ਸ਼ੀਸ਼ੇ ਦੇ ਟੁਕੜੇ ਦੀ ਕਰਾਮਾਤ
Shishe De Tukde Di Karamat
ਬਗਦਾਦ ਸ਼ਹਿਰ 'ਚ ਹੁਸਨ ਰੱਸੀ ਵਾਲਾ ਨਾਂ ਦਾ ਇਕ ਆਦਮੀ ਰਹਿੰਦਾ ਸੀ। ਨਾਂ ਤਾਂ ਉਹਦਾ ਹਸਨ ਸੀ ਪਰ ਕਿਉਂਕਿ ਉਹ ਸਾਰਾ ਦਿਨ ਰੱਸੀਆਂ ਬਣਾਉਣ ਦਾ ਕੰਮ ਕਰਦਾ ਸੀ, ਇਸ ਲਈ ਲੋਕ ਉਹਨੂੰ ‘ਹਸਨ ਰੱਸੀ ਵਾਲਾ ਕਹਿੰਦੇ ਸਨ। ਉਹਦੀ ਪਤਨੀ ਅਤੇ ਬੱਚੇ ਵੀ ਰੱਸੀ ਬਣਾਉਣ ਦੇ ਕੰਮ 'ਚ ਉਹਦਾ ਹੱਥ ਵਟਾਉਂਦੇ ਸਨ। ਪਰ ਸਖ਼ਤ ਮਿਹਨਤ ਤੋਂ ਬਾਅਦ ਵੀ ਉਹਦੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ।
ਇਕ ਦਿਨ ਹਸਨ ਦੇ ਸਾਦ ਅਤੇ ਸਾਦੀ ਨਾਂ ਦੇ ਦੋ ਦੋਸਤ ਉਹਨੂੰ ਮਿਲਣ ਆਏ। ਉਹ ਬਗਦਾਦ ਦੇ ਨੇੜੇ ਇਕ ਸ਼ਹਿਰ 'ਚ ਰਹਿੰਦੇ ਸਨ। ਸਾਦੀ ਨੂੰ ਹਸਨ ਨਾਲ ਗੱਲਬਾਤ ਕਰਦਿਆਂ ਉਹਦੀ ਗ਼ਰੀਬੀ ਦਾ ਅਹਿਸਾਸ ਹੋ ਗਿਆ। ਇਸ ਲਈ ਉਹਨੇ ਹਸਨ ਨੂੰ ਸੋਨੇ ਦੀਆਂ ਦੋ ਸੌ ਅਸ਼ਰਫ਼ੀਆਂ ਦੇਂਦਿਆਂ ਆਖਿਆ–ਇਨ੍ਹਾਂ ਅਸ਼ਰਫ਼ੀਆਂ ਨਾਲ ਤੂੰ ਆਪਣਾ ਕੰਮ ਸ਼ੁਰੂ ਕਰ। ਅਸੀਂ ਵੇਖਣਾ ਚਾਹੁੰਦੇ ਹਾਂ ਕਿ ਤੂੰ ਇਨ੍ਹਾਂ ਪੈਸਿਆਂ ਨਾਲ ਆਪਣਾ ਧੰਦਾ ਸ਼ੁਰੂ ਕਰਕੇ ਆਪਣੀ ਕਮਾਈ ਵਧਾ ਸਕਦਾ ਏਂ ਜਾਂ ਨਹੀਂ।”
ਅਸ਼ਰਫ਼ੀਆਂ ਹਾਸਲ ਕਰਕੇ ਹਸਨ ਬਹੁਤ ਖ਼ੁਸ਼ ਹੋਇਆ।
ਉਹਨੇ ਸਾਦੀ ਦਾ ਧੰਨਵਾਦ ਕਰਦਿਆਂ ਆਖਿਆ-ਸਾਦੀ ਭਰਾ, ਤੇਰਾ ਇਹ ਅਹਿਸਾਨ ਮੈਂ ਸਾਰੀ ਉਮਰ ਨਹੀਂ ਭੁੱਲਾਂਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਨ੍ਹਾਂ ਪੈਸਿਆਂ ਨਾਲ ਮੈਂ ਆਪਣਾ ਕੰਮ ਸ਼ੁਰੂ ਕਰਕੇ ਚੰਗੀ ਕਮਾਈ ਕਰ ਸਕਾਂਗਾ।”
ਸਾਦੀ ਅਤੇ ਸਾਦ ਨੇ ਉਹਨੂੰ ਆਖਿਆ-‘ਅਸੀਂ ਵੀ ਇਹੋ ਚਾਹੁੰਦੇ ਹਾਂ ਕਿ ਤੂੰ ਕੋਈ ਧੰਦਾ ਸ਼ੁਰੂ ਕਰੇਂ ਤੇ ਕਮਾਈ ਕਰੇਂ। ਅਸੀਂ ਹੁਣ ਚਲਦੇ ਹਾਂ। ਛੇ ਮਹੀਨੇ ਬਾਅਦ ਅਸੀਂ ਫੇਰ ਤੈਨੂੰ ਮਿਲਣ ਆਵਾਂਗੇ। ਸਾਨੂੰ ਉਮੀਦ ਹੈ ਕਿ ਤਦ ਤਕ ਤੂੰ ਖ਼ੁਸ਼ਹਾਲ ਹੋ ਚੁੱਕਾ ਹੋਵੇਂਗਾ।”
ਹਸਨ ਨੂੰ ਜ਼ਿੰਦਗੀ 'ਚ ਪਹਿਲੀ ਵਾਰਏਨੇ ਪੈਸੇ ਮਿਲੇ ਸਨ। ਹੁਣ ਉਹਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਸ ਪੈਸੇ ਦੀ ਰੱਖਿਆ ਕਰਨ ਦੀ ਸੀ। ਸਾਦ ਅਤੇ ਸਾਦੀ ਦੇ ਜਾਣ ਤੋਂ ਬਾਅਦ ਉਹਨੇ ਸੋਚਿਆ—“ਇਨ੍ਹਾਂ ਅਸ਼ਰਫ਼ੀਆਂ ਦਾ ਕੀ ਕੀਤਾ ਜਾਵੇ ? ਇਨ੍ਹਾਂ ਨੂੰ ਕਿਥੇ ਰੱਖਿਆ ਜਾਵੇ ਤਾਂ ਜੋ ਇਹ ਸੁਰੱਖਿਅਤ ਰਹਿਣ।”
ਆਖ਼ਿਰਕਾਰ ਉਹਨੇ ਉਨ੍ਹਾਂ 'ਚੋਂ ਦਸ ਅਸ਼ਰਫ਼ੀਆਂ ਆਪਣੇ ਖ਼ਰਚ ਵਾਸਤੇ ਕੱਢ ਲਈਆਂ ਅਤੇ ਬਾਕੀ ਇਕ ਸੌ ਨੱਬੇ ਅਸ਼ਰਫ਼ੀਆਂ ਉਹਨੇ ਆਪਣੀ ਪੱਗ ਦੇ ਇਕ ਸਿਰੇ 'ਚ ਬੰਨ ਲਈਆਂ ਅਤੇ ਉਹ ਸਿਰਾ ਪੱਗ ਦੇ ਅੰਦਰ ਦੱਬ ਲਿਆ। ਹੁਣ ਉਹਨੂੰ ਮੋਹਰਾਂ ਗੁਆਚਣ ਜਾਂ ਚੋਰੀ ਹੋਣ ਦਾ ਬਿਲਕੁਲ ਡਰ ਨਹੀਂ ਸੀ।
ਦਸ ਅਸ਼ਰਫ਼ੀਆਂ ਲੈ ਕੇ ਉਹ ਬਾਜ਼ਾਰ ਗਿਆ । ਉਨ੍ਹਾਂ ਅਸ਼ਰਫ਼ੀਆਂ ਨਾਲ ਉਹਨੇ ਆਪਣੇ ਮੁੰਡੇ ਲਈ ਕੁਝ ਕੱਪੜੇ ਅਤੇ ਮਠਿਆਈਆਂ ਖ਼ਰੀਦੀਆਂ।ਸਾਮਾਨ ਹੱਥ 'ਚ ਫੜੀ ਉਹ ਘਰ ਵਾਪਸ ਪਰਤ ਰਿਹਾ ਸੀ ਕਿ ਇਕ ਇੱਲ ਨੇ ਮਿਠਾਈ ਦੇ ਡੱਬੇ 'ਤੇ ਝਪੱਟਾ ਮਾਰਿਆ। ਪਰ ਹਸਨ ਨੇ ਮਠਿਆਈ ਦਾ ਡੱਬਾ ਕੱਸ ਕੇ ਫੜ ਰੱਖਿਆ ਸੀ। ਇਸ ਲਈ ਉਹ ਇੱਲ ਦੇ ਚੁੰਗਲ 'ਚ ਨਾ ਆਇਆ ਅਤੇ ਉਹਦਾ ਵਾਰ ਖ਼ਾਲੀ ਗਿਆ। ਅਖ਼ੀਰ ਇੱਲ ਨੇ ਦੁਬਾਰਾ ਹਸਨ ਦੇ ਸਿਰ 'ਤੇ ਝਪੱਟਾ ਮਾਰਿਆ ਅਤੇ ਉਹਦੀ ਪੱਗ ਲੈ ਕੇ ਅਸਮਾਨ ਉੱਡ ਗਈ।
ਹਸਨ ਉੱਚੀ-ਉੱਚੀ ਚੀਕਣ ਲੱਗਾ। ਉਹਨੇ ਕਾਫ਼ੀ ਦੂਰ ਤਕ ਬਿੱਲ ਦਾ ਪਿੱਛਾ ਵੀ ਕੀਤਾ ਪਰ ਉਹਨੂੰ ਆਪਣੀ ਪੱਗ ਵਾਪਸ ਨਾ ਮਿਲੀ। ਆਖ਼ਿਰਕਾਰ ਹਸਨ ਨਿਰਾਸ਼ ਹੋ ਕੇ ਘਰ ਆ ਗਿਆ। ਉਹਨੇ ਸਾਰੀ ਘਟਨਾ ਆਪਣੀ ਪਤਨੀ ਅਤੇ ਬੱਚਿਆਂ ਨੂੰ ਸੁਣਾਈ ਅਤੇ ਆਪਣੀ ਤਕਦੀਰ ਨੂੰ ਲਾਹਨਤਾਂ ਪਾਉਂਦਾ ਹੋਇਆ ਸਿਰ ਫੜ ਕੇ ਬਹਿ ਗਿਆ। ਉਹਨੇ ਦੱਸਿਆ ਕਿ ਚੀਲ ਕਿਵੇਂ ਉਹਦੀ ਪਗੜੀ ਲੈ ਕੇ ਅਸਮਾਨ 'ਚ ਉੱਡ ਗਈ, ਜੀਹਦੇ 'ਚ ਉਹਨੇ ਸੋਨੇ ਦੀਆਂ ਇਕ ਸੌ ਨੱਬੇ ਅਸ਼ਰਫ਼ੀਆਂ ਰੱਖੀਆਂ ਹੋਈਆਂ ਸਨ।ਉਹਦੀਆਂ ਗੱਲਾਂ 'ਤੇ ਵਿਸ਼ਵਾਸ ਨਾ ਕਰਕੇ ਉਹਦੇ ਪਰਿਵਾਰ ਵਾਲਿਆਂ ਨੇ ਉਹਦੀ ਗੱਲ ਮਜ਼ਾਕ 'ਚ ਉਡਾ ਦਿੱਤੀ। ਹਸਨ ਨੇ ਆਪਣੇ ਮਨ ਨੂੰ ਇਹ ਤਸੱਲੀ ਦੇ ਕੇ ਸਮਝਾ ਲਿਆ ਕਿ ਖ਼ੁਦਾ ਨੇ ਹੀ ਉਹਨੂੰ ਇਹ ਦੌਲਤ ਦਿੱਤੀ ਸੀ ਤੇ ਉਸੇ ਨੇ ਵਾਪਸ ਲੈ ਲਈ ਅਤੇ ਮੁੜ ਤੋਂ ਰੱਸੀਆਂ ਬਣਾ-ਬਣਾ ਕੇ ਗ਼ਰੀਬੀ 'ਚ ਜਿਵੇਂ-ਤਿਵੇਂ ਆਪਣਾ ਗੁਜ਼ਾਰਾ ਕਰਨ ਲੱਗਾ।
ਛੇ ਮਹੀਨੇ ਤੋਂ ਬਾਅਦ ਉਹਦੇ ਦੋਸਤ ਸਾਦੀ ਅਤੇ ਸਾਦ ਫਿਰ ਹਸਨ ਕੋਲ ਆਏ। ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਜਦੋਂ ਉਹ ਜਾਣਗੇ ਤਾਂ ਹਸਨ ਦਾ ਇਕ ਨਵਾਂ ਹੀ ਰੂਪ ਵੇਖਣ ਨੂੰ ਮਿਲੇਗਾ । ਪਰ ਅਜਿਹਾ ਕੁਝ ਨਾ ਹੋਇਆ। ਉਹਦੀ ਹਾਲਤ ਵੇਖ ਕੇ ਉਹ ਹੈਰਾਨ ਰਹਿ ਗਏ ਕਿ ਹਸਨ ਤਾਂ ਪਹਿਲਾਂ ਵਾਂਗ ਹੀ ਗ਼ਰੀਬ ਸੀ। ਜਦੋਂ ਹੁਸਨ ਕੋਲੋਂ ਉਨ੍ਹਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਹਨੇ ਸਾਰੀ ਕਹਾਣੀ ਦੱਸ ਦਿੱਤੀ ਕਿ ਕਿਵੇਂ ਉਹਨੇ ਉਨ੍ਹਾਂ ਦੁਆਰਾ ਦਿੱਤੀਆਂ ਸਾਰੀਆਂ ਮੋਹਰਾਂ ਗਵਾ ਦਿੱਤੀਆਂ ਹਨ।
ਹਸਨ ਦੀ ਗੱਲ ਸੁਣ ਕੇ ਸਾਦੀ ਨੂੰ ਬੜਾ ਗੁੱਸਾ ਆਇਆ। ਪਰ ਸਾਦ ਨੇ ਆਖਿਆ-ਸਾਦੀ, ਗੁੱਸਾ ਨਾ ਕਰ। ਹਸਨ ਈਮਾਨਦਾਰ ਆਦਮੀ ਹੈ। ਹੋ ਸਕਦਾ ਹੈ ਕਿ ਜੋ ਕੁਝ ਇਹਨੇ ਦੱਸਿਆ ਹੈ, ਉਹ ਸੱਚ ਹੋਵੇ।”
ਸਾਦੀ ਨੇ ਹਸਨ ਨੂੰ ਮੁੜ ਦੋ ਸੌ ਮੋਹਰਾਂ ਦੇਂਦਿਆਂ ਆਖਿਆ-ਹਸਨ, ਤੇਰੀ ਗੱਲ ਠੀਕ ਹੈ, ਪਰ ਇਸ ਵਾਰ ਤੈਨੂੰ ਚੇਤੰਨ ਰਹਿਣਾ ਪਵੇਗਾ। ਹੁਣ ਇਨ੍ਹਾਂ ਮੋਹਰਾਂ ਨਾਲ ਕੋਈ ਕੰਮ ਕਰ ਤਾਂ ਕਿ ਤੇਰਾ ਜੀਵਨ ਸੁਖੀ ਹੋ ਸਕੇ। ਅਸੀਂ ਤੈਨੂੰ ਸੁਖੀ ਵੇਖਣਾ ਚਾਹੁੰਦੇ ਹਾਂ। ਛੇ ਮਹੀਨੇ ਬਾਅਦ ਅਸੀਂ ਫਿਰ ਤੇਰੇ ਕੋਲ ਆਵਾਂਗੇ। ਵੇਖ, ਇਸ ਵਾਰ ਅਜਿਹੀ ਅਣਗਹਿਲੀ ਨਾ ਵਰਤੀ।
ਉਨ੍ਹਾਂ ਦੇ ਜਾਣ ਤੋਂ ਬਾਅਦ ਹਸਨ ਨੇ ਦਸ ਮੋਹਰਾਂ ਆਪਣੇ ਕੋਲ ਰੱਖ ਕੇ ਬਾਕੀ ਇਕ ਸੌ ਨੱਬੇ ਮੋਹਰਾਂ ਇਕ ਪੋਟਲੀ 'ਚ ਬੰਨ੍ਹ ਲਈਆਂ। ਉਹ ਸੋਚਣ ਲੱਗਾ ਕਿ ਇਸ ਪੋਟਲੀ ਨੂੰ ਕਿਥੇ ਰੱਖਾਂ ? ਉਹਨੂੰ ਇਕ ਉਪਾਅ ਸੁੱਝਿਆ। ਉਹਨੇ ਇਹ ਪੋਟਲੀ ਪਿੱਤਲ ਦੇ ਇਕ ਪੁਰਾਣੇ ਮਰਤਬਾਨ ’ਚ ਰੱਖ ਕੇ ਉਹਦਾ ਮੂੰਹ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਅਤੇ ਉਸ ਮਰਤਬਾਨ ਨੂੰ ਘਰ ਦੀ ਇਕ ਨੁੱਕਰ 'ਚ ਰੱਖ ਦਿੱਤਾ। ਹਸਨ ਨੇ ਹੁਣ ਪਟਸਨ ਦੀਆਂ ਰੱਸੀਆਂ ਦਾ ਕੰਮ ਕਰਨ ਦਾ ਫ਼ੈਸਲਾ ਕਰ ਲਿਆ। ਇਸ ਵਾਸਤੇ ਉਹ ਪਟਸਨ ਖ਼ਰੀਦਣ ਲਈ ਦਸ ਮੋਹਰਾਂ ਬਾਜ਼ਾਰ ਲੈ ਗਿਆ। ਜਦੋਂ ਹੁਸਨ ਪਟਸਨ ਖਰੀਦਣ ਬਾਜ਼ਾਰ ਗਿਆ ਹੋਇਆ ਸੀ ਤਾਂ ਇਕ ਫੇਰੀ ਵਾਲਾ ਸਾਬਨ ਵੇਚਦਾ ਹੋਇਆ ਉਹਦੇ ਘਰ ਅੱਗੇ ਆ ਗਿਆ।
ਹਸਨ ਦੀ ਪਤਨੀ ਨੂੰ ਸਾਬਨ ਦੀ ਜ਼ਰੂਰਤ ਸੀ, ਪਰ ਉਹਦੇ ਕੋਲ ਪੈਸੇ ਨਹੀਂ ਸਨ। ਇਸ ਲਈ ਉਹਨੇ ਘਰ ਦੀ ਨੁੱਕਰ 'ਚ ਫਾਲਤੂ ਪਿਆ ਪਿੱਤਲ ਦਾ ਮਰਤਬਾਨ ਹੀ ਫੇਰੀ ਵਾਲੇ ਨੂੰ ਦੇ ਕੇ ਸਾਬਨ ਖ਼ਰੀਦ ਲਿਆ।ਫੇਰੀ ਵਾਲਾ ਪਿੱਤਲ ਵਾਲਾ ਮਰਤਬਾਨ ਲੈ ਕੇ ਚਲਾ ਗਿਆ। ਹਸਨ ਜਦੋਂ ਪਟਸਨ ਖ਼ਰੀਦ
ਘਰ ਆਇਆ ਤਾਂ ਅਚਾਨਕ ਉਹਦੀ ਨਜ਼ਰ ਘਰ ਦੀ ਉਸ ਨੁੱਕਰ ਵਿਚ ਪਈ ਅਤੇ ਉਥੇ ਪਿਆ ਮਰਤਬਾਨ ਗ਼ਾਇਬ ਵੇਖ ਕੇ ਉਹ ਹੱਕਾ ਬੱਕਾ ਰਹਿ ਹੋ ਗਿਆ। ਉਹਨੇ ਆਪਣੀ ਪਤਨੀ ਨੂੰ ਮਰਤਬਾਨ ਬਾਰੇ ਪੁੱਛਿਆ।
ਉਹਦੀ ਪਤਨੀ ਨੇ ਆਖਿਆ-“ਉਹ ਮਰਤਬਾਨ ਪੁਰਾਣਾ ਹੋ ਚੁੱਕਾ ਸੀ। ਸਾਡੇ ਕਿਸੇ ਕੰਮ ਦਾ ਨਹੀਂ ਸੀ। ਇਸ ਲਈ ਮੈਂ ਉਹ ਫੇਰੀ ਵਾਲੇ ਨੂੰ ਦੇ ਕੇ ਉਹਦੇ ਬਦਲੇ ਸਾਬਨ ਖ਼ਰੀਦ ਲਿਆ ਹੈ।ਵੇਖੋ, ਉਸ ਪੁਰਾਣੇ ਮਰਤਬਾਨ ਦੇ ਬਦਲੇ ਉਹਨੇ ਮੈਨੂੰ ਕਿੰਨਾ ਸਾਬਨ ਦਿੱਤਾ ਹੈ। ਚੰਗਾ ਕੀਤਾ ਨਾ ਮੈਂ ?”
ਹਸਨ ਇਹ ਸੁਣ ਕੇ ਗੁੱਸੇ ਨਾਲ ਲਾਲ-ਪੀਲਾ ਹੋ ਗਿਆ—“ਮੂਰਖੇ, ਉਸ ਮਰਤਬਾਨ ਵਿਚ ਸੋਨੇ ਦੀਆਂ ਇਕ ਸੌ ਨੱਬੇ ਮੋਹਰਾਂ ਸਨ। ਮਰਤਬਾਨ ਵੇਚਣ ਤੋਂ ਪਹਿਲਾਂ ਤੂੰ ਉਹਨੂੰ ਖੋਲ੍ਹ ਕੇ ਤਾਂ ਵੇਖ ਲੈਂਦੀ। ਸਾਬਨ ਦੇ ਬਦਲੇ ਉਹ ਮਰਤਬਾਨ ਦੇ ਕੇ ਤੂੰ ਆਪਣੇ ਨਸੀਬ ਨੂੰ ਧੋ ਸੁੱਟਿਆ ਹੈ।”
ਇਹ ਸੁਣ ਕੇ ਹਸਨ ਦੀ ਪਤਨੀ ਸੁੰਨ ਹੋ ਗਈ। ਉਹਦੇ ਕੋਲੋਂ ਏਨੀ ਵੱਡੀ ਗ਼ਲਤੀ ਹੋ ਗਈ ਸੀ ਕਿ ਉਹ ਉੱਚੀ-ਉੱਚੀ ਰੋਣ ਲੱਗ ਪਈ। ਬਾਅਦ 'ਚ ਹਸਨ ਅਤੇ ਉਹਦੀ ਪਤਨੀ ਨੇ ਉਸ ਫੇਰੀ ਵਾਲੇ ਨੂੰ ਬਹੁਤ ਲੱਭਿਆ ਪਰ ਉਹ ਕਿਤੇ ਨਜ਼ਰ ਨਾ ਆਇਆ।
ਥੱਕ-ਹਾਰ ਕੇ ਹੁਸਨ ਨੇ ਆਪਣੀ ਕਿਸਮਤ ਨੂੰ ਦੋਸ਼ ਦੇਂਦਿਆਂ ਆਖਿਆ- “ਖ਼ੁਦਾ ਨੂੰ ਸ਼ਾਇਦ ਇਹੋ ਮੰਜ਼ੂਰ ਸੀ।” ਹੁਣ ਉਹ ਹੋਰ ਵੀ ਜ਼ਿਆਦਾ ਮਿਹਨਤ ਅਤੇ ਲਗਨ ਨਾਲ ਰੱਸੀਆਂ ਬਣਾਉਣ ਲੱਗ ਪਿਆ । ਪਰ ਉਹਦੀ ਜ਼ਿੰਦਗੀ ਮਿਹਨਤ ਮਜਦੂਰੀ ਅਤੇ ਗ਼ਰੀਬੀ ਨਾਲ ਭਰੀ ਪਈ ਸੀ। ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਏਨਾ ਨਹੀਂ ਸੀ ਕਮਾ ਸਕਦਾ ਕਿ ਦੋ ਪੈਸੇ ਬਚਾ ਸਕੇ। ਇਸੇ ਤਰ੍ਹਾਂ ਮੁੜ ਛੇ ਮਹੀਨੇ ਲੰਘ ਗਏ।
ਛੇ ਮਹੀਨੇ ਬਾਅਦ ਸਾਦੀ ਅਤੇ ਸਾਦ ਫਿਰ ਹਸਨ ਨੂੰ ਮਿਲਣ ਆਏ। ਉਨ੍ਹਾਂ ਦੋਵਾਂ ਨੂੰ ਵੇਖ ਕੇ ਹਸਨ ਦਾ ਸਿਰ ਸ਼ਰਮ ਨਾਲ ਝੁਕ ਗਿਆ। ਉਹਦੀਆਂ ਅੱਖਾਂ ’ਚੋਂ ਅੱਥਰੂ ਵਗਣ ਲੱਗ ਪਏ।
ਉਹਦੇ ਦੋਸਤ ਸਮਝ ਗਏ ਕਿ ਇਸ ਵਾਰ ਵੀ ਕੋਈ ਅਣਹੋਣੀ ਵਾਪਰ ਗਈ ਹੈ । ਫਿਰ ਉਨ੍ਹਾਂ ਨੇ ਹਸਨ ਨੂੰ ਤਸੱਲੀ ਦੇ ਕੇ ਸਾਰੀ ਗੱਲ ਪੁੱਛੀ।
ਰੋਂਦਿਆਂ-ਰੋਂਦਿਆਂ ਉਹਨੇ ਸਾਰੀ ਕਹਾਣੀ ਸਾਦੀ ਅਤੇ ਸਾਦ ਨੂੰ ਸੁਣਾ ਦਿੱਤੀ। ਇਸ ਵਾਰ ਹਸਨ ਨੂੰ ਗ਼ੁੱਸੇ ਹੋਣ ਦੀ ਬਜਾਇ ਸਾਦੀ ਸੋਚਾਂ ਵਿਚ ਪੈ ਗਿਆ।ਉਹਨੇ ਆਖਿਆ—‘ਹਸਨ, ਤੇਰੀ ਈਮਾਨਦਾਰੀ ਪ੍ਤਿ ਸਾਨੂੰ ਜ਼ਰਾ ਵੀ ਸ਼ੱਕ ਨਹੀਂ ਹੈ। ਪਰ ਇਹ ਸਮਝ ਵਿਚ ਨਹੀਂ ਆਉਂਦਾ ਕਿ ਆਖ਼ਿਰ ਤੇਰੇ ਨਾਲ ਬਾਰ-ਬਾਰ ਇੰਝ ਕਿਉਂ ਹੋ ਰਿਹਾ ਹੈ ?'
ਸਾਦ ਨੇ ਸਾਦੀ ਨੂੰ ਆਖਿਆ–‘ਸਾਦੀ ਭਰਾ, ਤੂੰ ਇਹ ਸਮਝਦਾ ਏਂ ਕਿ ਪੈਸਾ ਦੇ ਕੇ ਕਿਸੇ ਦੀ ਤਕਦੀਰ ਬਦਲ ਸਕਦਾ ਏਂ, ਪਰ ਤੇਰਾ ਸੋਚਣਾ ਗ਼ਲਤ ਹੈ। ਧਨ ਤੋਂ ਬਿਨਾਂ ਵੀ ਆਦਮੀ ਦੀ ਤਕਦੀਰ ਬਦਲ ਸਕਦੀ ਹੈ।” ਸਾਦੀ ਨੇ ਆਖਿਆ-‘ਸਾਦ, ਮੈਂ ਆਪਣੀ ਸੋਚ ਮੁਤਾਬਕ ਕੰਮ ਕੀਤਾ ਅਤੇ ਆਪਣੀ ਕੋਸ਼ਿਸ਼ ਵੀ ਕਰਕੇ ਵੇਖ ਲਈ। ਹੁਣ ਤੂੰ ਆਪਣੀ ਕਿਸੇ ਸੋਚ ਨੂੰ ਹਕੀਕਤ 'ਚ ਬਦਲ ਕੇ ਵਿਖਾਉਣਾ ਚਾਹੁੰਦਾ ਏਂ ਤਾਂ ਵਿਖਾ ਸਕਦਾ ਏਂ।”
ਠੀਕ ਹੈ ।” ਸਾਦ ਨੇ ਜ਼ਮੀਨ 'ਤੇ ਪਿਆ ਸ਼ੀਸ਼ੇ ਦਾ ਇਕ ਟੁਕੜਾ ਚੁੱਕ ਕੇ ਹਸਨ ਨੂੰ ਦੇਂਦਿਆਂ ਆਖਿਆ—‘ਲੈ ਹਸਨ, ਜੇਕਰ ਖ਼ੁਦਾ ਦੀ ਮਰਜ਼ੀ ਹੋਈ ਤਾਂ ਸ਼ੀਸ਼ੇ ਦੇ ਇਸ ਟੁਕੜੇ ਨਾਲ ਵੀ ਤੇਰੀ ਗ਼ਰੀਬੀ ਦੂਰ ਹੋ ਸਕਦੀ ਹੈ। ਇਸ ਲਈ ਤੂੰ ਸ਼ੀਸ਼ੇ ਦੇ ਇਸ ਟੁਕੜੇ ਨੂੰ ਸੰਭਾਲ ਕੇ ਰੱਖੀਂ। ਅਸੀਂ ਛੇ ਮਹੀਨੇ ਬਾਅਦ ਫਿਰ ਤੇਰੇ ਕੋਲ ਆਵਾਂਗੇ ਤੇ ਦੇਖਾਂਗੇ ਕਿ ਤੇਰਾ ਕੀ ਹਾਲ ਹੈ ?”
ਇਸ ਤੋਂ ਬਾਅਦ ਸਾਦ ਅਤੇ ਸਾਦੀ ਉਥੋਂ ਚਲੇ ਗਏ। ਹੁਸਨ ਦੀ ਗਲੀ 'ਚ ਹੀ ਇਕ ਮੱਛੀਆਂ ਫੜਨ ਵਾਲਾ ਰਹਿੰਦਾ ਸੀ। ਉਹ ਮੱਛੀਆਂ ਫੜਨ ਲਈ ਜਾਲ ਬਣਾ ਰਿਹਾ ਸੀ । ਜਾਲ ਬੁਣਨ ਵਾਸਤੇ ਉਹਨੂੰ ਸ਼ੀਸ਼ੇ ਦੇ ਟੁਕੜੇ ਦੀ ਲੋੜ ਪਈ।
ਰਾਤ ਦਾ ਵਕਤ ਸੀ। ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਸਨ। ਜੇਕਰ ਰਾਤ ਨੂੰ ਹੀ ਜਾਲ ਤਿਆਰ ਨਾ ਹੁੰਦਾ ਤਾਂ ਉਹ ਸਵੇਰੇ ਮੱਛੀਆਂ ਫੜਨ ਨਹੀਂ ਸੀ ਜਾ ਸਕਦਾ। ਇਸ ਲਈ ਮਛਿਆਰੇ ਨੇ ਆਂਢੀਆਂ-ਗੁਆਂਢੀਆਂ ਕੋਲੋਂ ਪੁੱਛਿਆ। ਪਰ ਉਹਨੂੰ ਕਿਸੇ ਕੋਲੋਂ ਵੀ ਸ਼ੀਸ਼ੇ ਦਾ ਟੁਕੜਾ ਨਾ ਮਿਲਿਆ।
ਅਖ਼ੀਰ ਉਹ ਹਸਨ ਕੋਲ ਗਿਆ। ਹਸਨ ਨੂੰ ਸਾਦ ਦੁਆਰਾ ਦਿੱਤੇ ਸ਼ੀਸ਼ੇ ਦੇ ਉਸ ਟੁਕੜੇ ਦੀ ਯਾਦ ਆਈ। ਉਹਨੇ ਖ਼ੁਸ਼ੀ-ਖ਼ੁਸ਼ੀ ਸ਼ੀਸ਼ੇ ਦਾ ਉਹ ਟੁਕੜਾ ਦੇ ਦਿੱਤਾ। ਸ਼ੀਸ਼ੇ ਦਾ ਟੁਕੜਾ ਵੇਖ ਕੇ ਮਛਿਆਰਾ ਬਹੁਤ ਖ਼ੁਸ਼ ਹੋਇਆ। ਉਹਨੇ ਹੁਸਨ ਦਾ ਅਹਿਸਾਨ ਮੰਨਦਿਆਂ ਆਖਿਆ—‘ਹਸਨ, ਮੈਂ ਵਾਅਦਾ ਕਰਦਾ ਹਾਂ ਕਿ ਕੱਲ੍ਹ ਮੇਰੇ ਜਾਲ 'ਚ ਜਿਹੜੀ ਵੀ ਪਹਿਲੀ ਮੱਛੀ ਫਸੇਗੀ, ਉਹ ਤੇਰੀ ਹੋਵੇਗੀ।”
ਇਸ ਤੋਂ ਬਾਅਦ ਮਛਿਆਰਾ ਸ਼ੀਸ਼ੇ ਦਾ ਟੁਕੜਾ ਲੈ ਕੇ ਆਪਣੇ ਘਰ ਗਿਆ ਅਤੇ ਰਾਤੋ-ਰਾਤ ਉਹਨੇ ਜਾਲ ਤਿਆਰ ਕਰ ਲਿਆ। ਅਗਲੇ ਦਿਨ ਉਹ ਜਾਲ ਲੈ ਕੇ ਸਮੁੰਦਰ 'ਚ ਮੱਛੀਆਂ ਫੜਨ ਗਿਆ। ਉਸ ਦਿਨ ਉਹਦੇ ਜਾਲ 'ਚ ਕਾਫ਼ੀ ਮੱਛੀਆਂ ਫਸੀਆਂ। ਇਹ ਵੇਖ ਕੇ ਮਛਿਆਰੇ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਪਰ ਆਪਣੇ ਵਾਅਦੇ ਮੁਤਾਬਕ ਪਹਿਲੀ ਮੱਛੀ ਉਹਨੇ ਅਲੱਗ ਹੀ ਰੱਖੀ ਹੋਈ ਸੀ। ਘਰ ਵਾਪਸ ਪਰਤਦੇ ਵਕਤ ਉਹਨੇ ਉਹ ਮੱਛੀ ਹਸਨ ਨੂੰ ਦੇ ਦਿੱਤੀ। ਹਸਨ ਨੇ ਮੱਛੀ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਮਛਿਆਰਾ ਨਾ ਮੰਨਿਆ। ਉਹਦੇ ਬਾਰ-ਬਾਰ ਬੇਨਤੀ ਕਰਨ 'ਤੇ ਹੁਸਨ ਨੇ ਮੱਛੀ ਰੱਖ ਲਈ।
ਹੁਸਨ ਦੀ ਪਤਨੀ ਨੇ ਬੜੀ ਸੁਆਦ ਮੱਛੀ ਬਣਾਈ।
ਹਸਨ ਰੋਟੀ ਖਾਣ ਬੈਠਾ ਤਾਂ ਉਹਨੂੰ ਬੱਚਿਆਂ ਦੇ ਆਪਸ ਵਿਚ ਲੜਨ ਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਆਪਣੀ ਪਤਨੀ ਨੂੰ ਪੁੱਛਿਆ—“ਇਹ ਕਿਉਂ ਲੜ ਰਹੇ ਨੇ ?''
ਪਤਨੀ ਬੋਲੀ–“ਕੋਈ ਖ਼ਾਸ ਗੱਲ ਨਹੀਂ ਹੈ। ਦਰਅਸਲ ਮੱਛੀ ਦੇ ਢਿੱਡ 'ਚੋਂ ਇਕ ਚਮਕੀਲਾ ਪੱਥਰ ਨਿਕਲਿਆ ਸੀ, ਉਹਦੇ ਕਰਕੇ ਹੀ ਦੋਹਾਂ ਵਿਚਕਾਰ ਝਗੜਾ ਹੋ ਰਿਹਾ ਹੈ। ਇਹ ਬਹੁਤ ਹੀ ਚਮਕਦਾਰ ਅਤੇ ਖ਼ੂਬਸੂਰਤ ਪੱਥਰ ਹੈ। ਇਹਦੀ ਚਮਕ ਨਾਲ ਸਾਡਾ ਸਾਰਾ ਘਰ ਚਮਕ ਪੈਂਦਾ ਹੈ।”
ਹਸਨ ਨੇ ਬੱਚਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਉਨ੍ਹਾਂ ਕੋਲੋਂ ਪੱਥਰ ਫੜ ਲਿਆ। ਉਹਨੇ ਪੱਥਰ ਨੂੰ ਫੜ ਕੇ ਵੇਖਿਆ ਤਾਂ ਉਹਦੀ ਚਮਕ ਨਾਲ ਉਹਦੀਆਂ ਅੱਖਾਂ ਚੁੰਧਿਆ ਗਈਆਂ।
ਏਨੇ ਨੂੰ ਹਸਨ ਦੀ ਗੁਆਂਢਣ ਉਨ੍ਹਾਂ ਦੇ ਘਰ ਆ ਗਈ। ਉਹਨੇ ਹਸਨ ਦੀ ਪਤਨੀ ਨੂੰ ਪੁੱਛਿਆ-‘ਤੁਹਾਡੇ ਘਰ ਏਨਾ ਰੌਲਾ ਕਿਉਂ ਪੈ ਰਿਹਾ ਹੈ ??”
ਹਸਨ ਦੀ ਪਤਨੀ ਨੇ ਚਮਕਦਾਰ ਪੱਥਰ ਦਿਖਾਉਂਦਿਆਂ ਆਖਿਆ- “ਕੀ ਦੱਸਾਂ ਭੈਣ ! ਅੱਜ ਤਾਂ ਬੱਚਿਆਂ ਨੇ ਮੇਰੇ ਨੱਕ 'ਚ ਦਮ ਕੀਤਾ ਹੋਇਆ ਹੈ। ਏਸ ਚਮਕਦਾਰ ਪੱਥਰ ਕਰਕੇ ਦੋਵੇਂ ਆਪਸ 'ਚ ਲੜ ਰਹੇ ਹਨ।”
ਚਮਕਦਾਰ ਪੱਥਰ ਵੇਖਦਿਆਂ ਹੀ ਔਰਤ ਹੈਰਾਨ ਹੋ ਗਈ। ਉਹਦਾ ਪਤੀ ਸੁਨਿਆਰਾ ਸੀ, ਇਸ ਲਈ ਉਹਨੂੰ ਰਤਨਾਂ ਦੀ ਚੰਗੀ ਤਰ੍ਹਾਂ ਪਰਖ ਸੀ । ਉਹ ਉਸ ਚਮਕੀਲੇ ਪੱਥਰ ਨੂੰ ਵੇਖਦਿਆਂ ਹੀ ਸਮਝ ਗਈ ਕਿ ਇਹ ਕੋਈ ਸਾਧਾਰਨ ਪੱਥਰ ਨਹੀਂ, ਕੀਮਤੀ ਹੀਰਾ ਹੈ ਅਤੇ ਇਹਦੀ ਕੀਮਤ ਲੱਖਾਂ 'ਚ ਹੈ। ਉਹ ਇਹਨੂੰ ਹਾਸਲ ਕਰਨ ਲਈ ਬੇਚੈਨ ਹੋ ਗਈ।
ਔਰਤ ਨੇ ਸੋਚਿਆ ਕਿ ਹਸਨ ਦੇ ਪਰਿਵਾਰ ਵਾਲਿਆਂ ਨੂੰ ਰਤਨਾਂ ਦੀ ਪਹਿਚਾਣ ਤਾਂ ਹੈ ਨਹੀਂ। ਲੱਖਾਂ ਦੇ ਇਸ ਹੀਰੇ ਨੂੰ ਕਿਉਂ ਨਾ ਥੋੜੇ ਜਿਹੇ ਪੈਸਿਆਂ 'ਚ ਹੀ ਖ਼ਰੀਦ ਲਿਆ ਜਾਵੇ। ਇਸ ਲਈ ਉਹਨੇ ਹਸਨ ਦੀ ਪਤਨੀ ਨੂੰ ਆਖਿਆ—“ਜੇਕਰ ਤੇਰੇ ਬੱਚੇ ਇਸ ਪੱਥਰ ਕਰਕੇ ਲੜ ਰਹੇ ਹਨ ਤਾਂ ਲਿਆ ਮੈਨੂੰ ਦੇ ਦੇ । ਇਹਦੇ ਬਦਲੇ ਮੈਂ ਤੈਨੂੰ ਵੀਹ ਮੋਹਰਾਂ ਦਿਆਂਗੀ।”
ਪਰ ਹਸਨ ਦੀ ਪਤਨੀ ਨੇ ਉਹਨੂੰ ਉਹ ਚਮਕੀਲਾ ਪੱਥਰ ਦੇਣ ਤੋਂ ਨਾਂਹ ਕਰ ਦਿੱਤੀ। ਉਸ ਔਰਤ ਦੀ ਗੱਲ ਸੁਣ ਕੇ ਉਹ ਸਮਝ ਗਈ ਸੀ ਕਿ ਜ਼ਰੂਰ ਇਹ ਕੋਈ ਕੀਮਤੀ ਪੱਥਰ ਹੋਵੇਗਾ। ਇਸ ਲਈ ਹੀ ਉਹ ਔਰਤ ਬਿਨਾਂ ਮੰਗੇ ਇਸ ਪੱਥਰ ਬਦਲੇ ਵੀਹ ਮੋਹਰਾਂ ਦੇਣ ਨੂੰ ਤਿਆਰ ਹੋ ਗਈ। ਔਰਤ ਨੇ ਵੇਖਿਆ ਕਿ ਏਨੇ ਸਸਤੇ 'ਚ ਇਹ ਮੰਨਣ ਵਾਲੀ ਨਹੀਂ ਤਾਂ ਉਹ ਝਟਪਟ ਸੌ ਮੋਹਰਾਂ ਦੇਣ ਨੂੰ ਤਿਆਰ ਹੋ ਗਈ।
ਹੁਣ ਹਸਨ ਅਤੇ ਉਹਦੀ ਪਤਨੀ ਦੇ ਮਨ 'ਚ ਹੋਰ ਸ਼ੱਕ ਪੈਦਾ ਹੋ ਗਿਆ। ਮਨ ਹੀ ਮਨ ਹਸਨ ਨੇ ਸੋਚਿਆ—ਇਹ ਔਰਤ ਬਿਨਾਂ ਕਿਸੇ ਕਾਰਨ ਇਸ ਪੱਥਰ ਬਦਲੇ ਸੌ ਮੋਹਰਾਂ ਦੇਣ ਨੂੰ ਤਿਆਰ ਹੋ ਗਈ ਹੈ ਤਾਂ ਇਹਦਾ ਮਤਲਬ ਹੈ ਕਿ ਇਹ ਕੋਈ ਸਾਧਾਰਨ ਪੱਥਰ ਨਹੀਂ ਹੈ। ਜ਼ਰੂਰ ਇਹ ਕੋਈ ਕੀਮਤੀ ਹੀਰਾ ਹੋਵੇਗਾ।”
ਉਹਨੇ ਔਰਤ ਨੂੰ ਆਖਿਆ–‘ਭੈਣ ਜੀ, ਅਸੀਂ ਸਮਝ ਗਏ ਹਾਂ ਕਿ ਇਹ ਕੋਈ ਮਾਮੂਲੀ ਪੱਥਰ ਨਹੀਂ ਹੈ। ਅਸੀਂ ਇਸ ਪੱਥਰ ਨੂੰ ਕੌਡੀਆਂ ਦੇ ਭਾਅ ਨਹੀਂ ਵੇਚਣਾ। ਇਹ ਬਹੁਤ ਕੀਮਤੀ ਪੱਥਰ ਹੈ।
ਗੁਆਂਢਣ ਸਮਝ ਗਈ ਕਿ ਹਸਨ ਸਮਝ ਗਿਆ ਹੈ। ਅਖ਼ੀਰ ਉਹਨੇ ਹਸਨ ਨੂੰ ਆਖਿਆ-“ਦੇਖੋ, ਵੈਸੇ ਤਾਂ ਇਹ ਪੱਥਰ ਮੇਰੇ ਕਿਸੇ ਕੰਮ ਦਾ ਨਹੀਂ ਹੈ। ਫਿਰ ਵੀ ਮੈਂ ਇਸ ਨੂੰ ਖ਼ਰੀਦ ਲੈਂਦੀ ਹਾਂ। ਮੈਂ ਤੈਨੂੰ ਇਹਦੇ ਬਦਲੇ ਇਕ ਹਜ਼ਾਰ ਮੋਹਰਾਂ ਦੇ ਦਿਆਂਗੀ। ਲਿਆ, ਇਹ ਪੱਥਰ ਮੈਨੂੰ ਦੇ ਦੇ।”
ਗੁਆਂਢਣ ਦੀ ਬੇਚੈਨੀ ਵੇਖ ਕੇ ਹਸਨ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਪੱਥਰ ਦਾ ਇਹ ਟੁਕੜਾ ਸਾਧਾਰਨ ਪੱਥਰ ਨਹੀਂ, ਸਗੋਂ ਕੋਈ ਮੁੱਲਵਾਨ ਹੀਰਾ ਹੈ।ਗੁਆਂਢਣ ਇਹਨੂੰ ਸਸਤੇ ਮੁੱਲ 'ਚ ਖਰੀਦਣਾ ਚਾਹੁੰਦੀ ਹੈ। ਉਹਨੇ ਹੱਸਦਿਆਂ ਆਖਿਆ‘ਭੈਣ ਜੀ, ਸੱਚੇ ਹੀਰੇ ਦੀ ਕੀਮਤ ਹਜ਼ਾਰਾਂ 'ਚ ਨਹੀਂ, ਲੱਖਾਂ 'ਚ ਹੁੰਦੀ ਹੈ।
ਇਹ ਸੁਣ ਕੇ ਮਹਿਲਾ ਸਮਝ ਗਈ ਕਿ ਸੌਦਾ ਸਸਤੇ 'ਚ ਨਿਪਟਣ ਵਾਲਾ ਨਹੀਂ ਹੈ। ਇਸ ਲਈ ਉਹ ਉਸ ਹੀਰੇ ਬਦਲੇ ਪੰਜਾਹ ਹਜ਼ਾਰ ਮੋਹਰਾਂ ਦੇਣ ਨੂੰ ਤਿਆਰ ਹੋ ਗਈ। ਪਰ ਹੁਸਨ ਨੇ ਹੀਰਾ ਦੇਣ ਤੋਂ ਇਨਕਾਰ ਕਰ ਦਿੱਤਾ।
ਗੁਆਂਢਣ ਅਤੇ ਹਸਨ ਦੀ ਗੱਲਬਾਤ ਚੱਲ ਹੀ ਰਹੀ ਸੀ ਕਿ ਗੁਆਂਢਣ ਦਾ ਪਤੀ ਵੀ ਉਥੇ ਆ ਗਿਆ। ਉਹ ਹੀਰੇ ਨੂੰ ਵੇਖਦਿਆਂ ਹੀ ਸਮਝ ਗਿਆ ਕਿ ਇਹ ਬਹੁਤ ਹੀ ਕੀਮਤੀ ਹੀਰਾ ਹੈ। ਅਜਿਹੇ ਹੀਰੇ ਬੜੀ ਮੁਸ਼ਕਲ ਨਾਲ ਮਿਲਦੇ ਹਨ।ਉਹਨੇ ਅੰਦਾਜ਼ਾ ਲਾਇਆ ਕਿ ਇਹਦੀ ਕੀਮਤ ਦੋ ਲੱਖ ਮੋਹਰਾਂ ਤੋਂ ਘੱਟ ਨਹੀਂ ਹੋਵੇਗੀ। ਉਹ ਤੁਰੰਤ ਹਸਨ ਨੂੰ ਇਸ ਪੱਥਰ ਬਦਲੇ ਅੱਸੀ ਹਜ਼ਾਰ ਮੋਹਰਾਂ ਦੇਣ ਲਈ ਤਿਆਰ ਹੋ ਗਿਆ।
ਹਸਨ ਨੇ ਆਖਿਆ“ਮੈਂ ਇਸ ਪੱਥਰ ਬਦਲੇ ਇਕ ਲੱਖ ਮੋਹਰਾਂ ਲਵਾਂਗਾ।ਜੇਕਰ ਤੁਸਾਂ ਲੈਣਾ ਹੈ ਤਾਂ ਇਹਦੀ ਕੀਮਤ ਦੇ ਦਿਉ ਨਹੀਂ ਤਾਂ ਤੁਸੀਂ ਜਾ ਸਕਦੇ ਹੋ। ਮੈਂ ਬਾਜ਼ਾਰ ਜਾ ਕੇ ਕਿਸੇ ਸੁਨਿਆਰੇ ਨੂੰ ਵੇਚ ਆਵਾਂਗਾ।”
ਆਖ਼ਿਰਕਾਰ ਸੁਨਿਆਰੇ ਨੇ ਹਸਨ ਨੂੰ ਇਕ ਲੱਖ ਮੋਹਰਾਂ ਦੇ ਕੇ ਉਹਦੇ ਕੋਲੋਂ ਉਹ ਹੀਰਾ ਖ਼ਰੀਦ ਲਿਆ। ਹਸਨ ਨੂੰ ਜ਼ਰਾ ਵੀ ਉਮੀਦ ਨਹੀਂ ਸੀ ਕਿ ਘਰ 'ਚ ਬੇਕਾਰ ਪਏ ਸ਼ੀਸ਼ੇ ਦੇ ਟੁਕੜੇ ਬਦਲੇ ਉਹਨੂੰ ਇਕ ਲੱਖ ਮੋਹਰਾਂ ਮਿਲ ਜਾਣਗੀਆਂ। ਮੋਹਰਾਂ ਲੈ ਕੇ ਹਸਨ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨੂੰ ਸ਼ੀਸ਼ੇ ਦਾ ਟੁਕੜਾ ਦੇਣ ਵਾਲੇ ਸਾਦ ਦੀ ਯਾਦ ਆਈ। ਸਾਦ ਵਾਸਤੇ ਹਸਨ ਦੇ ਦਿਲੋਂ ਦੁਆਵਾਂ ਨਿਕਲਣ ਲੱਗੀਆਂ। ਹੁਸਨ ਨੇ ਤਹਿ ਦਿਲੋਂ ਉਹਨੂੰ ਦੁਆ ਦਿੱਤੀ।
ਹਸਨ ਨੇ ਇਕ ਲੱਖ ਮੋਹਰਾਂ ਨੂੰ ਚੰਗੇ ਕੰਮ 'ਚ ਲਾਉਣ ਦਾ ਫ਼ੈਸਲਾ ਕੀਤਾ। ਉਸ ਸ਼ਹਿਰ 'ਚ ਹੁਸਨ ਵਰਗੇ ਰੱਸੀਆਂ ਬਣਾਉਣ ਵਾਲੇ ਅਨੇਕਾਂ ਗ਼ਰੀਬ ਲੋਕ ਰਹਿੰਦੇ ਸਨ। ਆਪਣਾ ਗੁਜ਼ਾਰਾ ਕਰਨ ਲਈ ਉਨ੍ਹਾਂ ਨੂੰ ਬੜੀ ਮਿਹਨਤ ਕਰਨੀ ਪੈਂਦੀ ਸੀ। ਹਸਨ ਨੇ ਉਨ੍ਹਾਂ ਨੂੰ ਸਸਤੇ ਭਾਅ 'ਤੇ ਪਟਸਨ ਤੇ ਸੂਤ ਦੇਣਾ ਆਰੰਭ ਕਰ ਦਿੱਤਾ।ਉਹਨੇ ਉਨ੍ਹਾਂ ਦੁਆਰਾ ਬਣਾਈਆਂ ਰੱਸੀਆਂ ਨੂੰ ਵੀ ਬਾਜ਼ਾਰ 'ਚ ਠੀਕ ਮੁੱਲ 'ਤੇ ਵੇਚਣਾ ਸ਼ੁਰੂ ਕੀਤਾ। ਇਸ ਤਰ੍ਹਾਂ ਹੌਲੀ-ਹੌਲੀ ਰੱਸੀਆਂ ਬਣਾਉਣ ਵਾਲਿਆਂ ਦੀ ਆਰਥਿਕ ਸਥਿਤੀ ਸੁਧਰਨ ਲੱਗੀ। ਹਸਨ ਨੂੰ ਵੀ ਆਪਣੀ ਉਦਾਰ ਨੀਤੀਆਂ ਕਾਰਨ ਵਪਾਰ 'ਚ ਬੜਾ ਲਾਭ ਹੋਇਆ।
ਹੁਸਨ ਨੇ ਆਪਣੀ ਕਮਾਈ ਨਾਲ ਇਕ ਆਲੀਸ਼ਾਨ ਹਵੇਲੀ ਬਣਾਈ। ਹੁਣ ਉਹ ਆਪਣੇ ਪਰਿਵਾਰ ਸਮੇਤ ਇਸ ਹਵੇਲੀ 'ਚ ਰਹਿਣ ਲੱਗਾ ਸੀ। ਬਾਅਦ 'ਚ ਉਹਨੇ ਨਦੀ ਕਿਨਾਰੇ ਥੋੜੀ ਜ਼ਮੀਨ ਅਤੇ ਬਾਗ ਵੀ ਖ਼ਰੀਦ ਲਏ। ਜ਼ਮੀਨ 'ਤੇ ਉਹਨੇ ਖੇਤੀ ਕਰਵਾਉਣੀ ਸ਼ੁਰੂ ਕਰਵਾ ਦਿੱਤੀ। ਉਹ ਅਕਸਰ ਆਪਣੇ ਪਰਿਵਾਰ ਨਾਲ ਉਥੇ ਘੁੰਮਣ ਜਾਂਦਾ ਸੀ।
‘ਹਸਨ ਰੱਸੀ ਵਾਲਾ’ ਨੂੰ ਲੋਕ ਹੁਣ ‘ਹਸਨ ਸੇਠ' ਕਹਿ ਕੇ ਬਲਾਉਣ ਲੱਗੇ । ਪਰ ਹਸਨ ਇਨ੍ਹਾਂ ਗੱਲਾਂ ਨੂੰ ਨਹੀਂ ਸੀ ਭੁੱਲਿਆ ਕਿ ਉਹਨੂੰ ਜਿਹੜੀ ਸਿੱਧੀ ਤੇ ਸ਼ੁਹਰਤ ਮਿਲੀ ਹੈ, ਉਹਦੇ ਵਿਚ ਉਨ੍ਹਾਂ ਦੋਹਾਂ ਦੋਸਤਾਂ-ਸਾਦੀ ਅਤੇ ਸਾਦ ਦਾ ਬਹੁਤ ਵੱਡਾ ਯੋਗਦਾਨ ਸੀ।
ਹਸਨ ਆਪਣੇ ਇਨ੍ਹਾਂ ਦੋਸਤਾਂ ਨੂੰ ਹਮੇਸ਼ਾ ਯਾਦ ਰੱਖਦਾ ਅਤੇ ਬੇਚੈਨੀ ਨਾਲ ਉਨ੍ਹਾਂ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ ਸੀ।
ਕੁਝ ਚਿਰ ਬਾਅਦ ਉਹਦੀ ਇਹ ਇੱਛਾ ਪੂਰੀ ਹੋ ਗਈ। ਇਕ ਦਿਨ ਸਾਦੀ ਅਤੇ ਸਾਦ ਦੋਵੇਂ ਹਸਨ ਨੂੰ ਮਿਲਣ ਆ ਗਏ। ਹਸਨ ਨੂੰ ਸੁਖੀ ਵੇਖ ਕੇ ਉਨ੍ਹਾਂ ਦੋਵਾਂ ਨੂੰ ਬੜੀ ਹੈਰਾਨੀ ਹੋਈ। ਨਾਲ ਹੀ ਉਹਦੀ ਤਰੱਕੀ ਵੇਖ ਕੇ ਖ਼ੁਸ਼ੀ ਵੀ ਬਹੁਤ ਹੋਈ। ਹੁਸਨ ਨੇ ਸਾਦੀ ਅਤੇ ਸਾਦ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ। ਫਿਰ ਹਸਨ ਨੇ ਦੱਸਿਆ ਕਿ ਕਿਵੇਂ ਸ਼ੀਸ਼ੇ ਦੇ ਟੁਕੜੇ ਦੀ ਬਦੌਲਤ ਉਹ ਤਰੱਕੀ ਕਰਦਾ ਕਰਦਾ ਅੱਜ ਇਥੋਂ ਤਕ ਪਹੁੰਚ ਗਿਆ ਸੀ।
ਹਸਨ ਦੀਆਂ ਗੱਲਾਂ ਸੁਣ ਕੇ ਉਹਦੇ ਦੋਵੇਂ ਮਿੱਤਰਾਂ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ।ਸਾਦੀ ਨੇ ਹੁਸਨ ਕੋਲੋਂ ਪੁੱਛਿਆ-‘ਕਿਉਂ ਹਸਨ, ਤੂੰ ਏਨੀ ਤਰੱਕੀ ਸੋਨੇ ਦੀਆਂ ਚਾਰ ਸੌ ਮੋਹਰਾਂ ਬਦੌਲਤ ਕੀਤੀ ਹੈ ਜਾਂ ਸ਼ੀਸ਼ੇ ਦੇ ਉਸ ਟੁਕੜੇ ਦੀ ਬਦੌਲਤ ?"
ਦੋਹਾਂ ਦੀ ਬਦੌਲਤ ! ਹਸਨ ਨੇ ਹੱਸਦਿਆਂ ਜਵਾਬ ਦਿੱਤਾ। “ਉਹ ਕਿਵੇਂ ?” ਸਾਦੀ ਨੇ ਹੈਰਾਨ ਹੁੰਦਿਆਂ ਪੁੱਛਿਆ-‘ਉਹ ਅਸ਼ਰਫ਼ੀਆਂ ਤਾਂ ਤੂੰ ਗੁਆ ਚੁੱਕਾ ਸੈਂ।”
“ਇਹ ਸੱਚ ਹੈ ਦੋਸਤੋ ਕਿ ਉਹ ਅਸ਼ਰਫ਼ੀਆਂ ਮੈਂ ਗੁਆ ਚੁੱਕਾ ਸਾਂ... ਪਰ ਮੇਰੀ ਗੱਲ ਵੀ ਸੱਚ ਹੈ। ਹੁਣ ਸੁਣੋ ਕਿ ਕਿਵੇਂ ਸੱਚ ਹੈ?”
ਹਸਨ ਨੇ ਆਖਿਆ-“ਤੁਸਾਂ ਮੈਨੂੰ ਦੋ ਵਾਰ ਦੋ-ਦੋ ਸੌ ਸੋਨੇ ਦੀਆਂ ਮੋਹਰਾਂ ਦਿੱਤੀਆਂ ਸਨ। ਉਨ੍ਹਾਂ ਮੋਹਰਾਂ 'ਚੋਂ ਮੈਂ ਸਿਰਫ਼ ਦਸ-ਦਸ ਮੋਹਰਾਂ ਹੀ ਖਰਚ ਸਕਿਆ ਸਾਂ। ਬਾਕੀ ਮੋਹਰਾਂ ਤਾਂ ਬੇਕਾਰ ਗਈਆਂ। ਪਰ ਇਨ੍ਹਾਂ ਮੋਹਰਾਂ ਨੂੰ ਜੇਕਰ ਮੈਂ ਗਵਾਇਆ ਨਾ ਹੁੰਦਾ ਤਾਂ ਸਾਦ ਨੇ ਮੈਨੂੰ ਸ਼ੀਸ਼ੇ ਦਾ ਟੁਕੜਾ ਨਹੀਂ ਸੀ ਦੇਣਾ ਤੇ ਨਾ ਹੀ ਮੇਰੀ ਕਿਸਮਤ ਬਦਲਣੀ ਸੀ।”
ਸਾਦੀ ਨੇ ਸਾਦ ਨੂੰ ਆਖਿਆ—‘ਸਾਦ ਭਰਾ ! ਤੇਰਾ ਕਹਿਣਾ ਸੱਚ ਹੈ ਕਿ ਕਿਸੇ ਨੂੰ ਪੈਸੇ ਦੇ ਕੇ ਉਹਦੀ ਕਿਸਮਤ ਨਹੀਂ ਬਦਲੀ ਜਾ ਸਕਦੀ। ਮੈਂ ਤੇਰੀ ਇਸ ਗੱਲ ਨਾਲ ਸਹਿਮਤ ਹਾਂ ਕਿ ਪੈਸਾ ਕਮਾਉਣ ਲਈ ਖ਼ੁਦਾ ਦੀ ਮਿਹਰਬਾਨੀ ਅਤੇ ਆਪਣੀ ਕਿਸਮਤ—ਦੋਹਾਂ ਦਾ ਹੋਣਾ ਜ਼ਰੂਰੀ ਹੈ।”
0 Comments