ਗੁਜਰੀ ਆਖੇ ਲਿਆ ਭਾਈ ਲਾਲ
Gujri Akhe Liya Bhai Lal
ਇਕ ਵਾਰੀ ਭਾਈ ਇਕ ਫ਼ੌਜੀ ਛੁੱਟੀ ਲੈ ਕੇ ਘਰ ਆ ਰਿਹਾ ਸੀ। ਰਾਹ ਵਿਚ ਇਕ ਗੂਜਰੀ ਪਾਥੀਆਂ ਦਾ ਟੋਕਰਾ ਭਰੀ ਬੈਠੀ ਸੀ। ਉਹ ਕਹਿੰਦੀ, “ਵੇ ਭਾਈ, ਟੋਕਰਾ ਚੁਕਾਈਂ।” ਫ਼ੌਜੀ ਘੋੜੇ ਤੋਂ ਉਤਰ ਕੇ ਟੋਕਰਾ ਚੁਕਾਉਣ ਲੱਗਿਆ ਤਾਂ ਗੁਜਰੀ ਨੇ ਉਸ ਦੀ ਜੇਬ ਵਿਚ ਲਾਲ ਦਗ਼ਦੇ ਦੇਖ ਲਏ। ਉਹ ਕਹਿੰਦੀ, “ਵੇ ਭਾਈ, ਤੈਨੂੰ ਲੱਖਾਂ ਦੀ ਗੱਲ ਸੁਣਾਵਾਂ।” ਕਹਿੰਦਾ, “ਸੁਣਾ ਭਾਈ।” ਗੁਜਰੀ ਕਹਿੰਦੀ :
“ਪਈਏ ਵਿਛਾਉਣਾ ਝਾੜ
ਲਿਆ ਭਾਈ ਲਾਲ।”
ਫ਼ੌਜੀ ਨੇ ਆਪਣੀ ਜੇਬ ਵਿਚੋਂ ਲਾਲ ਕੱਢ ਕੇ ਉਸ ਨੂੰ ਦੇ ਦਿੱਤਾ। ਥੋੜ੍ਹੀ ਦੂਰ ਗਿਆ ਤਾਂ ਇਕ ਹੋਰ ਗੁਜਰੀ ਮਿਲੀ। ਉਸ ਨੇ ਵੀ ਟੋਕਰਾ ਚੁਕਾਉਣ ਲਈ ਰੋਕ ਲਿਆ। ਫੇਰ ਕਹਿੰਦੀ, “ਵੇ ਭਾਈ, ਤੈਨੂੰ ਲੱਖਾਂ ਦੀ ਗੱਲ ਸੁਣਾਵਾਂ।” ਕਹਿੰਦਾ, “ਸੁਣਾ ਭਾਈ।” ਗੁਜਰੀ ਬੋਲੀ :
“ਤੁਰੀਏ ਵਾਟ, ਲਈਏ ਸਾਥ।
ਲਿਆ ਭਾਈ ਲਾਲ।”
ਫ਼ੌਜੀ ਨੇ ਦੂਜਾ ਲਾਲ ਕੱਢ ਕੇ ਉਸ ਗੁਜਰੀ ਨੂੰ ਦੇ ਦਿੱਤਾ। ਟੋਕਰਾ ਚੁਕਾ ਕੇ ਉਹ ਫੇਰ ਆਪਣੇ ਰਾਹ ਪੈ ਗਿਆ। ਅੱਗੇ ਇਕ ਹੋਰ ਗੁਜਰੀ ਮਿਲੀ।ਕਹਿੰਦੀ, “ਵੇ ਭਾਈ, ਟੋਕਰਾ ਚੁਕਾਈਂ।” ਜਦੋਂ ਉਹ ਹੇਠਾਂ ਉਤਰਿਆ ਆਂ ਗੁਜਰੀ ਨੇ ਫੇਰ ਅਗਲਾ ਸਵਾਲ ਕਰ ਦਿੱਤਾ। ਕਹਿੰਦੀ, “ਵੇ ਭਾਈ, ਤੈਨੂੰ ਲੱਖਾਂ ਦੀ ਗੱਲ ਸੁਣਾਵਾਂ।” ਕਹਿੰਦਾ, “ਸੁਣਾ ਭਾਈ।” ਫੇਰ ਗੁਜਰੀ ਕਹਿੰਦੀ :
“ਪੁੱਛੀਏ ਬਾਤ, ਗੁੱਸਾ ਲਈਏ ਮਾਰ
ਲਿਆ ਭਾਈ ਲਾਲ।”
ਫ਼ੌਜੀ ਨੇ ਤੀਜਾ ਲਾਲ ਇਸ ਗੁਜਰੀ ਨੂੰ ਦੇ ਦਿੱਤਾ। ਇਸ ਤਰ੍ਹਾਂ ਉਸ ਦੇ ਤਿੰਨੇ ਲਾਲ, ਜੋ ਕਮਾ ਕੇ ਲਿਆਇਆ ਸੀ, ਚਲੇ ਗਏ। ਹੁਣ ਉਹ ਤਿੰਨ ਲਾਲਾਂ ਵੱਟੇ ਤਿੰਨ ਗੱਲਾਂ ਹੀ ਆਪਣੇ ਨਾਲ ਘਰ ਲਿਜਾ ਰਿਹਾ ਸੀ।
ਉਹ ਤਿੰਨਾਂ ਗੱਲਾਂ ਬਾਰੇ ਸੋਚਦਾ ਅੱਗੇ ਤੁਰਿਆ ਗਿਆ। ਸਿਖਰ ਦੁਪਹਿਰਾ ਹੋ ਗਿਆ। ਰਾਹ ਵਿਚ ਇਕ ਮਕਾਨ ਆਇਆ, ਜਿਥੇ ਠੰਢੇ ਪਾਣੀ ਦੇ ਘੜੇ ਬੂਹੇ 'ਤੇ ਰੱਖ ਕੇ ਇਕ ਬੁੱਢੀ ਬੈਠੀ ਹੋਈ ਸੀ। ਉਹ ਕਹਿੰਦੀ,
“ਦਮ ਲੈ ਲੈ ਵੇ ਪੁੱਤ। ਦੇਖ ਕਿੰਨੀ ਗਰਮੀ ਐ। ਪਾਣੀ ਧਾਣੀ ਪੀ ਅਤੇ ਆਰਾਮ ਕਰ ਕੇ ਚਲਾ ਜਾਈਂ।”
ਉਹ ਪਾਣੀ ਪੀਣ ਲਈ ਰੁਕ ਗਿਆ। ਸੋਚਿਆ ਆਰਾਮ ਕਰ ਲਈਏ, ਮਾਈ ਪਿਆਰ ਨਾਲ ਕਹਿੰਦੀ ਐ। ਬੁੱਢੀ ਪੁੱਤ ਪੁੱਤ ਕਰਦੀ ਉਸ ਨੂੰ ਪਾਣੀ ਪਿਆ ਕੇ ਇਕ ਬੈਠਕ ਵਿਚ ਲੈ ਗਈ। ਉਥੇ ਮੰਜੇ ਉਪਰ ਬਿਸਤਰਾ ਵਿਛਿਆ ਪਿਆ ਸੀ। ਬੁੱਢੀ ਕਹਿੰਦੀ, “ਪੁੱਤ, ਰੱਬ ਦੇ ਜੀਆਂ ਦੀ ਸੇਵਾ ਹੀ ਭਗਤੀ ਹੈ। ਮੈਂ ਮਰਨ ਕਿਨਾਰੇ ਹਾਂ। ਇਥੋਂ ਕੀ ਲੈ ਜਾਣਾ ਹੈ। ਬੱਸ ਆਏ ਗਏ ਦੀ ਸੇਵਾ ਕਰ ਛੱਡਦੀ ਹਾਂ। ਤੂੰ ਮੰਜੇ 'ਤੇ ਆਰਾਮ ਕਰ ਲੈ। ਮੈਂ ਤੇਰੇ ਲਈ ਚਾਹ ਬਣਾ ਕੇ ਲੈ ਆਉਂਦੀ ਹਾਂ।”
ਤਿੰਨੇ ਗੱਲਾਂ ਉਸ ਦੇ ਦਿਮਾਗ਼ ਵਿਚ ਘੁੰਮ ਰਹੀਆਂ ਸਨ। ਬਿਸਤਰੇ ਨੂੰ ਦੇਖ ਕੇ ਉਸ ਦੇ ਮਨ ਵਿਚ ਪਹਿਲੀ ਗੁਜਰੀ ਦੀ ਗੱਲ ਯਾਦ ਆਈ, ‘ਪਈਏ ਵਿਛਾਉਣਾ ਝਾੜ, ਲਿਆ ਭਾਈ ਲਾਲ। ਜਦ ਫ਼ੌਜੀ ਨੇ ਦਰੀ ਦਾ ਇਕ ਲੜ ਚੁੱਕਿਆ ਤਾਂ ਕੀ ਦੇਖਦੈ ? ਮੰਜਾ ਬੁਣਿਆ ਨਹੀਂ ਸੀ, ਕੇਵਲ ਦੋ ਰੱਸੀਆਂ ਉਧਰੋਂ ਉਧਰੀ ਪਾਈਆਂ ਹੋਈਆਂ ਹਨ। ਮੰਜੇ ਹੇਠਾਂ ਬਹੁਤ ਡੂੰਘਾ ਟੋਆ ਸੀ, ਜਿਸ ਵਿਚ ਮਨੁੱਖੀ ਲਾਸ਼ਾਂ ਪਈਆਂ ਹੋਈਆਂ ਸਨ। ਹਾਂ, ਇਹ ਮਿੱਠ-ਬੋਲੜੀ ਤਾਂ ਫਫੇਕੁੱਟਣੀ ਸੀ, ਜੋ ਰਾਹੀਆਂ ਨੂੰ ਮਾਰ ਕੇ ਲੁੱਟਿਆ ਕਰਦੀ ਸੀ। ਉਹ ਬੂਹੇ ਲਾਗੇ ਹੋ ਕੇ ਖਲੋ ਗਿਆ। ਜਦੋਂ ਬੁੱਢੀ ਆਈ ਤਾਂ ਉਸ ਨੇ ਝੱਟ ਚੁੱਕ ਕੇ ਬੁੱਢੀ ਨੂੰ ਟੋਏ ਵਿਚ ਗਲ ਪਰਨੇ ਕਰ ਦਿੱਤਾ। ਉਸ ਦਾ ਫਸਤਾ ਵੱਢ ਕੇ ਉਹ ਅੱਗੇ ਤੁਰ ਗਿਆ। ਕਹਿੰਦਾ ਆ ਤਾਂ ਕੰਮ ਦੇ ਗਿਆ ਬਈ ਲਾਲ।
ਹੁਣ ਉਹ ਦੂਜੀਆਂ ਦੋ ਗੱਲਾਂ ਦੇ ਬਾਰੇ ਸੋਚਦਾ ਤੁਰਿਆ ਗਿਆ। ਅੱਗੇ ਜਾ ਕੇ ਇਕ ਛੱਪੜ 'ਤੇ ਘੋੜੇ ਨੂੰ ਪਾਣੀ ਪਿਲਾਉਣ ਲੱਗ ਪਿਆ। ਸਾਹਮਣੇ ਖੁੰਢ 'ਤੇ ਇਕ ਕੱਛੂ ਬੈਠਾ ਸੀ। ਦੂਜੀ ਗੁਜਰੀ ਦੀ ਲੱਗ ਯਾਦ ਆਈ, ‘ਤੁਰੀਏ ਵਾਟ, ਲਈਏ ਸਾਥ।' ਫ਼ੌਜੀ ਨੇ ਸੋਚਿਆ ਕਿ ਉਹ ਇਕੱਲਾ ਹੈ। ਕਿਉਂ ਨਾ ਕੱਛੂ ਨੂੰ ਨਾਲ ਲੈ ਲਵੇ, ਸਾਥ ਬਣ ਜਾਵੇਗਾ। ਉਸ ਨੇ ਕੱਛੂ ਨੂੰ ਚੁੱਕ ਕੇ ਘੋੜੇ ਉਪਰ ਬਿਠਾ ਲਿਆ।
ਗਰਮੀ ਬਹੁਤ ਸੀ। ਉਹ ਫੇਰ ਇਕ ਵਣ ਥੱਲੇ ਘੋੜਾ ਬੰਨ੍ਹ ਕੇ ਇਕ ਪਾਸੇ ਲੇਟ ਗਿਆ। ਸੰਘਣੀ ਛਾਂ ਵਿਚ ਉਸ ਨੂੰ ਨੀਂਦ ਆ ਗਈ। ਕੱਛੂ ਉਸ ਦੇ ਕੋਲ ਬੈਠਾ ਰਿਹਾ। ਉਸ ਦਰੱਖ਼ਤ ਉੱਤੇ ਇਕ ਵੱਡੀ ਸਰਾਲ (ਮੋਟਾ ਸੱਪ) ਅਤੇ ਇਕ ਕਾਂ ਰਹਿੰਦੇ ਸਨ। ਦੋਵੇਂ ਰਲ ਕੇ ਸ਼ਿਕਾਰ ਮਾਰਦੇ ਸਨ। ਫ਼ੌਜੀ ਨੂੰ ਸੁੱਤਾ ਦੇਖ ਕੇ ਸਰਾਲ ਹੇਠਾਂ ਉਤਰੀ ਤੇ ਉਸ ਦੇ ਸਾਹ ਪੀ ਗਈ। ਫੇਰ ਕਾਂ ਉਸ ਦੀਆਂ ਅੱਖਾਂ ਕੱਢਣ ਆਇਆ ਤਾਂ ਕੱਛੂ ਨੇ ਝੱਟ ਕਾਂ ਦੀ ਧੌਣ ਫੜ ਲਈ। ਹੁਣ ਕਾਂ ਮਾਰੇ ਚੀਕਾਂ। ਕਹਿੰਦਾ “ਕਾਂ, ਕਾਂ, ਹਾਏ ਉਏ ਮਰ ਗਿਆ।” ਕੱਛੂ ਕਹਿੰਦਾ, “ਹੁਣ ਦੇਖ ਲਿਆ ਸਵਾਦ। ਪਹਿਲਾਂ ਸਰਾਲ ਨੂੰ ਕਹਿ ਸਾਹ ਪਾ ਕੇ ਜਾਵੇ। ਫੇਰ ਛੱਡ ਦਿਊਂ ਤੈਨੂੰ।” ਕਾਂ ਨੇ ਸਰਾਲ ਨੂੰ ਮਿੰਨਤ ਕੀਤੀ ਤਾਂ ਉਸ ਨੇ ਦੁਬਾਰੇ ਸਾਹ ਪਾ ਦਿੱਤੇ, ਅਤੇ ਫੇਰ ਉਪਰ ਜਾ ਚੜ੍ਹੀ। ਕੱਛੂ ਨੇ ਕਾਂ ਨੂੰ ਛੱਡ ਦਿੱਤਾ। ਇਸ ਤਰ੍ਹਾਂ ਫ਼ੌਜੀ ਦੀ ਜਾਨ ਬਚ ਗਈ।
ਫ਼ੌਜੀ ‘ਵਾਹਿਗੁਰੂ ਵਾਹਿਗੁਰੂ' ਕਰਦਾ ਬੈਠਾ ਹੋ ਗਿਆ। ਕਹਿੰਦਾ, “ਅੱਜ ਤਾਂ ਬੜੇ ਸੁੱਤੇ ਬਈ।” ਕੱਛੂ ਬੋਲਿਆ, “ਭਲਿਆ ਮਾਣਸਾ ! ਤੈਨੂੰ ਤਾਂ ਮਾਰ ਦਿੱਤਾ ਸੀ। ਜੇ ਮੈਂ ਨਾ ਹੁੰਦਾ ਤਾਂ ਤੂੰ ਕਦੇ ਵੀ ਸੁੱਤਾ ਨਾ ਉੱਠਦਾ। ਔਹ ਦੇਖ ਸਰਾਲ ਉਪਰ। ਉਹ ਤੇਰੇ ਸਾਹ ਪੀ ਗਈ ਸੀ ਅਤੇ ਕਾਂ ਤੇਰੀਆਂ ਅੱਖਾਂ ਕੱਢਣ ਆਇਆ ਸੀ ਕਿ ਮੈਂ ਉਸ ਨੂੰ ਧੌਣੋਂ ਫੜ ਲਿਆ। ਤਾਂ ਕਿਤੇ ਜਾ ਕੇ ਤੇਰੀ ਜਾਨ ਬਚੀ।” ਫ਼ੌਜੀ ਨੇ ਉਪਰ ਚੜ੍ਹ ਤਲਵਾਰ ਨਾਲ ਸਰਾਲ ਦੇ ਟੁਕੜੇ ਟੁਕੜੇ ਕਰ ਦਿੱਤੇ। ਕਹਿੰਦਾ, ਲੈ ਬਈ ਇਹ ਵੀ ਲਾਲ ਲੱਖਾਂ ਦਾ ਕੰਮ ਦੇ ਗਿਆ ਸੀ। ਉਹ ਫੇਰ ਘੋੜੇ 'ਤੇ ਚੜ੍ਹ ਕੇ ਅੱਗੇ ਚੱਲ ਪਿਆ।
ਹੁਣ ਉਸ ਦਾ ਪਿੰਡ ਨੇੜੇ ਹੀ ਰਹਿ ਗਿਆ ਸੀ। ਜਦ ਉਹ ਪਿੰਡ ਦੀ ਫਿਰਨੀ 'ਤੇ ਪਹੁੰਚਿਆ ਤਾਂ ਉਥੇ ਗਾਉਣ ਵਾਲਿਆਂ ਦਾ ਅਖਾੜਾ ਲੱਗਿਆ ਹੋਇਆ ਸੀ। ਸੁਣਨ ਵਾਲਿਆਂ ਦਾ ਕਾਫ਼ੀ ਇਕੱਠ ਸੀ। ਉਹ ਵੀ ਇਕ ਪਾਸੇ ਖਲੋ ਗਿਆ। ਕੁਝ ਦੇਰ ਬਾਅਦ ਉਸ ਦੀ ਨਜ਼ਰ ਸਾਹਮਣੇ ਖੜੇ ਬੰਦੇ ਉਪਰ ਪਈ ਤਾਂ ਉਹ ਦੰਗ ਰਹਿ ਗਿਆ। ਉਸ ਬੰਦੇ ਨੇ ਇਸ ਫ਼ੌਜੀ ਦੀ ਹੀ ਵਰਦੀ ਪਾਈ ਹੋਈ ਸੀ। ਉਸ ਨੇ ਆਪਣੀ ਵਰਦੀ ਪਛਾਣ ਲਈ। ਉਹ ਆਪਣੀ ਘਰਵਾਲੀ ਦੀ ਵਫ਼ਾਦਾਰੀ 'ਤੇ ਸ਼ੱਕ ਕਰਨ ਲੱਗ ਪਿਆ। “ਹਾਂ, ਉਸ ਨੇ ਹੀ ਇਸ ਨੌਜੁਆਨ ਨੂੰ ਘਰ ਰੱਖਿਆ ਹੋਵੇਗਾ,” ਉਸ ਸੋਚਿਆ। ਉਹ ਗ਼ੁੱਸੇ ਨਾਲ ਲਾਲ ਪੀਲਾ ਹੋ ਗਿਆ। ਉਸ ਦਾ ਦਿਲ ਕੀਤਾ ਕਿ ਘਰ ਜਾ ਕੇ ਆਪਣੀ ਪਤਨੀ ਨੂੰ ਕਤਲ ਕਰ ਦੇਵੇ। ਪਰ ਇਹ ਬੰਦਾ? ਨਹੀਂ, ਉਹ ਇਸ ਬੰਦੇ ਦੇ ਪਿੱਛੇ ਜਾਵੇਗਾ ਅਤੇ ਦੋਵਾਂ ਨੂੰ ਇਕੱਠਿਆਂ ਹੀ ਮਾਰੇਗਾ।
ਅਖਾੜਾ ਖ਼ਤਮ ਹੋ ਗਿਆ। ਲੋਕ ਘਰਾਂ ਨੂੰ ਤੁਰ ਪਏ। ਵਰਦੀ ਪਹਿਨੀ ਵਾਲਾ ਨੌਜੁਆਨ ਵੀ ਤੁਰ ਪਿਆ। ਫ਼ੌਜੀ ਕੁਝ ਕਦਮਾਂ ਦੀ ਵਿੱਥ 'ਤੇ ਉਹਦੇ ਪਿੱਛੇ ਪਿੱਛੇ ਤੁਰਿਆ ਗਿਆ। ਹੈਂ, ਇਹ ਕੀ ? ਉਹ ਨੌਜੁਆਨ ਵੇਖਦੇ ਵੇਖਦੇ ਹੀ ਫ਼ੌਜੀ ਦੇ ਘਰ ਵੜ ਗਿਆ। ਫ਼ੌਜੀ ਨੂੰ ਗ਼ੁੱਸੇ ਨਾਲ ਅੱਗ ਲੱਗ ਗਈ। ਉਸ ਨੇ ਤਲਵਾਰ ਕੱਢ ਲਈ। ਉਸੇ ਵੇਲੇ ਉਸ ਨੂੰ ਤੀਜੀ ਗੁਜਰੀ ਦੀ ਗੱਲ ਯਾਦ ਆਈ, ‘ਪੁੱਛੀਏ ਬਾਤ, ਗੁੱਸਾ ਲਈਏ ਮਾਰ। ਲਿਆ ਭਾਈ ਲਾਲ।'
ਇਕ ਦਮ ਉਸ ਨੇ ਮਨ ਬਦਲ ਲਿਆ। ਕਹਿੰਦਾ, ਇਹਨਾਂ ਨੂੰ ਮਾਰ ਤਾਂ ਦੇਣਾ ਹੀ ਹੈ ਪਰ ਪਹਿਲਾਂ ਗੱਲ ਤਾਂ ਪੁੱਛ ਲਈਏ। ਗੁਜਰੀ ਨੇ ਐਵੇਂ ਤਾਂ ਨਹੀਂ ਕਿਹਾ ਸੀ। ਅੱਗੇ ਹੋ ਕੇ ਉਸ ਨੇ ਕੜਕ ਕੇ ਆਪਣੀ ਘਰਵਾਲੀ ਨੂੰ ਪੁੱਛਿਆ, “ਔਹ ਸਬਾਤ ਅੰਦਰ ਵੜਿਆ ਬੰਦਾ ਕੌਣ ਹੈ ?"
ਉਹ ਝੱਟ ਗੱਲ ਸਮਝ ਲਈ ਅਤੇ ਮੁਸਕਰਾ ਕੇ ਕਹਿਣ ਲੱਗੀ, “ਲੈ, ਗੁੱਡੀ ਦੇ ਬਾਪੂ, ਤੈਨੂੰ ਕੀ ਹੋ ਗਿਆ। ਇਹ ਤਾਂ ਆਪਣੀ ਹੀ ਲੜਕੀ ਹੈ। ਤੇਰੇ ਪਿੱਛੋਂ ਜਵਾਨ ਹੋ ਗਈ ਹੈ। ਜ਼ਿੱਦ ਕਰਦੀ ਸੀ ਕਿ ਢਾਡੀ ਸੁਣਨ ਜਾਣਾ ਹੈ। ਇਸ ਲਈ ਮੈਂ ਉਸ ਨੂੰ ਤੁਹਾਡੀ ਵਰਦੀ ਪੁਆ ਕੇ ਮੁੰਡਾ ਬਣਾ ਕੇ ਤੋਰ ਦਿੱਤਾ।”
ਫ਼ੌਜੀ ਦੀ ਤਲਵਾਰ ਉਸ ਦੇ ਹੱਥੋਂ ਡਿੱਗ ਪਈ। ਐਨੇ ਵਿਚ ਹੀ ਉਹ ਕੁੜੀ ਵਰਦੀ ਲਾਹ ਕੇ ਆਪਣੇ ਬਾਪੂ ਦੇ ਗੱਲ ਨੂੰ ਚੰਬੜ ਗਈ। ਫ਼ੌਜੀ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਗਏ। ਉਹ ਹਉਕਾ ਲੈ ਕੇ ਸ਼ਾਂਤ ਹੋ ਗਿਆ। ਕਹਿੰਦਾ, “ਲੈ ਬਈ, ਅੱਜ ਤਾਂ ਭੁਲੇਖੇ ਵਿਚ ਹੀ ਆਪਣਾ ਘਰ ਉਜਾੜ ਲੈਣਾ ਸੀ। ਇਹ ਵੀ ਲਾਲ ਕੰਮ ਦੇ ਗਿਆ ਮਿੱਤਰਾ। ਕੀ ਕਰਦੇ ਲਾਲਾਂ ਨੂੰ। ਲੋਕਾਂ ਨੇ ਹੀ ਸਾਂਭ ਲੈਣੇ ਸਨ। ਇਹ ਗੱਲਾਂ ਕਿਤੇ ਲਾਲਾਂ ਤੋਂ ਘੱਟ ਨੇ। ਵਾਹ, ਬੱਚੇ ਜਿਊਣ ਨੀਂ, ਗੁਜਰੀਓ ਥੋਡੇ।” ਹੁਣ ਫ਼ੌਜੀ ਨੂੰ ਗੁਜਰੀਆਂ ਨੂੰ ਦਿੱਤੇ ਲਾਲਾਂ ਦਾ ਕੋਈ ਅਫ਼ਸੋਸ ਨਹੀਂ ਸੀ। ਫਿਰ ਬੈਠ ਕੇ ਉਸ ਨੇ ਇਹ ਸਾਰੀ ਕਹਾਣੀ ਆਪਣੀ ਪਤਨੀ ਤੇ ਬੱਚੀ ਨੂੰ ਸੁਣਾਈ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ। ਪਾਉਣਾ ਸੀ ਚੁਬਾਰਾ, ਪੈ ਗਈ ਸਬਾਤ।
0 Comments