ਫ਼ੌਜੀ ਅਤੇ ਦਿਓ
ਪੁਰਾਣੇ ਵੇਲੇ ਦੀ ਗੱਲ ਹੈ ਕਿ ਇਕ ਪਿੰਡ ਵਿਚ ਇਕ ਬੜਾ ਬਹਾਦੁਰ ਫ਼ੌਜੀ ਰਹਿੰਦਾ ਸੀ। ਉਸਦੀ ਪਤਨੀ ਬਹੁਤ ਹੀ ਸੁੰਦਰ ਸੀ। ਉਸ ਪਿੰਡ ਤੋਂ ਕੁਝ ਕੁ ਫ਼ਾਸਲੇ 'ਤੇ ਇਕ ਬੜੀ ਖ਼ੌਫ਼ਨਾਕ ਗੁਫ਼ਾ ਸੀ, ਜਿਸ ਵਿਚ ਇਕ ਦਿਓ ਰਹਿੰਦਾ ਸੀ। ਉਹ ਦਿਓ ਕਈ ਵਾਰ ਪਿੰਡ ਆਉਂਦਾ ਅਤੇ ਜਿਸਨੂੰ ਵੇਖ ਲੈਂਦਾ ਸੀ, ਉਸਨੂੰ ਚੁੱਕ ਕੇ ਲੈ ਜਾਂਦਾ ਸੀ ਅਤੇ ਮਾਰ ਦਿੰਦਾ ਸੀ।
ਇਕ ਵਾਰੀ ਫ਼ੌਜੀ ਕਿਤੇ ਗਿਆ ਹੋਇਆ ਸੀ। ਮਗਰੋਂ ਦਿਓ ਪਿੰਡ ਵਿਚ ਆ ਗਿਆ। ਦਿਓ ਦੀ ਨਜ਼ਰ ਫ਼ੌਜੀ ਦੀ ਘਰਵਾਲੀ 'ਤੇ ਪੈ ਗਈ। ਸੋਹਣੀ ਹੋਣ ਕਾਰਨ ਦਿਓ ਉਸਨੂੰ ਚੁੱਕ ਕੇ ਲੈ ਗਿਆ ਤੇ ਗੁਫ਼ਾ ਵਿਚ ਕੈਦ ਕਰ ਲਿਆ। ਜਦੋਂ ਫ਼ੌਜੀ ਵਾਪਸ ਪਿੰਡ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ ਨੂੰ ਦਿਓ ਚੁੱਕ ਕੇ ਲੈ ਗਿਆ ਹੈ। ਦਿਓ ਇੰਨਾ ਤਾਕਤਵਰ ਸੀ ਕਿ ਉਸਨੂੰ ਕੋਈ ਵੀ ਨਹੀਂ ਸੀ ਮਾਰ ਸਕਦਾ। ਦਿਓ ਨੇ ਆਪਣੀ ਗੁਫ਼ਾ ਦੇ ਸਾਹਮਣੇ ਕੁੱਤੇ ਰੱਖੇ ਹੋਏ ਸਨ। ਜੇਕਰ ਕੁੱਤਿਆਂ ਨੂੰ ਕੋਈ ਵੀਦਿਸ ਪੈਂਦਾ ਤਾਂ ਉਹ ਭੌਂਕਣ ਲੱਗ ਪੈਂਦੇ ਸਨ, ਸਿੱਟੇ ਵਜੋਂ ਜੇ ਦਿਓ ਬਾਹਰ ਗਿਆ ਹੁੰਦਾ ਤਾਂ ਆਵਾਜ਼ ਸੁਣ ਕੇ ਗੁਫ਼ਾ ਵੱਲ ਆ ਜਾਂਦਾ।
ਫ਼ੌਜੀ ਬੜਾ ਦਲੇਰ ਸੀ। ਉਸਨੇ ਕਿਸੇ ਬਜ਼ੁਰਗ ਨਾਲ ਗੱਲ ਕੀਤੀ ਕਿ ਉਸਨੇ ਆਪਣੀ ਪਤਨੀ ਨੂੰ ਦਿਓ ਕੋਲੋਂ ਛੁਡਾ ਕੇ ਜ਼ਰੂਰ ਲਿਆਉਂਦਾ ਹੈ। ਬਜ਼ੁਰਗ ਨੇ ਫ਼ੌਜੀ ਨੂੰ ਸਲਾਹ ਦਿੱਤੀ ਕਿ ਪਹਿਲਾਂ ਉਹ ਸਵਾ ਮਣ ਆਟੇ ਦਾ ਰੋਟ ਪਕਾ ਲਵੇ ਤਾਂ ਜੋ ਉਹ ਗੁਫ਼ਾ ਨੇੜੇ ਪੁੱਜੇ ਤਾਂ ਰੋਟ ਦਾ ਇਕ-ਇਕ ਟੁਕੜਾ ਕੁੱਤਿਆਂ ਨੂੰ ਪਾਉਂਦਾ ਜਾਵੇ । ਇਸ ਨਾਲ ਕੁੱਤੇ ਨਾ ਭੌਂਕਣ ਅਤੇ ਨਾ ਰਾਤ ਨੂੰ ਬਾਹਰ ਗਏ ਦਿਓ ਨੂੰ ਪਤਾ ਲੱਗੇ। ਫ਼ੌਜੀ ਨੇ ਉਸੇ ਤਰ੍ਹਾਂ ਕੀਤਾ।
ਕੁੱਤਿਆਂ ਅੱਗੇ ਰੋਟ ਦਾ ਟੁਕੜਾ ਸੁੱਟਦਾ-ਸੁੱਟਦਾ ਫ਼ੌਜੀ ਗੁਫ਼ਾ ਅੰਦਰ ਵੜ ਗਿਆ। ਉਸ ਵੇਲੇ ਦਿਓ ਬਾਹਰ ਗਿਆ ਹੋਇਆ ਸੀ। ਫ਼ੌਜੀ ਦੀ ਪਤਨੀ ਫ਼ੌਜੀ ਨੂੰ ਵੇਖ ਕੇ ਪਹਿਲਾਂ ਤਾਂ ਹੱਸ ਪਈ, ਫਿਰ ਰੋਣ ਲੱਗ ਪਈ। ਫ਼ੌਜੀ ਦੇ ਪੁੱਛਣ ’ਤੇ ਉਸਨੇ ਦੱਸਿਆ ਕਿ ਉਹ ਹੱਸੀ ਇਸ ਕਰਕੇ ਕਿਉਂਕਿ ਉਸਦਾ ਪਤੀ ਆ ਗਿਆ ਹੈ ਅਤੇ ਰੋਣ ਇਸ ਕਰਕੇ ਲੱਗ ਪਈ ਕਿਉਂਕਿ ਦਿਓ ਦੇ ਆਉਣ ਦਾ ਸਮਾਂ ਹੋ ਗਿਆ ਹੈ ਅਤੇ ਉਹ ਆ ਕੇ ਫ਼ੌਜੀ ਨੂੰ ਮਾਰ ਦੇਵੇਗਾ।
ਕਿਉਂ ਜੋ ਦਿਓ ਨੂੰ ਕੋਈ ਵੀ ਨਹੀਂ ਮਾਰ ਸਕਦਾ। ਪਤਨੀ, ਪਤੀ ਨੂੰ ਆਖਣ ਲੱਗੀ ਕਿ ਉਹ ਦਿਓ ਦੇ ਆਉਣ ਤੋਂ ਪਹਿਲਾਂ ਹੀ ਭੱਜ ਜਾਵੇ। ਫ਼ੌਜੀ ਉਸਨੂੰ ਆਖਣ ਲੱਗਾ ਕਿ ਉਹ ਕੱਲ੍ਹ ਨੂੰ ਫਿਰ ਆਵੇਗਾ। ਫ਼ੌਜੀ ਪਤਨੀ ਨੂੰ ਕਹਿਣ ਲੱਗਾ ਕਿ ਉਹ ਪਿਆਰ ਅਤੇ ਚਲਾਕੀ ਨਾਲ ਦਿਓ ਕੋਲੋਂ ਦਿਓ ਦੀ ਮੌਤ ਦਾ ਤਰੀਕਾ ਪਤਾ ਕਰ ਕੇ ਰੱਖੇ।
ਦੂਸਰੇ ਦਿਨ ਫ਼ੌਜੀ ਫਿਰ ਆਇਆ। ਫ਼ੌਜਣ ਨੇ ਦੱਸਿਆ ਕਿ ਸਮੁੰਦਰ ਦੇ ਵਿਚਕਾਰ ਇਕ ਸਿੰਬਲ ਦਾ ਦਰੱਖਤ ਹੈ ਜਿਸਨੂੰ ਸੱਪਾਂ ਅਤੇ ਸਰਾਲਾਂ ਨੇ ਢੱਕ ਕੇ ਰੱਖਿਆ ਹੈ। ਉਸ ਦਰਖ਼ਤ ਦੇ ਵਿਚਕਾਰ ਇਕ ਪਿੰਜਰਾ ਹੈ, ਜਿਸ ਵਿਚ ਇਕ ਤੋਤਾ ਹੈ।ਉਸ ਤੋਤੇ ਵਿਚ ਦਿਓ ਦੀ ਜਾਨ ਹੈ। ਜੇਕਰ ਉਹ ਤੋਤਾ ਮਰ ਜਾਵੇ ਤਾਂ ਦਿਓ ਮਰ ਜਾਵੇਗਾ।
ਸਾਰੀ ਗੱਲ ਸੁਣ ਕੇ ਫ਼ੌਜੀ ਰੱਬ ਆਸਰੇ ਆਪਣੀ ਮੰਜ਼ਿਲ ਵੱਲ ਤੁਰ ਪਿਆ ਤਾਂ ਜੋ ਪਿੰਜਰਾ ਲਿਆ ਸਕੇ। ਰਸਤੇ ਵਿਚ ਫ਼ੌਜੀ ਨੇ ਵੇਖਿਆ ਕਿ ਇਕ ਜੰਗਲ ਵਿਚ ਅੱਗ ਲੱਗੀ ਹੋਈ ਹੈ ਜਿਸ ਅੱਗ ਵਿਚ ਸ਼ੇਰਨੀ ਦੇ ਚਾਰ ਬੱਚੇ ਚੀਕਾਂ ਮਾਰ ਰਹੇ ਹਨ। ਫ਼ੌਜੀ ਨੇ ਬੜੀ ਹਿੰਮਤ ਨਾਲ ਚਾਰੇ ਬੱਚੇ ਅੱਗ ਵਿਚੋਂ ਬਚਾ ਲਏ। ਦੂਜੇ ਪਾਸਿਉਂ ਸ਼ੇਰ-ਸ਼ੇਰਨੀ ਆ ਗਏ। ਫ਼ੌਜੀ ਨੂੰ ਵੇਖ ਕੇ ਜਿਵੇਂ ਹੀ ਉਹ ਦੋਵੇਂ ਫ਼ੌਜੀ ਨੂੰ ਖਾਣ ਲੱਗੇ ਤਾਂ ਬੱਚੇ ਆਖਣ ਲੱਗੇ ਕਿ ਇਸ ਨੇ ਤਾਂ ਅੱਗ ਵਿਚੋਂ ਸਾਡੀ ਜਾਨ ਬਚਾਈ ਹੈ। ਸ਼ੇਰ-ਸ਼ੇਰਨੀ ਬੜੇ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਫ਼ੌਜੀ ਨੂੰ ਆਪਣਾ ਇਕ ਬੱਚਾ ਦੇ ਦਿੱਤਾ ਅਤੇ ਆਖਣ ਲੱਗੇ ਕਿ ਇਹ ਤੇਰੀ ਮਦਦ ਜ਼ਰੂਰ ਕਰੇਗਾ।
ਫ਼ੌਜੀ ਅਤੇ ਸ਼ੇਰ ਦਾ ਬੱਚਾ ਦੋਵੇਂ ਜਣੇ ਤੁਰ ਪਏ। ਰਾਤ ਪੈ ਗਈ। ਦੋਵੇਂ ਜਣੇ ਇਕ ਦਰਖ਼ਤ ਥੱਲੇ ਸੌਂ ਗਏ। ਉਸ ਦਰਖ਼ਤ ਉੱਤੇ ਹੰਸ ਦੇ ਬੱਚੇ ਰਹਿੰਦੇ ਸਨ।ਦੂਸਰੇ ਪਾਸਿਉਂ ਇਕ ਸਰਾਲ ਹੰਸ ਦੇ ਬੱਚੇ ਖਾਣ ਲਈ ਦਰਖ਼ਤ ਉੱਤੇ ਚੜ੍ਹਨ ਲੱਗੀ। ਬੱਚੇ ਸਰਾਲ ਨੂੰ ਵੇਖ ਕੇ ਰੌਲਾ ਪਾਉਣ ਲੱਗ ਪਏ। ਰੌਲਾ ਸੁਣ ਕੇ ਫ਼ੌਜੀ ਉੱਠ ਖੜ੍ਹਾ ਹੋਇਆ ਤੇ ਵੇਖਿਆ ਕਿ ਇਕ ਸਰਾਲ ਹੰਸ ਦੇ ਬੱਚੇ ਖਾਣ ਲਈ ਦਰਖ਼ਤ ਉੱਤੇ ਚੜ੍ਹ ਰਹੀ ਹੈ।ਫ਼ੌਜੀ ਨੇ ਉਸ ਸਰਾਲ ਨੂੰ ਮਾਰ ਕੇ ਥੱਲੇ ਸੁੱਟ ਦਿੱਤਾ ਤੇ ਸੌਂ ਗਿਆ। ਉਧਰੋਂ ਹੰਸ ਵੀ ਆ ਗਿਆ। ਬੱਚੇ ਰੋਂਦੇ ਵੇਖ ਕੇ ਹੰਸ ਸਮਝਿਆ ਕਿ ਹੇਠਾਂ ਸੁੱਤੇ ਮਨੁੱਖ ਨੇ ਮੇਰੇ ਬੱਚਿਆਂ ਨੂੰ ਛੇੜਿਆ ਹੈ। ਹੰਸ ਬੱਚਿਆਂ ਨੂੰ ਆਖਣ ਲੱਗਾ ਕਿ ਤੁਸੀਂ ਚੁੱਪ ਕਰੋ, ਮੈਂ ਇਸ ਮਨੁੱਖ ਦੀਆਂ ਅੱਖਾਂ ਕੱਢ ਲਿਆਉਂਦਾ ਹਾਂ। ਜਿਵੇਂ ਹੀ ਹੰਸ ਫ਼ੌਜੀ ਦੀਆਂ ਅੱਖਾਂ ਕੱਢਣ ਲੱਗਾ ਤਾਂ ਬੱਚੇ ਆਖਣ ਲੱਗੇ ਕਿ ਇਸਨੇ ਤਾਂ ਸਾਡੀ ਸਰਾਲ ਤੋਂ ਜਾਨ ਬਚਾਈ ਹੈ ।ਮਰੀ ਪਈ ਸਰਾਲ ਵੇਖ ਕੇ ਹੰਸ ਨੇ ਫ਼ੌਜੀ ਦਾ ਧੰਨਵਾਦ ਕੀਤਾ ਅਤੇ ਆਪਣਾ ਇਕ ਬੱਚਾ ਉਸਨੂੰ ਦੇ ਦਿੱਤਾ ਅਤੇ ਕਿਹਾ ਕਿ ਇਹ ਤੇਰੀ ਮਦਦ ਜ਼ਰੂਰ ਕਰੇਗਾ।
ਫ਼ੌਜੀ ਦੋਵੇਂ ਬੱਚਿਆਂ ਨਾਲ ਸਵੇਰੇ ਸਮੁੰਦਰ ਵੱਲ ਤੁਰ ਪਿਆ। ਤਿੰਨੋਂ ਜਣੇ ਸਮੁੰਦਰ ਨੇੜੇ ਪੁੱਜ ਗਏ। ਸ਼ੇਰ ਦਾ ਬੱਚਾ ਆਖਣ ਲੱਗਾ ਕਿ ਤੁਸੀਂ ਮੇਰੇ ਨਾਲ ਲਕੜੀਆਂ ਇਕੱਠੀਆਂ ਕਰਵਾਓ ਅਤੇ ਮੈਂ ਇਨ੍ਹਾਂ ਨੂੰ ਬਾਲਦਾ ਰਵਾਂਗਾ ਜਿਸਦੀ ਰੌਸ਼ਨੀ ਨਾਲ ਤੈਨੂੰ ਸੱਪਾਂ ਵਿਚਕਾਰ ਲੁਕਿਆ ਪਿੰਜਰਾ
ਦਿਸ ਜਾਵੇਗਾ। ਹੰਸ ਦਾ ਬੱਚਾ ਆਖਣ ਲੱਗਾ ਕਿ ਮੈਂ ਦਰਖ਼ਤ ਦੇ ਚਾਰੇ ਪਾਸੇ ਘੁੰਮਾਂਗਾ, ਜਿਹੜਾ ਸੱਪ ਧੌਣ ਹਿਲਾਵੇਗਾ ਮੈਂ ਉਸਦੀਆਂ ਅੱਖਾਂ ਕੱਢ ਲਵਾਂਗਾ। ਇੰਨੇ ਚਿਰ ਨੂੰ ਤੂੰ ਪਿੰਜਰਾ ਕੱਢ ਲਿਆਈਂ। ਫ਼ੌਜੀ ਮੰਨ ਗਿਆ।
ਸ਼ੇਰ ਅੱਗ ਬਾਲਣ ਲੱਗ ਪਿਆ। ਹੰਸ ਦਾ ਬੱਚਾ ਉਸ ਸਿੰਬਲ ਦੇ ਰੁੱਖ ਦੁਆਲੇ ਘੁੰਮਣ ਲੱਗ ਪਿਆ। ਸੱਪ ਤੇ ਸਰਾਲ ਡਰਦੇ ਧੌਣ ਨਾ ਹਿਲਾਉਣ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਹੰਸ ਦਾ ਬੱਚਾ ਉਨ੍ਹਾਂ ਦੀਆਂ ਅੱਖਾਂ ਨਾ ਕੱਢ ਲਵੇ। ਇੰਨੇ ਨੂੰ ਫ਼ੌਜੀ ਦਰਖ਼ਤ ਤੋਂ ਪਿੰਜਰਾ ਕੱਢ ਲਿਆਇਆ।
ਦਿਓ ਨੂੰ ਪਤਾ ਲੱਗ ਗਿਆ ਕਿ ਕਿਸੇ ਨੇ ਪਿੰਜਰਾ ਫੜ ਲਿਆ ਹੈ। ਇੰਨੇ ਚਿਰ ਨੂੰ ਫ਼ੌਜੀ ਪਿੰਜਰਾ ਲੈ ਕੇ ਫਿਰ ਪਿੰਡ ਪੁੱਜ ਗਿਆ।ਦਿਓ ਗੁਫ਼ਾ 'ਚੋਂ ਬਾਹਰ ਆਇਆ।ਜਿਵੇਂ ਹੀ ਦਿਓ ਫ਼ੌਜੀ ਨੂੰ ਮਾਰਨ ਲਈ ਦੌੜਿਆ, ਫ਼ੌਜੀ ਨੇ ਤੋਤੇ ਦੀ ਲੱਤ ਤੋੜ ਦਿੱਤੀ। ਦਿਓ ਧਰਤੀ 'ਤੇ ਡਿੱਗ ਪਿਆ ਅਤੇ ਉਸਦੀ ਇਕ ਲੱਤ ਟੁੱਟ ਗਈ। ਫੇਰ ਫ਼ੌਜੀ ਨੇ ਤੋਤੇ ਦੀ ਦੂਜੀ ਲੱਤ ਤੋੜ ਦਿੱਤੀ, ਫੇਰ ਖੰਭ ਮਰੋੜ ਦਿੱਤੇ, ਫਲਸਰੂਪ ਦਿਓ ਦੀਆਂ ਲੱਤਾਂ ਤੇ ਬਾਹਾਂ ਟੁੱਟ ਗਈਆਂ। ਫਿਰ ਫ਼ੌਜੀ ਨੇ ਤੋਤੇ ਦੀ ਧੌਣ ਮਰੋੜ ਦਿੱਤੀ, ਜਿਸ ਨਾਲ ਤੋਤਾ ਤੇ ਦਿਓ ਦੋਵੇਂ ਮਰ ਗਏ । ਇਸ ਤਰ੍ਹਾਂ ਫ਼ੌਜੀ ਦੀ ਪਤਨੀ ਗੁਫ਼ਾ 'ਚੋਂ ਬਾਹਰ ਆ ਗਈ ਅਤੇ ਨਾਲ ਹੀ ਸਾਰਾ ਪਿੰਡ ਦਿਓ ਦੇ ਆਤੰਕ ਤੋਂ ਮੁਕਤ ਹੋ ਗਿਆ।
0 Comments