Chuhi, Chidi te Dadd ""ਚੂਹੀ, ਚਿੜੀ ਤੇ ਡੱਡ" for Students and Kids in Punjabi Language.

ਚੂਹੀ, ਚਿੜੀ ਤੇ ਡੱਡ (Chuhi, Chidi te Dadd)

ਇਕ ਵਾਰੀ ਦੀ ਗੱਲ ਹੈ ਕਿ ਇਕ ਛੱਪੜ ਕੇ ਕੰਢੇ ਇਕ ਦਰੱਖ਼ਤ ਸੀ। ਉਸ ਦਰੱਖ਼ਤ ਦੇ ਉਪਰ ਇਕ ਚਿੜੀ ਰਹਿੰਦੀ ਸੀ। ਹੇਠਾਂ ਦਰੱਖ਼ਤ ਦੀਆਂ ਜੜ੍ਹਾਂ ਵਿਚ ਇਕ ਚੱਕੀ ਦਾ ਪੁੜ ਰੱਖਿਆ ਹੋਇਆ ਸੀ। ਉਸ ਪੁੜ ਦੇ ਹੇਠਾਂ ਇਕ ਚੂਹੀ ਰਹਿੰਦੀ ਸੀ। ਛੱਪੜ ਦੇ ਕਿਨਾਰੇ ਇਕ ਡੱਡ ਵੀ ਤੈਰਦੀ ਰਹਿੰਦੀ। ਇਸ ਤਰ੍ਹਾਂ ਚੂਹੀ, ਚਿੜੀ ਤੇ ਛੱਡ ਅਕਸਰ ਕਿਨਾਰੇ 'ਤੇ ਇਕੱਠੀਆਂ ਹੋ ਜਾਂਦੀਆਂ। ਹੌਲੀ ਹੌਲੀ ਉਹਨਾਂ ਦੀ ਨੇੜਤਾ ਵੱਧ ਗਈ ਅਤੇ ਉਹ ਇਕ ਦੂਜੇ ਦੀਆਂ ਚੰਗੀਆਂ ਸਹੇਲੀਆਂ ਬਣ ਗਈਆਂ।

ਫੇਰ ਚਿੜੀ ਦੀ ਭੈਣ ਦਾ ਵਿਆਹ ਆ ਗਿਆ। ਨਾਲ ਦੇ ਦੋ ਖੇਤ ਟੱਪ ਕੇ ਹੀ ਜਾਣਾ ਸੀ। ਚਿੜੀ ਨੇ ਚੂਹੀ ਅਤੇ ਡੱਡ ਦੋਹਾਂ ਨੂੰ ਵਿਆਹ ਚੱਲਣ ਲਈ ਕਿਹਾ।

ਚੂਹੀ ਤਾਂ ਤਿਆਰ ਹੋ ਗਈ ਪਰੰਤੂ ਡੱਡ ਇੰਨਾ ਤੁਰਨਾ ਨਹੀਂ ਸੀ ਚਾਹੁੰਦੀ। ਇਸ ਲਈ ਉਸ ਨੇ ਘਰ ਸੰਭਾਲਣ ਦਾ ਬਹਾਨਾ ਪੇਸ਼ ਕੀਤਾ। ਚਿੜੀ ਅਤੇ ਚੂਹੀ, ਡੱਡ ਨੂੰ ਘਰ ਸੰਭਾਲਣ ਲਈ ਛੱਡ ਗਈਆਂ।

ਅਗਲੇ ਦਿਨ ਹੀ ਚਿੜੀ ਅਤੇ ਚੂਹੀ ਰਾਹ ਪੈ ਗਈਆਂ। ਰਾਹ ਵਿਚ ਤੁਰਦਿਆਂ ਚਿੜੀ ਉੱਡ ਕੇ ਕਿੱਕਰ 'ਤੇ ਬੈਠ ਗਈ। ਚੂਹੀ ਵੀ ਕਿੱਕਰ 'ਤੇ ਚੜ੍ਹਨ ਲੱਗੀ, ਉਸ ਦੇ ਕੰਨਾਂ ਵਿਚ ਸੂਲਾਂ ਲੱਗੀਆਂ ਤਾਂ ਉਹ ‘ਚੀਂ ਚੀ’ ਕਰਨ ਲੱਗੀ। ਚਿੜੀ ਨੇ ਮੁਸ਼ਕਲ ਨਾਲ ਉਸ ਨੂੰ ਕੱਢਿਆ। ਫੇਰ ਚਿੜੀ ਉਡਾਰੀ ਮਾਰ ਕੇ ਬੇਰੀ ਉਪਰ ਬੈਠ ਗਈ। ਚੂਹੀ ਵੀ ਤੁਰਦੀ ਗਈ ਅਤੇ ਕੋਲ ਆ ਕੇ ਬੋਰੀ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਫੇਰ ਉਸ ਦੇ ਨੱਕ ਵਿਚ ਕੰਡੇ ਲੱਗੇ ਅਤੇ ਉਹ ‘ਚੀਂ ਚੀਂ’ ਕਰਨ ਲੱਗੀ। ਕਹਿੰਦੀ, “ਹਾੜੇ ਭੈਣੋਂ, ਮੈਨੂੰ ਇਥੋਂ ਕੱਢ ਲੈ, ਚਿੜੀ ਨੇ ਫੇਰ ਮੁਸ਼ਕਲ ਨਾਲ ਰੋਂਦੀ ਚੂਹੀ ਨੂੰ ਮਸਾਂ ਬਚਾਇਆ। ਉਹ ਫੇਰ ਅੱਗੇ ਤੁਰ ਪਈਆਂ। ਥੋੜ੍ਹੀ ਦੂਰ ਜਾ ਕੇ ਰਾਹ ਵਿਚ ਇਕ ਮੱਝ ਆ ਗਈ। ਚਿੜੀ ਤਾਂ ਮੱਝ ਦੇ ਉਪਰ ਬੈਠ ਗਈ। ਚੂਹੀ ਨੇ ਵੀ ਉਸ ਦੀ ਰੀਸ ਕਰਨੀ ਚਾਹੀ। ਉਹ ਮੱਝ ਦੇ ਪਿਛਲੇ ਪੈਰ 'ਤੇ ਚੜ੍ਹਨ ਲੱਗੀ ਤਾਂ ਉਸੇ ਵੇਲੇ ਮੱਝ ਨੇ ਫੋਸ ਕਰ ਦਿੱਤਾ। ਚੂਹੀ ਗੋਹੇ ਥੱਲੇ ਦੱਬੀ ਗਈ। ਹੁਣ ਫੇਰ ਚਿੜੀ ਨੇ ਚੂਹੀ ਨੂੰ ਮਰਨੋਂ ਬਚਾਇਆ। ਉਹ ਫੇਰ ਦਮ ਲੈ ਕੇ ਤੁਰ ਪਈਆਂ। ਅੱਗੇ ਰਾਹ ਵਿਚ ਇਕ ਹਾਥੀ ਤੁਰਿਆ ਜਾਂਦਾ ਸੀ। ਚਿੜੀ ਤਾਂ ਹਾਥੀ ਦੇ ਉਪਰ ਬੈਠ ਕੇ ਝੂਟੇ ਲੈਣ ਲੱਗੀ। ਪਰ ਚੂਹੀ ਹਾਥੀ ਦੇ ਪੈਰਾਂ ਵਿਚ ਤੁਰੀ ਗਈ। ਅਚਾਨਕ ਚੂਹੀ ਹਾਥੀ ਦੇ ਪੈਰ ਥੱਲੇ ਆ ਗਈ ਅਤੇ ਉਸ ਦੀਆਂ ਚੀਕਾਂ ਨਿਕਲ ਗਈਆਂ। ਸਬੱਬੀਂ ਉਹ ਬਚ ਰਹੀ ਅਤੇ ਦੋਵੇਂ ਘਰ ਪਹੁੰਚ ਗਈਆਂ।

ਵਿਆਹ ਦੇਖ ਕੇ ਅਗਲੇ ਦਿਨ ਉਹ ਵਾਪਸ ਮੁੜ ਪਈਆਂ। ਰਾਹ ਵਿਚ ਆਉਂਦਿਆਂ ਉਹ ਇਕ ਟਾਹਲੀ ਥੱਲੇ ਬੈਠ ਗਈਆਂ। ਚਿੜੀ ਹੁਣ ਚੂਹੀ ਨੂੰ ਮਖੌਲਾਂ ਕਰਨ ਲੱਗ ਪਈ। ਇਸ ਤਰ੍ਹਾਂ ਗੱਲਾਂ ਗੱਲਾਂ ਵਿਚ ਹੀ ਉਹ ਤਾਹਨੇ ਮਿਹਣੇ ਮਾਰਨ ਲੱਗੀਆਂ। ਚਿੜੀ ਬੋਲੀ, “ਜਦੋਂ ਭਾਈਆਂ ਪਿੱਟੀਏ, ਤੈਨੂੰ ਮੈਂ ਕਿੱਕਰ ਦੇ ਕੰਡਿਆਂ ਵਿਚੋਂ ਕੱਢਿਆ ਸੀ, ਉਦੋਂ ਤਰਲੇ ਕਰਦੀ ਸੀ।”

ਚੂਹੀ ਨੇ ਗਿੱਧਾ ਪਾ ਕੇ ਗੀਤ ਵਾਲੇ ਲਹਿਜ਼ੇ 'ਚ ਜੁਆਬ ਦਿੱਤਾ, “ਨੀ ਮੈਂ ਤਾਂ ਕੰਨ ਵਿਨ੍ਹਿਆਉਂਦੀ ਸੀ, ਨੀ ਮੈਂ ਤਾਂ...।”

ਚਿੜੀ ਨੇ ਫਿਰ ਕਿਹਾ, “ਨੀ ਜਦੋਂ ਭਾਈਆਂ ਪਿੱਟੀਏ, ਮੈਂ ਤੈਨੂੰ ਬੇਰੀ 'ਚੋਂ ਕੱਢਿਆ ਸੀ।”

ਚੂਹੀ ਫੇਰ ਗਿੱਧਾ ਪਾ ਕੇ ਬੋਲੀ, “ਨੀ ਮੈਂ ਤਾਂ ਨੱਕ ਵਿਨ੍ਹਿਆਉਂਦੀ ਸੀ, ਨੀ ਮੈਂ ਤਾਂ.....।”

ਚਿੜੀ ਨੇ ਫਿਰ ਕਿਹਾ :

“ਨੀ ਭੁੱਲਗੀ। ਯਾਦ ਐ ਜਦੋਂ ਮੱਝ ਦੇ ਫੋਸ ਥੱਲੇ ਦੱਬੀ ਪਈ ਸੀ।” 

ਚੂਹੀ ਫਿਰ ਉਸੇ ਤਰ੍ਹਾਂ ਬੋਲੀ:

ਨੀ ਮੈਂ ਤਾਂ ਵੱਟਣਾ ਮਲਾਉਂਦੀ ਸੀ, ਨੀ ਮੈਂ ਤਾਂ.....।”

ਚਿੜੀ ਨੇ ਫਿਰ ਯਾਦ ਕਰਾਇਆ :

“ਨੀ, ਤੂੰ ਹਾਥੀ ਦੇ ਪੈਰ ਥੱਲੇ ਕੀ ਕਰਦੀ ਸੀ?" 

ਤਾਂ ਚੂਹੀ ਬੋਲੀ :

“ਨੀ ਮੈਂ ਤਾਂ ਢਿੱਡ ਮਲਾਉਂਦੀ ਸੀ, ਨੀ ਮੈਂ ......।”

ਇੱਦਾਂ ਕਰਦਿਆਂ ਉਹ ਘਰ ਪਹੁੰਚ ਗਈਆਂ। ਘਰ ਜਾ ਕੇ ਉਹਨਾਂ ਨੂੰ ਛੱਡ ਕਿਧਰੇ ਵੀ ਨਜ਼ਰ ਨਾ ਆਈ। ਉਨ੍ਹਾਂ ਨੇ ਕੰਢੇ 'ਤੇ ਬੈਠੇ ਧੋਬੀ ਤੋਂ ਛੱਡ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਛੱਪੜ ਵਿਚ ਛਾਲ ਮਾਰ ਗਈ ਸੀ। ਚਿੜੀ ਤਾਂ ਦਰੱਖ਼ਤ 'ਤੇ ਚੜ੍ਹ ਗਈ ਪਰੰਤੂ ਚੂਹੀ ਚੱਕੀ ਥੱਲਿਉਂ ਪਰਾਂਦੀ ਕੱਢ ਕੇ ਸਿਰ `ਤੇ ਰੱਖ ਕੇ ਇਹ ਕਹਿੰਦੀ ਨੱਚਣ ਲੱਗ ਪਈ :

ਵੇ ਅੱਜ ਮਰੀ ਕਿ ਕੱਲ ?

ਵੇ ਅੱਜ ਮਰੀ ਕਿ ਕੱਲ ?”


Post a Comment

0 Comments