Punjab Bed Time Story "Giddad, Sher ate Mahasher" "ਗਿੱਦੜ, ਸ਼ੇਰ ਅਤੇ ਮਹਾਂਸ਼ੇਰ" Punjabi Moral Story for Kids, Dadi-Nani Diya Kahani.

ਗਿੱਦੜ, ਸ਼ੇਰ ਅਤੇ ਮਹਾਂਸ਼ੇਰ



ਇਕ ਵਾਰ ਦੀ ਗੱਲ ਹੈ ਕਿ ਇਕ ਜੰਗਲ ਵਿਚ ਗਿੱਦੜ ਅਤੇ ਗਿੱਦੜੀ ਰਹਿੰਦੇ ਸਨ। ਗਿੱਦੜੀ ਮਾਂ ਬਣਨ ਵਾਲੀ ਸੀ। ਉਹ ਗਿੱਦੜ ਨੂੰ ਆਖਣ ਲੱਗੀ ਕਿ ਮੈਂ ਮਾਂ ਬਣਨ ਵਾਲੀ ਹਾਂ, ਕੋਈ ਸੁਰੱਖਿਅਤ ਜਗ੍ਹਾ ਦੀ ਭਾਲ ਕਰੋ। ਗਿੱਦੜ ਕੁਝ ਸੋਚਣ ਤੋਂ ਬਾਅਦ ਗਿੱਦੜੀ ਨੂੰ ਲੈ ਕੇ ਤੁਰ ਪਿਆ। ਕੁਝ ਸਫ਼ਰ ਤਹਿ ਕਰਨ ਤੋਂ ਬਾਅਦ ਗਿੱਦੜ ਗਿੱਦੜੀ ਨੂੰ ਲੈ ਕੇ ਸ਼ੇਰ ਦੀ ਗੁਫ਼ਾ ਵਿਚ ਵੜ ਗਿਆ ਤੇ ਆਖਣ ਲੱਗਾ ਕਿ ਹੁਣ ਅਸੀਂ ਇਥੇ ਹੀ ਰਿਹਾ ਕਰਾਂਗੇ। ਪਹਿਲਾਂ ਤਾਂ ਗਿੱਦੜੀ ਸ਼ੇਰ ਦੀ ਗੁਫ਼ਾ ਦੇਖ ਕੇ ਡਰ ਗਈ, ਅਜੇ ਕੁਝ ਆਖਣ ਹੀ ਲੱਗੀ ਸੀ ਕਿ ਗਿੱਦੜ ਨੇ ਉਸਨੂੰ ਕੋਈ ਗੱਲ ਸਮਝਾਈ ਤੇ ਉਹ ਚੁੱਪ ਕਰ ਗਈ। ਸ਼ਾਮ ਤਕ ਗਿੱਦੜੀ ਨੇ ਬੱਚੇ ਦੇ ਦਿੱਤੇ।

ਸ਼ਾਮ ਨੂੰ ਜਦੋਂ ਸ਼ੇਰ ਘੁੰਮ ਕੇ ਵਾਪਸ ਗੁਫ਼ਾ ਵੱਲ ਆਇਆ ਤਾਂ ਗੁਫ਼ਾ ਨੇੜੇ ਉੱਚੀ ਆਵਾਜ਼ ਵਿਚ ਗਰਜਿਆ। ਸ਼ੇਰ ਦੇ ਗਰਜਣ ਦੀ ਆਵਾਜ਼ ਸੁਣ ਕੇ ਗਿੱਦੜੀ ਦੇ ਬੱਚੇ ਉੱਚੀ-ਉੱਚੀ ਰੋਣ ਲੱਗ ਪਏ। ਸ਼ੇਰ ਬੱਚਿਆਂ ਦੀ ਆਵਾਜ਼ ਸੁਣ ਕੇ ਹੈਰਾਨ ਰਹਿ ਗਿਆ।ਅੰਦਰੋਂ ਗਿੱਦੜ, ਗਿੱਦੜੀ ਨੂੰ ਉੱਚੀ ਆਵਾਜ਼ ਵਿਚ ਆਖਣ ਲੱਗਾ—“ਇਹ ਮੇਰੇ ਆਲੇ ਭੋਲੇ ਬੱਚੇ ਕਿਉਂ ਰੋਂਦੇ ਹਨ ?”

ਅੱਗੋਂ ਗਿੱਦੜੀ ਕਹਿਣ ਲੱਗੀ—“ਪੁਰਾਣਾ ਮਾਸ ਖ਼ਤਮ ਹੋ ਗਿਆ ਏ, ਇਹ ਬੱਚੇ ਸ਼ੇਰ ਦਾ ਨਵਾਂ ਮਾਸ ਮੰਗਦੇ ਹਨ।”

ਗੁਫ਼ਾ ਦੇ ਬਾਹਰ ਖਲੋਤਾ ਸ਼ੇਰ ਇਹ ਸਾਰੀਆਂ ਗੱਲਾਂ ਸੁਣ ਕੇ ਡਰ ਗਿਆ। ਉਹ ਸੋਚਣ ਲੱਗਾ ਕਿ ਮੈਂ ਤਾਂ ਸ਼ੇਰ ਸੀ ਪਰ ਇਹ ਕਿਹੜਾ ਮਹਾਂਸ਼ੇਰ ਏ, ਜਿਸਦੇ ਬੱਚੇ ਵੀ ਸ਼ੇਰ ਦਾ ਤਾਜ਼ਾ ਮਾਸ ਖਾਂਦੇ ਹਨ। ਸ਼ੇਰ ਜਾਨ ਬਚਾਉਂਦਾ ਉਥੋਂ ਦੌੜ ਪਿਆ। ਸ਼ੇਰ ਨੂੰ ਡਰਦੇ ਹੋਏ ਦੌੜਦੇ ਵੇਖ ਕੇ ਦਰਖ਼ਤ ਉੱਤੇ ਬੈਠਾ ਇਕ ਬਾਂਦਰ ਆਖਣ ਲੱਗਾ-“ਸ਼ੇਰ ਮਾਮਾ, ਕੀ ਗੱਲ ਏ, ਬੜੇ ਡਰੇ ਹੋਏ ਲੱਗਦੇ ਓ। ਆਖ਼ਰ ਗੱਲ ਕੀ ਏ ? ਰੁਕ ਤਾਂ ਜਾਓ।”

ਸ਼ੇਰ ਖੜ੍ਹਾ ਹੋ ਗਿਆ ਤੇ ਉਸਨੇ ਬਾਂਦਰ ਨੂੰ ਸਾਰੀ ਗੱਲ ਦੱਸ ਦਿੱਤੀ। ਬਾਂਦਰ ਸਮਝ ਗਿਆ ਕਿ ਇਹ ਸਾਰੀ ਸ਼ਰਾਰਤ ਗਿੱਦੜ ਦੀ ਹੋਣੀ ਏ। ਉਸਨੇ ਸ਼ੇਰ ਨੂੰ ਆਖਿਆ ਕਿ ਚੱਲ ਤੇਰੇ ਨਾਲ ਮੈਂ ਚੱਲਦਾ ਹਾਂ। ਸ਼ੇਰ ਆਖਣ ਲੱਗਾ ਕਿ ਤੂੰ ਮੈਨੂੰ ਮਰਵਾਏਂਗਾ। ਤੂੰ ਤਾਂ ਛਾਲ ਮਾਰ ਕੇ ਦਰਖ਼ਤ 'ਤੇ ਚੜ੍ਹ ਜਾਵੇਂਗਾ ਤੇ ਉਸ ਮਹਾਂਸ਼ੇਰ ਨੇ ਮੈਨੂੰ ਖਾਣਾ ਜਾਣਾ ਹੈ।

ਬਾਂਦਰ ਨੂੰ ਇਕ ਸਕੀਮ ਸੁੱਝੀ, ਉਹ ਸ਼ੇਰ ਨੂੰ ਆਖਣ ਲੱਗਾ ਕਿ ਇਸ ਤਰ੍ਹਾਂ ਕਰਦੇ ਹਾਂ ਕਿ ਇਕ ਰੱਸੇ ਦਾ ਸਿਰਾ ਤੂੰ ਆਪਣੇ ਗਲ ਨਾਲ ਬੰਨ੍ਹ ਦੇ ਦੂਜਾ ਸਿਰਾ ਮੈਂ ਆਪਣੇ ਗਲ ਨਾਲ ਬੰਨ੍ਹ ਲੈਂਦਾ ਹਾਂ। ਫਿਰ ਤਾਂ ਮੈਂ ਇਕੱਲਾ ਨਹੀਂ ਦੌੜਾਂਗਾ। ਸ਼ੇਰ ਮੰਨ ਗਿਆ ਤੇ ਦੋਵੇਂ ਗਲਾਂ ਵਿਚ ਰੱਸਾ ਬੰਨ੍ਹ ਕੇ ਗੁਫ਼ਾ ਵੱਲ ਤੁਰ ਪਏ। ਬਾਂਦਰ ਅੱਗੇ-ਅੱਗੇ ਤੇ ਸ਼ੇਰ ਮਗਰ-ਮਗਰ।

ਗਿੱਦੜੀ ਦੋਹਾਂ ਨੂੰ ਇਕੱਠੇ ਆਉਂਦੀ ਵੇਖ ਕੇ ਡਰ ਗਈ। ਉਹ ਸੋਚਣ ਲੱਗੀ ਕਿ ਹੁਣ ਸਾਡੀ ਮੌਤ ਪੱਕੀ ਏ। ਬਾਂਦਰ ਨੇ ਸ਼ੇਰ ਨੂੰ ਸਭ ਕੁਝ ਦੱਸ ਦਿੱਤਾ ਹੋਣਾ ਏ।ਗਿੱਦੜ ਆਖਣ ਲੱਗਾ ਕਿ ਤੂੰ ਫ਼ਿਕਰ ਨਾ ਕਰ, ਮੈਨੂੰ ਸਕੀਮ ਸੁੱਝ ਗਈ ਏ, ਤੂੰ ਚੱਲ ਕੇ ਬੱਚਿਆਂ ਕੋਲ ਬੈਠ।

ਇੱਥੇ ਚਿਰ ਨੂੰ ਬਾਂਦਰ ਤੇ ਸ਼ੇਰ ਗੁਫ਼ਾ ਦੇ ਦਰਵਾਜ਼ੇ ਨੇੜੇ ਪੁੱਜ ਗਏ। ਬਾਂਦਰ ਕੁਝ ਆਖਣ ਹੀ ਲੱਗਾ ਸੀ ਕਿ ਗਿੱਦੜ ਪਹਿਲਾਂ ਹੀ ਗੁਫ਼ਾ ਅੰਦਰੋਂ ਬੋਲ ਪਿਆ—‘ਬਾਂਦਰਾ, ਤੈਨੂੰ ਤਾਂ ਦੋ ਸ਼ੇਰ ਫੜ ਕੇ ਲਿਆਉਣ ਲਈ ਕਿਹਾ ਸੀ, ਤੂੰ ਇਕੋ ਹੀ ਲੈ ਕੇ ਆਇਆ ਏਂ।”

ਸ਼ੇਰ ਨੇ ਜਿਉਂ ਗਿੱਦੜ ਦੀ ਇਹ ਗੱਲ ਸੁਣੀ, ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਸਮਝ ਗਿਆ ਕਿ ਬਾਂਦਰ ਨੇ ਮੈਨੂੰ ਧੋਖੇ ਨਾਲ ਬੰਨ੍ਹ ਕੇ ਲਿਆਂਦਾ ਹੈ। ਬਾਂਦਰ ਵੀ ਮਹਾਂਸ਼ੇਰ ਦਾ ਨੌਕਰ ਹੀ ਹੋਣਾ ਏਂ। ਸ਼ੇਰ ਆਪਣੀ ਜਾਨ ਬਚਾਉਣ ਲਈ ਬੜੀ ਤੇਜ਼ ਦੌੜਨ ਲੱਗ ਪਿਆ। ਪਰ ਰੱਸੇ ਦਾ ਇਕ ਸਿਰਾ ਬਾਂਦਰ ਦੇ ਗਲ ਵਿਚ ਵੀ ਸੀ।

ਜਿਵੇਂ-ਜਿਵੇਂ ਸ਼ੇਰ ਦੌੜਦਾ ਜਾਵੇ, ਬਾਂਦਰ ਮਗਰ ਘੜੀਸਦਾ ਜਾਵੇ | ਰਗੜਾਂ ਲੱਗਣ ਕਾਰਨ ਬਾਂਦਰ ਮਰ ਗਿਆ ਤੇ ਸ਼ੇਰ ਸਦਾ ਲਈ ਗੁਫ਼ਾ ਛੱਡ ਕੇ ਚਲਾ ਗਿਆ। ਬਾਅਦ ਵਿਚ ਗਿੱਦੜ-ਗਿੱਦੜੀ ਤੇ ਉਨ੍ਹਾਂ ਦੇ ਬੱਚੇ ਉਸ ਗੁਫ਼ਾ ਵਿਚ ਸੁੱਖੀ-ਸਾਂਦੀ ਰਹਿਣ ਲੱਗੇ।


Post a Comment

0 Comments