Punjab Bed Time Story "Veeha Di Ginti" "ਵੀਹਾਂ ਦੀ ਗਿਣਤੀ" Punjabi Moral Story for Kids, Dadi-Nani Diya Kahani.

ਵੀਹਾਂ ਦੀ ਗਿਣਤੀ 
Veeha Di Ginti



ਪੁਰਾਣੇ ਵੇਲੇ ਦੀ ਗੱਲ ਹੈ ਕਿ ਕਿਸੇ ਦੇਸ਼ ਦੀ ਇਕ ਕੁਆਰੀ ਮੁਸਲਮਾਨੀ ਮਲਿਕਾ ਯਾਰੀ ਨਾਂ ਦੀ ਰਾਣੀ ਸੀ। ਉਸ ਰਾਣੀ ਨੇ ਸ਼ਰਤ ਰੱਖੀ ਹੋਈ ਸੀ ਕਿ ਜਿਹੜਾ ਵੀਹਾਂ ਦੀ ਗਿਣਤੀ ਸੁਣਾ ਦੇਵੇਗਾ ਉਹ ਮੈਨੂੰ ਵਿਆਹ ਕੇ ਲੈ ਜਾਵੇ। ਪਰ ਜਿਹੜਾ ਵੀਹਾਂ ਦੀ ਗਿਣਤੀ ਪੂਰੀ ਨਾ ਕਰ ਸਕਿਆ ਉਸਦਾ ਸਿਰ ਵੱਢ ਦਿੱਤਾ ਜਾਵੇਗਾ। ਕਈ ਰਾਜੇ ਰਾਣੀ ਦੀ ਸ਼ਰਤ ਸੁਣ ਕੇ ਆਏ ਪਰ ਜਿਵੇਂ ਹੀ ਉਹ ਇਕ ਦੋ ਤਿੰਨ ਦੀ ਗਿਣਤੀ ਸ਼ੁਰੂ ਕਰਦੇ, ਮਹਾਰਾਣੀ ਇਹ ਕਹਿ ਕੇ ਉਨ੍ਹਾਂ ਦਾ ਸਿਰ ਵਢਵਾ ਦਿੰਦੀ ਕਿ ਇਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੀਹਾਂ ਦੀ ਗਿਣਤੀ ਕਿਹੜੀ ਹੁੰਦੀ ਹੈ।

ਮਲਿਕਾ ਯਾਰੀ ਦੇ ਰਾਜ ਵਿਚ ਹੀ ਇਕ ਛੋਟਾ ਜਿਹਾ ਪਿੰਡ ਸੀ ਜਿਸ ਵਿਚ ਇਕ ਗ਼ਰੀਬ ਔਰਤ ਅਤੇ ਉਸਦਾ ਪੁੱਤਰ ਗੰਜਾ ਰਹਿੰਦਾ ਸੀ ਜੋ ਭੇਡਾਂ- ਬੱਕਰੀਆਂ ਚਾਰਦਾ ਸੀ। ਸਿਰ ’ਤੇ ਵਾਲ ਨਾ ਹੋਣ ਕਾਰਨ ਪਿੰਡ ਵਾਲੇ ਉਸਨੂੰ ਗੰਜਾ ਹੀ ਆਖਦੇ ਸਨ।

ਉਹ ਗੰਜਾ ਬੜਾ ਭੋਲਾ-ਭਾਲਾ ਤੇ ਸਿੱਧਾ-ਸਾਦਾ ਸੀ। ਇਕ ਦਿਨ ਉਹ ਜੰਗਲ ਵਿਚ ਭੇਡਾਂ ਬੱਕਰੀਆਂ ਚਾਰ ਰਿਹਾ ਸੀ। ਅਚਾਨਕ ਆਕਾਸ਼ ਵਿਚੋਂ ਸ਼ਿਵਜੀ ਅਤੇ ਪਾਰਵਤੀ ਜਾ ਰਹੇ ਸਨ। ਪਾਰਵਤੀ, ਸ਼ਿਵ ਜੀ ਨੂੰ ਆਖਣ ਲੱਗੀ ਕਿ ਸਵਾਮੀ ਜੀ ਮੈਨੂੰ ਪਿਆਸ ਲੱਗੀ ਹੈ, ਨੇੜੇ-ਤੇੜੇ ਕੋਈ ਖੂਹ ਜਾਂ ਪਿੰਡ ਵੀ ਨਹੀਂ ਜਿਥੋਂ ਪਾਣੀ ਮਿਲ ਸਕੇ, ਕ੍ਰਿਪਾ ਕਰਕੇ ਕੁਝ ਕਰੋ । ਸ਼ਿਵਜੀ ਦੀ ਨਜ਼ਰ ਗੰਜੇ ਉੱਤੇ ਪੈ ਗਈ। ਸ਼ਿਵਜੀ, ਪਾਰਵਤੀ ਨੂੰ ਲੈ ਕੇ ਭੇਸ ਬਦਲ ਕੇ, ਗੰਜੇ ਕੋਲ ਜਾ ਪਹੁੰਚੇ। ਦੋਵੇਂ ਜਣੇ ਗੰਜੇ ਕੋਲ ਪਾਣੀ ਵਾਲਾ ਲੋਟਾ ਵੇਖ ਕੇ ਉਸਨੂੰ ਆਖਣ ਲੱਗੇ ਕਿ ਹੇ ਭਲੇ ਪੁਰਸ਼, ਸਾਨੂੰ ਪਿਆਸ ਲੱਗੀ ਹੈ ਥੋੜ੍ਹਾ ਪਾਣੀ ਪਿਲਾ ਦੇਵੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਗੰਜਾ ਆਖਣ ਲੱਗਾ ਕਿ ਹੇ ਰਾਹੀਓ, ਪਾਣੀ ਤਾਂ ਮੇਰੇ ਕੋਲ ਸੀ ਪਰ ਉਹ ਤਾਂ ਮੈਂ ਪੀ ਵੀ ਲਿਆ ਪਰ ਤੁਸੀਂ ਫ਼ਿਕਰ ਨਾ ਕਰੋ, ਮੈਂ ਕੋਈ ਪ੍ਰਬੰਧ ਕਰਦਾ ਹਾਂ।

ਗੰਜਾ ਉਨ੍ਹਾਂ ਨੂੰ ਦਰਖ਼ਤ ਦੀ ਛਾਵੇਂ ਬਿਠਾ ਕੇ ਪਾਣੀ ਲੱਭਣ ਚਲਾ ਗਿਆ ਪਰ ਉਸਨੂੰ ਪਾਣੀ ਨਾ ਮਿਲਿਆ। ਅਖ਼ੀਰ ਗੰਜਾ ਲੋਟਾ ਲੈ ਕੇ ਇਕ ਬੱਕਰੀ ਕੋਲ ਗਿਆ ਤੇ ਉਸਦਾ ਦੁੱਧ ਚੋਅ ਕੇ ਲੋਟਾ ਬੱਕਰੀ ਦੇ ਦੁੱਧ ਨਾਲ ਭਰ ਲਿਆਇਆ ਤੇ ਲਿਆ ਕੇ ਲੋਟਾ ਪਾਰਵਤੀ ਦੇ ਹੱਥ ਫੜਾ ਦਿੱਤਾ ਤੇ ਆਖਣ ਲੱਗਾ ਕਿ ਪਾਣੀ ਤਾਂ ਲੱਭਾ ਨਹੀਂ, ਇਹ ਬੱਕਰੀ ਦਾ ਦੁੱਧ ਪੀ ਲਵੋ, ਤੁਹਾਡੀ ਪਿਆਸ ਬੁਝ ਜਾਵੇਗੀ।ਪਾਰਵਤੀ ਨੇ ਬੱਕਰੀ ਦਾ ਦੁੱਧ ਪੀਤਾ ਤੇ ਬੜੀ ਖ਼ੁਸ਼ ਹੋਈ । ਸ਼ਿਵਜੀ ਨੂੰ ਆਖਣ ਲੱਗੀ ਕਿ ਇਹ ਮੁੰਡਾ ਕਿੰਨਾ ਭੋਲਾ ਏ, ਅਸੀਂ ਇਸਨੂੰ ਜ਼ਰੂਰ ਕੁਝ ਦੇ ਕੇ ਜਾਵਾਂਗੇ। ਪਾਰਵਤੀ ਗੰਜੇ ਨੂੰ ਆਖਣ ਲੱਗੀ ਕਿ ਹੇ ਲੜਕੇ ਤੂੰ ਸਾਡੀ ਪਿਆਸ ਦੁੱਧ ਨਾਲ ਬੁਝਾਈ ਹੈ, ਤੈਨੂੰ ਜੋ ਕੁਝ ਚਾਹੀਦਾ ਹੈ ਮੰਗ ਲੈ। ਗੰਜਾ ਕਹਿਣ ਲੱਗਾ ਕਿ ਮੈਨੂੰ ਕੁਝ ਨਹੀਂ ਚਾਹੀਦਾ। ਬਹੁਤ ਦੇਰ ਹੋ ਗਈ ਐ, ਹੁਣ ਮੈਂ ਬੱਕਰੀਆਂ ਲੈ ਕੇ ਘਰ ਨੂੰ ਜਾਣਾ ਹੈ। ਪਾਰਵਤੀ ਗੰਜੇ ਦੇ ਭੋਲੇਪਣ ਤੋਂ ਬਹੁਤ ਖ਼ੁਸ਼ ਹੋਈ ਤੇ ਆਖਣ ਲੱਗੀ ਕਿ ਜਾਹ ਅੱਜ ਤੋਂ ਤੇਰੀ ਜੀਭ ਉੱਤੇ ਸਰਸਵਤੀ ਦਾ ਪਹਿਰਾ ਰਵੇਗਾ ਤੇ ਉਸਦੀ ਕ੍ਰਿਪਾ ਨਾਲ ਤੇਰਾ ਦਿਮਾਗ਼ ਉੱਚ ਕੋਟੀ ਦੇ ਵੇਦੀ ਬ੍ਰਾਹਮਣਾਂ ਤੋਂ ਵੀ ਜ਼ਿਆਦਾ ਹੋਵੇਗਾ।

ਗੰਜਾ ਭੇਡਾਂ-ਬੱਕਰੀਆਂ ਲੈ ਕੇ ਘਰ ਆ ਗਿਆ। ਇਕ ਦਿਨ ਗੰਜੇ ਨੇ ਕਿਸੇ ਕੋਲੋਂ ਮਲਿਕਾ ਯਾਰੀ ਰਾਣੀ ਦੀ ਸ਼ਰਤ ਬਾਰੇ ਸੁਣਿਆ। ਗੰਜਾ ਆਪਣੀ ਮਾਂ ਨੂੰ ਆਖਣ ਲੱਗਾ ਕਿ ਮਾਂ ! ਮੈਂ ਵੀ ਮਲਿਕਾ ਯਾਰੀ ਨੂੰ ਵਿਆਹੁਣ ਜਾਣਾ ਏ । ਮਾਂ ਆਖਣ ਲੱਗੀ ਪੁੱਤਰਾ,ਉਥੇ ਤੇਰੇ ਤੋਂ ਵੱਡੇ-ਵੱਡੇ ਰਾਜੇ-ਮਹਾਰਾਜੇ ਉਸਦੀ ਸ਼ਰਤ ਪੂਰੀ ਕਰਨ ਗਏ ਪਰ ਸਿਰ ਹੀ ਵਢਾ ਕੇ ਆ ਗਏ। ਤੂੰ ਤਾਂ ਬੜਾ ਭੋਲਾ ਏਂ, ਇਹ ਜ਼ਿਦ ਛੱਡ ਦੇ। ਜੇਕਰ ਤੈਨੂੰ ਕੁਝ ਹੋ ਗਿਆ ਤਾਂ ਮੈਂ ਇਕੱਲੀ ਕੀ ਕਰਾਂਗੀ ? ਗੰਜਾ ਆਖਣ ਲੱਗਾ ਜੋ ਮਰਜ਼ੀ ਹੋ ਜਾਵੇ, ਮੈਂ ਜ਼ਰੂਰ ਜਾਣਾ ਏ। ਮਾਂ, ਜਾਂ ਤਾਂ ਤੂੰ ਇਕੱਲੀ ਰਹਿ ਜਾਵੇਂਗੀ ਜਾਂ ਫਿਰ ਅਸੀਂ ਤਿੰਨ ਹੋ ਜਾਵਾਂਗੇ। ਮਾਂ ਦੇ ਰੋਕਣ ਦੇ ਬਾਵਜੂਦ ਗੰਜਾ ਮਲਿਕਾ ਯਾਰੀ ਦੇ ਦਰਬਾਰ ਜਾ ਪੁੱਜਾ । ਸਾਰੇ ਦਰਬਾਰੀ ਗੰਜੇ ਦੇ ਫਟੇ-ਪੁਰਾਣੇ ਕੱਪੜੇ ਵੇਖ ਕੇ ਉਸਨੂੰ ਮਖੌਲ ਕਰਨ ਲੱਗੇ। ਗੰਜੇ ਦੇ ਸਰੀਰ ਵਿਚੋਂ ਮੁਸ਼ਕ ਆ ਰਹੀ ਸੀ। ਮਹਾਰਾਣੀ ਉਸਨੂੰ ਵੇਖ ਕੇ ਬੜੀ ਹੈਰਾਨ ਹੋਈ। ਸਾਰੇ ਲੋਕ ਗੰਜੇ ਨੂੰ ਆਖਣ ਲੱਗੇ ਕਿ ਵਾਪਸ ਮੁੜ ਜਾ, ਕਿਉਂ ਧੌਣ ਵਢਾਉਣੀ ਹੈ। ਪਰ ਗੰਜਾ ਨਾ ਮੰਨਿਆ। ਰਾਣੀ ਮਲਿਕਾ ਯਾਰੀ ਆਖਣ ਲੱਗੀ ਕਿ ਠੀਕ ਹੈ, ਜੇ ਤੂੰ ਨਹੀਂ ਮੰਨਦਾ ਤਾਂ ਸੁਣਾ ਫਿਰ ਗਿਣਤੀ| ਗੰਜਾ ਆਖਣ ਲੱਗਾ ਕਿ ਕਿਹੜੀ ਗਿਣਤੀ ?

ਰਾਣੀ ਗੰਜੇ ਦੀ ਗੱਲ ਸੁਣ ਕੇ ਬੜੀ ਹੈਰਾਨ ਹੋਈ ਕਿ ਕਿਸੇ ਨੇ ਤਾਂ ਪੁੱਛਿਆ ਹੀ ਨਹੀਂ ਕਿ ਕਿਹੜੀ ਗਿਣਤੀ ਸੁਣਾਵਾਂ | ਰਾਣੀ ਆਖਣ ਲੱਗੀ ਕਿ ਵੀਹਾਂ ਦੀ ਪੁੱਠੀ ਗਿਣਤੀ। ਪਰ ਮੈਂ ਪੁੱਛਾਂਗੀ ਤੇ ਤੂੰ ਜਵਾਬ ਦੇਵੇਂਗਾ।ਗੰਜਾ ਆਖਣ ਲੱਗਾ ਕਿ ਠੀਕ ਹੈ ਪੁੱਛੋ।

ਮਲਿਕਾ ਯਾਰੀ ਆਖਣ ਲੱਗਾ, “ਕਹਿ ਵੇ ਗੰਜਿਆ ਇਕ।”

ਗੰਜਾ ਆਖਣ ਲੱਗਾ, “ਇਕ ਪਰਮਾਤਮਾ। ਰਾਣੀ ਗੰਜੇ ਦਾ ਜਵਾਬ ਸੁਣ ਕੇ ਬੜੀ ਹੈਰਾਨ ਹੋਈ। ਆਖਣ ਲੱਗੀ–“ਕਹਿ ਵੇ ਗੰਜਿਆ ਦੋ।” 

“ਦੋ-ਚੰਨ ਅਤੇ ਸੂਰਜ।“

“ਕਹਿ ਵੇ ਗੰਜਿਆ ਤਿੰਨ।”

“ਤਿੰਨ ਤ੍ਰਿਲੋਕੀ ਨਾਥ।”

“ਕਹਿ ਵੇ ਗੰਜਿਆ ਚਾਰ।” 

“ਚਾਰ ਵੇਦ।”

“ਕਹਿ ਵੇ ਗੰਜਿਆ ਪੰਜ ।” 

“ਪੰਜ ਪਾਂਡਵ ਜਾਂ ਪੰਜ ਤੱਤ ।

“ਕਹਿ ਵੇ ਗੰਜਿਆ ਛੇ।”

ਛੇਵਾਂ ਛਠਾ ਨਾਰਾਇਣ।”

ਗੰਜੇ ਦੇ ਠੀਕ-ਠੀਕ ਜਵਾਬ ਸੁਣ ਕੇ ਦਰਬਾਰੀ ਤੇ ਹੋਰ ਬੈਠੇ ਲੋਕ ਹੈਰਾਨ ਰਹਿ ਗਏ ਕਿ ਜੋ ਜਵਾਬ ਵੱਡੇ ਵੱਡੇ ਰਾਜੇ ਅਤੇ ਗਿਆਨਵਾਨ ਨਾ ਦੇ ਸਕੇ, ਉਹ ਜਵਾਬ ਗੰਜਾ ਕਿਵੇਂ ਦੇ ਰਿਹਾ ਏ। ਸਾਰੇ ਲੋਕ ਗੰਜੇ ਦੀ ਵਾਹ-ਵਾਹ ਕਰਨ ਲੱਗ ਪਏ। ਰਾਣੀ ਮਲਿਕਾ ਯਾਰੀ ਵੀ ਬੜੀ ਹੈਰਾਨ ਹੋਈ ਤੇ ਆਖਣ ਲੱਗੀ, “ਕਹਿ ਵੇ ਗੰਜਿਆ ਸੱਤ...।”

ਸੱਤਵਾਂ ਸੱਤ।”

ਕਹਿ ਵੇ ਗੰਜਿਆ ਅੱਠ...।”

“ਅਠਵੀਂ ਅੱਠ ਭੁਜਾ ਦੇਵੀ।”

“ਕਹਿ ਵੇ ਗੰਜਿਆ ਨੇਂ।”

ਨੌਂ ਨਰਾਤੇ।”

“ਕਹਿ ਵੇ ਗੰਜਿਆ ਦਸ। 

‘ਦਸ ਦਵਾਰ।”

“ਕਹਿ ਵੇ ਗੰਜਿਆ ਗਿਆਰਾਂ।”

‘ਗਿਆਰਾਂ ਲਪੂਰੀਆਂ ਜਾਂ ਨਿਰਮਲਾ ਇਕਾਦਸ਼ੀ।” 

ਕਹਿ ਵੇ ਗੰਜਿਆ ਬਾਰਾਂ।”

‘ਬਾਰਾਂ ਰਾਸ਼ੀਆਂ।”

ਕਹਿ ਵੇ ਗੰਜਿਆ ਤੇਰਾਂ।”

“ਤੇਰਾਂ ਰਤਨ।”

“ਕਹਿ ਵੇ ਗੰਜਿਆ ਚੌਦਾਂ।”

ਚੌਦਾਂ ਭਵਨ ਭੰਡਾਰ।”

ਕਹਿ ਵੇ ਗੰਜਿਆ ਪੰਦਰਾਂ।” 

“ਪੰਦਰਾਂ ਤਿੱਥਾਂ।”

ਲੋਕ ਗੰਜੇ ਵੱਲ ਹੈਰਾਨੀ ਨਾਲ ਇਕ ਟੱਕ ਵੇਖੀ ਜਾ ਰਹੇ ਸਨ ਤੇ ਕੁਝ ਆਪਸ ਵਿਚ ਗੱਲਾਂ ਕਰ ਰਹੇ ਸਨ ਕਿ ਗੰਜਾ ਰਾਣੀ ਨੂੰ ਜ਼ਰੂਰ ਵਿਆਹ ਕੇ ਲੈ ਜਾਵੇਗਾ। ਰਾਣੀ ਸੋਚਣ ਲੱਗ ਪਈ ਕਿ ਇਕ ਹੀਰਾ ਜਿਵੇਂ ਕੋਲਿਆਂ ਵਿਚ ਰਹਿ ਕੇ ਵੀ ਹੀਰਾ ਹੀ ਰਹਿੰਦਾ ਹੈ ਉਵੇਂ ਗੰਜਾ ਭਾਵੇਂ ਫਟੇ-ਪੁਰਾਣੇ ਕੱਪੜੇ ਪਾਈ ਬੈਠਾ ਏ ਤੇ ਭਾਵੇਂ ਇਸਦੇ ਸਰੀਰ ਵਿਚੋਂ ਮੁਸ਼ਕ ਆ ਰਹੀ ਏ, ਪਰੰਤੂ ਇਸਦਾ ਦਿਮਾਗ਼ ਇਕ ਉੱਚ ਕੋਟੀ ਦੇ ਪੰਡਤ ਤੇ ਇਕ ਸੁਲਝੇ ਹੋਏ ਰਾਜੇ ਵਰਗਾ ਏ। ਰਾਣੀ ਇਹ ਸਭ ਸੋਚ ਹੀ ਰਹੀ ਸੀ ਕਿ ਗੰਜਾ ਮਖ਼ੌਲ ਜਿਹੇ ਵਿਚ ਰਾਣੀ ਨੂੰ ਆਖਣ ਲੱਗਾ, “ਕੀ ਹੋਇਆ ਮਹਾਰਾਣੀ ਜੀ, ਗਿਣਤੀ ਭੁੱਲ ਗਈ ਜਾਂ ਫਿਰ ਇਥੋਂ ਤਕ ਹੀ ਬਸ ਕਰੀਏ ?" ਰਾਣੀ ਆਖਣ ਲੱਗੀ—“ਨਹੀਂ..ਨਹੀਂ ਕਹਿ ਵੇ ਗੰਜਿਆ ਸੋਲਾਂ...।”

ਗੰਜਾ ਕਹਿਣ ਲੱਗਾ-‘ਸੋਲਾਂ ਕਲਾਵਾਂ।”

“ਕਹਿ ਵੇ ਗੰਜਿਆ ਸਤਾਰਾਂ।”

“ਸਤਾਰਵੀਂ ਸਦੀ ਜਾਂ ਸਤਾਰਾਂ ਵਿਸ਼ਵੇ।”

ਮਹਾਰਾਣੀ ਨੇ ਗੰਜੇ ਨੂੰ ਗਿਣਤੀ ਬੰਦ ਕਰਕੇ ਕੁਝ ਧਨ ਦੌਲਤ ਲੈ ਕੇ ਜਾਣ ਦਾ ਕਾਫ਼ੀ ਲਾਲਚ ਦਿੱਤਾ ਤਾਂ ਜੋ ਇਸ ਤੋਂ ਛੁਟਕਾਰਾ ਹੋ ਸਕੇ ਪਰੰਤੂ ਗੰਜੇ ਨੇ ਉਸਦੀ ਇਕ ਨਾ ਮੰਨੀ ਤੇ ਗਿਣਤੀ ਪੂਰੀ ਕਰਨ ਲਈ ਆਖਣ ਲੱਗਾ। ਅਖ਼ੀਰ ਹਾਰ ਕੇ ਰਾਣੀ ਕਹਿਣ ਲੱਗੀ, “ਕਹਿ ਵੇ ਗੰਜਿਆ ਅਠਾਰਾਂ।” ਗੰਜਾ ਕਹਿਣ ਲੱਗਾ, ‘‘ਅਠਾਰਾਂ ਪੁਰਾਣ।”

“ਕਹਿ ਵੇ ਗੰਜਿਆ ਉੱਨੀ।”

“ਉੱਨੀਵੀਂ ਤੂੰ ਤੇ ਵੀਹਵਾਂ ਮੈਂ ਅਤੇ ਚੱਲ ਉੱਤਰ ਹੁਣ ਰਾਜ ਤਖ਼ਤ ਦੇ ਉੱਪਰੋਂ ਤੇ ਆਪਣੇ ਘਰ ਚਲੀਏ। ਭੇਡਾਂ ਬੱਕਰੀਆਂ ਭੁੱਖੀਆਂ ਹੋਣਗੀਆਂ, ਉਨ੍ਹਾਂ ਨੂੰ ਚਾਰਨ ਵੀ ਜਾਣਾ ਏ।”

ਸਾਰੇ ਦਰਬਾਰ ਵਿਚ ਗੰਜੇ ਦੀ ਜੈ-ਜੈਕਾਰ ਹੋਣ ਲੱਗ ਪਈ। ਲੋਕ ਆਖ ਰਹੇ ਸਨ ਕਿ ਗੰਜੇ ਮਹਾਰਾਜ ਦੀਜੈ। ਗੰਜੇ ਨੇ ਮਲਿਕਾ ਯਾਰੀ ਨੂੰ ਘਰ ਲਿਆ ਕੇ ਟੁੱਟੀ ਜਿਹੀ ਮੰਜੀ ’ਤੇ ਬਿਠਾ ਦਿੱਤਾ ਤੇ ਮਾਂ ਨੂੰ ਆਖਣ ਲੱਗਾ ਕਿ ਮਾਂ ਵੇਖ ਤੇਰੀ ਨੂੰਹ ਘਰ ਆ ਗਈ ਏ। ਮਾਂ ਰਾਣੀ ਨੂੰ ਵੇਖ ਕੇ ਬੜੀ ਹੈਰਾਨ ਹੋਈ ਤੇ ਉਸਨੇ ਆਪਣੇ ਨੂੰਹ-ਪੁੱਤਰ ਨੂੰ ਅਸ਼ੀਰਵਾਦ ਦਿੱਤਾ।

ਕੁਝ ਚਿਰਾਂ ਬਾਅਦ ਹੀ ਰਾਣੀ ਦੇ ਵਾਰ-ਵਾਰ ਕਹਿਣ 'ਤੇ ਗੰਜੇ ਦੇ ਘਰ ਦੀ ਥਾਂ 'ਤੇ ਇਕ ਆਲੀਸ਼ਾਨ ਮਹੱਲ ਖੜ੍ਹਾ ਹੋ ਗਿਆ ਅਤੇ ਪੂਰੇ ਦੇਸ਼ ਵਿਚ ਲੋਕ ਗੰਜੇ ਨੂੰ ਮਹਾਰਾਜ ਗੰਜਾ ਆਖਣ ਲੱਗ ਪਏ।


Post a Comment

1 Comments