ਅਨਮੋਲ ਰਤਨ
Anmol Ratan
ਇਕ ਪਿੰਡ ਵਿਚ ਇਕ ਗਰੀਬ ਮਾਂ ਤੇ ਉਸਦਾ ਪੁੱਤਰ ਰਹਿੰਦੇ ਸਨ। ਪੁੱਤਰ ਧਾਰਮਿਕ ਵਿਚਾਰਾਂ ਵਾਲਾ ਆਦਮੀ ਸੀ। ਇਕ ਦਿਨ ਮਾਂ ਆਪਣੇ ਪੁੱਤਰ ਨੂੰ ਆਖਣ ਲੱਗੀ ਕਿ ਪੁੱਤਰ ਅਸੀਂ ਗਰੀਬ ਹਾਂ ਪਰ ਇਕੱਲੇ ਧਾਰਮਿਕ ਵਿਚਾਰਾਂ ਨਾਲ ਪੇਟ ਨਹੀਂ ਭਰਦਾ। ਇਸ ਲਈ ਤੂੰ ਕਮਾਈ ਕਰ ਤਾਂ ਜੋ ਸਾਡੀ ਗ਼ਰੀਬੀ ਦੂਰ ਹੋ ਸਕੇ ।
ਪੁੱਤਰ ਮਾਂ ਦਾ ਹੁਕਮ ਮੰਨ ਕੇ ਕਮਾਈ ਕਰਨ ਲਈ ਘਰੋਂ ਤੁਰ ਪਿਆ। ਰਾਹ ਵਿਚ ਉਸ ਲੜਕੇ ਨੇ ਇਕ ਸਾਧੂ ਨੂੰ ਆਪਣੇ ਘਰ ਦੀ ਹਾਲਤ ਬਾਰੇ ਦੱਸਿਆ। ਸਾਧੂ ਆਖਣ ਲੱਗਾ ਕਿ ਪੁੱਤਰ ਤੂੰ ਧਾਰਮਿਕ ਵਿਚਾਰਾਂ ਵਾਲਾ ਆਦਮੀ ਏਂ।ਇਸ ਕਰਕੇ ਮੇਰੀਆਂ ਤਿੰਨ ਗੱਲਾਂ ਦਾ ਖ਼ਿਆਲ ਰੱਖੀਂ, ਜਿਸ ਦੇ ਫਲਸਰੂਪ ਤੂੰ ਕਮਾਈ ਵੀ ਚੰਗੀ ਕਰੇਂਗਾ ਤੇ ਸੁਖੀ ਵਸੇਗਾ। ਪਹਿਲੀ ਗੱਲ ਇਹ ਕਿ ਕਿਸੇ ਉੱਤੇ ਹੱਦ ਤੋਂ ਵੱਧ ਵਿਸ਼ਵਾਸ ਨਾ ਕਰੀਂ। ਦੂਸਰਾ ਜਦੋਂ ਵੀ ਸੌਣਾ ਹੋਵੇ, ਬਿਸਤਰੇ ਵਾਲੀ ਚਾਦਰ ਪਹਿਲਾਂ ਝਾੜਨਾ ਤੇ ਫਿਰ ਸੌਣਾ। ਤੀਸਰਾ ਤੈਨੂੰ ਰਾਹ ਵਿਚ ਜੋ ਵੀ ਪਹਿਲਾ ਜੀਵ ਲੱਭੇ ਉਸਨੂੰ ਨਾਲ ਲੈ ਕੇ ਤੁਰਨਾ। ਲੜਕਾ ਸਾਧੂ ਦੀਆਂ ਗੱਲਾਂ ਮੰਨ ਕੇ ਕਮਾਈ ਕਰਨ ਤੁਰ ਪਿਆ।
ਤੁਰਦੇ-ਤੁਰਦੇ ਲੜਕੇ ਨੂੰ ਰਾਤ ਪੈ ਗਈ। ਜੰਗਲ ਦਾ ਰਸਤਾ ਸੀ। ਅਚਾਨਕ ਇਕ ਔਰਤ ਮੁੰਡੇ ਨੂੰ ਮਿਲੀ। ਉਹ ਮੁੰਡੇ ਨੂੰ ਬਦੋਬਦੀ ਆਪਣੇ ਨਾਲ ਘਰ ਲੈ ਗਈ। ਜਿਥੇ ਉਸਦੇ ਘਰ ਵਿਚ ਦੋ ਤਿੰਨ ਆਦਮੀ ਹੋਰ ਸਨ।
ਮੁੰਡੇ ਦੇ ਨਾਂਹ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੇ ਉਸਦੀ ਕਾਫ਼ੀ ਸੇਵਾ ਕੀਤੀ ਤੇ ਰਾਤ ਰਹਿਣ ਲਈ ਮਜਬੂਰ ਕੀਤਾ। ਲੜਕੇ ਨੇ ਉਨ੍ਹਾਂ 'ਤੇ ਵਿਸ਼ਵਾਸ ਨਾ ਕੀਤਾ।ਮੁੰਡੇ ਨੂੰ ਸ਼ੱਕ ਸੀ ਕਿ ਕੋਈ ਓਪਰੀ ਔਰਤ ਅਤੇ ਤਿੰਨ ਮਰਦ ਉਸਦੀ ਇੰਨੀ ਸੇਵਾ ਕਿਉਂ ਕਰ ਰਹੇ ਨੇ ? ਪਰ ਰਾਤ ਸੀ, ਮੁੰਡਾ ਕੀ ਕਰ ਸਕਦਾ ਸੀ। ਮੁੰਡੇ ਦਾ ਵੱਖਰੇ ਕਮਰੇ ਵਿਚ ਬਿਸਤਰਾ ਵਿਛਾ ਦਿੱਤਾ ਗਿਆ।
ਮੁੰਡਾ ਜਿਵੇਂ ਹੀ ਰਾਤ ਨੂੰ ਮੰਜੇ 'ਤੇ ਸੌਣ ਲੱਗਾ ਤਾਂ ਉਸਨੂੰ ਯਾਦ ਆ ਗਿਆ ਕਿ ਮੇਰਾ ਗੁਰੂ ਕਹਿੰਦਾ ਸੀ ਕਿ ਸੌਣ ਵੇਲੇ ਚਾਦਰ ਜ਼ਰੂਰ ਝਾੜ ਲੈਣਾ। ਇਸ ਲਈ ਮੁੰਡੇ ਨੇ ਜਿਵੇਂ ਹੀ ਝਾੜਨ ਲਈ ਚਾਦਰ ਚੁੱਕੀ ਤਾਂ ਵੇਖਿਆ ਕਿ ਮੰਜੇ ਦੇ ਹੇਠਾਂ ਕਾਫ਼ੀ ਡੂੰਘਾ ਖੂਹ ਪੁੱਟਿਆ ਹੋਇਆ ਹੈ। ਲੜਕਾ ਹੈਰਾਨ ਰਹਿ ਗਿਆ। ਜਿਵੇਂ ਹੀ ਲੜਕੇ ਨੇ ਵੇਖਿਆ ਕਿ ਬਾਹਰ ਤਾਂ ਔਰਤ ਅਤੇ ਤਿੰਨ ਆਦਮੀਆਂ ਦੀ ਥਾਂ ਇਕ ਰਾਖਸ਼ਣੀ ਅਤੇ ਤਿੰਨ ਰਾਖਸ਼ ਹਨ ਤਾਂ ਉਹ ਡਰ ਗਿਆ। ਰਾਤ ਨੂੰ ਜਦੋਂ ਉਹ ਰਾਖਸ਼ ਸੌਂ ਰਹੇ ਸਨ ਤਾਂ ਮੁੰਡਾ ਚੋਰੀ-ਚੋਰੀ ਭੱਜ ਗਿਆ।
ਦਿਨ ਚੜ੍ਹ ਗਿਆ। ਮੁੰਡਾ ਜੰਗਲ 'ਚੋਂ ਕਾਫ਼ੀ ਦੂਰ ਆ ਚੁੱਕਾ ਸੀ। ਅੱਗੇ ਮੁੰਡੇ ਨੂੰ ਇਕ ਕੱਛੂ ਦਿਸਿਆ। ਆਪਣੇ ਗੁਰੂ ਦੀ ਤੀਜੀ ਗੱਲ ਅਨੁਸਾਰ ਉਹ ਲੜਕਾ ਕੱਛੂ ਨੂੰ ਆਪਣੇ ਨਾਲ ਲੈ ਕੇ ਤੁਰ ਪਿਆ। ਕਾਫ਼ੀ ਸਫ਼ਰ ਤੈਅ ਕਰਨ ਤੋਂ ਬਾਅਦ ਅੱਗੇ ਸਮੁੰਦਰ ਆ ਗਿਆ। ਕੱਛੂ, ਮੁੰਡੇ ਨੂੰ ਆਖਣ ਲੱਗਾ ਕਿ ਚੰਗਾ ਦੋਸਤ ਮੈਂ ਹੁਣ ਸਮੁੰਦਰ ਵਿਚ ਸਦਾ ਲਈ ਰਹਿਣਾ ਏ, ਸਾਡਾ ਸਾਥ ਇਥੋਂ ਤੀਕ ਹੀ ਸੀ, ਪਰ ਤੂੰ ਮੈਨੂੰ ਇਕ ਗੱਲ ਦੱਸ ਕਿ ਤੂੰ ਐਨਾ ਦੁਖੀ ਕਿਉਂ ਏਂ ? ਲੜਕੇ ਨੇ ਕੱਛੂ ਨੂੰ ਆਪਣੇ ਘਰ ਦੀ ਸਾਰੀ ਹਾਲਤ ਬਿਆਨ ਕਰ ਦਿੱਤੀ।ਕੱਛੂ ਆਖਣ ਲੱਗਾ, “ਤੂੰ ਜ਼ਰਾ ਇਥੇ ਠਹਿਰੀਂ, ਮੈਂ ਹੁਣੇ ਆਇਆ।” ਕੱਛੂ ਸਮੁੰਦਰ ਵਿਚ ਗਿਆ ਤੇ ਇਕ ਹੀਰਾ ਕੱਢ ਲਿਆਇਆ। ਕੱਛੂ, ਮੁੰਡੇ ਨੂੰ ਹੀਰਾ ਫੜਾ ਕੇ ਆਖਣ ਲੱਗਾ ਕਿ ਇਹ ਹੀਰਾ ਅਨਮੋਲ ਹੈ, ਤੂੰ ਇਸ ਨੂੰ ਵੇਚ ਕੇ ਸਦਾ ਲਈ ਅਮੀਰ ਹੋ ਜਾਵੇਗਾ। ਮੁੰਡੇ ਨੇ ਕੱਛੂ ਦਾ ਧੰਨਵਾਦ ਕੀਤਾ ਅਤੇ ਫਿਰ ਕੱਛੂ ਸਮੁੰਦਰ ਵਿਚ ਚਲਾ ਗਿਆ।
ਮੁੰਡਾ ਉਸ ਹੀਰੇ ਨੂੰ ਵੇਚਣ ਲਈ ਸੁਨਿਆਰੇ ਕੋਲ ਲੈ ਗਿਆ। ਸੁਨਿਆਰੇ ਨੇ ਹੀਰਾ ਵੇਖ ਕੇ ਆਖਿਆ, “ਕਾਕਾ ! ਇਹ ਹੀਰਾ ਬੜਾ ਅਨਮੋਲ ਹੈ, ਮੈਂ ਇਸਦੀ ਕੀਮਤ ਨਹੀਂ ਦੇ ਸਕਦਾ। ਤੂੰ ਇਸ ਅਨਮੋਲ ਹੀਰੇ ਨੂੰ ਰਾਜੇ ਕੋਲ ਲੈ ਜਾ।” ਮੁੰਡਾ ਹੀਰਾ ਲੈ ਕੇ ਰਾਜੇ ਕੋਲ ਚਲਾ ਗਿਆ। ਰਾਜਾ ਹੀਰਾ ਵੇਖ ਕੇ ਕਹਿਣ ਲੱਗਾ, ‘ਪੁੱਤਰ ! ਮੇਰੇ ਰਾਜ ਘਰਾਣੇ ਵਿਚ ਇਸ ਅਨਮੋਲ ਹੀਰੇ ਦੇ ਬਰਾਬਰ ਧਨ-ਦੌਲਤ ਨਹੀਂ ਹੈ, ਫਿਰ ਵੀ ਜੇ ਤੂੰ ਇਸਨੂੰ ਵੇਚਣਾ ਚਾਹੁੰਦਾ ਏਂ ਤਾਂ ਤੈਨੂੰ ਜਿੰਨੀ ਧਨ-ਦੌਲਤ ਚਾਹੀਦੀ ਹੈ, ਖ਼ਜ਼ਾਨੇ ਵਿਚੋਂ ਲੈ ਜਾ। ਮੁੰਡੇ ਨੇ ਹੀਰਾ ਰਾਜੇ ਨੂੰ ਦੇ ਦਿੱਤਾ ਅਤੇ ਬੇਸ਼ੁਮਾਰ ਦੌਲਤ ਘਰ ਲੈ ਗਿਆ।ਜਿਸ ਨਾਲ ਉਹ ਸਦਾ ਲਈ ਅਮੀਰ ਹੋ ਗਿਆ।
ਦੂਸਰੇ ਦਿਨ ਰਾਜੇ ਨੂੰ ਵਜ਼ੀਰ ਨੇ ਆਣ ਕੇ ਆਖਿਆ ਕਿ ਰਾਜਾ ਜੀ, ਉਹ ਅਨਮੋਲ ਹੀਰਾ ਸਾਰੇ ਰਾਜ ਘਰਾਣੇ ਦੇ ਲੋਕਾਂ ਨੂੰ ਵੀ ਦਿਖਾਉਣਾ ਚਾਹੀਦਾ ਹੈ। ਰਾਜਾ ਵਜ਼ੀਰ ਦੀ ਗੱਲ ਮੰਨ ਗਿਆ।
ਉਸ ਰਾਜੇ ਦੀ ਕੋਈ ਔਲਾਦ ਨਹੀਂ ਸੀ। ਉਹ ਹਮੇਸ਼ਾ ਚਿੰਤਾ ਵਿਚ ਰਹਿੰਦਾ ਸੀ। ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਉਹ ਹੀਰਾ ਪਲੰਘ ਤੋਂ ਚੁੱਕ ਕੇ ਰਾਜ ਦਰਬਾਰ ਵਿਚ ਲਿਆਂਦਾ ਜਾਵੇ ਤਾਂ ਜੋ ਉਸਨੂੰ ਸਾਰੇ ਵੇਖ ਸਕਣ। ਜਦੋਂ ਵਜ਼ੀਰ ਕੁਝ ਸੈਨਿਕਾਂ ਨਾਲ ਹੀਰਾ ਲੈਣ ਗਿਆ ਤਾਂ ਵੇਖ ਕੇ ਹੈਰਾਨ ਰਹਿ
ਗਿਆ ਕਿ ਅਨਮੋਲ ਹੀਰੇ ਦੀ ਥਾਂ ਪਲੰਘ ਉੱਤੇ ਇਕ ਖ਼ੂਬਸੂਰਤ ਛੋਟਾ ਜਿਹਾ ਬੱਚਾ ਖੇਡ ਰਿਹਾ ਏ। ਸਾਰੇ ਰੌਲਾ ਪੈ ਗਿਆ। ਬੱਚਾ ਰਾਜੇ ਕੋਲ ਲਿਆਂਦਾ ਗਿਆ।ਰਾਜਾ-ਰਾਣੀ ਬੱਚਾ ਵੇਖ ਕੇ ਬੇਹੱਦ ਖ਼ੁਸ਼ ਹੋਏ। ਰਾਜਾ ਆਖਣ ਲੱਗਾ ਕਿ ਉਹ ਹੀਰਾ ਵੇਚਣ ਵਾਲਾ ਮੁੰਡਾ ਕੋਈ ਰੱਬ ਦਾ ਰੂਪ ਸੀ ਤੇ ਅਨਮੋਲ ਹੀਰਾ ਵੀ ਕੋਈ ਦੈਵੀ ਸ਼ਕਤੀ। ਇਸ ਕਰਕੇ ਅੱਜ ਤੋਂ ਬੱਚੇ ਦਾ ਨਾਮ ਅਨਮੋਲ ਰਤਨ ਹੈ। ਬੱਚਾ ਪਲਦਾ ਗਿਆ। ਰਾਜਾ-ਰਾਣੀ ਖ਼ੁਸ਼ ਸਨ ਕਿ ਉਨ੍ਹਾਂ ਨੂੰ ਵਾਰਿਸ ਮਿਲ ਗਿਆ। ਜਵਾਨ ਹੋਣ 'ਤੇ ਉਸਦਾ ਵਿਆਹ ਕਿਸੇ ਹੋਰ ਦੇਸ਼ ਦੀ ਖ਼ੂਬਸੂਰਤ ਰਾਜਕੁਮਾਰੀ ਨਾਲ ਕੀਤਾ ਗਿਆ।
ਇਕ ਦਿਨ ਦੋਵੇਂ ਜਣੇ ਰੱਥ ਉੱਤੇ ਘੁੰਮਣ ਫਿਰਨ ਗਏ। ਲੜਕੀ ਆਖਣ ਲੱਗੀ ਕਿ ਆਓ ਸਮੁੰਦਰ ਦੇ ਕੰਢੇ ਘੁੰਮੀਏ ।ਰਾਜਕੁਮਾਰ ਆਖਣ ਲੱਗਾ ਕਿ ਸਮੁੰਦਰ ਦੇ ਕੰਢੇ ਨਹੀਂ ਜਾਣਾ।ਰਾਣੀ ਦੇ ਜ਼ਿਦ ਕਰਨ 'ਤੇ ਦੋਵੇਂ ਜਣੇ ਸਮੁੰਦਰ ਦੇ ਕੰਢੇ ਪਾਣੀ ਵਿਚ ਖੇਡਣ ਲੱਗ ਪਏ। ਰਾਣੀ ਆਖਣ ਲੱਗੀ ਕਿ ਆਓ ਥੋੜ੍ਹਾ ਜਿਹਾ ਹੋਰ ਡੂੰਘੇ ਪਾਣੀ ਵਿਚ ਚਲੀਏ। ਰਾਜਕੁਮਾਰ ਨਾ ਮੰਨਿਆ। ਰਾਣੀ ਦੇ ਕਹਿਣ 'ਤੇ ਉਹ ਡੂੰਘੇ ਪਾਣੀ ਵਿਚ ਚਲਾ ਗਿਆ। ਰਾਣੀ ਬੜੀ ਖ਼ੁਸ਼ ਸੀ। ਰਾਜਕੁਮਾਰ ਰਾਣੀ ਨੂੰ ਆਖਣ ਲੱਗਾ ਕਿ ਮੈਂ ਤੈਨੂੰ ਸਮੁੰਦਰ ਦੇ ਕੰਢੇ ਆਉਣ ਲਈ ਨਾਂਹ ਕੀਤੀ ਸੀ ਪਰ ਤੂੰ ਨਾ ਮੰਨੀ, ਇਸ ਵਿਚ ਮੇਰਾ ਕਸੂਰ ਨਹੀਂ। ਹੁਣ ਮੈਂ ਤੇਰੇ ਕੋਲੋਂ ਸਦਾ ਲਈ ਜਾ ਰਿਹਾ ਹਾਂ।
ਰਾਜਕੁਮਾਰੀ ਦੇ ਵੇਖਦੇ-ਵੇਖਦੇ ਉਹ ਰਾਜਕੁਮਾਰ ਸੱਪ ਬਣ ਗਿਆ ਤੇ ਸਮੁੰਦਰ ਵਿਚ ਚਲਾ ਗਿਆ। ਰਾਜਕੁਮਾਰੀ ਆਪਣੇ ਪਤੀ ਦੇ ਵਿਛੋੜੇ ਵਿਚ ਸਮੁੰਦਰ ਦੇ ਕੰਢੇ ਬੈਠ ਕੇ ਵਿਰਲਾਪ ਕਰਨ ਲੱਗ ਪਈ। ਉਸ ਸਮੇਂ ਉਧਰ ਦੀ ਇਕ ਸਾਧੂ ਜਾ ਰਿਹਾ ਸੀ। ਉਸਨੇ ਰਾਣੀ ਦਾ ਵਿਰਲਾਪ ਸੁਣਿਆ ਤੇ ਉਸ ਕੋਲ ਚਲਾ ਗਿਆ। ਰਾਣੀ ਨੇ ਸਾਧੂ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਤੇ ਮਦਦ ਕਰਨ ਲਈ ਕਿਹਾ। ਸਾਧੂ ਨੇ ਰਾਣੀ ਦੀ ਪਤੀ ਲਈ ਪ੍ਰੇਮ ਦੀ ਤੜਪ ਨੂੰ ਵੇਖ ਕੇ ਆਖਿਆ, “ਹੇ ਬੇਟੀ ! ਸਮੁੰਦਰ ਦੇ ਕੰਢੇ ਇਕ ਬੋਹੜ ਦਾ ਦਰਖ਼ਤ ਏ, ਹਰੇਕ ਮਹੀਨੇ ਦੇ ਜੇਠੇ ਸ਼ਨੀਵਾਰ ਨੂੰ ਰਾਤ ਵੇਲੇ ਉਥੇ ਆਪਣੇ-ਆਪ ਕੁਰਸੀਆਂ ਪ੍ਰਗਟ ਹੋ ਜਾਂਦੀਆਂ ਹਨ ਅਤੇ ਸਮੁੰਦਰ ਵਿਚੋਂ ਵੱਖ-ਵੱਖ ਤਰ੍ਹਾਂ ਦੇ ਸੱਪ ਨਿਕਲ ਕੇ ਉਨ੍ਹਾਂ ਕੁਰਸੀਆਂ 'ਤੇ ਬੈਠ ਜਾਂਦੇ ਹਨ, ਕੁਝ ਚਿਰ ਬਾਅਦ ਉਹ ਸੱਪ ਬੰਦੇ ਬਣ ਜਾਂਦੇ ਹਨ ਤੇ ਉਨ੍ਹਾਂ ਵਿਚ ਤੇਰਾ ਪਤੀ ਵੀ ਹੋਵੇਗਾ। ਫਿਰ ਦੋ ਲੜਕੀਆਂ ਪ੍ਰਗਟ ਹੁੰਦੀਆਂ ਹਨ ਜੋ ਉਨ੍ਹਾਂ ਬੰਦਿਆਂ ਸਾਹਮਣੇ ਨੱਚਦੀਆਂ ਹਨ ਤੇ ਸਵੇਰੇ ਉਹ ਸਾਰੇ ਗ਼ਾਇਬ ਹੋ ਜਾਂਦੇ ਹਨ। ਜੇਕਰ ਤੂੰ ਉਨ੍ਹਾਂ ਸੱਪਾਂ ਦੇ ਪਿਉ ਨੂੰ ਨੱਚ ਕੇ ਖ਼ੁਸ਼ ਕਰ ਦਿੱਤਾ ਤਾਂ ਉਸ ਕੋਲੋਂ ਆਪਣਾ ਪਤੀ ਮੰਗ ਲਵੀਂ।” ਰਾਣੀ ਨੇ ਸਾਧੂ ਦਾ ਧੰਨਵਾਦ ਕੀਤਾ ਤੇ ਸਾਧੂ ਚਲਾ ਗਿਆ।
ਜੇਠੇ ਸ਼ਨੀਵਾਰ ਨੂੰ ਦਿਨ ਵੇਲੇ ਉਹ ਰਾਣੀ ਬੋਹੜ ਦੇ ਦਰਖ਼ਤ ਉੱਤੇ ਚੜ੍ਹ ਗਈ। ਰਾਤ ਪੈ ਗਈ।ਵੇਖਦੇ-ਵੇਖਦੇ ਉਹ ਸਭ ਕੁਝ ਵਾਪਰਨ ਲੱਗਾ ਜੋ ਸਾਧੂ ਕਹਿ ਕੇ ਗਿਆ ਸੀ। ਕੁੜੀਆਂ ਨੱਚ ਰਹੀਆਂ ਸਨ। ਰਾਣੀ ਹੌਲੀ ਜਿਹੀ ਦਰਖ਼ਤ ਤੋਂ ਉੱਤਰੀ ਤੇ ਨਾਗਰਾਜ ਦੇ ਸਾਹਮਣੇ ਜਾ ਖੜ੍ਹੀ ਹੋਈ। ਅਨਮੋਲ ਰਤਨ ਪਹਿਚਾਣ ਗਿਆ ਕਿ ਇਹ ਮੇਰੀ ਪਤਨੀ ਹੈ। ਪਰ ਉਹ ਕੀ ਕਰ ਸਕਦਾ ਸੀ। ਨਾਗਰਾਜ ਆਖਣ ਲੱਗਾ ਕਿ ਬੇਟੀ, ਤੂੰ ਕੌਣ ਏ ? ਰਾਣੀ ਆਖਣ ਲੱਗੀ ਕਿ ਮੈਂ ਰਾਣੀ ਹਾਂ ਅਤੇ ਤੁਹਾਨੂੰ ਖ਼ੁਸ਼ ਕਰਨ ਲਈ ਨੱਚਣ ਆਈ ਹਾਂ। ਨਾਗਰਾਜ ਨੇ ਰਾਣੀ ਨੂੰ ਨੱਚਣ ਦੀ ਇਜਾਜ਼ਤ ਦੇ ਦਿੱਤੀ।
ਰਾਣੀ ਉਨ੍ਹਾਂ ਅੱਗੇ ਇੰਨਾ ਵਧੀਆ ਨੱਚੀ ਕਿ ਨਾਗਰਾਜ ਬਹੁਤ ਖ਼ੁਸ਼ ਹੋਇਆ। ਨਾਗਰਾਜ ਆਖਣ ਲੱਗਾ ਕਿ ਬੇਟੀ ਤੂੰ ਸੱਚਮੁੱਚ ਮੈਨੂੰ ਖ਼ੁਸ਼ ਕੀਤਾ ਏ, ਮੰਗ ਲੈ ਕੀ ਚਾਹੀਦਾ ਏ। ਰਾਣੀ ਆਖਣ ਲੱਗੀ, “ਜੇਕਰ ਕੁਝ ਦੇਣਾ ਹੈ ਤਾਂ ਮੇਰਾ ਪਤੀ ਅਨਮੋਲ ਰਤਨ ਦੇ ਦੇਵੋ।” ਨਾਗਰਾਜ ਆਖਣ ਲੱਗਾ, “ਬੇਟੀ ਹੋਰ ਜੋ ਮੰਗਣਾ ਮੰਗ ਲੈ, ਪਰ ਮੇਰੇ ਕੋਲੋਂ ਅਨਮੋਲ ਨਾ ਮੰਗ ਕਿਉਂਕਿ ਇਹ ਮੇਰਾ ਸਭ ਤੋਂ ਪਿਆਰਾ ਪੁੱਤਰ ਹੈ।”
ਰਾਣੀ ਆਖਣ ਲੱਗੀ, “ਜੇਕਰ ਪਿਤਾ ਜੀ, ਇਹ ਤੁਹਾਡਾ ਪੁੱਤਰ ਏ ਤਾਂ ਇਹ ਮੇਰਾ ਪਤੀ ਹੈ ਅਤੇ ਇਸ ਤਰ੍ਹਾਂ ਮੈਂ ਤੁਹਾਡੀ ਨੂੰਹ ਹੋਈ। ਕੀ ਤੁਸੀਂ ਆਪਣੀ ਨੂੰਹ ਨੂੰ ਉਸਦਾ ਪਤੀ ਨਹੀਂ ਦੇਵੋਂਗੇ।” ਨੇੜੇ ਬੈਠੇ ਅਨਮੋਲ ਨੇ ਪਿਤਾ ਨਾਗਰਾਜ ਨੂੰ ਸਭ ਕੁਝ ਦੱਸ ਦਿੱਤਾ।
ਨਾਗਰਾਜ ਆਪਣੀ ਨੂੰਹ ਦੀਆਂ ਗੱਲਾਂ ਤੋਂ ਬੜਾ ਪ੍ਰਭਾਵਿਤ ਹੋਇਆ। ਉਸਨੇ ਆਪਣੀ ਨੂੰਹ ਨੂੰ ਸਦਾ ਲਈ ਆਪਣਾ ਪੁੱਤਰ ਅਨਮੋਲ ਦੇ ਦਿੱਤਾ ਅਤੇ ਫਿਰ ਉਸਨੇ ਦੋਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਸਮੁੰਦਰ ਵਿਚ ਚਲਾ ਗਿਆ। ਇਸ ਉਪਰੰਤ ਰਾਣੀ ਤੇ ਅਨਮੋਲ ਰਤਨ ਖ਼ੁਸ਼ੀ-ਖ਼ੁਸ਼ੀ ਜੀਵਨ ਬਤੀਤ ਕਰਨ ਲੱਗੇ।
0 Comments