ਅਕਲ ਦਾ ਅੰਨ੍ਹਾ
Akal Da Anna
ਇਕ ਰਾਜਾ ਸੀ ਅਤੇ ਇਕ ਸੀ ਉਸ ਦਾ ਨੌਕਰ। ਇਕ ਦਿਨ ਨੌਕਰ ਘੋੜਿਆਂ ਲਈ ਘਾਹ ਖੋਤਣ ਚਲਾ ਗਿਆ। ਜਦ ਉਹ ਖੇਤ ਵਿਚੋਂ ਖੁਰਪੇ ਨਾਲ ਘਾਹ ਝਿਰੜ ਰਿਹਾ ਸੀ ਤਾਂ ਉਸ ਦਾ ਖੁਰਪਾ ਕਿਸੇ ਸਖ਼ਤ ਚੀਜ਼ ਵਿਚ ਵੱਜਿਆ। ਉਸ ਨੇ ਮਿੱਟੀ ਪੁੱਟੀ ਤਾਂ ਵਿਚੋਂ ਇਕ ਸੋਨੇ ਦੀ ਗਾਗਰ ਨਿਕਲ ਆਈ। ਗਾਗਰ ਚਾਂਦੀ ਦੇ ਰੁਪਈਆਂ ਨਾਲ ਭਰੀ ਹੋਈ ਸੀ। ਨੌਕਰ ਬੜਾ ਇਮਾਨਦਾਰ ਸੀ। ਉਸ ਨੇ ਸੋਚਿਆ ਕਿ ਜੇਕਰ ਉਹ ਗਾਗਰ ਨੂੰ ਘਰ ਲੈ ਗਿਆ ਤਾਂ ਉਹ ਚੋਰ ਵੱਜੇਗਾ। ਇਸ ਲਈ ਉਸ ਨੇ ਗਾਗਰ ਲਿਜਾ ਕੇ ਰਾਜੇ ਨੂੰ ਫੜਾ ਦਿੱਤੀ ਅਤੇ ਦੱਸਿਆ ਕਿ ਉਸ ਨੂੰ ਇਹ ਗਾਗਰ ਘਾਹ ਖੋਤਦੇ ਨੂੰ ਮਿਲੀ ਹੈ। ਪਰ ਰਾਜੇ ਨੇ ਉਸ 'ਤੇ ਯਕੀਨ ਨਾ ਕੀਤਾ। ਉਲਟਾ ਰਾਜੇ ਨੇ ਉਸ 'ਤੇ ਚੋਰੀ ਦਾ ਦੋਸ਼ ਲਾਇਆ। ਨੌਕਰ ਨੇ ਬਥੇਰੀ ਵਾਰ ਸੱਚ ਦੱਸਿਆ। ਪਰ ਰਾਜੇ ਨੇ ਇਕ ਨਾ ਸੁਣੀ। ਆਖ਼ਰ ਰਾਜੇ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ।
ਇਸ ਨੌਕਰ ਦੀ ਘਰਵਾਲੀ ਪਹਿਲਾਂ ਹੀ ਮਰ ਚੁੱਕੀ ਸੀ। ਬੱਸ ਉਸ ਦਾ ਇਕੋ ਇਕ ਲੜਕਾ ਸੀ ਜੋ ਹਾਲੇ ਬਹੁਤ ਛੋਟਾ ਸੀ। ਇਹ ਲੜਕਾ ਹੁਣ ਇਕੱਲਾ ਰਹਿ ਗਿਆ। ਵਿਚਾਰਾ ਗਲੀਆਂ ਵਿਚ ਬੈਠਾ ਰੋਂਦਾ ਰਹਿੰਦਾ। ਲੋਕਾਂ ਨੂੰ ਉਸ 'ਤੇ ਬਥੇਰਾ ਤਰਸ ਆਉਂਦਾ। ਕੁਦਰਤੀਂ ਇਕ ਦਿਨ ਰਾਜਾ ਗਲੀ ਵਿਚੋਂ ਲੰਘ ਰਿਹਾ ਸੀ ਤਾਂ ਉਹ ਲੜਕਾ ਬੁਰੀ ਤਰ੍ਹਾਂ ਧਾਹਾਂ ਮਾਰ ਮਾਰ ਕੇ ਹੋ ਰਿਹਾ ਸੀ। ਰਾਜੇ ਨੇ ਲੋਕਾਂ ਨੂੰ ਲੜਕੇ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਉਸੇ ਨੌਕਰ ਦਾ ਲੜਕਾ ਸੀ, ਜਿਸ ਨੂੰ ਰਾਜੇ ਨੇ ਸਜ਼ਾ ਦਿੱਤੀ ਸੀ। ਰਾਜੇ ਨੂੰ ਵੀ ਤਰਸ ਆ ਗਿਆ। ਉਹ ਉਸ ਲੜਕੇ ਨੂੰ ਆਪਣੇ ਨਾਲ ਹੀ ਲੈ ਗਿਆ ਅਤੇ ਨੌਕਰ ਰੱਖ ਲਿਆ।
ਇਕ ਦਿਨ ਇਹ ਲੜਕਾ ਰਾਜੇ ਦੀਆਂ ਲੱਤਾਂ ਘੁੱਟ ਰਿਹਾ ਸੀ ਤਾਂ ਉਸ ਨੂੰ ਨੀਂਦ ਆ ਗਈ। ਰਾਜੇ ਨੂੰ ਵੀ ਨੀਂਦ ਆ ਗਈ। ਅਚਾਨਕ ਲੜਕੇ ਦਾ ਸੁੱਤੇ ਪਏ ਦਾ ਹਾਸਾ ਨਿਕਲ ਗਿਆ। ਲੜਕਾ ਜਾਗ ਪਿਆ ਅਤੇ ਰਾਜਾ ਵੀ ਜਾਗ ਪਿਆ। ਰਾਜਾ ਕਹਿੰਦਾ, “ਦੱਸ, ਕਿਉਂ ਹੱਸਿਆ ਹੈਂ ?” ਲੜਕਾ ਕਹਿੰਦਾ, “ਬੱਸ ਐਵੇਂ ਹੀ।” ਰਾਜਾ ਫੇਰ ਕਹਿੰਦਾ, “ਤੂੰ ਦੱਸ ਦੇਹ। ਕੋਈ ਤਾਂ ਗੱਲ ਜ਼ਰੂਰ ਹੈ।” ਉਹ ਕਹਿੰਦਾ, “ਨਹੀਂ ਜੀ, ਕੋਈ ਵੀ ਗੱਲ ਨਹੀਂ।” ਰਾਜੇ ਨੇ ਅਨੇਕਾਂ ਵਾਰ ਪੁੱਛਿਆ ਪਰ ਉਹ ਕਹੇ, “ਬੱਸ ਐਵੇਂ ਹੀ ਹਾਸਾ ਆ ਗਿਆ।”
ਰਾਜੇ ਨੇ ਉਸ ਨੂੰ ਭੋਰੇ ਵਿਚ ਬੰਦ ਕਰਵਾ ਦਿੱਤਾ। ਫੇਰ ਛੇ ਮਹੀਨੇ ਬਾਅਦ ਉਸ ਨੂੰ ਬਾਹਰ ਕੱਢਿਆ ਅਤੇ ਪੁੱਛਿਆ ਕਿ ਉਹ ਕਿਉਂ ਹੱਸਿਆ ਸੀ। ਉਸ ਨੇ ਫਿਰ ਕਿਹਾ ਕਿ ਬੱਸ ਐਵੇਂ ਹੀ। ਦੁਬਾਰਾ ਫੇਰ ਭੋਰੇ ਵਿਚ ਬੰਦ ਹੋ ਗਿਆ। ਕੁਝ ਦਿਨਾਂ ਬਾਅਦ ਗੁਆਂਢੀ ਰਾਜੇ ਨੇ ਦੋ ਘੋੜੀਆਂ ਰਾਜੇ ਕੋਲ ਭੇਜ ਦਿੱਤੀਆਂ ਅਤੇ ਨਾਲ ਹੀ ਸੁਨੇਹਾ ਘੱਲ ਦਿੱਤਾ ਕਿ ਇਹ ਦੱਸੋ ਕਿ ਇਹਨਾਂ ਘੋੜੀਆਂ ਵਿਚੋਂ ਮਾਂ ਕਿਹੜੀ ਹੈ ਅਤੇ ਧੀ ਕਿਹੜੀ ? ਜੇ ਉੱਤਰ ਨਹੀਂ ਆਉਂਦਾ ਤਾਂ ਜੰਗ ਲਈ ਤਿਆਰ ਰਹੋ।
ਘੋੜੀਆਂ ਬਿਲਕੁਲ ਇਕੋ ਜਿਹੀਆਂ ਸਨ। ਲੋਕੀਂ ਆਉਣ ਅਤੇ ਦੇਖ ਦੇਖ ਕੇ ਮੁੜੀ ਜਾਣ, ਪਰ ਕਿਸੇ ਨੂੰ ਕੋਈ ਪਤਾ ਨਾ ਲੱਗੇ। ਰਾਜੇ ਲਈ ਬੜੀ ਮੁਸ਼ਕਿਲ ਖੜੀ ਹੋ ਗਈ। ਹੇਠਾਂ ਭੋਰੇ ਵਿਚ ਵੀ ਰੋਟੀ ਦੇਣ ਵਾਲੇ ਨੇ ਉਸ ਮੁੰਡੇ ਨੂੰ ਦੱਸ ਦਿੱਤਾ ਕਿ ਰਾਜਾ ਬੜੀ ਮੁਸ਼ਕਿਲ ਵਿਚ ਫਸ ਗਿਆ ਹੈ। ਮੁੰਡਾ ਕਹਿੰਦਾ, “ਇਹ ਤਾਂ ਕੋਈ ਖ਼ਾਸ ਗੱਲ ਨਹੀਂ। ਘੋੜੀਆਂ ਤਾਂ ਮੈਂ ਪਰਖ ਸਕਦਾ ਹਾਂ।” ਇਹ ਲੱਗ ਰਾਜੇ ਕੋਲ ਪਹੁੰਚ ਗਈ। ਰਾਜੇ ਨੇ ਉਸ ਨੂੰ ਘੋੜੀਆਂ ਪਰਖਣ ਲਈ ਸੱਦ ਲਿਆ। ਮੁੰਡੇ ਨੇ ਦੋਵਾਂ ਘੋੜੀਆਂ ਨੂੰ ਪਾਣੀ ਪਿਲਾਇਆ। ਜਿਹੜੀ ਘੋੜੀ ਇਕੋ ਸਾਹੇ ਪਾਣੀ ਪੀ ਗਈ, ਉਸ ਨੂੰ ਮਾਂ ਆਖ ਦਿੱਤਾ ਅਤੇ ਜਿਸ ਨੇ ਘੁੱਟੀਂ ਘੁੱਟੀਂ ਪਾਣੀ ਪੀਤਾ, ਉਸ ਨੂੰ ਧੀ ਦੱਸਿਆ। ਇਹ ਪਰਖ ਵੇਰਵੇ ਸਮੇਤ ਦੂਜੇ ਰਾਜੇ ਕੋਲ ਭੇਜ ਦਿੱਤੀ ਗਈ ਅਤੇ ਸਹੀ ਨਿਕਲੀ।
ਰਾਜੇ ਨੇ ਫੇਰ ਉਸ ਨੂੰ ਹੱਸਣ ਦਾ ਕਾਰਨ ਪੁੱਛਿਆ ਪਰ ਉਸ ਨੇ ਫੇਰ ਕੁਝ ਨਾ ਦੱਸਿਆ। ਉਹਨੂੰ ਮੁੜ ਭੋਰੇ ਵਿਚ ਬੰਦ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਦੂਜੇ ਰਾਜੇ ਨੇ ਫੇਰ ਇਕ ਸਾਫ਼ ਸੋਟੀ ਭੇਜ ਦਿੱਤੀ ਕਿ ਦੱਸਿਆ ਜਾਵੇ ਕਿ ਇਸ ਸੋਟੀ ਦੀ ਜੜ੍ਹ ਕਿਹੜੀ ਹੈ ਅਤੇ ਸਿਰਾ ਕਿਹੜਾ? ਨਹੀਂ ਤਾਂ ਯੁੱਧ ਕਰਨ ਲਈ ਤਿਆਰ ਰਿਹਾ ਜਾਵੇ। ਫੇਰ ਉਹੀ ਮੁਸੀਬਤ। ਸਾਰੇ ਸ਼ਹਿਰ ਵਿਚ ਕੋਈ ਵੀ ਨਾ ਦੱਸ ਸਕਿਆ। ਆਖ਼ਰ ਰਾਜੇ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਇਹ ਗੱਲ ਬੁੱਝ ਦੇਵੇਗਾ, ਉਸ ਨਾਲ ਰਾਜਾ ਆਪਣੀ ਲੜਕੀ ਦਾ ਵਿਆਹ ਕਰ ਦੇਵੇਗਾ। ਫਿਰ ਵੀ ਕੋਈ ਨਾ ਬੁੱਝ ਸਕਿਆ।
ਅਖ਼ੀਰ ਭੋਰੇ ਵਿਚ ਬੰਦ ਲੜਕੇ ਨੂੰ ਪੁੱਛਿਆ ਗਿਆ ਤਾਂ ਉਸ ਨੇ ਹਿੱਕ ਥਾਪੜ ਦਿੱਤੀ। ਕਹਿੰਦਾ, “ਮੈਂ ਤੁਰੰਤ ਦੱਸ ਸਕਦਾ ਹਾਂ।” ਉਸ ਨੂੰ ਭੋਰੇ ਵਿਚੋਂ ਬਾਹਰ ਕੱਢਿਆ ਗਿਆ। ਮੁੰਡੇ ਨੇ ਸੋਟੀ ਨੂੰ ਇਕ ਤਲਾਅ ਵਿਚ ਡੁਬੋਇਆ। ਪਹਿਲਾਂ ਇਕ ਸਿਰੇ ਤੋਂ ਅਤੇ ਫੇਰ ਦੂਜੇ ਸਿਰੇ ਤੋਂ। ਜਿਸ ਪਾਸਿਓਂ ਸੋਟੀ ਵੱਧ ਡੁੱਬ ਗਈ, ਉਸ ਨੂੰ ਜੜ੍ਹ ਆਖ ਦਿੱਤਾ ਅਤੇ ਦੂਜੇ ਪਾਸੇ ਨੂੰ ਸਿਰਾ, ਕਿਉਂਕਿ ਜੜ੍ਹ ਵਾਲਾ ਪਾਸਾ ਭਾਰੀ ਸੀ। ਇਹ ਪਰਖ ਵੀ ਦੂਜੇ ਰਾਜੇ ਕੋਲ ਭੇਜੀ ਗਈ ਅਤੇ ਬਿਲਕੁਲ ਠੀਕ ਨਿਕਲੀ। ਹੁਣ 'ਰਾਜੇ ਨੂੰ ਆਪਣੀ ਲੜਕੀ ਦਾ ਵਿਆਹ ਉਸ ਨਾਲ ਕਰਨਾ ਪਿਆ। ਉਹ ਮੁੰਡਾ ਅਤੇ ਕੁੜੀ ਮਹਿਲਾਂ ਵਿਚ ਹੀ ਇਕ ਪਾਸੇ ਰਹਿਣ ਲੱਗ ਪਏ।
ਦੋ ਮਹੀਨੇ ਬਾਅਦ ਦੂਜੇ ਰਾਜੇ ਨੇ ਇਕ ਹੋਰ ਸਵਾਲ ਭੇਜ ਦਿੱਤਾ। ਉਸ ਨੇ ਰਾਜੇ ਨੂੰ ਪੁੱਛਿਆ ਕਿ ਇਹ ਦੱਸਿਆ ਜਾਵੇ ਕਿ ਅਸਲ ਕੌਣ ਹੈ, ਕੁਨਸਲ ਕੌਣ ਹੈ। ਖਾਣ ਦਾ ਕੁੱਤਾ ਕੌਣ ਹੈ ਅਤੇ ਅਕਲ ਦਾ ਅੰਨ੍ਹਾ ਕੌਣ ਹੈ। ਉੱਤਰ ਦੇਣ ਲਈ ਦੋ ਮਹੀਨੇ ਦਿੱਤੇ ਗਏ। ਉਸ ਤੋਂ ਬਾਅਦ ਲੜਾਈ ਲਈ ਤਿਆਰ ਰਹਿਣ ਲਈ ਕਿਹਾ ਗਿਆ। ਲੋਕਾਂ ਨੇ ਕਈ ਉੱਤਰ ਦਿੱਤੇ ਪਰ ਕੋਈ ਠੀਕ ਨਹੀਂ ਸੀ। ਉਧਰ ਦੂਜੇ ਰਾਜੇ ਨੇ ਵੀ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਇਸ ਸਵਾਲ ਦਾ ਉੱਤਰ ਦੇਵੇਗਾ, ਉਸ ਨਾਲ ਰਾਜਾ ਆਪਣੀ ਲੜਕੀ ਦਾ ਵਿਆਹ ਕਰ ਦੇਵੇਗਾ।
ਕਿਸੇ ਬੰਦੇ ਤੋਂ ਠੀਕ ਜੁਆਬ ਨਾ ਦੇ ਹੋਇਆ। ਅੰਤ ਉਸ ਮੁੰਡੇ ਨੂੰ ਪੁੱਛਿਆ ਗਿਆ। ਮੁੰਡਾ ਕਹਿੰਦਾ, “ਮੈਂ ਇਸ ਦਾ ਜੁਆਬ ਕੱਲ੍ਹ ਦੇ ਸਕਦਾ ਹਾਂ।” ਰਾਜੇ ਨੇ ਇਹ ਮੋਹਲਤ ਦੇ ਦਿੱਤੀ। ਸ਼ਾਮ ਨੂੰ ਉਸ ਨੇ ਇਕ ਤਰਬੂਜ਼ ਲਿਆ। ਇਕ ਕੱਪੜੇ ਨੂੰ ਥਾਂ ਥਾਂ ਲਾਲ ਰੰਗ ਲਾ ਕੇ ਉਸ ਵਿਚ ਤਰਬੂਜ਼ ਲਪੇਟ ਲਿਆ। ਘਰ ਜਾ ਕੇ ਮੁੰਡੇ ਨੇ ਆਪਣੀ ਘਰਵਾਲੀ ਨੂੰ ਕਿਹਾ, “ਮੈਥੋਂ ਇਕ ਕਤਲ ਹੋ ਗਿਆ ਹੈ। ਇਹ ਉਸ ਬੰਦੇ ਦਾ ਸਿਰ ਹੈ। ਇਸ ਨੂੰ ਅੰਦਰ ਲੁਕੋ ਦੇਹ। ਰਾਜੇ ਨੂੰ ਬਿਲਕੁਲ ਨਾ ਦੱਸੀਂ।” ਕੁਝ ਦੇਰ ਬਾਅਦ ਉਹ ਤਾਂ ਝੱਟ ਰਾਜੇ ਕੋਲ ਗਈ ਅਤੇ ਕਤਲ ਬਾਰੇ ਦੱਸ ਦਿੱਤਾ। ਰਾਜੇ ਨੇ ਅਗਲੇ ਦਿਨ ਸਭਾ ਬੁਲਾ ਲਈ ਅਤੇ ਮੁੰਡੇ ਨੂੰ ਸੱਦ ਲਿਆ।
ਮੁੰਡਾ ਪੇਸ਼ ਹੋਇਆ ਤਾਂ ਰਾਜੇ ਨੇ ਸਭਾ ਨੂੰ ਕਤਲ ਬਾਰੇ ਦੱਸਿਆ ਅਤੇ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ। ਮੁੰਡਾ ਚੁੱਪ ਚਾਪ ਖੜਾ ਰਿਹਾ। ਸਿਪਾਹੀ ਨੇ ਤੁਰੰਤ ਹੱਥਕੜੀ ਲਗਾ ਲਈ।ਐਨੇ ਵਿਚ ਉਥੇ ਇਕ ਕੰਜਰੀ ਆ ਗਈ। ਕੰਜਰੀ ਨੇ ਰਾਜੇ ਨੂੰ ਪੁੱਛਿਆ ਕਿ ਕੀ ਇਸ ਮੁੰਡੇ ਨੂੰ ਕਿਸੇ ਤਰ੍ਹਾਂ ਛੱਡਿਆ ਜਾ ਸਕਦੈ ? ਰਾਜਾ ਕਹਿੰਦਾ, “ਹਾਂ, ਛੱਡ ਸਕਦੇ ਹਾਂ, ਜੇਕਰ ਕੋਈ ਇਸ ਦੇ ਬਰਾਬਰ ਪੈਸੇ ਤੋਲ ਦੇਵੇ।” ਕੰਜਰੀ ਮੰਨ ਗਈ। ਕਹਿੰਦੀ, “ਠੀਕ ਹੈ, ਮੈਂ ਤੁਹਾਨੂੰ ਪੈਸੇ ਦੇ ਦੇਵਾਂਗੀ।”
ਹੁਣ ਮੁੰਡਾ ਬੋਲ ਪਿਆ। ਕਹਿੰਦਾ, “ਪਹਿਲਾਂ ਉਹ ਸਿਰ ਇਥੇ ਲਿਆਂਦਾ ਜਾਵੇ, ਜੋ ਮੈਂ ਦੱਬਿਆ ਹੈ।” ਰਾਜੇ ਨੇ ਆਪਣੀ ਲੜਕੀ ਨੂੰ ਉਹ ਸਿਰ ਲਿਆਉਣ ਲਈ ਕਿਹਾ। ਸਿਰ ਲਿਆਂਦਾ ਗਿਆ। ਸਭਾ ਦੇ ਬੰਦਿਆਂ ਨੇ ਬੁੱਲ੍ਹਾਂ 'ਤੇ ਉਂਗਲਾਂ ਧਰ ਲਈਆਂ। ਭਰੀ ਸਭਾ ਵਿਚ ਜਦ ਰਾਜੇ ਦੇ ਸਾਹਮਣੇ ਵੱਢੇ ਸਿਰ ਉੱਤੋਂ ਕੱਪੜਾ ਲਾਹਿਆ ਗਿਆ ਤਾਂ ਲੋਕੀਂ ਦੇਖ ਕੇ ਹੈਰਾਨ ਰਹਿ ਗਏ। ਇਹ ਤਾਂ ਕੇਵਲ ਇਕ ਤਰਬੂਜ਼ ਸੀ। ਰਾਜੇ ਨੇ ਹੈਰਾਨ ਹੋ ਕੇ ਉਸ ਮੁੰਡੇ ਨੂੰ ਪੁੱਛਿਆ ਕਿ ਇਹ ਕੀ ਗੱਲ ਬਣੀ।
ਤਦ ਉਸ ਮੁੰਡੇ ਨੇ ਜੁਆਬ ਦਿੱਤਾ। ਕਹਿੰਦਾ, “ਰਾਜਾ ਸਾਹਿਬ, ਇਹ ਤਾਂ ਤੁਹਾਡੇ ਸਵਾਲ ਦਾ ਜੁਆਬ ਹੈ। ਇਸ ਕੰਜਰੀ ਨੂੰ ਮੈਂ ਰੋਜ਼ਾਨਾ ਪੰਜ ਰੁਪਏ ਦਿੰਦਾ ਸਾਂ। ਇਸ ਔਰਤ ਨੇ ਅੱਜ ਮੇਰੇ ਪ੍ਰਤੀ ਪਿਆਰ ਦਿਖਾਇਆ ਹੈ ਅਤੇ ਵਫ਼ਾਦਾਰੀ ਨਿਭਾਈ ਹੈ, ਇਸ ਲਈ ਇਹ ਕੰਜਰੀ ਅਸਲ ਹੈ। ਦੂਜੇ ਪਾਸੇ ਆਹ ਤੇਰੀ ਲੜਕੀ ਖੜੀ ਹੈ। ਮੈਂ ਇਸ ਨੂੰ ਕਿਹਾ ਸੀ ਕਿ ਰਾਜੇ ਨੂੰ ਇਹ ਗੱਲ ਨਾ ਦੱਸੀਂ। ਪਰ ਇਸ ਨੇ ਝੱਟ ਤੁਹਾਨੂੰ ਦੱਸ ਦਿੱਤੀ। ਪਤੀ ਦੀ ਗੱਲ ਦੀ ਕੋਈ ਕਦਰ ਨਹੀਂ ਪਾਈ। ਇਸ ਤਰ੍ਹਾਂ ਇਹ ਕੁਨਸਲ ਹੈ। ਇਸ ਸਿਪਾਹੀ ਨੂੰ ਵੀ ਮੈਂ ਰੋਜ਼ਾਨਾ ਪੰਜ ਰੁਪਏ ਦਿੰਦਾ ਸਾਂ। ਹੁਣ ਫ਼ਾਂਸੀ ਦੇ ਵੱਧ ਪੈਸੇ ਮਿਲਣ ਦਾ ਲਾਲਚ ਕਰ ਕੇ ਇਸ ਨੇ ਝੱਟ ਮੈਨੂੰ ਹੱਥਕੜੀ ਲਾ ਲਈ। ਇਹ ਲਈ ਇਹ ਖਾਣ ਦਾ ਕੁੱਤਾ ਹੈ। ਤੁਸੀਂ ਖ਼ੁਦ ਮੈਨੂੰ ਕੋਈ ਗੱਲ ਨਹੀਂ ਪੁੱਛੀ। ਸਫ਼ਾਈ ਦਾ ਮੌਕਾ ਨਹੀਂ ਦਿੱਤਾ। ਸੁਣੀ ਸੁਣਾਈ ਗੱਲ 'ਤੇ ਯਕੀਨ ਕਰ ਕੇ ਮੈਨੂੰ ਫ਼ਾਂਸੀ ਸੁਣਾ ਦਿੱਤੀ। ਇਸ ਲਈ ਤੁਸੀਂ ਅਕਲ ਦੇ ਅੰਨ੍ਹੇ ਹੋ।” ਇਹ ਸੁਣ ਕੇ ਸਭ ਦੇ ਮੂੰਹ ਅੱਡੇ ਰਹਿ ਗਏ ਅਤੇ ਸਭਾ ਵਿਚ ਚੁੱਪ ਵਰਤ ਗਈ।
ਇਹ ਸਾਰਾ ਉੱਤਰ ਕਹਾਣੀ ਸਮੇਤ ਦੂਜੇ ਰਾਜੇ ਨੂੰ ਭੇਜਿਆ ਗਿਆ। ਉੱਤਰ ਪੂਰੀ ਤਰ੍ਹਾਂ ਠੀਕ ਨਿਕਲਿਆ। ਵਾਅਦੇ ਮੁਤਾਬਕ ਦੂਜੇ ਰਾਜੇ ਨੂੰ ਵੀ ਆਪਣੀ ਲੜਕੀ ਇਸ ਮੁੰਡੇ ਨਾਲ ਵਿਆਹੁਣੀ ਪਈ। ਹੁਣ ਇਸ ਮੁੰਡੇ ਦੀਆਂ ਦੋ ਪਤਨੀਆਂ ਹੋ ਗਈਆਂ। ਇਕ ਲੜਕੀ ਉਸ ਨੂੰ ਪੱਖੀ ਝੱਲਿਆ ਕਰੇ ਅਤੇ ਦੂਜੀ ਉਸ ਦੀਆਂ ਲੱਤਾਂ ਘੁੱਟਿਆ ਕਰੇ। ਕਿਥੇ ਉਹ ਸੀ ਨੌਕਰ ਮੁੰਡਾ ਅਤੇ ਕਿਥੇ ਰਾਜੇ ਦੀਆਂ ਪਰੀਆਂ ਵਰਗੀਆਂ ਕੁੜੀਆਂ। ਉਹ ਖ਼ੁਸ਼ੀ ਨਾਲ ਪਾਗਲ ਜਿਹਾ ਹੋਇਆ ਰਹਿੰਦਾ ਅਤੇ ਰਾਜੇ ਦੇ ਕੋਲੋਂ ਲੰਘਦਿਆਂ ਵੀ ਉਸ ਦਾ ਹਾਸਾ ਨਿਕਲ ਜਾਂਦਾ।
ਉਸ ਨੂੰ ਹੱਸਦਾ ਵੇਖ ਕੇ ਰਾਜੇ ਨੂੰ ਪੁਰਾਣੀ ਗੱਲ ਯਾਦ ਆ ਜਾਂਦੀ। ਹਾਸੇ ਵਾਲੀ ਗੱਲ ਜਿਵੇਂ ਉਸ ਦੇ ਮਨ ਵਿਚ ਬੈਠ ਗਈ ਸੀ। ਆਖ਼ਰ ਇਕ ਦਿਨ ਫੇਰ ਰਾਜੇ ਨੇ ਮੁੰਡੇ ਨੂੰ ਕੋਲ ਬਿਠਾ ਕੇ ਪੁੱਛ ਲਿਆ ਕਿ ਉਸ ਵੇਲੇ ਤੂੰ ਕਿਉਂ ਹੱਸਿਆ ਸੀ। ਮੁੰਡਾ ਕਹਿੰਦਾ, “ਰਾਜਾ ਸਾਹਿਬ, ਹੁਣ ਮੈਂ ਉਹ ਗੱਲ ਦੱਸ ਸਕਦਾ ਹਾਂ। ਮੈਂ ਤੁਹਾਡੀਆਂ ਲੱਤਾਂ ਘੁੱਟਦਾ ਸੌਂ ਗਿਆ ਸੀ। ਮੈਨੂੰ ਇਕ ਸੁਪਨਾ ਆਇਆ। ਸੁਪਨੇ ਵਿਚ ਤੁਹਾਡੀ ਲੜਕੀ ਮੇਰੀਆਂ ਲੱਤਾਂ ਘੁੱਟ ਰਹੀ ਸੀ। ਤੁਸੀਂ ਲੱਤ ਹਿਲਾਈ ਤਾਂ ਮੈਨੂੰ ਜਾਗ ਆ ਗਈ ਅਤੇ ਮੱਲੋ-ਮੱਲੀ ਮੇਰੀ ਹਾਸੀ ਨਿਕਲ ਗਈ। ਜੇ ਉਸ ਵੇਲੇ ਮੈਂ ਇਹ ਗੱਲ ਦੱਸ ਦਿੰਦਾ ਤਾਂ ਤੁਸੀਂ ਮੈਨੂੰ ਫ਼ਾਂਸੀ ਚਾੜ੍ਹ ਦਿੰਦੇ। ਇਸ ਲਈ ਮੈਂ ਭੋਰੇ ਵਿਚ ਰਹਿਣਾ ਹੀ ਠੀਕ ਸਮਝਿਆ।
ਮੁੰਡੇ ਦਾ ਉੱਤਰ ਸੁਣ ਕੇ ਰਾਜਾ ਚੁੱਪ ਹੋ ਗਿਆ। ਉਹ ਕਿੰਨਾ ਚਿਰ ਹੀ ਮੁੰਡੇ ਦੀ ਸਮਝ ਬਾਰੇ ਸੋਚਦਾ ਰਿਹਾ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਰਾਤ ਪੈ ਗਈ
0 Comments