਉਮਰ ਜਪਾਂਗੇ।” ਰਾਜੇ ਕਰਨ ਨੇ ਹੰਸਾਂ ਨੂੰ ਜੇਲ੍ਹ ਵਿਚ ਡੱਕ ਦਿੱਤਾ ਅਤੇ ਕਿਹਾ, “ਜੇ ਤੁਹਾਡਾ ਰਾਜਾ ਧੰਨ ਹੈ ਤਾਂ ਤੁਹਾਨੂੰ ਇਥੋਂ ਛੁਡਾ ਕੇ ਦਿਖਾਵੇ।”

ਹੰਸ ਫ਼ਿਕਰਾਂ ਵਿਚ ਪੈ ਗਏ। ਉਹ ਹੁਣ ਭੁੱਖ ਅਤੇ ਚਿੰਤਾ ਨਾਲ ਸੁੱਕਣ ਲੱਗੇ। ਕਿਸੇ ਤਰ੍ਹਾਂ ਰਾਜੇ ਬਿਕਰਮਜੀਤ ਨੂੰ ਪਤਾ ਲੱਗ ਗਿਆ। ਉਹ ਭੇਸ ਬਦਲ ਕੇ ਦੂਜੀ ਰਾਜਧਾਨੀ ਚਲਾ ਗਿਆ। ਫਿਰ ਉਸ ਨੇ ਰਾਜੇ ਕਰਨ ਬਾਰੇ ਸਾਰਾ ਪਤਾ ਕੀਤਾ। ਉਸ ਨੇ ਲੋਕਾਂ ਤੋਂ ਪੁੱਛਿਆ ਕਿ ਇਹ ਸਵਾ ਮਣ ਸੋਨਾ ਰੋਜ਼ਾਨਾ ਕਿਥੋਂ ਆਉਂਦਾ ਹੈ। ਲੋਕਾਂ ਨੇ ਉਸ ਨੂੰ ਦੱਸਿਆ ਕਿ ਸ਼ਹਿਰ ਤੋਂ ਬਾਹਰ ਇਕ ਸਾਧ ਰਹਿੰਦਾ ਹੈ। ਰਾਜਾ ਕਰਨ ਸਵੇਰੇ ਮੂੰਹ ਹਨੇਰੇ ਉੱਠ ਕੇ ਸਰੀਰ 'ਤੇ ਲੌਂਗ ਲਾਚੀਆਂ ਦੀ ਮਾਲਸ਼ ਕਰ ਕੇ ਉਸ ਸਾਧ ਦੇ ਡੇਰੇ ਵਿਚ ਜਾਂਦਾ ਹੈ। ਫਿਰ ਉਥੇ ਇਕ ਉਬਲਦੇ ਤੇਲ ਦੇ ਕੜਾਹੇ ਵਿਚ ਛਾਲ ਮਾਰਦਾ ਹੈ। ਸਾਧ ਉਸ ਨੂੰ ਕੱਢ ਕੇ ਉਸ ਦਾ ਸਵਾਦ ਚੱਖਦਾ ਹੈ। ਫਿਰ ਸਾਧ ਇਕ ਡੰਡੇ ਨਾਲੋਂ ਸਵਾ ਮਣ ਸੋਨਾ ਝਾੜ ਕੇ ਦੇ ਦਿੰਦਾ ਹੈ ਜੋ ਰਾਜਾ ਕਰਨ ਲੋਕਾਂ ਵਿਚ ਵੰਡ ਦਿੰਦਾ ਹੈ।

ਹੁਣ ਰਾਜੇ ਬਿਕਰਮਜੀਤ ਨੇ ਵਿਉਂਤ ਬਣਾ ਲਈ। ਉਹ ਅੱਧੀ ਰਾਤ ਨੂੰ ਹੀ ਉੱਠ ਬੈਠਾ ਅਤੇ ਸਰੀਰ 'ਤੇ ਮਾਲਸ਼ ਕੀਤੀ। ਤਿਆਰ ਹੋ ਕੇ ਸਾਧ ਦੇ ਡੇਰੇ ਪਹੁੰਚ ਗਿਆ। ‘ਔ ਲੱਖ ਨਿਰੰਜਨ' ਕਹਿ ਕੇ ਉਸ ਨੇ ਤੇਲ ਦੇ ਕੜਾਹੇ ਵਿਚ ਛਾਲ ਮਾਰ ਦਿੱਤੀ। ਸਾਧ ਨੇ ਭੱਜ ਕੇ ਉਸ ਨੂੰ ਕੱਢ ਲਿਆ ਅਤੇ ਉਸ ਦਾ ਸਵਾਦ ਚਖਿਆ। ਬੜਾ ਸੁਆਦੀ ਸੀ। ਸਾਧ ਨੇ ਪੂਰਾ ਖ਼ੁਸ਼ ਹੋ ਕੇ ਕਿਹਾ :

“ਮੰਗ, ਬੱਚਾ, ਜੋ ਕੁਛ ਮੰਗਦਾ।”

ਰਾਜਾ ਬਿਕਰਮਜੀਤ ਕਹਿੰਦਾ :

“ਮਹਾਰਾਜ, ਤੁਹਾਡਾ ਦਿੱਤਾ ਸਭ ਕੁਛ ਹੈ। ਕਿਸੇ ਚੀਜ਼ ਦੀ ਲੋੜ ਨਹੀਂ।” 

ਸਾਧ ਫੇਰ ਕਹਿੰਦਾ, “ਬੱਚਾ, ਮੰਗ ਲੈ, ਦੂਸਰਾ ਬਚਨ ਐ।”

ਰਾਜਾ ਫਿਰ ਕਹਿੰਦਾ, “ਮਹਾਰਾਜ, ਤੁਹਾਡਾ ਦਿੱਤਾ ਸਭ ਕੁਛ ਐ।” 

ਸਾਧ ਉਸ ਨੂੰ ਖ਼ੁਸ਼ ਕਰਨ ਦੇ ਰੌਂਅ ਵਿਚ ਸੀ। ਉਹ ਫੇਰ ਬੋਲਿਆ: 

 “ਬੱਚਾ, ਮੰਗ ਲੈ, ਤੀਸਰਾ ਬਚਨ ਐ। ਫੇਰ ਨਾ ਪਛਤਾਈਂ।” 

ਰਾਜੇ ਬਿਕਰਮਜੀਤ ਨੇ ਝੱਟ ਆਖ ਦਿੱਤਾ :

“ਅੱਛਾ ਮਹਾਰਾਜ, ਮੈਨੂੰ ਤਾਂ ਸਿਰਫ਼ ਆਹ ਡੰਡਾ ਹੀ ਦੇ ਦਿਓ, ਜੋ ਤੁਹਾਡੇ ਹੱਥ ਵਿਚ ਹੈ।”

ਸਾਧ ਨੇ ਤਾਂ ਇਹ ਕਦੇ ਸੋਚਿਆ ਹੀ ਨਹੀਂ ਸੀ। ਰਾਜੇ ਨੇ ਕੱਛ 'ਚੋਂ ਮੁਗਲਾ ਕੱਢ ਮਾਰਿਆ ਸੀ। ਸਾਧ ਦੀ ਇਕ ਵਾਰੀ ਤਾਂ ਖਾਨਿਓਂ ਗਈ। ਪਰ ਪੁਰਾਣੇ ਲੋਕ ਬਚਨ ਪਾਲਦੇ ਸਨ। ਸਾਧ ਹੁਣ ਨਾਂਹ ਕਿੱਦਾਂ ਕਰ ਦਿੰਦਾ। ਉਸ ਨੇ ਚੁੱਪ ਕਰ ਕੇ ਸੋਨਾ ਝਾੜਨ ਵਾਲਾ ਡੰਡਾ ਰਾਜੇ ਬਿਕਰਮਜੀਤ ਨੂੰ ਫੜਾ ਦਿੱਤਾ। ਬਾਅਦ ਵਿਚ ਰੋਜ਼ਾਨਾ ਦੀ ਤਰ੍ਹਾਂ ਰਾਜਾ ਕਰਨ ਵੀ ਆਇਆ। ਕੜਾਹੇ ਦੇ ਨੇੜੇ ਆ ਕੇ ਜਦੋਂ ਉਹ ‘ਅੰ ਲੱਖ....' ਬੋਲਿਆ ਤਾਂ ਸਾਧ ਨੇ ਝੱਟ ਵਰਜ ਦਿੱਤਾ ਅਤੇ ਕਿਹਾ : 

“ਦੇਖੀਂ ਪ੍ਰੇਮੀਆ, ਕਿਤੇ ਛਾਲ ਮਾਰ ਦੇਂ। ਅੱਜ ਮੇਰੇ ਕੋਲ ਕੁਝ ਨਹੀਂ। ਸੋਨੇ ਵਾਲਾ ਡੰਡਾ ਤਾਂ ਕੋਈ ਪਹਿਲਾਂ ਹੀ ਲੈ ਗਿਆ ਹੈ।”

ਰਾਜਾ ਕਰਨ ਬੁੱਲ੍ਹ ਢਿੱਲੇ ਕਰ ਕੇ ਘਰ ਨੂੰ ਮੁੜ ਆਇਆ।

ਰਾਜਾ ਕਰਨ ਫ਼ਿਕਰਾਂ ਵਿਚ ਪੈ ਗਿਆ। ਸਾਰੀ ਦੁਨੀਆਂ ਬਦਲ ਗਈ ਲੱਗਦੀ ਸੀ। ਹੁਣ ਉਹ ਲੋਕਾਂ ਨੂੰ ਕੀ ਵੰਡੇਗਾ? ਲੋਕੀਂ ਉਹਦੇ ਬਾਰੇ ਕੀ ਸੋਚਣਗੇ? ਡੰਡਾ ਕੌਣ ਲੈ ਗਿਆ ਹੋਊ? ਇਹਨਾਂ ਸੋਚਾਂ ਨੇ ਰਾਜੇ ਕਰਨ ਨੂੰ ਮੰਜੇ 'ਤੇ ਪਾ ਦਿੱਤਾ। ਦਿਨੋ ਦਿਨ ਉਹਦੀ ਬੀਮਾਰੀ ਗੰਭੀਰ ਰੂਪ ਧਾਰਨ ਕਰਦੀ ਗਈ। ਕਿਸੇ ਵੈਦ ਤੋਂ ਉਹਦਾ ਇਲਾਜ ਨਾ ਹੋਇਆ। ਰਾਜੇ ਨੇ ਦੂਰ ਦੂਰ ਤਕ ਢੰਡੋਰਾ ਪਿਟਵਾ ਦਿੱਤਾ ਕਿ ਰਾਜੇ ਦਾ ਸਫਲ ਇਲਾਜ ਕਰਨ ਵਾਲੇ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ। ਰਾਜੇ ਬਿਕਰਮਜੀਤ ਨੇ ਫੇਰ ਸਕੀਮ ਬਣਾਈ।

ਉਹ ਫ਼ਕੀਰਾਂ ਵਾਲੇ ਕੱਪੜੇ ਪਾ ਕੇ ਚਲਾ ਗਿਆ ਅਤੇ ਰਾਜੇ ਕਰਨ ਦੇ ਮਹਿਲਾਂ ਅੱਗੇ ਜਾ ਕੇ ਉਸ ਦੇ ਪਹਿਰੇਦਾਰਾਂ ਨੂੰ ਕਿਹਾ ਕਿ ਉਹ ਰਾਜੇ ਦਾ ਇਲਾਜ ਕਰ ਸਕਦਾ ਹੈ। ਝੱਟ ਰਾਜੇ ਦੇ ਦਰਬਾਰੀ ਖ਼ੁਸ਼ ਹੋ ਕੇ ਉਸ ਨੂੰ ਰਾਜੇ ਕੋਲ ਲੈ ਗਏ। ਰਾਜਾ ਬਿਕਰਮਜੀਤ ਨੇ ਉਸ ਦੀ ਨਬਜ਼ ਦੇਖੀ। ਦਿਲ 'ਤੇ ਹੱਥ ਰੱਖ ਕੇ ਵੇਖਿਆ। ਪੈਰਾਂ ਦੀਆਂ ਪਾਤਲੀਆਂ 'ਤੇ ਉਂਗਲਾਂ ਮਾਰ ਕੇ ਦੇਖਿਆ ਅਤੇ ਫਿਰ ਕਹਿਣ ਲੱਗਾ :

“ਤੈਨੂੰ ਕੁਝ ਨਹੀਂ ਹੋਇਆ। ਤੈਨੂੰ ਕੇਵਲ ਹੰਸਾਂ ਦਾ ਸਰਾਪ ਮਾਰ ਗਿਆ ਹੈ ਜੋ ਤੂੰ ਕੈਦ ਕੀਤੇ ਹਨ। ਇਹਨਾਂ ਨੂੰ ਛੱਡ ਦੇਹ। ਫਿਰ ਤੂੰ ਨੌਂ-ਬਰ-ਨੌਂ ਹੋ ਜਾਵੇਗਾ।” ਰਾਜੇ ਨੇ ਹੰਸਾਂ ਨੂੰ ਛੱਡਣ ਦਾ ਬਚਨ ਦਿੱਤਾ ਕਿਉਂਕਿ ਉਸ ਦਾ ਕਾਫ਼ੀ ਹੰਕਾਰ ਜਾ ਚੁੱਕ ਸੀ। ਫੇਰ ਰਾਜੇ ਬਿਕਰਮਜੀਤ ਨੇ ਉਸ ਨੂੰ ਬੱਕਰੀ ਦੇ ਦੁੱਧ ਨਾਲ ਨੁਹਾਇਆ ਅਤੇ ਤੇਲ ਦੀ ਮਾਲਸ਼ ਕੀਤੀ। ਉਸ ਨੂੰ ਮੰਜੇ 'ਤੇ ਬਿਠਾ ਕੇ ਦਰਬਾਰੀਆਂ ਦੇ ਸਾਹਮਣੇ ਰਾਜੇ ਬਿਕਰਮਜੀਤ ਨੇ ਕਿਹਾ :

“ਬੇਗਾਨੇ ਸੋਨੇ ਦਾ ਐਨਾ ਹੰਕਾਰ ਨਹੀਂ ਕਰਨਾ ਚਾਹੀਦਾ। ਮੈਂ ਰਾਜਾ ਬਿਕਰਮਜੀਤ ਹਾਂ। ਮੈਨੂੰ ਸੋਨੇ ਵਾਲੇ ਡੰਡੇ ਦੀ ਲੋੜ ਨਹੀਂ। ਮੇਰੀ ਦਯਾ ਹੀ ਮੇਰਾ ਸੋਨਾ ਹੈ। ਆਹ ਤੂੰ ਆਪਣਾ ਸੋਨੇ ਵਾਲਾ ਡੰਡਾ ਵਾਪਸ ਲੈ ਲੈ।”

ਰਾਜਾ ਕਰਨ ਬਹੁਤ ਸ਼ਰਮਸਾਰ ਹੋਇਆ। ਉਹ ਰਾਜੇ ਬਿਕਰਮਜੀਤ ਦੇ ਪੈਰੀਂ ਡਿੱਗ ਪਿਆ ਅਤੇ ਮੁਆਫ਼ੀ ਮੰਗੀ। ਕਹਿੰਦਾ, “ਹੇ ਰਾਜਾ ਬਿਕਰਮਜੀਤ, ਤੂੰ ਸੱਚ ਮੁੱਚ ਧੰਨ ਹੈਂ।” ਉਸ ਨੇ ਤੁਰੰਤ ਹੰਸਾਂ ਦੀ ਜੋੜੀ ਨੂੰ ਜੇਲ੍ਹ ਵਿਚੋਂ ਛੱਡ ਦਿੱਤਾ। ਇਕ ਥਾਲ ਮੋਤੀਆਂ ਦਾ ਖੁਆ ਦਿੱਤਾ। ਹੰਸ, ਰਾਜੇ ਬਿਕਰਮਜੀਤ ਦਾ ਧੰਨਵਾਦ ਕਰ ਕੇ ਉਡਾਰੀ ਮਾਰ ਗਏ। ਉੱਡਦੇ ਹੋਏ ਉਹ ਕਹਿੰਦੇ ਜਾ ਰਹੇ ਸਨ : 

“ਧੰਨ ਰਾਜਾ ਬਿਕਰਮਜੀਤ।

ਧੰਨ ਰਾਜਾ ਬਿਕਰਮਜੀਤ।”


Post a Comment

0 Comments