Punjabi Story Badhi Gughi Nu Chudaio Mere Veer "ਬੱਧੀ ਘੁੱਗੀ ਨੂੰ ਛੁਡਾਇਓ ਮੇਰੇ ਵੀਰ" for Students and Kids in Punjabi Language.

ਬੱਧੀ ਘੁੱਗੀ ਨੂੰ ਛੁਡਾਇਓ ਮੇਰੇ ਵੀਰ 
Badhi Gughi Nu Chudaio Mere Veer

ਇਕ ਮੁਸਲਮਾਨ ਦਾ ਖਰਬੂਜ਼ਿਆਂ ਦਾ ਵਾੜਾ ਸੀ। ਉਹ ਉਥੇ ਹਰ ਸਾਲ ਹੋਰ ਵੀ ਕਈ ਖਾਣ ਵਾਲੇ ਮੌਸਮੀ ਫ਼ਲ ਬੀਜ ਦਿੰਦਾ ਸੀ। ਐਤਕੀਂ ਵਾਰ ਉਹ ਖੇਤ ਤਿਆਰ ਕਰ ਕੇ ਖਰਬੂਜ਼ੇ ਬੀਜਣਾ ਚਾਹੁੰਦਾ ਸੀ। ਜਦੋਂ ਖੇਤ ਵਾਹ ਸੰਵਾਰ ਕੇ ਉਸ ਨੇ ਖਰਬੂਜ਼ਿਆਂ ਦੇ ਬੀਜਾਂ ਦਾ ਛਿੱਟਾ ਦਿੱਤਾ ਤਾਂ ਬੀਜਾਂ ਨੂੰ ਘੁੱਗੀ ਨੇ ਚੁੱਗ ਲਿਆ। ਇਕ ਦੋ ਵਾਰ ਫੇਰ ਉਸ ਨੇ ਬੀਜ ਸੁੱਟੇ ਪਰੰਤੂ ਹਰ ਵਾਰ ਲਾਗਲੇ ਦਰੱਖ਼ਤ 'ਤੇ ਬੈਠੀ ਘੁੱਗੀ ਬੀਜ ਖਾ ਜਾਇਆ ਕਰੇ। ਅੱਕ ਕੇ ਮੁਸਲਮਾਨ ਨੇ ਉਥੇ ਇਕ ਜਾਲ ਲਾਇਆ ਅਤੇ ਘੁੱਗੀ ਜਾਲ ਵਿਚ ਫਸ ਗਈ। ਉਸ ਨੇ ਉਸ ਘੁੱਗੀ ਨੂੰ ਇਕ ਪਿੰਜਰੇ ਵਿਚ ਪਾ ਕੇ ਕੋਲ ਰੱਖ ਲਿਆ।

ਘੁੱਗੀ ਵਾਸਤੇ ਪਾਉਣ ਲੱਗੀ ਪਰ ਖੇਤ ਦੇ ਮਾਲਕ ਨੇ ਇਕ ਨਾ ਸੁਣੀ। ਆਲ੍ਹਣੇ ਵਿਚ ਉਸ ਦੇ ਛੋਟੇ ਛੋਟੇ ਬੱਚੇ ਸਨ। ਉਹ ਵੀ ਭੁੱਖੇ ਸਨ। ਘੁੱਗੀ ਨੂੰ ਉਹਨਾਂ ਦਾ ਫ਼ਿਕਰ ਪੈ ਗਿਆ। ਸਭ ਤੋਂ ਪਹਿਲਾਂ ਰਾਹ ਵਿਚ ਮੱਝਾਂ ਗਊਆਂ ਵਾਲੇ ਜਾ ਰਹੇ ਸਨ। ਘੁੱਗੀ ਨੇ ਉਹਨਾਂ ਨੂੰ ਤਰਲਾ ਕਰਦਿਆਂ ਕਿਹਾ :

“ਵੇ ਹਾਲੀਓ ਵੇ ਪਾਲੀਓ, ਡੰਗਰ ਵੱਛਾ ਚਾਰਦਿਓ, 

ਟਾਹਲੀ ਮੇਰੇ ਬੱਚੜੇ, ਧੁੱਪ ਪਉ ਸੜ ਜਾਣਗੇ,

ਮੀਂਹ ਪਊ ਭਿੱਜ ਜਾਣਗੇ, ਹਨੇਰੀ ਆਊ ਉੱਡ ਜਾਣਗੇ, 

ਬੱਧੀ ਘੁੱਗੀ ਨੂੰ ਛੁਡਾਇਓ ਮੇਰੇ ਵੀਰ।”

ਪਾਲੀਆਂ ਨੇ ਤਰਸ ਕਰ ਕੇ ਮੁਸਲਮਾਨ ਨੂੰ ਕਿਹਾ ਕਿ ਤੂੰ ਇਸ ਵਿਚਾਰੀ ਨੂੰ ਛੱਡ ਦੇਹ, ਪਰ ਉਸ ਨੇ ਉਹਨਾਂ ਨੂੰ ਰੁੱਖਾ ਜੁਆਬ ਦੇ ਕੇ ਤੋਰ ਦਿੱਤਾ। 

ਫੇਰ ਭੇਡਾਂ ਬੱਕਰੀਆਂ ਦਾ ਇੱਜੜ ਆ ਗਿਆ। ਘੁੱਗੀ ਨੇ ਆਜੜੀਆਂ ਨੂੰ ਵੀ ਵਾਸਤਾ ਪਾ ਕੇ ਕਿਹਾ :

“ਵੇ ਵੀਰ ਭੇਡਾਂ ਵਾਲਿਓ, ਟਾਹਲੀ ਮੇਰੇ ਬੱਚੜੇ,

ਮੀਂਹ ਪਊ ਭਿੱਜ ਜਾਣਗੇ, ਹਨੇਰੀ ਆਊ ਉੱਡ ਜਾਣਗੇ, 

ਹਾੜੇ ! ਬੱਧੀ ਘੁੱਗੀ ਨੂੰ ਛੁਡਾਇਓ ਮੇਰੇ ਵੀਰ।”

ਆਜੜੀਆਂ ਨੇ ਮੁਸਲਮਾਨ ਨੂੰ ਕਿਹਾ ਕਿ ਘੁੱਗੀ ਵਿਚਾਰੀ ਨੂੰ ਛੱਡ ਦੇਹ। ਪਰ ਉਹ ਨਾ ਮੰਨਿਆ। ਕਹਿੰਦਾ, “ਮੇਰੇ ਖਰਬੂਜ਼ੇ ਹਰੇ ਨਹੀਂ ਹੋਣ ਦਿੰਦੀ। ਤੁਸੀਂ ਚੁੱਪ ਕਰਕੇ ਇਥੋਂ ਚਲੇ ਜਾਓ।" ਇਸ ਤਰ੍ਹਾਂ ਆਜੜੀ ਵੀ ਇਥੋਂ ਚਲੇ ਗਏ।

ਉਸ ਤੋਂ ਬਾਅਦ ਇਕ ਸ਼ਿਕਾਰੀ ਆਇਆ। ਉਸ ਦੇ ਨਾਲ ਵੱਡੇ ਵੱਡੇ ਕੁੱਤਿਆਂ ਦੀ ਟੋਲੀ ਸੀ। ਘੁੱਗੀ ਨੇ ਉਸ ਨੂੰ ਰੋਕ ਕੇ ਕਿਹਾ :

“ਵੇ ਵੀਰ ਕੁੱਤਿਆਂ ਵਾਲਿਆ, ਮੇਰੇ ਬੱਚੇ ਬਚਾਉਣ ਵਾਲਿਆ,

ਘੁੱਗੀ ਜ਼ਾਲਮ ਦੇ ਹੱਥ ਆਈ ਵੇ, ਤੂੰ ਹੈਂ ਮੇਰਾ ਭਾਈ ਵੇ,

ਬੱਧੀ ਘੁੱਗੀ ਨੂੰ ਛੁਡਾਈਂ ਮੇਰਾ ਵੀਰ।”

ਸ਼ਿਕਾਰੀ ਖੜੋ ਗਿਆ। ਉਸ ਨੇ ਡਰੀ ਹੋਈ ਤੇ ਫ਼ਿਕਰਮੰਦ ਘੁੱਗੀ ਵੱਲ ਦੇਖਿਆ। ਉਹਦਾ ਮਨ ਤਰਸ ਨਾਲ ਭਰ ਗਿਆ। ਉਸ ਨੇ ਮੁਸਲਮਾਨ ਨੂੰ ਕਿਹਾ, “ਭਾਈ, ਤੂੰ ਇਸ ਵਿਚਾਰੀ ਨੂੰ ਕਿਉਂ ਤੰਗ ਕਰ ਰਿਹਾ ਹੈਂ ?' ਇਸ 'ਤੇ ਮੁਸਲਮਾਨ ਗ਼ੁੱਸੇ ਵਿਚ ਬੋਲਿਆ ਕਿ “ਜਾਹ ਤੂੰ ਤੁਰ ਜਾਹ ਇਥੋਂ। ਤੇਰੇ ਵਰਗੇ ਪਹਿਲਾਂ ਵੀ ਇਥੋਂ ਕਈ ਲੰਘੇ ਨੇ। ਵੱਡਾ ਹਮਦਰਦ ਆ ਗਿਆ ਇਹ ਘੁੱਗੀ ਦਾ। ਵਿਚਾਰੀ ਦੱਸਦੈ ਇਸ ਨੂੰ।” ਸ਼ਿਕਾਰੀ ਵੀ ਗ਼ੁੱਸੇ ਵਿਚ ਆ ਗਿਆ। ਕਹਿੰਦਾ, “ਛੱਡੇਗਾ ਕਿ ਦੱਸਾਂ ਤੈਨੂੰ।” ਮੁਸਲਮਾਨ ਅੱਗੋਂ ਕਹਿੰਦਾ, “ਕਰ ਲੈ ਜੋ ਕਰਨੈਂ ਤੂੰ।” ਸ਼ਿਕਾਰੀ ਨੇ ਝੱਟ ਕੁੱਤੇ ਨੂੰ ਛੱਡ ਦਿੱਤਾ। ਕੁੱਤੇ ਨੇ ਮੁਸਲਮਾਨ ਦੀ ਸੰਘੀ ਫੜ ਲਈ ਅਤੇ ਉਸ ਦੇ ਆਨੇ ਬਾਹਰ ਆ ਗਏ। ਸ਼ਿਕਾਰੀ ਨੇ ਜਾਲ ਖੋਲ੍ਹ ਦਿੱਤਾ ਅਤੇ ਘੁੱਗੀ ਫੁਰ-ਰ ਕਰ ਕੇ ਉੱਡ ਗਈ। ਮੁਸਲਮਾਨ ਨੇ ਅੱਗੇ ਤੋਂ ਘੁੱਗੀ ਨੂੰ ਨਾ ਫੜਨ ਦਾ ਵਾਅਦਾ ਕੀਤਾ ਅਤੇ ਸ਼ਿਕਾਰੀ ਆਪਣੇ ਕੁੱਤੇ ਲੈ ਕੇ ਆਪਣੇ ਰਾਹ ਪਿਆ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ। ਪਾਉਣਾ ਸੀ ਚੁਬਾਰਾ, ਪੈ ਗਈ ਸਬਾਤ।


Post a Comment

0 Comments