ਦੇਵਤਿਆਂ ਦੇ ਪਰਛਾਵੇਂ
Devtiya de Parchave
ਇਕ ਰਾਜੇ ਦੇ ਰਾਜ ਵਿਚ ਇਕ ਚੋਰ ਰਹਿੰਦਾ ਸੀ। ਉਸਨੇ ਆਪਣੇ ਪੁੱਤਰਾਂ ਨੂੰ ਵੀ ਚੋਰ ਬਣਾਉਣ ਬਾਰੇ ਸੋਚਿਆ। ਅਜਿਹੇ ਚੋਰ, ਜੋ ਕਦੇ ਵੀ ਫੜੇ ਨਾ ਜਾ ਸਕਣ। ਚੋਰ ਆਪਣੇ ਪੁੱਤਰਾਂ ਨੂੰ ਚੋਰੀ ਕਰਨ ਦੇ ਸਾਰੇ ਦਾਅ- ਪੇਚ ਸਿਖਾਉਣ ਲੱਗ ਪਿਆ।
ਚੋਰੀ ਕਰਨ ਦੇ ਤਰੀਕਿਆਂ ਦੇ ਨਾਲ-ਨਾਲ ਉਹ ਆਪਣੇ ਪੁੱਤਰਾਂ ਨੂੰ ਇਕ ਖ਼ਾਸ ਗੱਲ ਹਰ ਰੋਜ਼ ਸਮਝਾਉਂਦਾ ਸੀ ਕਿ ਜੇਕਰ ਕਿਤੇ ਵੀ ਸਤਿਸੰਗ ਹੋ ਰਿਹਾ ਹੋਵੇ ਤਾਂ ਸੁਣਨਾ ਨਹੀਂ ਸਗੋਂ ਉਥੋਂ ਆਪਣੇ ਕੰਨਾਂ ਵਿਚ ਉਂਗਲਾਂ ਦੇ ਕੇ ਲੰਘ ਜਾਣਾ। ਚੋਰ ਨੂੰ ਡਰ ਸੀ ਕਿ ਜੇਕਰ ਉਸਦੇ ਪੁੱਤਰਾਂ ਨੇ ਸਤਿਸੰਗ ਦੀਆਂ ਗੱਲਾਂ ਸੁਣ ਲਈਆਂ ਤਾਂ ਉਹਦੇ ਪੁੱਤਰ ਚੋਰੀ ਕਰਨਾ ਛੱਡ ਦੇਣਗੇ ਅਤੇ ਚੋਰੀ ਛੱਡਣ ਕਾਰਨ ਸਾਨੂੰ ਭੁੱਖਾ ਮਰਨਾ ਪਵੇਗਾ।
ਇਸ ਤਰ੍ਹਾਂ ਚੋਰ ਦੇ ਮੁੰਡੇ ਹਰ ਰੋਜ਼ ਚੋਰੀ ਕਰਦੇ ਤੇ ਧਨ-ਦੌਲਤ ਘਰ ਲਿਆਉਂਦੇ ਅਤੇ ਫੜੇ ਵੀ ਨਾ ਜਾਂਦੇ।
ਇਕ ਵਾਰ ਚੋਰ ਦਾ ਇਕ ਮੁੰਡਾ ਇਕ ਪਿੰਡ ਵਿਚ ਚੋਰੀ ਕਰਨ ਜਾ ਰਿਹਾ ਸੀ। ਰਸਤੇ ਵਿਚ ਕਿਸੇ ਦੇ ਘਰ ਵਿਚ ਸਤਿਸੰਗ ਹੋ ਰਿਹਾ ਸੀ। ਮੁੰਡੇ ਨੇ ਕੰਨਾਂ ਵਿਚ ਉਂਗਲਾਂ ਦੇ ਲਈਆਂ ਅਤੇ ਤੁਰਦਾ ਰਿਹਾ। ਅਚਾਨਕ ਮੁੰਡੇ ਨੂੰ ਠੋਕਰ ਵੱਜੀ ਤੇ ਉਹ ਡਿੱਗ ਪਿਆ ਤੇ ਉਹਦੀਆਂ ਉਂਗਲਾਂ ਕੰਨਾਂ ਵਿਚੋਂ ਬਾਹਰ ਨਿਕਲ ਗਈਆਂ। ਉਧਰੋਂ ਅਚਾਨਕ ਮੁੰਡੇ ਦੇ ਕੰਨਾਂ ਵਿਚ ਸਤਿਸੰਗ ਦੀ ਇਕ ਗੱਲ ਇਹ ਵੜ ਗਈ ਕਿ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ। ਮੁੰਡੇ ਨੇ ਯਕਦਮ ਮੁੜ ਉਂਗਲਾਂ ਕੰਨਾਂ ਵਿਚ ਦੇ ਲਈਆਂ। ਪਰ ਉਸਦੇ ਦਿਮਾਗ਼ ਵਿਚ ਇਹ ਗੱਲ ਬਹਿ ਗਈ ਕਿ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ।
ਇਕ ਦਿਨ ਅਚਾਨਕ ਰਾਜੇ ਦੇ ਘਰ ਚੋਰੀ ਹੋ ਗਈ, ਜਿਹੜੀ ਕਿ ਉਸ ਮੁੰਡੇ ਦੇ ਪਿਉ ਨੇ ਕੀਤੀ ਸੀ। ਪਰ ਚੋਰੀ ਦਾ ਕੋਈ ਸਬੂਤ ਨਾ ਹੋਣ ਕਾਰਨ ਉਹ ਫੜਿਆ ਨਾ ਗਿਆ। ਕਈਆਂ ਨੇ ਰਾਜੇ ਨੂੰ ਉਸ ਚੋਰ ਦਾ ਨਾਂ ਦੱਸਿਆ, ਪਰ ਰਾਜਾ ਬਿਨਾਂ ਸਬੂਤ ਤੋਂ ਮੰਨਣ ਲਈ ਤਿਆਰ ਨਹੀਂ ਸੀ। ਰਾਜੇ ਨੇ ਕਈ ਚਾਲਾਂ ਚੱਲੀਆਂ ਪਰ ਉਹ ਚੋਰ ਬਚ ਨਿਕਲਦਾ। ਰਾਜੇ ਨੇ ਚੋਰ ਨੂੰ ਫੜਾਉਣ ਵਾਲੇ ਲਈ ਇਨਾਮ ਰੱਖ ਦਿੱਤਾ।
ਰਾਜ ਦਰਬਾਰ ਵਿਚ ਇਕ ਬਹੁਰੂਪੀਆ ਰਹਿੰਦਾ ਸੀ। ਉਸਨੇ ਇਨਾਮ ਦੇ ਲਾਲਚ ਵਿਚ ਚੋਰ ਨੂੰ ਫੜਨ ਦੀ ਸਕੀਮ ਬਣਾਈ। ਬਹੁਰੂਪੀਏ ਨੇ ਇਕ ਦੇਵਤੇ ਦਾ ਰੂਪ ਧਾਰਿਆ ਅਤੇ ਚੋਰ ਦੇ ਘਰ ਚਲਾ ਗਿਆ। ਰਾਤ ਨੂੰ ਚੋਰ ਤੇ ਉਹਦਾ ਮੁੰਡਾ ਦੋਵੇਂ ਸੁੱਤੇ ਪਏ ਸਨ। ਬਹੁਰੂਪੀਏ ਨੇ ਉਨ੍ਹਾਂ ਨੂੰ ਆਵਾਜ਼ ਮਾਰੀ। ਉਹ ਦੋਵੇਂ ਉੱਠ ਕੇ ਬਹਿ ਗਏ ਅਤੇ ਬਹੁਰੂਪੀਏ ਸਾਹਮਣੇ ਖੜ੍ਹੇ ਹੋ ਗਏ। ਚੋਰ ਦੇ ਪੁੱਛਣ 'ਤੇ ਉਹਨੇ ਦੱਸਿਆ ਕਿ ਉਹ ਸਵਰਗ ਵਿਚੋਂ ਆਇਆ ਦੇਵਤਾ ਹੈ।
ਚੋਰ ਅਤੇ ਉਹਦਾ ਮੁੰਡਾ ਦੋਵੇਂ ਪੈਰੀਂ ਪੈ ਗਈ। ਚੋਰ ਆਖਣ ਲੱਗਾ ਕਿ ਸਾਡੇ ਨਾਲ ਤੁਹਾਡੇ ਵਰਗੇ ਦੇਵਤੇ ਨੂੰ ਕੀ ਕੰਮ ਹੈ। ਦੇਵਤਾ ਬਣਿਆ ਬਹੁਰੂਪੀਆ ਆਖਣ ਲੱਗਾ ਕਿ ਮੈਂ ਤੈਨੂੰ ਮਾਰਨ ਤੋਂ ਬਾਅਦ ਸਵਰਗ ਵਿਚ ਰੱਖਣਾ ਸੀ ਪਰ ਤੂੰ ਬਹੁਤ ਵੱਡੀ ਗ਼ਲਤੀ ਕੀਤੀ ਹੈ।ਤੈਨੂੰ ਆਪਣੀ ਗ਼ਲਤੀ ਰਾਜੇ ਸਾਹਮਣੇ ਮੰਨਣੀ ਪਵੇਗੀ ਤਾਂ ਹੀ ਮੈਂ ਤੈਨੂੰ ਸਵਰਗ ਵਿਚ ਲਿਜਾ ਸਕਾਂਗਾ।ਚੋਰ ਆਖਣ ਲੱਗਾ ਕਿ ਕਿਹੜੀ ਗ਼ਲਤੀ ? ਬਹੁਰੂਪੀਆ ਕਹਿਣ ਲੱਗਾ-
“ਤੂੰ ਰਾਜ ਘਰਾਣੇ ਵਿਚ ਚੋਰ ਕੀਤੀ ਹੈ। ਆਪਣੀ ਗ਼ਲਤੀ ਤੂੰ ਰਾਜੇ ਦੇ ਸਾਹਮਣੇ ਮੰਨ ਲੈ, ਨਹੀਂ ਤਾਂ ਤੈਨੂੰ ਪਾਪ ਲੱਗੇਗਾ।”
ਇਸ ਤੋਂ ਪਹਿਲਾਂ ਕਿ ਚੋਰ ਗ਼ਲਤੀ ਮੰਨ ਲੈਂਦਾ ਤੇ ਰਾਜ ਦਰਬਾਰ ਵਿਚ
ਜਾਂਦਾ, ਨੇੜੇ ਖੜੇ ਚੋਰ ਦੇ ਮੁੰਡੇ ਨੂੰ ਸਤਿਸੰਗ ਵਾਲੀ ਗੱਲ ਯਾਦ ਆ ਗਈ ਕਿ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ। ਮੁੰਡਾ ਪਿਉ ਨੂੰ ਆਖਣ ਲੱਗਾ ਕਿ ਠਹਿਰੋ ਪਿਤਾ ਜੀ, ਇਹ ਦੇਵਤਾ ਨਹੀਂ ਸਗੋਂ ਬਹੁਰੂਪੀਆ ਹੈ, ਕਿਉਂਕਿ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ। ਮੈਂ ਇਹ ਗੱਲ ਸਤਿਸੰਗ ਵਿਚੋਂ ਸੁਣੀ ਸੀ।
ਏਨੇ ਨੂੰ ਚੋਰ ਦੇ ਬਾਕੀ ਮੁੰਡੇ ਵੀ ਆ ਗਏ। ਸਾਰਿਆਂ ਨੇ ਰਲ ਕੇ ਬਹੁਰੂਪੀਏ ਨੂੰ ਬਹੁਤ ਕੁੱਟਿਆ ਅਤੇ ਘਰੋਂ ਬਾਹਰ ਕੱਢ ਦਿੱਤਾ। ਇਸ ਤਰ੍ਹਾਂ ਸਤਿਸੰਗ ਦੀ ਇਕ ਗੱਲ ‘ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ ਕਰਕੇ ਚੋਰ ਤੇ ਉਹਦਾ ਮੁੰਡਾ ਬਚ ਗਏ।
0 Comments