Punjab Bed Time Story "Piddi ate Pidda" "ਪਿੱਦੀ ਅਤੇ ਪਿੱਦਾ" Punjabi Moral Story for Kids, Dadi-Nani Diya Kahani.

ਪਿੱਦੀ ਅਤੇ ਪਿੱਦਾ 
Piddi ate Pidda



ਇਕ ਵਾਰ ਪਿੱਦਾ ਆਪਣੀ ਪਿੱਦੀ ਨੂੰ ਆਖਣ ਲੱਗਾ ਕਿ ਪਿੱਦੀਏ ਮੇਰਾ ਦਿਲ ਪੂੜੀਆਂ ਖਾਣ ਨੂੰ ਕਰਦਾ ਹੈ। ਹੋਰ ਚੀਜ਼ਾਂ ਤਾਂ ਅਸੀਂ ਖਾਂਦੇ ਹੀ ਰਹਿੰਦੇ ਹਾਂ।ਪਿੱਦੀ ਆਖਣ ਲੱਗੀ ਕਿ ਮੈਨੂੰ ਕੀ ਏ ਥੋੜ੍ਹਾ ਜਿਹਾ ਆਟਾ, ਤੇਲ ਅਤੇ ਬਾਲਣ ਲਿਆ ਦੇਵੋ, ਮੈਂ ਤੁਹਾਨੂੰ ਪਕਾ ਕੇ ਦੇ ਦੇਵਾਂਗੀ ਨਾਲੇ ਮਜ਼ੇ ਨਾਲ ਦੋਵੇਂ ਜਣੇ ਖਾਵਾਂਗੇ।

ਪਿੱਦਾ ਆਖਣ ਲੱਗਾ, “ਤੂੰ ਫ਼ਿਕਰ ਨਾ ਕਰ ਮੈਂ ਹੁਣੇ ਹੀ ਆਟਾ ਲੈ ਕੇ ਆਉਂਦਾ ਹਾਂ।” ਪਿੱਦਾ ਉੱਡਦਾ-ਉੱਡਦਾ ਘਰਾਟ ਜਾ ਪਹੁੰਚਿਆ।ਪਿੱਦਾ ਘਰਾਟ ਵਾਲੇ ਨੂੰ ਆਖਣ ਲੱਗਾ ਕਿ ਤੂੰ ਇਥੇ ਬੈਠਾ ਏ, ਤੇਰਾ ਤਾਂ ਨਹਿਰ ਵਾਲਾ ਬੰਨ੍ਹ ਟੁੱਟ ਗਿਆ ਏ, ਘਰਾਟ ਵਾਲਾ ਭੱਜ ਕੇ ਬੰਨ੍ਹ ਵੇਖਣ ਗਿਆ ਤਾਂ ਮਗਰੋਂ ਜਿੰਨਾ ਆਟਾ ਚਾਹੀਦਾ ਸੀ, ਪਿੱਦਾ ਚੁੱਕ ਕੇ ਲੈ ਗਿਆ। ਪਿੱਦੀ ਨੂੰ ਆਟਾ ਦੇ ਕੇ ਪਿੱਦਾ ਤੇਲੀਆਂ ਦੀ ਦੁਕਾਨ ਤੇ ਗਿਆ । ਤੇਲੀ ਨੂੰ ਪਿੱਦਾ ਆਖਣ ਲੱਗਾ, “ਤੇਲੀਆ ਤੂੰ ਦੁਕਾਨੇ ਬੈਠਾ ਏਂ, ਘਰ ਤੁਹਾਡੀ ਬੁੱਢੀ ਮਰ ਗਈ ਏ ।” ਤੇਲੀ ਭੱਜਾ-ਭੱਜਾ ਘਰ ਵੱਲ ਗਿਆ। ਤੇਲੀ ਜਿਵੇਂ ਹੀ ਦੁਕਾਨ ਛੱਡ ਕੇ ਘਰ ਨੂੰ ਗਿਆ, ਮਗਰੋਂ ਪਿੱਦਾ ਤੇਲ ਚੁੱਕ ਕੇ ਲੈ ਗਿਆ। ਇੰਝ ਪਿੱਦੇ ਨੇ ਸਾਰੀਆਂ ਚੀਜ਼ਾਂ ਚਲਾਕੀ ਨਾਲ ਇਕੱਠੀਆਂ ਕਰ ਲਈਆਂ।

ਅਖੀਰ ਪਿੱਦਾ ਬਾਲਣ ਇਕੱਠਾ ਕਰਨ ਲਈ ਜੰਗਲ ਵੱਲ ਗਿਆ। ਬਾਲਣ ਇਕੱਠਾ ਕਰਦੇ ਨੂੰ ਇਕ ਗਿੱਦੜ ਨੇ ਵੇਖ ਲਿਆ। ਗਿੱਦੜ ਆਖਣ ਲੱਗਾ, “ਕਿਉਂ ਪਿੱਦਿਆ ਬਾਲਣ ਕੀ ਕਰਨਾ ਏ ?'' ਪਿੱਦਾ ਆਖਣ ਲੱਗਾ

ਕਿ ਪੂੜੀਆਂ ਖਾਣ ਨੂੰ ਦਿਲ ਕਰਦਾ ਸੀ, ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ, ਬਸ ਬਾਲਣ ਚਾਹੀਦਾ ਸੀ, ਉਹ ਇਕੱਠਾ ਕਰ ਰਿਹਾ ਹਾਂ।ਗਿੱਦੜ ਆਖਣ ਲੱਗਾ ਕਿ ਤੇਰੇ ਨਾਲ ਮੈਂ ਬਾਲਣ ਇਕੱਠਾ ਕਰਵਾਉਂਦਾ ਹਾਂ, ਤੂੰ ਮੇਰੇ ਲਈ ਵੀ ਪੂੜੀਆਂ ਰੱਖ ਲਵੀਂ। ਪਿੱਦਾ, ਗਿੱਦੜ ਦੀ ਗੱਲ ਮੰਨ ਗਿਆ। ਪਿੱਦੇ ਅਤੇ ਗਿੱਦੜ ਨੇ ਬਾਲਣ ਇਕੱਠਾ ਕੀਤਾ। ਪਿੱਦਾ ਬਾਲਣ ਚੁੱਕ ਕੇ ਚਲਾ ਗਿਆ।

ਪਿੱਦੀ ਨੇ ਬੜੇ ਚਾਅ ਨਾਲ ਪੂੜੀਆਂ ਬਣਾਈਆਂ । ਜਿਵੇਂ-ਜਿਵੇਂ ਪੂੜੀਆਂ ਬਣਦੀਆਂ ਗਈਆਂ ਪਿੱਦਾ ਨਾਲੋਂ-ਨਾਲ ਖਾਂਦਾ ਗਿਆ, ਪਿੱਦੀ ਆਖਣ ਲੱਗੀ ਕਿ ਮੇਰੇ ਲਈ ਵੀ ਤਾਂ ਕੁਝ ਬਚੀਆਂ ਰਹਿਣ ਦੇ। ਪਿੱਦੇ ਨੇ ਪੂੜੀਆਂ ਦਾ ਚੰਗਾ ਰੱਜ ਕੀਤਾ। ਪਿੱਦੀ ਨੇ ਵੀ ਬੜੇ ਚਾਅ ਨਾਲ ਪੂੜੀਆਂ ਖਾਧੀਆਂ।ਪੂੜੀਆਂ ਮੁੱਕ ਗਈਆਂ। ਆਟਾ ਤੇ ਤੇਲ ਵੀ ਮੁੱਕ ਗਿਆ। ਪਿੱਛੇ ਨੂੰ ਖ਼ਿਆਲ ਆਇਆ ਕਿ ਗਿੱਦੜ ਨੇ ਵੀ ਘਰ ਪੂੜੀਆਂ ਖਾਣ ਆਉਣਾ ਸੀ। ਉਹ ਤਾਂ ਸਾਰਾ ਦਿਨ ਦਾ ਭੁੱਖਾ ਹੋਣਾ ਏ ਪੂਰੀਆਂ ਦੇ ਚਾਅ ਵਿਚ। ਜੇ ਗਿੱਦੜ ਨੂੰ ਪੂੜੀਆਂ ਨਾ ਮਿਲੀਆਂ ਤਾਂ ਉਹ ਸਾਨੂੰ ਖਾ ਜਾਵੇਗਾ | ਪਿੱਦਾ ਪਿੱਦੀ ਨੂੰ ਆਖਣ ਲੱਗਾ ਕਿ ਚੁੱਪ ਕਰਕੇ ਚੁੱਲ੍ਹੇ ਵਿਚ ਲੁੱਕ ਜਾਂਦੇ ਹਾਂ। ਗਿੱਦੜ ਆਪੇ ਲੱਭ ਕੇ ਮੁੜ ਜਾਵੇਗਾ। ਪਿੱਦਾ ਅਤੇ ਪਿੱਦੀ ਦੋਵੇਂ ਚੁੱਲ੍ਹੇ ਵਿਚ ਲੁਕ ਗਏ।

ਉਧਰੋਂ ਗਿੱਦੜ ਸਾਰਾ ਦਿਨ ਦਾ ਭੁੱਖਾ, ਮੂੰਹ ਸੰਵਾਰਦਾ ਪਿੱਦੇ ਦੇ ਘਰ ਵੱਲ ਆ ਰਿਹਾ ਸੀ। ਗਿੱਦੜ ਜਦੋਂ ਪਿੱਦੇ ਦੇ ਘਰ ਵੜਿਆ ਤਾਂ ਉਥੇ ਕੋਈ ਵੀ ਨਹੀਂ ਸੀ। ਨਾ ਆਟਾ, ਨਾ ਪੂੜੀਆਂ, ਨਾ ਤੇਲ, ਨਾ ਬਾਲਣ। ਗਿੱਦੜ ਕ੍ਰੋਧ ਵਿਚ ਆ ਗਿਆ। ਉਹ ਸਮਝ ਗਿਆ ਕਿ ਪਿੱਦੇ ਨੇ ਮੈਨੂੰ ਬੇਵਕੂਫ਼ ਬਣਾਇਆ ਹੈ।ਗਿੱਦੜ ਪਿੱਦੇ ਤੇ ਪਿੱਦੀ ਨੂੰ ਲੱਭਣ ਲੱਗ ਪਿਆ ਪਰ ਉਹ ਦੋਵੇਂ ਨਾ ਲੱਭੇ। ਅਚਾਨਕ ਪਿੱਦਾ, ਪਿੱਦੀ ਨੂੰ ਕਹਿਣ ਲੱਗਾ ਕਿ ਮੈਨੂੰ ਪੱਦ ਆ ਰਿਹਾ ਏ।ਪਿੱਦੀ ਕਹਿਣ ਲੱਗੀ ਕਿ ਕੁੱਝ ਚਿਰ ਰੋਕ ਲਵੋ ਅਗਰ ਗਿੱਦੜ ਨੂੰ ਪਤਾ ਲੱਗ ਗਿਆ ਤਾਂ ਸਾਨੂੰ ਖਾ ਜਾਵੇਗਾ। ਪਿੱਦੇ ਨੇ ਕੁੱਝ ਚਿਰ ਤਾਂ ਪੱਦ ਰੋਕ ਛੱਡਿਆ ਪਰ ਜਦੋਂ ਪਿੱਦਾ, ਪੱਦ ਨੂੰ ਨਾ ਰੋਕ ਸਕਿਆ ਤਾਂ ਉਸਨੇ ਜ਼ੋਰ ਦੀ ਪੱਦ ਮਾਰ ਦਿੱਤਾ। ਚੁੱਲ੍ਹੇ ਵਿੱਚੋਂ ਧੂੜ ਉੱਪਰ ਵੱਲ ਨੂੰ ਉੱਡੀ। ਗਿੱਦੜ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਚੁੱਲ੍ਹੇ ਵਿੱਚੋਂ ਧੂੜ ਕਿਵੇਂ ਉਡ ਪਈ।

ਜਦੋਂ ਗਿੱਦੜ ਨੇ ਚੁੱਲ੍ਹੇ ਵਿਚ ਵੇਖਿਆ ਤਾਂ ਚੁੱਲ੍ਹੇ ਵਿਚ ਪਿੱਦਾ ਅਤੇ ਪਿੱਦੀ ਲੁਕ ਕੇ ਬੈਠੇ ਸਨ। ਇਸ ਤੋਂ ਪਹਿਲਾਂ ਕਿ ਪਿੱਦਾ ਤੇ ਪਿੱਦੀ ਉੱਡਦੇ, ਗਿੱਦੜ ਨੇ ਝੱਟਪਟ ਪੰਜਾ ਮਾਰ ਕੇ ਦੋਵਾਂ ਨੂੰ ਫੜ੍ਹ ਲਿਆ।ਇਸ ਤੋਂ ਪਹਿਲਾਂ ਕਿ ਉਹ ਦੋਵੇਂ ਗਿੱਦੜ ਤੋਂ ਮੁਆਫ਼ੀ ਮੰਗਦੇ, ਭੁੱਖੇ ਗਿੱਦੜ ਨੇ ਦੋਵਾਂ ਨੂੰ ਆਪਣੇ ਦੰਦਾਂ ਨਾਲ ਚੱਬ-ਚੱਬ ਕੇ ਖਾ ਲਿਆ।


Post a Comment

0 Comments