Punjab Bed Time Story "Sabram te Husanpari" "ਸਾਬਰਾਮ ਤੇ ਹੁਸਨਪਰੀ" Punjabi Moral Story for Kids, Dadi-Nani Diya Kahani.

ਸਾਬਰਾਮ ਤੇ ਹੁਸਨਪਰੀ 
Sabram te Husanpari



ਪੁਰਾਣੇ ਸਮੇਂ ਦੀ ਗੱਲ ਹੈ ਕਿ ਕਈਆਂ ਚਿਰਾਂ ਪਿੱਛੋਂ ਰਾਜੇ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਉਸ ਲੜਕੇ ਦਾ ਨਾਂ ਸਾਬਰਾਮ ਰੱਖਿਆ ਗਿਆ। ਰਾਜੇ ਨੇ ਲੜਕੇ ਦੇ ਭਵਿੱਖ ਨੂੰ ਜਾਨਣ ਲਈ ਜੋਤਸ਼ੀਆਂ ਨੂੰ ਬੁਲਾਇਆ। ਜੋਤਸ਼ੀਆਂ ਨੇ ਰਾਜੇ ਨੂੰ ਦੱਸਿਆ ਕਿ ਰਾਜਾ ਜੀ ਤੁਸੀਂ 12 ਸਾਲ ਤੱਕ ਇਸ ਲੜਕੇ ਨੂੰ ਵੇਖਣਾ ਨਹੀਂ। ਨਹੀਂ ਤਾਂ ਜਾਂ ਤੁਹਾਡੀ ਮੌਤ ਹੋ ਜਾਵੇਗੀ ਜਾਂ ਇਸ ਲੜਕੇ ਦੀ। ਰਾਜੇ ਨੇ ਜੋਤਸ਼ੀਆਂ ਦੀ ਗੱਲ ਮੰਨ ਕੇ ਲੜਕੇ ਨੂੰ 12 ਸਾਲ ਤੱਕ ਭੌਰੇ ਵਿਚ ਰੱਖ ਦਿੱਤਾ, ਜਿੱਥੇ ਉਸਦੀ ਪੜ੍ਹਾਈ-ਲਿਖਾਈ ਖਾਣ-ਪੀਣ ਤੇ ਖੇਡਣ-ਕੁੱਦਣ ਦਾ ਸਾਰਾ ਪ੍ਰਬੰਧ ਕੀਤਾ ਗਿਆ।

ਬਾਰ੍ਹਾਂ ਸਾਲ ਪੂਰੇ ਹੋ ਗਏ। ਜਦੋਂ ਸਾਬਰਾਮ ਭੋਰੇ ਵਿੱਚੋਂ ਨਿਕਲਿਆ ਤਾਂ ਚਿੜੀਆਂ ਪਰਿੰਦੇ ਵੀ ਉਸਦਾ ਹੁਸਨ ਵੇਖ ਕੇ ਕੁੱਝ ਚਿਰ ਲਈ ਉੱਡਣਾ ਭੁੱਲ ਗਏ। ਸਾਬਰਾਮ ਦੇ ਭੋਰੇ 'ਚੋਂ ਬਾਹਰ ਨਿਕਲਣ 'ਤੇ ਸਾਰੇ ਸ਼ਗਨ ਕੀਤੇ ਗਏ ਅਤੇ ਬੇਹੱਦ ਖੁਸ਼ੀ ਮਨਾਈ ਗਈ। ਰਾਜੇ ਨੇ ਬੇਸ਼ੁਮਾਰ ਧਨ-ਦੌਲਤ ਗਰੀਬਾਂ ਵਿਚ ਵੰਡਿਆ।

ਇਕ ਦਿਨ ਸਾਬਰਾਮ ਆਪਣੇ ਕੁਝ ਸਾਥੀਆਂ ਨਾਲ ਘੋੜ ਸਵਾਰੀ ਕਰ ਰਿਹਾ ਸੀ। ਉਸਦੇ ਦੋਸਤ ਸਾਬਰਾਮ ਦੇ ਘੋੜੇ ਦੇ ਪਿੱਛੇ-ਪਿੱਛੇ ਭੱਜ ਰਹੇ ਸਨ। ਅਚਾਨਕ ਉੱਡਦੇ ਜਾਂਦੇ ਸਫ਼ੈਦ ਦਿਓ ਦੀ ਨਿਗਾਹ ਸਾਬਰਾਮ ਉੱਤੇ ਪੈ ਗਈ। ਦਿਓ ਸਾਬਰਾਮ ਦਾ ਹੁਸਨ ਵੇਖਦਾ ਹੀ ਰਹਿ ਗਿਆ। ਦਿਓ ਦਾ ਦਿਲ ਬੇਈਮਾਨ ਹੋ ਗਿਆ। ਉਸਨੇ ਸੋਚਿਆ ਕਿ ਕਿਉਂ ਨਾ ਸਾਬਰਾਮ ਨੂੰ ਚੁੱਕ ਕੇ ਲੈ ਜਾਵਾਂ ਤੇ ਆਪਣਾ ਪੁੱਤਰ ਬਣਾ ਕੇ ਰੱਖ ਲਵਾਂ। ਪਰ ਸਾਬਰਾਮ ਨੂੰ ਕਿਵੇਂ ਲੈ ਜਾਵਾਂ ? ਕਿਉਂਕਿ ਉਸਦੇ ਪਿੱਛੇ ਤਾਂ ਉਸਦੇ ਸਾਥੀ ਆ ਰਹੇ ਹਨ।ਉਦੋਂ ਹੀ ਦਿਓ ਦੇ ਦਿਮਾਗ ਵਿਚ ਇਕ ਸਕੀਮ ਆਈ। ਉਸਨੇ ਅਜਿਹੇ ਘੋੜੇ ਦਾ ਰੂਪ ਧਾਰਿਆ ਜੋ ਸਾਬਰਾਮ ਦੇ ਘੋੜੇ ਤੋਂ ਵੀ ਸੋਹਣਾ ਸੀ। ਸਾਬਰਾਮ ਨੇ ਘੋੜਾ ਦੇਖਦੇ ਹੀ ਆਪਣੇ ਸਾਥੀਆਂ ਨੂੰ ਕਿਹਾ ਕਿ ਉਹ ਘੋੜੇ ਨੂੰ ਫੜ੍ਹ ਕੇ ਲਿਆਉਣ, ਕਿਉਂਕਿ ਉਸਨੇ ਅੱਜ ਤੱਕ ਅਜਿਹਾ ਘੋੜਾ ਨਹੀਂ ਵੇਖਿਆ, ਉਹ ਉਸ ਘੋੜੇ ’ਤੇ ਸਵਾਰੀ ਕਰਨੀ ਚਾਹੁੰਦਾ ਹੈ।

ਸਾਬਾਰਮ ਦੇ ਸਾਥੀ ਘੋੜੇ ਮਗਰ ਭੱਜੇ। ਘੋੜੇ ਨੇ ਕੁੱਝ ਚਿਰ ਉਨ੍ਹਾਂ ਨੂੰ ਇੱਧਰ-ਉੱਧਰ ਦੌੜਾਇਆ, ਫਿਰ ਆਪਣੇ ਆਪ ਨੂੰ ਸਾਬਾਰਮ ਦੇ ਸਾਥੀਆਂ ਹਵਾਲੇ ਕਰ ਦਿੱਤਾ ਸਾਬਰਾਮ ਬੜਾ ਖੁਸ਼ ਹੋਇਆ। ਉਹ ਉਸ ਘੋੜੇ 'ਤੇ ਪਹਿਲੇ ਘੋੜੇ ਦੀ ਕਾਠੀ ਪਾ ਕੇ ਚੜ੍ਹ ਗਿਆ ਤੇ ਸਵਾਰੀ ਕਰਨ ਲੱਗਾ। ਪਹਿਲਾਂ ਤਾਂ ਘੋੜਾ ਹੌਲੀ-ਹੌਲੀ ਸਾਬਰਾਮ ਦੇ ਸਾਥੀਆਂ ਦੇ ਅੱਗੇ-ਅੱਗੇ ਭੱਜਦਾ ਰਿਹਾ, ਫਿਰ ਉਸਨੇ ਤੇਜ਼ ਦੌੜਨਾ ਸ਼ੁਰੂ ਕਰ ਦਿੱਤਾ। ਜਦੋਂ ਹੀ ਘੋੜਾ ਸਾਬਰਾਮ ਨੂੰ ਲੈ ਕੇ ਉਸਦੇ ਸਾਥੀਆਂ ਤੋਂ ਉਹਲੇ ਹੋ ਗਿਆ ਤਾਂ ਘੋੜਾ ਉਡਾਰੀ ਮਾਰ ਕੇ ਆਕਾਸ਼ ਵਿਚ ਉੱਡਣ ਲੱਗ ਪਿਆ। ਸਾਰੇ ਰੌਲਾ ਪੈ ਗਿਆ ਕਿ ਸਾਬਰਾਮ ਨੂੰ ਇਕ ਘੋੜਾ ਪਤਾ ਨਹੀਂ ਕਿੱਥੇ ਲੈ ਗਿਆ।

ਘੋੜਾ ਸਾਬਰਾਮ ਨੂੰ ਲੈ ਕੇ ਬਹੁਤ ਹੀ ਸੋਹਣੇ ਮਹਿਲਾਂ ਵਿਚ ਜਾ ਵੜਿਆ। ਜਿਵੇਂ ਹੀ ਘੋੜੇ ਨੇ ਦਿਓ ਦਾ ਰੂਪ ਧਾਰਿਆ, ਸਾਬਰਾਮ ਡਰ ਗਿਆ। ਦਿਓ ਆਖਣ ਲੱਗਾ, “ਪੁੱਤਰਾ ਤੂੰ ਡਰ ਨਾ, ਮੈਂ ਤੈਨੂੰ ਆਪਣਾ ਪੁੱਤਰ ਸਮਝਦਾ ਹਾਂ। ਤੈਨੂੰ ਮੇਰੇ ਮਹਿਲਾਂ ਵਿਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ। ਤੂੰ ਜੋ ਚਾਹੇਂਗਾ ਤੈਨੂੰ ਮਿਲੇਗਾ। ਜੇ ਤੇਰਾ ਦਿਲ ਮਹਿਲਾਂ ਵਿਚ ਨਾ ਲੱਗੇ ਤਾਂ ਮਹਿਲਾਂ ਦੇ ਨੇੜੇ ਹੀ ਮੈਂ ਇਕ ‘ਚਮਨ ਬਾਗ' ਬਣਾਇਆ ਹੈ।ਉਥੇ ਭਾਂਤ- ਭਾਂਤ ਦੇ ਬੂਟੇ ਅਤੇ ਫੁੱਲ ਉੱਗੇ ਹੋਏ ਹਨ, ਉੱਥੇ ਚਲਾ ਜਾਵੀਂ।

ਦਿਓ ਨੇ ਮਹਿਲਾਂ ਦੇ ਨੇੜੇ ‘ਚਮਨ ਬਾਗ' ਨਾਂ ਦਾ ਅਜਿਹਾ ਸੁੰਦਰ ਬਾਗ ਬਣਾਇਆ ਸੀ, ਜਿਸ ਵਿਚ ਭਾਂਤ-ਭਾਂਤ ਦੇ ਖੂਬਸੂਰਤ ਫੁੱਲ ਤੇ ਵੇਲ-ਬੂਟੇ ਉੱਗੇ ਹੋਏ ਸਨ। ਬਾਗ ਦੇ ਵਿਚਕਾਰ ਇਕ ਤਲਾਬ ਸੀ। ਬਾਗ ਇੰਨਾ ਸੋਹਣਾ ਸੀ ਕਿ ਉੱਥੇ ਹਰ ਮੰਗਲਵਾਰ ਨੂੰ ਪਰੀ ਦੇਸ਼ ਦੀਆਂ ਪਰੀਆਂ ਨਹਾਉਣ ਆਉਂਦੀਆਂ ਸਨ। ਉਨ੍ਹਾਂ ਵਿਚ ਪਰੀ ਦੇਸ਼ ਦੀ ਰਾਜਕੁਮਾਰੀ ‘ਹੁਸਨਪੁਰੀ' ਵੀ ਨਹਾਉਣ ਆਉਂਦੀ ਸੀ, ਜਿਸ ਹੁਸਨਪਰੀ ਦਾ ਦੀਵਾਨਾ ਸਫ਼ੈਦ ਦਿਓ ਸੀ, ਪਰ ਹੁਸਨਪੁਰੀ ਕਦੇ ਵੀ ਸਫ਼ੈਦ ਦਿਓ ਦੇ ਹੱਥ ਨਹੀਂ ਆਈ ਸੀ, ਕਿਉਂਕਿ ਜਦੋਂ ਵੀ ਦਿਓ ਬਾਗ ਵਿਚ ਪਰੀ ਨੂੰ ਫੜ੍ਹਨ ਆਉਂਦਾ ਸੀ, ਹੁਸਨਪਰੀ ਉਦੋਂ ਨਹਾਉਂਦੀ ਹੀ ਨਾ।

ਇਕ ਮੰਗਲਵਾਰ ਨੂੰ ਦਿਓ ਆਪਣੇ ਦੋਸਤਾਂ ਨੂੰ ਮਿਲਣ ਲਈ ਚੱਲਾ। ਦਿਓ ਸਾਬਰਾਮ ਨੂੰ ਆਖਣ ਲੱਗਾ ਕਿ ਮੈਂ ਸ਼ਾਮ ਤੱਕ ਆ ਜਾਵਾਂਗਾ, ਮੈਂ ਤੇਰੇ ਲਈ ਚਾਰ ਨੌਕਰ ਛੱਡ ਚਲਿਆ ਹਾਂ, ਜੇ ਕੋਈ ਵੀ ਕੰਮ ਹੋਵੇ ਤਾਂ ਤੂੰ ਇਨ੍ਹਾਂ ਨੂੰ ਕਹਿ ਦੇਵੀਂ, ਇਹ ਕਰ ਦੇਣਗੇ ਅਤੇ ਤੂੰ ਆਰਾਮ ਕਰੀਂ। ਦਿਓ ਚਲਾ ਗਿਆ। ਪਰੀ ਦੇਸ਼ ਦੀਆਂ ਪਰੀਆਂ ਚਿਮਨ ਬਾਗ ਵਿਚ ਨਹਾਉਣ ਆਗਈਆਂ। ਸਾਬਰਾਮ ਦਾ ਦਿਲ ਮਹਿਲਾਂ ਵਿਚ ਨਾ ਲੱਗਾ। ਉਹ ਸੋਚਣ ਲੱਗਾ ਕਿ ਕਿਉਂ ਨਾ ਚਿਮਨ ਬਾਗ ਦਾ ਨਜ਼ਾਰਾ ਮਾਣਿਆ ਜਾਵੇ। ਉਹ ਚਮਨ ਬਾਗ ਚਲਾ ਗਿਆ। ਜਿਵੇਂ ਹੀ ਸਾਬਰਾਮ ਦੀ ਨਜ਼ਰ ਹੁਸਨਪਰੀ ਤੇ ਪਈ, ਉਹ ਹੁਸਨਪਰੀ ਦਾ ਹੁਸਨ ਵੇਖਦਾ ਹੀ ਰਹਿ ਗਿਆ। ਸਾਬਰਾਮ ਨੇ ਚੋਰੀ-ਚੋਰੀ ਪਰੀ ਦੇ ਨਹਾਉਂਦੀ ਦੇ ਚੈਂਚਲੇ (ਪਰ ਜਾਂ ਖੰਭ) ਲੁੱਕਾ ਲਏ। ਜਿਵੇਂ ਹੀ ਉਸ ਹੁਸਨਪੁਰੀ ਦੇ ਚੈਂਚਲੇ ਲੁਕਾਏ, ਹੁਸਨਪਰੀ ਦਾ ਸਰੀਰ ਭਾਰਾ ਹੋ ਗਿਆ, ਉਸਨੇ ਸੋਚਿਆ ਕਿ ਦਿਓ ਨੇ ਮੇਰੇ ਪਰ ਲੁਕਾ ਲਏ ਹਨ। ਬਾਕੀ ਪਰੀਆਂ ਡਰਦੀਆਂ ਭੱਜ ਗਈਆਂ। ਉੱਥੇ ਇਕੱਲੀ ਹੁਸਨਪਰੀ ਰਹਿ ਗਈ।

ਹੁਸਨਪਰੀ ਆਖਣ ਲੱਗੀ ਕਿ ਜਿਸਨੇ ਵੀ ਮੇਰੇ ਪਰ ਲੁਕਾਏ ਹਨ, ਸਾਹਮਣੇ ਦਾ ਆਵੇ। ਜਿਵੇਂ ਹੀ ਸਾਬਰਾਮ ਪਰ ਲੈ ਕੇ ਫੁੱਲਾਂ ਵਿੱਚੋਂ ਬਾਹਰ ਨਿਕਲਿਆ ਤਾਂ ਹੁਸਨਪੁਰੀ, ਸਾਬਰਾਮ ਦਾ ਹੁਸਨ ਵੇਖ ਕੇ ਉਸ ਉੱਤੇ ਮੋਹਿਤ ਹੋ ਗਈ। ਦੋਵੇਂ ਇਕ ਦੂਸਰੇ ਨੂੰ ਪਿਆਰ ਭਰੀਆਂ ਨਿਗਾਹਾਂ ਨਾਲ ਤੱਕਣ ਲੱਗੇ। ਅੱਖਾਂ ਹੀ ਅੱਖਾਂ ਵਿਚ ਪਿਆਰ ਦਾ ਇਜ਼ਹਾਰ ਹੋ ਗਿਆ। ਦੋਵੇਂ ਆਪਸ ਵਿਚ ਕਾਫ਼ੀ ਚਿਰ ਗੱਲਾਂ ਕਰਦੇ ਰਹੇ। ਹੁਸਨਪੁਰੀ ਨੇ ਸਾਬਰਾਮ ਤੋਂ ਆਪਣੇ ਪਰ ਮੰਗੇ। ਸਾਬਰਾਮ ਪਰ ਦੇਣ ਲੱਗਾ, ਇਸ ਗੱਲੋਂ ਡਰਨ ਲੱਗਾ ਕਿ ਕਿਤੇਪਰੀ ਪਰ ਲਾ ਕੇ ਉੱਡ ਨਾ ਜਾਵੇ। ਪਰੀ ਆਖਣ ਲੱਗੀ, “ਹੇ ਮੇਰੇ ਸਾਬਰਾਮ ! ਡਰ ਨਾ ਮੈਂ ਤੈਨੂੰ ਛੱਡ ਕੇ ਕਿਤੇ ਵੀ ਨਹੀਂ ਜਾਵਾਂਗੀ ਪਰ ਜੇ ਦਿਓ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਨਹੀਂ ਛੱਡੇਗਾ, ਕਿਉਂਕਿ ਉਹ ਮੇਰਾ ਦੀਵਾਨਾ ਏ ਤੇ ਮੈਨੂੰ 12 ਸਾਲਾਂ ਤੋਂ ਫੜ੍ਹਨ ਦੀ ਕੋਸ਼ਿਸ਼ ਕਰ ਰਿਹਾ ਏ । ਸਾਬਰਾਮ ਆਖਣ ਲੱਗਾ ਕਿ ਤੂੰ ਫ਼ਿਕਰ ਨਾ ਕਰ, ਮੈਂ ਇਸਦਾ ਇੰਤਜਾਮ ਕਰ ਲਵਾਂਗਾ।

ਉਧਰੋਂ ਦਿਓ ਦੇ ਆਉਣ ਦਾ ਸਮਾਂ ਹੋ ਗਿਆ। ਸਾਬਰਾਮ ਜਾ ਕੇ ਸੌਂ ਗਿਆ।ਜਿਵੇਂ ਹੀ ਦਿਓ ਸਾਬਰਾਮ ਨੂੰ ਉਠਾਉਣ ਲੱਗਾ, ਅਵਾਜ਼ਾਂ ਮਾਰਨ ਲੱਗਾ, ਸਾਬਰਾਮ ਬੋਲੇ ਹੀ ਨਾ। ਅਖੀਰ ਸਾਬਰਾਮ ਉੱਠ ਖੜਾ ਹੋਇਆ। ਦਿਓ ਆਖਣ ਲੱਗਾ ਕਿ ਕੀ ਗੱਲ ਏ ਸਾਬਰਾਮ ? ਤੈਨੂੰ ਕੀ ਚਾਹੀਦਾ ਏ ? ਤੂੰ ਬੋਲਦਾ ਕਿਉਂ ਨਹੀਂ ? ਕੀ ਤੈਨੂੰ ਨੌਕਰਾਂ ਨੇ ਕੁੱਝ ਕਿਹਾ ?” ਸਾਬਰਾਮ ਆਖਣ ਲੱਗਾ, “ਪਿਤਾ ਜੀ ! ਇਕਰਾਰ ਕਰੋ ਕਿ ਮੈਂ ਜੋ ਤੁਹਾਡੇ ਕੋਲੋਂ ਮੰਗਾਂਗਾ ਤੁਸੀਂ ਉਹ ਮੈਨੂੰ ਦੇ ਦਿਓਗੇ ? ਦਿਓ ਨੇ ਹਾਂ ਕਰ ਦਿੱਤੀ। ਸਾਬਰਾਮ ਆਖਣ ਲੱਗਾ ਕਿ ਪਹਿਲਾਂ ਆਪਣੇ ਗੁਰੂ ਦੀ ਸਹੁੰ ਖਾਵੋ । ਦਿਓ ਆਖਣ ਲੱਗਾ ਕਿ ਤੂੰ ਮੇਰਾ ਪੁੱਤਰ ਏ, ਤੂੰ ਜੋ ਮੰਗੇਂਗਾ ਮੈਂ ਤੈਨੂੰ ਆਪਣੀ ਜਾਨ ਵਾਰ ਕੇ ਵੀ ਦੇਵਾਂਗਾ। ਤੂੰ ਮੰਗ ਤਾਂ ਸਹੀ। ਸਾਬਰਾਮ ਆਖਣ ਲੱਗਾ ਤਾਂ ਫਿਰ ਮੈਨੂੰ ਹੁਸਨਪਰੀ ਦੇ ਦੇਵੋ। ਹੁਸਨਪਰੀ ਦਾ ਨਾਂ ਸੁਣਕੇ ਦਿਓ ਕੰਬ ਗਿਆ ਤੇ ਆਖਣ ਲੱਗਾ, “ਜੋ ਮੈਨੂੰ 12 ਸਾਲਾਂ ਤੋਂ ਨਹੀਂ ਮਿਲੀ ਉਹ ਮੈਂ ਤੈਨੂੰ ਕਿੱਥੋਂ ਲਿਆ ਕੇ ਦੇਵਾਂ ?” ਸਾਬਰਾਮ ਚਿਮਨਬਾਗ ਵਿਚ ਗਿਆ ਤੇ ਹੁਸਨਪੁਰੀ ਲੈ ਆਇਆ। ਸਾਬਰਾਮ ਦੀ ਬਹਾਦਰੀ ਵੇਖ ਕੇ ਦਿਓ ਖੁਸ਼ ਹੋ ਗਿਆ।ਦਿਓ ਆਖਣ ਲੱਗਾ ਪੁੱਤਰਾ ਜਾਹ ਹੁਸਨਪਰੀ ਸਦਾ ਲਈ ਤੇਰੀ ਹੋਈ ਤੇ ਨਾਲ ਹੀ ਮੇਰੀ ਨੂੰਹ। ਦਿਓ ਨੇ ਉਨ੍ਹਾਂ ਦੋਹਾਂ ਦਾ ਵਿਆਹ ਕਰ ਦਿੱਤਾ। ਦਿਓ ਆਪ ਸਦਾ ਲਈ ਆਪਣੇ ਮਹਿਲਾਂ ਨੂੰ ਸਾਬਰਾਮ ਦੇ ਹਵਾਲੇ ਕਰ ਤੁਰਨ ਲੱਗਾ। ਜਾਣ ਲੱਗਾ ਦਿਓ ਸਾਬਰਾਮ ਨੂੰ ਆਖਣ ਲੱਗਾ, “ਚੰਗਾ ਪੁੱਤਰਾ, ਤੁਸੀਂ ਖੁਸ਼ ਰਵੋ। ਆਹ ਲੈ ਮੇਰੀ ਛਾਤੀ ਦਾ ਇਕ ਵਾਲ, ਜੇਕਰ ਮੇਰੀ ਕਦੇ ਵੀ ਜ਼ਰੂਰਤ ਪਵੇ, ਇਸਵਾਲ ਨੂੰ ਧੁਖਾ ਦੇਵੀਂ, ਮੈਂ ਹਾਜ਼ਰ ਹੋ ਜਾਵਾਂਗਾ। ਆਹ ਲੈ ਖੜਾਵਾਂ, ਇਨ੍ਹਾਂ ਨੂੰ ਪਾਉਣ ’ਤੇ ਤੂੰ ਹਜ਼ਾਰਾਂ ਮੀਲ ਦਾ ਸਫ਼ਰ ਕੁਝ ਮਿੰਟਾਂ ਵਿਚ ਹੀ ਤੈਅ ਕਰਲਵੇਂਗਾ। ਆਹ ਲੈ ਇਕ ਸੀਖ, ਜਿਸ ਤਾਲੇ ਨੂੰ ਵੀ ਇਹ ਸੀਖ ਲਾਵੇਂਗਾ, ਉਹ ਤਾਲਾ ਉਸੇ ਵਕਤ ਖੁੱਲ੍ਹ ਜਾਵੇਗਾ। ਆਹ ਲੈ ਸੁਰਮਾ ਪਾਉਣ ਵਾਲੀ ਸਿਲਾਈ, ਅੱਖਾਂ ਵਿਚ ਪਾਉਣ ’ਤੇ ਤੂੰ ਹਜ਼ਾਰਾਂ ਕੋਹਾਂ ਤਕ ਘੁੰਮਦੀਆਂ ਚੀਜ਼ਾਂ ਵੇਖ ਸਕਦਾ ਏਂ। ਆਹ ਲੈ ਇਕ ਟੋਪੀ...ਇਹ ਟੋਪੀ ਜਦੋਂ ਤੂੰ ਸਿਰ ਉੱਤੇ ਰੱਖੇਂਗਾ ਤਾਂ ਤੂੰ ਹੋਰਨਾਂ ਨੂੰ ਨਜ਼ਰ ਨਹੀਂ ਆਵੇਂਗਾ।

ਸਮਾਂ ਪਾ ਕੇ ਇਕ ਦਿਨ ਸਾਬਰਾਮ ਸ਼ਿਕਾਰ ਖੇਡਣ ਗਿਆ। ਹੁਸਨਪਰੀ ਮਹਿਲਾਂ ਉੱਪਰ ਟਹਿਲ ਰਹੀ ਸੀ। ਥੱਲੇ ਕੁਝ ਰਾਖਸ਼ਾਂ ਨੇ ਉਸਨੂੰ ਵੇਖ ਲਿਆ। ਰਾਖਸ਼ ਹੁਸਨਪਰੀ ਨੂੰ ਵੇਖ ਕੇ ਉਸਨੂੰ ਫੜਨ ਲਈ ਮਹਿਲਾਂ ਵਿਚ ਆ ਵੜੇ। ਹੁਸਨਪਰੀ ਇਕੱਲੀ ਸੀ, ਜਦੋਂ ਉਸਨੇ ਰਾਖਸ਼ ਵੇਖੇ ਤਾਂ ਉਸਨੇ ਆਪਣੇ ਚੈਂਚਲੇ ਪਾਏ ਤੇ ਪਰੀ ਦੇਸ਼ ਨੂੰ ਉੱਡ ਗਈ। ਰਾਖਸ਼ ਹੱਥ ਮਲਦੇ ਰਹਿ ਗਏ ਅਤੇ ਫਿਰ ਚਲੇ ਗਏ।

ਜਦੋਂ ਸਾਬਰਾਮ ਸ਼ਿਕਾਰ ਤੋਂ ਵਾਪਸ ਆਇਆ ਤਾਂ ਹੁਸਨਪਰੀ ਨੂੰ ਨਾ ਵੇਖ ਕੇ ਰੋਣ ਲੱਗ ਪਿਆ। ਉਸਨੇ ਸੋਚਿਆ ਕਿ ਜ਼ਰੂਰ ਹੁਸਨਪਰੀ ’ਤੇ ਕੋਈ ਆਫ਼ਤ ਆ ਗਈ ਹੋਣੀ ਏ ਤੇ ਉਹ ਉੱਡ ਕੇ ਪਰੀ ਦੇਸ਼ ਚਲੀ ਗਈ ਹੋਣੀ

ਏਂ। ਪਰ ਪਰੀ ਦੇਸ਼ ਹੈ ਕਿਥੇ ? ਮੈਂ ਤਾਂ ਅੱਜ ਤਕ ਨਾ ਵੇਖਿਆ ਤੇ ਨਾ ਹੀ ਹੁਸਨਪਰੀ ਨੂੰ ਪੁੱਛਿਆ। ਅਚਾਨਕ ਸਾਬਰਾਮ ਨੂੰ ਸਿਲਾਈ ਦੀ ਯਾਦ ਆਈ। ਜਿਵੇਂ ਹੀ ਉਸਨੇ ਅੱਖਾਂ ਵਿਚ ਸੁਰਮਾ ਪਾਇਆ, ਉਸਨੂੰ ਉਸਦੇ ਮਹੱਲਾਂ ਤੋਂ ਹਜ਼ਾਰਾਂ ਕੋਹਾਂ ਦੂਰ ਪਰੀ ਦੇਸ਼ ਦਿਸਣ ਲੱਗ ਪਿਆ। ਸਾਬਰਾਮ ਨੇ ਪੈਰਾਂ ਵਿਚ ਦਿਓ ਦੁਆਰਾ ਦਿੱਤੀਆਂ ਖੜਾਵਾਂ ਪਾਈਆਂ ਤੇ ਬਾਕੀ ਚੀਜ਼ਾਂ ਨਾਲ ਲੈ ਕੇ ਪਰੀ ਦੇਸ਼ ਚੱਲ ਪਿਆ।

ਉਧਰ ਪਰੀ ਦੇਸ਼ ਵਿਚਸਨਪੁਰੀ ਦੇ ਮਾਂ-ਪਿਉ ਨੇ ਪਹਿਲਾਂ ਹੀ ਹੁਸਨਪਰੀ ਦਾ ਵਿਆਹ ਤੈਅ ਕਰ ਦਿੱਤਾ ਸੀ। ਹੁਸਨਪਰੀ ਨੇ ਆਪਣੇ ਮਾਂ-ਪਿਉ ਨੂੰ ਸਾਬਰਾਮ ਬਾਰੇ ਦੱਸਿਆ। ਉਹ ਨਾ ਮੰਨੇ। ਉਹ ਆਖਣ ਲੱਗੇ ਕਿ ਅਸੀਂ ਤੇਰਾ ਰਿਸ਼ਤਾ ਬੜੇ ਸ਼ਕਤੀਸ਼ਾਲੀ ਦਿਓ ਨਾਲ ਕੀਤਾ ਏ, ਜੇਕਰ ਉਸਨੂੰ ਪਤਾ ਲੱਗ ਗਿਆ ਤਾਂ ਉਹ ਸਾਨੂੰ ਵੀ ਮਾਰ ਦੇਵੇਗਾ ਤੇ ਸਾਬਰਾਮ ਨੂੰ ਵੀ। ਪਹਿਲਾਂ ਤਾਂ ਸਾਬਰਾਮ ਇਕ ਮਾਨਵ ਏ, ਉਹ ਸਾਡੇ ਦੇਸ਼ ਤਕ ਪੁੱਜ ਹੀ ਨਹੀਂ ਸਕਦਾ। ਪਰ ਹੁਸਨਪੁਰੀ ਨਾ ਮੰਨੀ। ਹੁਸਨਪਰੀ ਦੇ ਮਾਂ-ਪਿਉ ਨੇ ਉਸਨੂੰ ਸੱਤਾਂ ਕੋਠੜੀਆਂ ਵਿਚ ਬੰਦ ਕਰ ਦਿੱਤਾ ਤੇ ਮਣਾਂ ਕੱਧੀ ਭਾਰੇ ਜਿੰਦਰੇ ਲਾ ਦਿੱਤੇ।

ਉਧਰੋਂ ਸਾਬਰਾਮ ਪਰੀ ਦੇਸ਼ ਪੁੱਜ ਗਿਆ। ਸਾਬਰਾਮ ਨੇ ਸਿਰ 'ਤੇ ਟੋਪੀ ਪਾਈ ਤੇ ਦਿਸਣੋਂ ਬੰਦ ਹੋ ਗਿਆ। ਸਾਬਰਾਮ, ਹੁਸਨਪੁਰੀ ਨੂੰ ਲੱਭਣ ਲੱਗਾ ਪਰ ਉਹ ਨਾ ਲੱਭੀ। ਅਖ਼ੀਰ ਸਾਬਰਾਮ ਨੇ ਦੋ ਬੁੱਢੀਆਂ ਵੇਖੀਆਂ। ਸਾਬਰਾਮ ਉਨ੍ਹਾਂ ਲਾਗੇ ਜਾ ਖੜ੍ਹਾ ਹੋਇਆ। ਇਕ ਬੁੱਢੀ, ਦੂਜੀ ਨੂੰ ਆਖਣ ਲੱਗੀ ਕਿ ਤੂੰ ਕਿਥੇ ਜਾ ਰਹੀ ਏਂ ? ਦੂਜੀ ਆਖਣ ਲੱਗੀ, “ਨੀਂ ਜਾਣਾ ਕਿਥੇ ਏ, ਹੁਸਨਪਰੀ ਨੂੰ ਸਮਝਾਉਣ ਚੱਲੀ ਆਂ। ਉਸਦੀ ਮਾਂ ਨੇ ਕਿਹਾ ਸੀ ਕਿ ਤੂੰ ਬਜ਼ੁਰਗ ਏਂ, ਜ਼ਰਾ ਹੁਸਨਪਰੀ ਨੂੰ ਸਮਝਾ ਕੇ ਆਵੀਂ ਬਈ ਸਾਬਰਾਮ ਨੂੰ ਭੁੱਲ ਕੇ ਦਿਓ ਨਾਲ ਵਿਆਹ ਕਰ ਲਵੇ।” ਸਾਬਰਾਮ ਗੱਲ ਸੁਣ ਕੇ ਬੜਾ ਖ਼ੁਸ਼ ਹੋਇਆ ਕਿ ਹੁਸਨਪਰੀ ਦਾ ਪਤਾ ਚੱਲ ਗਿਆ। ਉਹ ਬੁੱਢੀ ਮਗਰ ਤੁਰੀ ਗਿਆ। ਬੁੱਢੀ ਚਾਬੀ ਨਾਲ ਤਾਲੇ ਖੋਲ੍ਹਦੀ ਗਈ, ਸਾਬਰਾਮ ਮਗਰ-ਮਗਰ ਤੁਰਿਆ ਗਿਆ। ਅਖ਼ੀਰ ਹੁਸਨਪਰੀ ਨੂੰ ਸਤਵੀਂ ਕੋਠੜੀ ਵਿਚ ਵੇਖ ਕੇ ਸਾਬਰਾਮ ਬੜਾ ਖ਼ੁਸ਼ ਹੋਇਆ। ਬੁੱਢੀ ਹੁਸਨਪਰੀ ਨੂੰ ਸਮਝਾਉਣ ਲੱਗੀ ਪਰ ਹੁਸਨਪਰੀ ਨੇ ਉਸਦੀ ਇਕ ਨਾ ਸੁਣੀ। ਬੁੱਢੀ ਨਿਰਾਸ਼ ਹੋ ਕੇ ਵਾਪਸ ਚਲੀ ਗਈ ਤੇ ਤਾਲੇ ਲਾਉਂਦੀ ਗਈ।

ਜਿਵੇਂ ਹੀ ਬੁੱਢੀ ਬਾਹਰ ਗਈ, ਹੁਸਨਪੁਰੀ, ਸਾਬਰਾਮ ਨੂੰ ਯਾਦ ਕਰਕੇ ਰੋਣ ਲੱਗ ਪਈ। ਜਿਵੇਂ ਹੀ ਸਾਬਰਾਮ ਨੇ ਟੋਪੀ ਸਿਰ ਤੋਂ ਲਾਹੀ ਤਾਂ ਉਹ ਦਿਸਣ ਲੱਗ ਪਿਆ। ਹੁਸਨਪਰੀ ਨੇ ਉਸਨੂੰ ਵੇਖ ਕੇ ਝਟਪਟ ਗਲ ਲਾ ਲਿਆ। ਸਾਬਰਾਮ, ਹੁਸਨਪਰੀ ਨੂੰ ਲੈ ਕੇ ਤੁਰ ਪਿਆ। ਸਾਬਰਾਮ ਜਿਹੜੇ ਵੀ ਤਾਲੇ ਨੂੰ ਸੀਖ ਲਾਵੇ, ਤਾਲਾ ਖੁੱਲ੍ਹ ਜਾਇਆ ਕਰੇ। ਇੰਝ ਉਹ ਕੋਠੜੀ ਵਿਚੋਂ ਬਾਹਰ ਆ ਗਏ। ਹੁਸਨਪੁਰੀ, ਸਾਬਰਾਮ ਨੂੰ ਲੈ ਕੇ ਮਾਂ-ਪਿਉ ਕੋਲ ਗਈ। ਹੁਸਨਪਰੀ ਦੇ ਮਾਂ-ਪਿਉ ਸਾਬਰਾਮ ਦਾ ਹੁਸਨ ਵੇਖ ਕੇ ਬੜੇ ਖ਼ੁਸ਼ ਹੋਏ ਤੇ ਉਹਨਾਂ ਨੇ ਸਾਬਰਾਮ ਤੇ ਹੁਸਨਪਰੀ ਦਾ ਵਿਆਹ ਸਵੀਕਾਰ ਕਰ ਲਿਆ। ਪਰ ਹੁਸਨਪਰੀ ਦਾ ਪਿਉ ਸਾਬਰਾਮ ਨੂੰ ਆਖਣ ਲੱਗਾ ਕਿ ਅੱਜ ਤਾਂ ਹੁਸਨਪਰੀ ਦੀ ਬਾਰਾਤ ਆਉਣੀ ਏ। ਉਹ ਤਾਂ ਤੈਨੂੰ ਅਤੇ ਸਾਨੂੰ ਦੋਹਾਂ ਨੂੰ ਮਾਰ ਦੇਣਗੇ। ਸਾਬਰਾਮ ਆਖਣ ਲੱਗਾ-ਤੁਸੀਂ ਫ਼ਿਕਰ ਨਾ ਕਰੋ। ਮੈਂ ਕੋਈ ਹੱਲ ਲੱਭਦਾ ਹਾਂ ।

ਉਧਰ ਸਾਬਰਾਮ ਬਾਰੇ ਬਰਾਤ ਆਉਣ ਵਾਲੇ ਦਿਓਵਾਂ ਨੂੰ ਪਤਾ ਲੱਗ ਗਿਆ।ਲਾੜਾ ਦਿਓ ਆਖਣ ਲੱਗਾ ਕਿ ਹੁਸਨਪਰੀ ਨੂੰ ਛੱਡ ਕੇ ਸਾਰਾ ਪੁਰੀ ਦੇਸ਼ ਹੀ ਤਬਾਹ ਕਰ ਦੇਵੋ, ਕਿਉਂਕਿ ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ। ਜਦੋਂ ਇਸ ਗੱਲ ਦਾ ਸਾਬਰਾਮ ਨੂੰ ਪਤਾ ਲੱਗਾ ਤਾਂ ਉਹ ਇਕੱਲਾ ਹੋਣ ਕਰਕੇ ਡਰ ਗਿਆ। ਅਚਾਨਕ ਉਸਨੂੰ ਦਿਓ ਪਿਤਾ ਦੇ ਦਿੱਤੇ ਵਾਲ ਦੀ ਯਾਦ ਆਈ। ਉਸਨੇ ਵਾਲ ਨੂੰ ਧੁਖਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਵਾਲ ਧੁਖਿਆ, ਪਹਾੜਾਂ ਵਰਗੇ ਦਿਓ ਸਾਬਰਾਮ ਸਾਹਮਣੇ ਆ ਖੜੇ ਹੋਏ। ਸਾਬਰਾਮ, ਦਿਓ ਪਿਤਾ ਨੂੰ ਵੇਖ ਕੇ ਬੜਾ ਖ਼ੁਸ਼ ਹੋਇਆ ਤੇ ਉਸਨੇ ਸਾਰੀ ਗੱਲ ਦੱਸ ਦਿੱਤੀ। ਦਿਓ ਆਖਣ ਲੱਗਾ, “ਤੂੰ ਫ਼ਿਕਰ ਨਾ ਕਰ, ਮੈਂ ਆ ਗਿਆ ਹਾਂ।”

ਦੂਜੇ ਪਾਸੇ ਬਰਾਤੀ ਦਿਓ ਨੇ ਹਮਲਾ ਕਰ ਦਿੱਤਾ। ਦੋਹਾਂ ਪਾਸਿਆਂ ਦੇ ਦਿਓ ਵਿਚਕਾਰ ਘਮਸਾਨ ਯੁੱਧ ਹੋਇਆ। ਸਾਬਰਾਮ ਨੇ ਹੱਥ ਵਿਚ ਤਲਵਾਰ ਫੜ ਲਈ ਅਤੇ ਸਿਰ 'ਤੇ ਟੋਪੀ ਪਾ ਲਈ। ਸਾਬਰਾਮ ਬਾਰਾਤੀ ਦਿਓਵਾਂ ਨੂੰ ਧੜਾ-ਧੜ ਤਲਵਾਰ ਨਾਲ ਵੱਢਣ ਲੱਗ ਪਿਆ। ਪਰ ਦਿਸੇ ਕਿਸੇ ਨੂੰ ਵੀ ਨਾ, ਸਿਰਫ਼ ਪਿਤਾ ਦਿਓ ਨੂੰ ਦਿਸਦਾ ਸੀ। ਸਾਬਰਾਮ ਦੇ ਪਿਓ ਨੇ ਲਾੜੇ ਦਿਓ ਨੂੰ ਮਾਰ ਦਿੱਤਾ। ਬਾਕੀ ਦਿਓ ਡਰਦੇ ਦੌੜ ਗਏ।

ਸਨਪੁਰੀ ਦੇ ਪਿਉ ਨੇ ਸਾਬਰਾਮ ਦੇ ਪਿਉ ਦਾ ਧੰਨਵਾਦ ਕੀਤਾ ਅਤੇ ਸਨਪੁਰੀ ਨੂੰ ਸਦਾ ਲਈ ਸਾਬਰਾਮ ਨੂੰ ਸੌਂਪ ਦਿੱਤਾ। ਸਾਬਰਾਮ ਸਨਪੁਰੀ ਦੇ ਪਿਉ ਅਤੇ ਆਪਣੇ ਪਿਉ ਦਿਓ ਕੋਲੋਂ ਆਗਿਆ ਲੈ ਕੇ ਸਨਪੁਰੀ ਨੂੰ ਆਪਣੇ ਸਕੇ ਪਿਉ ਰਾਜੇ ਦੇ ਮਹਿਲੀਂ ਲੈ ਆਇਆ। ਜਿਥੇ ਕਈਆਂ ਚਿਰਾਂ ਪਿੱਛੋਂ ਮਾਂ-ਪਿਉ ਅਤੇ ਪੁੱਤਰ ਮਿਲੇ। ਰਾਜੇ ਨੇ ਪੁੱਤਰ-ਨੂੰਹ ਦੀ ਖ਼ੁਸ਼ੀ ਵਿਚ ਗਰੀਬਾਂ ਨੂੰ ਧਨ ਵੰਡਿਆ ਤੇ ਜਸ਼ਨ ਮਨਾਇਆ। ਇੰਝ ਸਨਪੁਰੀ ਤੇ ਸਾਬਰਾਮ ਖ਼ੁਸ਼ੀ ਭਰਿਆ ਜੀਵਨ ਬਤੀਤ ਕਰਨ ਲੱਗੇ।


Post a Comment

0 Comments