ਵਿਧੀ ਵਿਧਾਨ ਅਤੇ ਸੰਯੋਗ
ਇਕ ਵਾਰ ਦੀ ਗੱਲ ਹੈ ਕਿ ਇਕ ਬੜਾ ਹੀ ਧਰਮੀ-ਕਰਮੀ ਰਾਜਾ ਸੀ, ਪਰ ਉਸਦੇ ਘਰ ਕੋਈ ਔਲਾਦ ਨਹੀਂ ਸੀ। ਬੜੀ ਤਪੱਸਿਆ ਤੇ ਚੰਗੇ ਕਰਮਾਂ ਦੇ ਫਲਸਰੂਪ ਉਹਦੇ ਘਰ ਇਕ ਧੀ ਨੇ ਜਨਮ ਲਿਆ । ਪੂਰਾ ਰਾਜ ਮਹੱਲ ਖ਼ੁਸ਼ੀਆਂ ਨਾਲ ਭਰ ਗਿਆ। ਰਾਜੇ ਨੇ ਆਪਣੀ ਧੀ ਦੇ ਭਾਗ ਜਾਨਣ ਲਈ ਰਾਜ ਜੋਤਸ਼ੀ ਨੂੰ ਸੱਦਿਆ ਅਤੇ ਆਖਿਆ ਕਿ ਤੁਸੀਂ ਮੇਰੀ ਧੀ ਦੇ ਭਵਿੱਖ ਬਾਰੇ ਦੱਸੋ ਕਿ ਇਹਦਾ ਆਉਣ ਵਾਲਾ ਜੀਵਨ ਕਿਹੋ ਜਿਹਾ ਹੋਵੇਗਾ।
ਜੋਤਸ਼ੀ ਨੇ ਆਖਿਆ—ਹੇ ਰਾਜਨ, ਮੇਰੀ ਜੋਤਿਸ਼ ਵਿਦਿਆ ਇਹ ਆਖ ਰਹੀ ਹੈ ਕਿ ਤੁਹਾਡੀ ਬੇਟੀ ਤੁਹਾਡੇ ਵਾਂਗ ਹੀ ਧਰਮੀ ਅਤੇ ਆਪਣੇ ਸਹੁਰੇ ਘਰ ਨੂੰ ਇੱਜ਼ਤ ਮਾਣ ਦੇਣ ਵਾਲੀ ਹੋਵੇਗੀ ਪਰ...।”
ਪਰ ਕੀ ?” ਰਾਜੇ ਨੇ ਉਤਸੁਕਤਾ ਨਾਲ ਪੁੱਛਿਆ।
ਰਾਜ ਜੋਤਸ਼ੀ ਕਹਿਣ ਲੱਗਾ—ਹੇ ਰਾਜਨ, ਮੇਰੀ ਜੋਤਿਸ਼ ਅਨੁਸਾਰ ਤੁਹਾਡੀ ਬੇਟੀ ਦਾ ਵਿਆਹ ਬਹੁਤ ਹੀ ਗਰੀਬ ਘਰ ਵਿਚ ਹੋਵੇਗਾ। ਉਸ ਘਰ ਦੇ ਜੀਅ ਮਸਾਂ ਰੋਟੀ ਕਮਾਉਣ ਜੋਗੇ ਹੀ ਹੋਣਗੇ।”
“ਇੰਝ ਨਹੀਂ ਹੋ ਸਕਦਾ... ਰਾਜੇ ਦੀ ਧੀ ਕਿਸੇ ਗਰੀਬ ਘਰ ਵਿਚ ਵਿਆਹੀ ਜਾਵੇਗੀ, ਮੈਂ ਇੰਝ ਨਹੀਂ ਹੋਣ ਦਿਆਂਗਾ।” ਰਾਜੇ ਨੇ ਗੁੱਸੇ ਵਿਚ ਆ ਕੇ ਜੋਤਸ਼ੀ ਨੂੰ ਆਖਿਆ।
ਇੰਨਾ ਆਖ ਕੇ ਰਾਜਾ ਆਪਣੀ ਕੁੱਲ ਦੇਵੀ ਦੀ ਮੂਰਤੀ ਅੱਗੇ ਬਹਿ ਗਿਆ ਅਤੇ ਭਗਤੀ ਕਰਨ ਲੱਗ ਪਿਆ। ਕੁਝ ਦਿਨਾਂ ਬਾਅਦ ਉਸ ਮੂਰਤੀ ਵਿਚੋਂ ਬਿਧ ਮਾਤਾ ਪ੍ਰਗਟ ਹੋਈ ਤੇ ਆਖਣ ਲੱਗੀ—“ਦੱਸ ਰਾਜਨ, ਤੂੰ ਮੇਰੀ ਭਗਤੀ ਕਿਉਂ ਕਰ ਰਿਹਾ ਏਂ ? ਤੈਨੂੰ ਕੀ ਚਾਹੀਦਾ ਹੈ ?”
“ਹੇ ਮਾਤਾ, ਇੰਨੇ ਚਿਰਾਂ ਪਿੱਛੋਂ ਮੇਰੇ ਘਰ ਔਲਾਦ ਹੋਈ ਹੈ ਪਰ ਇਹ ਕੀ...? ਇਕ ਰਾਜੇ ਦੀ ਧੀ ਗਰੀਬ ਘਰ ਵਿਚ ਵਿਆਹੀ ਜਾਵੇਗੀ। ਮੈਂ ਅਜਿਹਾ ਨਹੀਂ ਚਾਹੁੰਦਾ ਹਾਂ। ਕ੍ਰਿਪਾ ਕਰਕੇ ਮੇਰੇ 'ਤੇ ਰਹਿਮ ਕਰੋ । ਰਾਜੇ ਨੇ ਆਖਿਆ
“ਹੇ ਰਾਜਨ ! ਤੇਰੀ ਧੀ ਦੇ ਜਨਮ ਤੋਂ ਪਹਿਲਾਂ ਹੀ ਉਸਦੇ ਭਾਗ ਲਿਖ ਦਿੱਤੇ ਗਏ ਹਨ।ਜੋ ਉਸਦੇ ਸੰਯੋਗਾਂ ਵਿਚ ਹੈ, ਉਹੀ ਉਸਨੂੰ ਮਿਲ ਕੇ ਰਹੇਗਾ। ਤੂੰ ਉਸਨੂੰ ਰੋਕ ਨਹੀਂ ਸਕੇਂਗਾ।”
ਰਾਜਾ ਆਖਣ ਲੱਗਾ-‘ਹੇ ਮਾਤਾ ! ਮੈਂ ਉਸਦੇ ਸੰਯੋਗ ਬਦਲ ਕੇ ਦੱਸਾਂਗਾ। ਚਾਹੇ ਮੈਨੂੰ ਉਸ ਲਈ ਕੁਝ ਵੀ ਕਰਨਾ ਪਵੇ। ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਮੇਰੇ 'ਤੇ ਇਹ ਕ੍ਰਿਪਾ ਕਰ ਦੇਵੋ ਕਿ ਜਿਸ ਲੜਕੇ ਨਾਲ ਮੇਰੀ ਧੀ ਦਾ ਵਿਆਹ ਸੰਯੋਗਾਂ ਵਿਚ ਲਿਖਿਆ ਹੈ, ਉਸਦਾ ਪਤਾ-ਠਿਕਾਣਾ ਹੀ ਦੱਸ ਦੇਵੋ।”
“ਠੀਕ ਹੈ ਰਾਜਨ ! ਤੂੰ ਬੜਾ ਧਰਮੀ-ਕਰਮੀ ਏਂ, ਮੈਂ ਨਹੀਂ ਚਾਹੁੰਦੀ ਕਿ ਤੂੰ ਕੋਈ ਪਾਪ ਕਰੇਂ, ਪਰ ਫਿਰ ਵੀ ਜੇ ਤੂੰ ਚਾਹੁੰਦਾ ਏਂ ਕਿ ਤੂੰ ਆਪਣੀ ਧੀ ਦੇ ਸੰਯੋਗ ਬਦਲ ਸਕਦਾ ਏਂ ਤਾਂ ਇਹ ਵੀ ਕਰ ਕੇ ਵੇਖ ਲੈ। ਤੇਰੀ ਧੀ ਦਾ ਜਿਸ ਲੜਕੇ ਨਾਲ ਵਿਆਹ ਹੋਣਾ ਏ, ਉਸਦਾ ਜਨਮ ਹੋ ਚੁੱਕਾ ਹੈ ਤੇ ਉਸਦੇ ਮਾਪੇ ਕਿਸੇ ਜੰਗਲ ਵਿਚ ਰਹਿੰਦੇ ਹਨ। ਉਸਦੇ ਮਾਪੇ ਗ੍ਰੇਟੇ (ਸੁੱਕੇ ਗੋਹੇ ਦੇ ਟੁਕੜੇ ਜਾਂ ਪਾਥੀਆਂ ਦੇ ਸੁੱਕੇ ਟੋਟੇ) ਵੇਚ ਕੇ ਜੋ ਪੈਸੇ ਵੱਟਦੇ ਹਨ, ਉਨ੍ਹਾਂ ਪੈਸਿਆਂ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਦਾ ਏ।” ਬਿਧ ਮਾਤਾ ਇਹ ਕਹਿ ਕੇ ਅਲੋਪ ਹੋ ਗਈ।
ਰਾਜੇ ਨੇ ਆਪਣੇ ਕਈ ਕਰਮਚਾਰੀ ਉਸ ਪਰਿਵਾਰ ਨੂੰ ਲੱਭਣ ਲਈ ਭੇਜ ਦਿੱਤੇ ਤੇ ਅਖ਼ੀਰ ਇਕ ਦਿਨ ਰਾਜੇ ਦੇ ਮਹਿਲਾਂ ਤੋਂ ਕਈ ਮੀਲ ਦੂਰ ਇਕ ਜੰਗਲ ਵਿਚ ਉਹ ਪਰਿਵਾਰ ਰਾਜੇ ਦੇ ਸੈਨਿਕਾਂ ਨੂੰ ਲੱਭ ਗਿਆ। ਸੈਨਿਕਾਂ ਨੇ ਆਣ ਕੇ ਰਾਜੇ ਨੂੰ ਦੱਸਿਆ ਕਿ ਉਸ ਪਰਿਵਾਰ ਵਿਚ ਇਕ ਛੋਟਾ ਜਿਹਾ ਬੱਚਾ ਤੇ ਉਸਦੇ ਮਾਂ-ਬਾਪ ਰਹਿੰਦੇ ਹਨ। ਇਕ ਦਿਨ ਰਾਜਾ ਭੇਸ ਬਦਲ ਕੇ ਉਸ ਜੰਗਲ ਵਿਚ ਪਹੁੰਚ ਗਿਆ। ਭੁੱਖ ਤੇ ਪਿਆਸ ਦਾ ਬਹਾਨਾ ਲਾ ਕੇ ਰਾਜਾ ਉਸ ਲੜਕੇ ਦੇ ਘਰ ਜਾ ਪਹੁੰਚਿਆ। ਲੜਕੇ ਦੇ ਮਾਤਾ ਪਿਤਾ ਨੇ ਆਪਣੀ ਪਹੁੰਚ ਅਨੁਸਾਰ ਉਸਦੀ ਰੱਜ ਕੇ ਸੇਵਾ ਕੀਤੀ। ਰਾਜਾ ਅੰਦਰੋ-ਅੰਦਰੀ ਖ਼ੁਸ਼ ਸੀ ਕਿ ਉਹ ਆਪਣੀ ਬੇਟੀ ਦੇ ਸੰਯੋਗ ਅੱਜ ਬਦਲ ਕੇ ਜਾਵੇਗਾ। ਸ਼ਾਮ ਪੈ ਜਾਣ ਕਾਰਨ ਅਤੇ ਲੜਕੇ ਦੇ ਮਾਤਾ-ਪਿਤਾ ਦੇ ਕਹਿਣ ਉੱਤੇ ਰਾਜੇ ਨੇ ਉਨ੍ਹਾਂ ਦੇ ਘਰ ਰਾਤ ਰਹਿਣਾ ਮਨਜ਼ੂਰ ਕਰ ਲਿਆ। ਅਸਲ ਵਿਚ ਰਾਜਾ ਵੀ ਇਹੋ ਚਾਹੁੰਦਾ ਸੀ।
ਸਵੇਰ ਹੋਣ 'ਤੇ ਲੜਕੇ ਦੇ ਮਾਤਾ-ਪਿਤਾ ਰਾਜੇ ਨੂੰ ਕਹਿਣ ਲੱਗੇ ਕਿ ਉਹ ਹੁਣ ਕੰਮ ’ਤੇ ਜਾ ਰਹੇ ਹਨ, ਇਸ ਲਈ ਤੁਸੀਂ ਦੁਪਹਿਰ ਤਕ ਇਥੇ ਹੀ ਠਹਿਰਣਾ ਅਤੇ ਦੁਪਹਿਰ ਦੀ ਰੋਟੀ ਖਾ ਕੇ ਜਾਣਾ। ਉਸ ਵੇਲੇ ਤਕ ਅਸੀਂ ਵੀਆ ਜਾਵਾਂਗੇ। ਤਦ ਤਕ ਸਾਡਾ ਪੁੱਤਰ ਵੀ ਤੁਹਾਡੇ ਕੋਲ ਰਹੇਗਾ। ਇਹ ਸੁਣ ਕੇ ਰਾਜਾ ਬੜਾ ਖ਼ੁਸ਼ ਹੋਇਆ ਅਤੇ ਉਸਨੇ ਹਾਂ ਵਿਚ ਸਿਰ ਹਿਲਾ ਦਿੱਤਾ।
ਜਦੋਂ ਲੜਕੇ ਦੇ ਮਾਤਾ-ਪਿਤਾ ਸੁੱਕੇ ਗ੍ਰੋਟਿਆਂ ਦੀ ਭਾਲ ਵਿਚ ਦੂਰ ਨਿਕਲ ਗਏ ਤਾਂ ਮਗਰੋਂ ਰਾਜੇ ਨੇ ਉਸ ਮੁੰਡੇ ਨੂੰ ਚੁੱਕ ਲਿਆ ਤੇ ਉਨ੍ਹਾਂ ਦੇ ਘਰੋਂ ਭੱਜ ਗਿਆ।
ਜਾਂਦੇ-ਜਾਂਦੇ ਰਾਜੇ ਨੇ ਮੁੰਡੇ ਨੂੰ ਮਾਰ ਦੇਣ ਦੀਆਂ ਕਈ ਸਕੀਮਾਂ ਬਣਾਈਆਂ ਪਰ ਰਾਜਾ ਬੱਚੇ ਨੂੰ ਮਾਰਨ ਵਰਗਾ ਪਾਪ ਕਰਕੇ ਆਪਣੀ ਧੀ ਦੇ ਸੰਯੋਗ ਬਦਲਣਾ ਨਹੀਂ ਸੀ ਚਾਹੁੰਦਾ। ਇਸ ਲਈ ਉਸਨੇ ਆਪਣੇ ਗਲੇ ਵਿਚੋਂ ਕੀਮਤੀ ਹੀਰੇ-ਮੋਤੀਆਂ ਦੀ ਮਾਲਾ ਲਾਹੀ ਤੇ ਮੁੰਡੇ ਦੇ ਗਲ ਵਿਚ ਪਾ ਦਿੱਤੀ ਅਤੇ ਉਸਨੂੰ ਆਪਣੇ ਕੀਮਤੀ ਕੱਪੜਿਆਂ ਵਿਚ ਲਪੇਟ ਕੇ ਝਾੜੀਆਂ ਵਿਚ ਸੁੱਟ ਦਿੱਤਾ। ਰਾਜੇ ਨੂੰ ਯਕੀਨ ਸੀ ਕਿ ਇਸ ਬੱਚੇ ਨੂੰ ਕੋਈ ਨਾ ਕੋਈ ਜੰਗਲੀ ਜਾਨਵਰ ਖਾ ਜਾਵੇਗਾ, ਜੇਕਰ ਇਹ ਭੁੱਖਾ ਮਰ ਗਿਆ ਤਾਂ ਜਿਸ ਨੂੰ ਲੱਭੇਗਾ ਉਹ ਘੱਟੋ-ਘੱਟ ਇਸ ਕੀਮਤੀ ਮਾਲਾ ਤੇ ਕੱਪੜਿਆਂ ਦੇ ਲਾਲਚ ਵਿਚ ਇਸ ਨੂੰ ਦਫ਼ਨ ਕਰ ਦੇਵੇਗਾ ਦੇ ਮਾਲਾ-ਮਾਲ ਹੋ ਜਾਵੇਗਾ।
ਪਰੰਤੂ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਮੁੰਡੇ ਦੇ ਮਾਤਾ-ਪਿਤਾ ਘਰ ਵਾਪਸ ਆਏ ਤਾਂ ਘਰ ਵਿਚ ਬੱਚੇ ਤੇ ਮਹਿਮਾਨ ਨੂੰ ਨਾ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਦੋਹਾਂ ਦੀ ਤਲਾਸ਼ ਵਿਚ ਉਹ ਇਧਰ-ਉਧਰ ਭਟਕਣ ਲੱਗੇ। ਬੱਚੇ ਨੂੰ ਲੱਭਦੇ-ਲੱਭਦੇ ਦੋ ਦਿਨ ਬੀਤ ਗਏ, ਪਰੰਤੂ ਬੱਚਾ ਨਾ ਲੱਭਿਆ। ਤੀਸਰੇ ਦਿਨ, ਬੱਚੇ ਨੂੰ ਲੱਭਦੇ-ਲੱਭਦੇ ਜਦੋਂ ਉਹ ਘਰ ਤੋਂ ਕਾਫ਼ੀ ਦੂਰ ਆ ਗਏ ਸਨ ਤਾਂ ਉਨ੍ਹਾਂ ਦਾ ਧਿਆਨ ਝਾੜੀਆਂ ਵਿਚ ਪਏ ਕੀਮਤੀ ਕੱਪੜਿਆਂ 'ਤੇ ਪਿਆ।ਜਦੋਂ ਉਨ੍ਹਾਂ ਨੇ ਉਹ ਕੀਮਤੀ ਕੱਪੜੇ ਝਾੜੀਆਂ ਵਿਚੋਂ ਬਾਹਰ ਕੱਢੇ ਤਾਂ ਉਨ੍ਹਾਂ ਕੱਪੜਿਆਂ ਵਿਚ ਉਨ੍ਹਾਂ ਦਾ ਬੱਚਾ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੋਇਆ ਸੀ। ਗਲ ਵਿਚ ਕੀਮਤੀ ਹੀਰਿਆਂ ਦੀ ਮਾਲਾ ਵੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਭਾਣਾ ਕੀ ਵਾਪਰ ਗਿਆ ਹੈ। ਜਦੋਂ ਉਨ੍ਹਾਂ ਨੇ ਧਿਆਨ ਨਾਲ ਵੇਖਿਆ ਤਾਂ ਬੱਚਾ ਅਜੇ ਜੀਉਂਦਾ ਸੀ। ਖ਼ੁਸ਼ੀ-ਖ਼ੁਸ਼ੀ ਉਹ ਬੱਚੇ ਨੂੰ ਘਰ ਲੈ ਆਏ।
ਉਧਰ ਰਾਜਾ ਬੜਾ ਖ਼ੁਸ਼ ਸੀ ਕਿ ਬੱਚਾ ਮਰ ਗਿਆ ਹੋਣਾ ਏ ਤੇ ਉਹ ਆਪਣੀ ਬੇਟੀ ਦਾ ਵਿਆਹ ਆਪਣੀ ਮਰਜ਼ੀ ਨਾਲ ਕਿਸੇ ਰਾਜਕੁਮਾਰ ਨਾਲ ਕਰੇਗਾ।
ਜਦੋਂ ਰਾਜੇ ਦੀ ਬੇਟੀ ਜਵਾਨ ਹੋਈ ਤਾਂ ਉਹਦੇ ਲਈ ਕਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਪਰ ਹਰ ਵਾਰ ਕੋਈ ਨਾ ਕੋਈ ਅੜਚਣ ਆ ਜਾਂਦੀ ਤੇ ਰਿਸ਼ਤਾ ਟੁੱਟ ਜਾਂਦਾ। ਕਦੇ ਕੋਈ ਰਿਸ਼ਤਾ ਰਾਜੇ ਨੂੰ ਪਸੰਦ ਨਾ ਆਉਂਦਾ ਤੇ ਕਦੇ ਕੋਈ ਮੁੰਡਾ ਰਾਜਕੁਮਾਰੀ ਨੂੰ ਪਸੰਦ ਨਾ ਆਉਂਦਾ। ਰਾਜਾ ਦਿਨੋ- ਦਿਨ ਰਾਜਕੁਮਾਰੀ ਦੇ ਵਿਆਹ ਲਈ ਚਿੰਤਾ 'ਚ ਡੁੱਬਿਆ ਰਹਿੰਦਾ। ਅਖ਼ੀਰ ਉਸਨੇ ਰਾਜ ਪੁਰੋਹਿਤ ਨੂੰ ਕੋਈ ਮੁੰਡਾ ਲੱਭਣ ਲਈ ਬਾਹਰ ਭੇਜ ਦਿੱਤਾ। ਰਾਜ ਪੁਰੋਹਿਤ ਨੇ ਰਾਜੇ ਤੋਂ ਇਕ ਵਚਨ ਲੈ ਲਿਆ ਕਿ ਉਹ ਜੋ ਵੀ ਮੁੰਡਾ ਲੱਭੇਗਾ ਰਾਜੇ ਨੂੰ ਉਹ ਜਵਾਈ ਦੇ ਤੌਰ 'ਤੇ ਪਸੰਦ ਕਰਨਾ ਪਵੇਗਾ। ਹਾਂ, ਜੇਕਰ ਉਹ ਮੁੰਡਾ ਰਾਜਕੁਮਾਰੀ ਨੂੰ ਪਸੰਦ ਨਾ ਆਇਆ ਤਾਂ ਇਹ ਸ਼ਰਤ ਲਾਗੂ ਨਹੀਂ ਹੋਵੇਗੀ। ਰਾਜਾ ਪੁਰੋਹਿਤ ਦੀ ਇਹ ਗੱਲ ਮੰਨ ਗਿਆ।
ਰਾਜ ਪੁਰੋਹਿਤ ਕਈ ਦਿਨਾਂ ਤਕ ਰਾਜਕੁਮਾਰੀ ਲਈ ਵਰ ਦੀ ਭਾਲ ਵਿਚ ਇਧਰ-ਉਧਰ ਭਟਕਦਾ ਰਿਹਾ। ਅਖ਼ੀਰ ਇਕ ਦਿਨ ਜੰਗਲ ਵਿਚੋਂ ਲੰਘਦੇ ਵਕਤ ਉਸਦੀ ਨਜ਼ਰ ਇਕ ਖ਼ੂਬਸੂਰਤ ਨੌਜਵਾਨ ’ਤੇ ਪਈ ਜੋ ਆਪਣੇ ਮਾਂ- • ਬਾਪ ਨਾਲ ਘਰ ਦਾ ਕੰਮ ਕਰ ਰਿਹਾ ਸੀ। ਪਹਿਲੀ ਨਜ਼ਰੇ ਵੇਖਦਿਆਂ ਹੀ ਰਾਜ ਪੁਰੋਹਿਤ ਨੂੰ ਉਹ ਨੌਜਵਾਨ ਰਾਜਕੁਮਾਰੀ ਲਈ ਵਰ ਦੇ ਪੱਖੋਂ ਢੁਕਵਾਂ ਲੱਗਾ। ਲੜਕੇ ਦੇ ਮਾਂ ਬਾਪ ਨਾਲ ਵਿਆਹ ਦੀ ਗੱਲ ਕਰਨ ਪਿੱਛੋਂ ਰਾਜ ਪੁਰੋਹਿਤ ਮਹੱਲਾਂ ਨੂੰ ਪਰਤ ਆਇਆ।
ਰਾਜ ਮਹੱਲ ਪਹੁੰਚ ਕੇ ਰਾਜ ਪੁਰੋਹਿਤ ਨੇ ਰਾਜਕੁਮਾਰੀ ਸਾਹਮਣੇ ਲੜਕੇ ਦੀ ਖ਼ੂਬਸੂਰਤੀ ਦੇ ਏਨੇ ਪੁਲ ਬੰਨੇ ਕਿ ਉਹ ਨਾਂਹ ਨਾ ਕਰ ਸਕੀ ਤੇ ਰਾਜ ਪੁਰੋਹਿਤ ’ਤੇ ਭਰੋਸਾ ਕਰਕੇ ਰਾਜਕੁਮਾਰੀ ਉਸ ਨੌਜਵਾਨ ਦੇ ਸੁਪਨੇ ਲੈਣ ਲੱਗ ਪਈ। ਵਿਆਹ ਦਾ ਦਿਨ ਨਿਸ਼ਚਿਤ ਕਰ ਦਿੱਤਾ ਗਿਆ। ਦੋਹਾਂ ਘਰਾਂ ਦੇ ਵਿਚਕਾਰ ਰਾਜ ਪੁਰੋਹਿਤ ਨੂੰ ਵਿਚੋਲਾ ਰੱਖਿਆ ਗਿਆ। ਬਰਾਤ ਵਾਲੇ ਦਿਨ ਮੁੰਡੇ ਦੇ ਮਾਂ-ਪਿਉ ਨੇ ਮੁੰਡੇ ਨੂੰ ਉਹੋ ਕੀਮਤੀ ਵਸਤਰ ਤੇ ਹੀਰਿਆਂ ਦਾ ਹਾਰ ਪਹਿਨਾ ਦਿੱਤਾ ਜਿਸ ਵਿਚ ਲਪੇਟ ਕੇ ਰਾਜੇ ਨੇ ਉਸ ਲੜਕੇ ਨੂੰ ਬਚਪਨ ਵਿਚ ਝਾੜੀਆਂ ਵਿਚ ਸੁੱਟ ਦਿੱਤਾ ਸੀ। ਜਦੋਂ ਬਰਾਤ ਰਾਜ ਮਹੱਲ ਪਹੁੰਚੀ ਤਾਂ ਸਾਰੇ ਬਰਾਤੀ ਤੇ ਮੁੰਡੇ ਦੇ ਮਾਂ-ਪਿਉ ਹੈਰਾਨ ਰਹਿ ਗਏ ਕਿ ਅਸੀਂ ਗ਼ਲਤੀ ਨਾਲ ਕਿਤੇ ਹੋਰ ਥਾਂ 'ਤੇ ਤਾਂ ਨਹੀਂ ਆ ਗਏ। ਰਾਜ ਪੁਰੋਹਿਤ ਨੇ ਅੱਗੇ ਹੋ ਕੇ ਬਰਾਤ ਨੂੰ ਜੀ ਆਇਆਂ ਕਿਹਾ। ਉਧਰ ਰਾਜ ਮਹੱਲ ਦੇ ਸਾਰੇ ਲੋਕ ਮੁੰਡੇ ਦੀ ਖ਼ੂਬਸੂਰਤੀ ਵੇਖ ਕੇ ਰਾਜੇ ਤੇ ਉਸਦੀ ਬੇਟੀ ਦੀ ਪਸੰਦ ਦੀਆਂ ਸਿਫ਼ਤਾਂ ਕਰ ਰਹੇ ਸਨ। ਲੜਕੇ ਦੀ ਖ਼ੂਬਸੂਰਤੀ ਵੇਖ ਕੇ ਰਾਜਾ ਵੀ ਬੜਾ ਖ਼ੁਸ਼ ਹੋਇਆ ਤੇ ਉਹਨੇ ਰਾਜ ਪੁਰੋਹਿਤ ਦੀ ਸਿਫ਼ਤ ਕੀਤੀ। ਪਰ ਜਦੋਂ ਰਾਜੇ ਦੀ ਨਜ਼ਰ ਮੁੰਡੇ ਦੇ ਕੀਮਤੀ ਕੱਪੜਿਆਂ ’ਤੇ ਪਈ ਤਾਂ ਉਸਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਅਚਾਨਕ ਜਦੋਂ ਉਸਨੇ ਲੜਕੇ ਦੇ ਗਲ ਵਿਚ ਪਾਏ ਕੀਮਤੀ ਹੀਰਿਆਂ ਵਾਲੇ ਹਾਰ ਵੱਲ ਧਿਆਨ ਮਾਰਿਆ ਤਾਂ ਉਸਨੂੰ ਉਹ ਸਾਰੀ ਘਟਨਾ ਯਾਦ ਆ ਗਈ ਜਿਹੜੀ ਬਚਪਨ ਵਿਚ ਬੀਤੀ ਸੀ। ਰਾਜਾ ਸਮਝ ਗਿਆ ਕਿ ਇਹ ਲੜਕਾ ਕੋਈ ਹੋਰ ਨਹੀਂ ਸਗੋਂ ਗੋਟੇ ਇਕੱਠੇ ਕਰਨ ਵਾਲੇ ਗਰੀਬ ਪਰਿਵਾਰ ਦਾ ਉਹੀ ਮੁੰਡਾ ਹੈ ਜਿਸ ਨੂੰ ਬਚਪਨ ਵਿਚ ਉਸਨੇ ਮਰਨ ਲਈ ਝਾੜੀਆਂ ਵਿਚ ਸੁੱਟ ਦਿੱਤਾ ਸੀ। ਇਸ ਸੰਬੰਧ ਵਿਚ ਜਦੋਂ ਰਾਜਾ ਰਾਜ ਪੁਰੋਹਿਤ ਨਾਲ ਗੱਲ ਕਰਨ ਲੱਗਾ ਤਾਂ ਰਾਜ ਪੁਰੋਹਿਤ ਕਹਿਣ ਲੱਗਾ-ਹੇ ਰਾਜਨ, ਜੋ ਕੁਝ ਹੁੰਦਾ ਹੈ ਉਹ ਸਭ ਤਾਂ ਵਿਧੀ ਦਾ ਵਿਧਾਨ ਹੈ। ਜੇ ਤੁਹਾਡੀ ਰਾਜਕੁਮਾਰੀ ਦੇ ਸੰਯੋਗ ਇਸ ਗਰੀਬ ਮੁੰਡੇ ਨਾਲ ਲਿਖੇ ਸਨ ਤਾਂ ਇਸ ਨੂੰ ਰੱਬ ਤੋਂ ਬਿਨਾਂ ਕੋਈ ਨਹੀਂ ਸੀ ਬਦਲ ਸਕਦਾ।" ਰਾਜ ਪੁਰੋਹਿਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜੇ ਨੇ ਇਸ ਨੂੰ ਰੱਬੀ ਭਾਣਾ ਸਮਝ ਕੇ ਸਵੀਕਾਰ ਕਰ ਲਿਆ।
0 Comments