Kaath Da Banda ""ਕਾਠ ਦਾ ਬੰਦਾ " for Students and Kids in Punjabi Language.

ਕਾਠ ਦਾ ਬੰਦਾ 
Kaath Da Banda

ਇਕ ਭਾਈ ਰਾਜੇ ਦੀ ਕੁੜੀ ਸੀ। ਉਸ ਦੀ ਮਾਂ ਬਚਪਨ ਵਿਚ ਹੀ ਮਰ ਗਈ ਸੀ। ਹੁਣ ਉਹ ਮਤੇਰ ਮਾਂ ਦੇ ਨਾਲ ਰਹਿੰਦੀ ਸੀ। ਰਾਜੇ ਨੇ ਇਸ ਕੁੜੀ ਦਾ ਵਿਆਹ ਰੱਖ ਦਿੱਤਾ। ਇਧਰ ਮਤੇਰ ਮਾਂ ਨੇ ਇਸ ਕੁੜੀ ਨੂੰ ਹੋਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਨਹਾਉਣਾ ਬੰਦ ਕਰ ਦਿੱਤਾ। ਲਗਾਤਾਰ ਦੋ ਮਹੀਨੇ ਕੁੜੀ ਨੂੰ ਨਹਾਉਣ ਨਾ ਦਿੱਤਾ। ਕੁੜੀ ਦਾ ਰੰਗ ਤਵੇ ਵਰਗਾ ਕਾਲਾ ਹੋ ਗਿਆ। ਕਿਸੇ ਬੰਦੇ ਨੇ ਅੱਗੇ ਜਾ ਕੇ ਭਾਨੀ ਮਾਰ ਦਿੱਤੀ ਕਿ ਕੁੜੀ ਤਾਂ ਕਾਲੀ ਹੈ। ਜਿਸ ਰਾਜੇ ਦੇ ਲੜਕੇ ਨੂੰ ਉਹ ਮੰਗੀ ਹੋਈ ਸੀ, ਉਸ ਨੇ ਇਨਕਾਰ ਕਰ ਦਿੱਤਾ ਯਾਨੀ ਰਿਸ਼ਤੇ ਤੋਂ ਜਵਾਬ ਦੇ ਦਿੱਤਾ। ਉਸ ਲੜਕੇ ਦੀ ਕਿਸੇ ਹੋਰ ਰਾਜੇ ਦੀ ਲੜਕੀ ਨਾਲ ਮੰਗਣੀ ਹੋ ਗਈ। ਪਰ ਜਿਸ ਕੁੜੀ ਦੀ ਮੰਗਣੀ ਠੁਕਰਾਈ ਗਈ, ਉਸ ਨੇ ਬਦਲਾ ਲੈਣ ਦੀ ਠਾਣ ਲਈ।

ਉਸ ਨੇ ਆਪਣੇ ਲਈ ਲੱਕੜ ਦਾ ਬਕਸਾ ਬਣਵਾ ਲਿਆ ਤੇ ਵਿਚ ਬੈਠ ਗਈ। ਹੇਠੋਂ ਪੈਰ ਚੱਲਦੇ ਰੱਖ ਲਏ ਅਤੇ ਉਪਰੋਂ ਕੇਵਲ ਅੱਖਾਂ ਨੰਗੀਆਂ। ਆਪਣੇ ਪੁਰਾਣੇ ਮੰਗੇਤਰ ਦੀ ਗਲੀ ਵਿਚ ਜਾ ਕੇ ਕਹਿਣ ਲੱਗੀ ਕਿ ਕੋਈ ਕਾਠ ਦੇ ਬੰਦੇ ਨੂੰ ਨੌਕਰ ਰੱਖ ਲਓ। ਵਿਆਹ ਕਾਰਨ ਉਸ ਰਾਜੇ ਨੂੰ ਕਾਫ਼ੀ ਨੌਕਰਾਂ ਦੀ ਲੋੜ ਸੀ।

ਇਸ ਲਈ ਉਹਨਾਂ ਨੇ ਕਾਠ ਦੇ ਬੰਦੇ ਨੂੰ ਨੌਕਰ ਰੱਖ ਲਿਆ। ਹੁਣ ਲੜਕੀ ਵਾਲਿਆਂ ਦੇ ਘਰ ਜੋ ਵੀ ਸੁਨੇਹਾ ਦੇਣਾ ਹੁੰਦਾ ਤਾਂ ਕਾਠ ਦੇ ਬੰਦੇ ਨੂੰ ਭੇਜਿਆ ਜਾਂਦਾ। ਕਾਠ ਦੇ ਬੰਦੇ ਨੂੰ ਪਹਿਲਾਂ ਸੁਨੇਹਾ ਦੇ ਕੇ ਭੇਜਿਆ ਗਿਆ ਕਿ ਲੜਕੇ ਦੀ ਪੋਸ਼ਾਕ ਚੰਗੀ ਤਰ੍ਹਾਂ ਸਿਲਾਈ ਜਾਵੇ। ਪਰੰਤੂ ਕਾਠ ਦੇ ਬੰਦੇ ਨੇ ਜਾ ਕੇ ਕਿਹਾ ਕਿ ਰਾਜੇ ਦਾ ਹੁਕਮ ਹੈ ਕਿ ਪਜਾਮੇ ਦੀ ਇਕ ਲੱਤ ਵੱਡੀ ਹੋਵੇ ਅਤੇ ਇਕ ਛੋਟੀ। ਦੂਜੀ ਵਾਰ ਉਸ ਨੂੰ ਭੇਜਿਆ ਕਿ ਲੜਕੇ ਦੇ ਜੁੱਤੇ ਨਾਪ ਅਨੁਸਾਰ ਹੋਣ ਅਤੇ ਤਿੱਲੇਦਾਰ ਕਢਾਈ ਕੀਤੀ ਹੋਵੇ। ਕਾਠ ਦੇ ਬੰਦੇ ਨੇ ਜਾ ਕੇ ਕਿਹਾ ਕਿ ਜੁੱਤੀ ਬਿਲਕੁਲ ਸਾਦੀ ਹੋਵੇ ਅਤੇ ਇਕ ਪੈਰ ਵੱਡਾ ਹੋਵੇ ਅਤੇ ਦੂਜਾ ਛੋਟਾ। ਉਨ੍ਹਾਂ ਨੇ ਇਸ ਤਰ੍ਹਾਂ ਹੀ ਸਾਰੇ ਹੁਕਮ ਮੰਨ ਲਏ।

ਕਾਨ ਦੇ ਬੰਦੇ ਨੂੰ ਤੀਜਾ ਸੁਨੇਹਾ ਦੇਣ ਲਈ ਭੇਜਿਆ ਗਿਆ ਕਿ ਸਾਰੇ ਸ਼ਹਿਰ ਦੀਆਂ ਗਲੀਆਂ ਸਾਫ਼ ਸੁਥਰੀਆਂ ਰੱਖੀਆਂ ਜਾਣ ਅਤੇ ਗਲੀਆਂ ਵਿਚ ਰੰਗਦਾਰ ਝੰਡੀਆਂ ਲਗਾਈਆਂ ਜਾਣ। ਪਰੰਤੂ ਕਾਠ ਦੇ ਬੰਦੇ ਨੇ ਜਾ ਕੇ ਕਿਹਾ ਕਿ ਰਾਜੇ ਦਾ ਹੁਕਮ ਹੈ ਕਿ ਗਲੀਆਂ ਵਿਚ ਕੂੜੇ ਦੇ ਢੇਰ ਲਗਾਏ ਜਾਣ ਅਤੇ ਛੱਤਾਂ ਦੇ ਪਰਨਾਲਿਆਂ ਵਿਚੋਂ ਦੀ ਪਸ਼ੂਆਂ ਦੀ ਮੋਕ ਦੇ ਬੱਠਲ ਭਰ ਭਰ ਵਗਾਏ ਜਾਣ। ਚੌਥਾ ਸੁਨੇਹਾ ਇਹ ਸੀ ਕਿ ਵਿਆਹ ਵਾਲੀ ਲੜਕੀ ਦੇ ਵਾਲ ਚੰਗੀ ਤਰ੍ਹਾਂ ਸਵਾਰੇ ਜਾਣ, ਪਰ ਕਾਠ ਦੇ ਬੰਦੇ ਨੇ ਹੁਕਮ ਚਾੜ੍ਹ ਦਿੱਤਾ ਕਿ ਵਿਆਹ ਵਾਲੀ ਕੁੜੀ ਦੇ ਸਿਰ ਦੇ ਵਾਲ ਕਟਾ ਦਿੱਤੇ ਜਾਣ।

ਅਖ਼ੀਰ ਵਿਆਹ ਦਾ ਦਿਨ ਆ ਗਿਆ। ਬਰਾਤ ਰਵਾਨਾ ਹੋ ਗਈ। ਉਧਰ ਲੜਕੀ ਵਾਲਿਆਂ ਨੇ ਰਾਜੇ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ। ਗਲੀਆਂ ਵਿਚ ਕੂੜੇ ਦੇ ਢੇਰ ਲਗਾਏ ਗਏ। ਜੁੱਤੇ ਵੱਡੇ ਛੋਟੇ ਬਣਵਾਏ ਗਏ। ਇਸ ਤਰ੍ਹਾਂ ਹੀ ਕੱਪੜੇ ਸੀਤੇ ਗਏ। ਲੜਕੀ ਦੇ ਸਿਰ ਦੇ ਵਾਲ ਕਟਵਾਏ ਗਏ। ਜਦ ਬਰਾਤ ਉਥੇ ਪਹੁੰਚੀ ਤਾਂ ਰਾਜੇ ਨੇ ਹੈਰਾਨ ਹੋ ਕੇ ਪੁੱਛਿਆ ਕਿ ਇਹ ਤੁਸੀਂ ਕੀ ਕੀਤਾ ਹੈ। ਤਾਂ ਉਹਨਾਂ ਨੇ ਜੁਆਬ ਦਿੱਤਾ ਕਿ ਤੁਹਾਡੇ ਕਾਠ ਦੇ ਬੰਦੇ ਨੇ ਹੀ ਸਾਨੂੰ ਇਸ ਤਰ੍ਹਾਂ ਕਿਹਾ ਸੀ। ਕਾਠ ਦੇ ਬੰਦੇ ਨੂੰ ਬੁਲਾਇਆ ਗਿਆ ਅਤੇ ਪੁੱਛਿਆ ਗਿਆ। ਕਾਠ ਦੇ ਬੰਦੇ ਨੇ ਅਰਜ਼ ਕੀਤੀ,

“ਜੀ ਮੇਰੀ ਚੁੰਮ ਦੀ ਜ਼ਬਾਨ ਹੈ, ਕਿਤੇ ਇਚਲ ਵਿਚਲ ਹੋਗੀ।”

ਪਰ ਹੁਣ ਕੀ ਹੋ ਸਕਦਾ ਸੀ। ਵਿਆਹ ਉਸੇ ਤਰ੍ਹਾਂ ਹੀ ਉਦਾਸੀ ਵਿਚ ਹੋ ਗਿਆ। ਪਰੰਤੂ ਉਹ ਕਾਠ ਦੇ ਬੰਦੇ 'ਤੇ ਸ਼ੱਕ ਕਰਨ ਲੱਗ ਪਏ। ਇਕ ਦਿਨ ਜਦ ਉਹ ਛੱਪੜ 'ਤੇ ਨਹਾ ਰਹੀ ਸੀ ਤਾਂ ਉਹਨਾਂ ਨੇ ਦੇਖਿਆ ਕਿ ਇਹ ਕਾਠ ਦਾ ਬੰਦਾ ਨਹੀਂ ਸੀ, ਸਗੋਂ ਉਹ ਇਕ ਬਹੁਤ ਹੀ ਖ਼ੂਬਸੂਰਤ ਔਰਤ ਸੀ। ਘਰ ਆਉਣ ਤੇ ਉਸ ਦੀ ਪੁੱਛ-ਗਿੱਛ ਹੋਈ ਕਿ ਉਹ ਸੱਚ ਦੱਸੇ ਕਿ ਕੌਣ ਹੈ। ਫਿਰ ਉਸ ਨੇ ਸੱਚੀ-ਸੱਚੀ ਗੱਲ ਦੱਸ ਦਿੱਤੀ ਕਿ ਮੈਂ ਆਪਣਾ ਬਦਲਾ ਲੈਣ ਲਈ ਹੀ ਕਾਠ ਦੇ ਬੰਦੇ ਦਾ ਸਾਂਗ ਧਾਰਿਆ ਸੀ। ਸਾਰਾ ਟੱਬਰ ਆਪਣੇ ਕੀਤੇ 'ਤੇ ਪਛਤਾਉਣ ਲੱਗਾ ਕਿ ਇੰਨੀ ਸੁੰਦਰ ਤੇ ਅਕਲਵੰਦ ਲੜਕੀ ਦਾ ਰਿਸ਼ਤਾ ਛੱਡ ਕੇ ਉਹਨਾਂ ਨੇ ਉਸ ਨਾਲ ਧੱਕਾ ਕੀਤਾ ਸੀ। ਉਹਨਾਂ ਨੇ ਉਸ ਲੜਕੀ ਨੂੰ ਉਸੇ ਲੜਕੇ ਨਾਲ ਹੀ ਵਿਆਹ ਦਿੱਤਾ। ਹੁਣ ਉਸ ਲੜਕੇ ਦੀਆਂ ਦੋ ਰਾਣੀਆਂ ਬਣ ਗਈਆਂ। ਚੱਲ ਭਾਈ ਵੱਸਦੇ ਐ, ਰਸਦੇ ਐ। ਮੌਜਾਂ ਕਰਦੇ ਐ। ਕੱਲ ਮੈਂ ਗਿਆ ਸੀ, ਖੰਡ ਆਲੀ ਚਾਹ ਪੀ ਕੇ ਆਇਆ ਸੀ।


Post a Comment

0 Comments