Punjab Bed Time Story "Char Pave ate Char Pahir" "ਚਾਰ ਪਾਵੇ ਅਤੇ ਚਾਰ ਪਹਿਰ " Punjabi Moral Story for Kids, Dadi-Nani Diya Kahani.

ਚਾਰ ਪਾਵੇ ਅਤੇ ਚਾਰ ਪਹਿਰ 



ਇਕ ਵਾਰ ਦੀ ਗੱਲ ਹੈ ਕਿ ਇਕ ਰਾਜੇ ਦਾ ਇਕੋ-ਇਕ ਪੁੱਤਰ ਸੀ ਜੋ ਕਿ ਬਹੁਤ ਹੀ ਸੋਹਣਾ ਸੀ। ਰਾਜੇ ਨੇ ਆਪਣੇ ਰਾਜਕੁਮਾਰ ਦਾ ਵਿਆਹ ਬੜੇ ਹੀ ਚਾਵਾਂ ਨਾਲ ਕੀਤਾ। ਇਕ ਦਿਨ ਰਾਜਕੁਮਾਰ ਅਤੇ ਉਸਦੀ ਰਾਣੀ ਘੋੜੇ ਉੱਪਰ ਬਹਿ ਕੇ ਆਪਣੇ ਰਾਜ ਵਿਚ ਘੁੰਮਣ-ਫਿਰਨ ਗਏ । ਘੁੰਮਦੇ-ਘੁੰਮਦੇ ਦੋਵੇਂ ਜਣੇ ਇਕ ਜੰਗਲ ਵਿਚੋਂ ਦੀ ਗੁਜ਼ਰ ਰਹੇ ਸਨ। ਦੋਹਾਂ ਨੂੰ ਪਿਆਸ ਬਹੁਤ ਲੱਗੀ ਹੋਈ ਸੀ। ਜੰਗਲ ਵਿਚ ਸੱਤ ਜਾਦੂਗਰ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਰਹਿੰਦੀਆਂ ਸਨ। ਉਹ ਅਕਸਰ ਆਉਂਦੇ-ਜਾਂਦੇ ਲੋਕਾਂ ਨੂੰ ਲੁੱਟ ਕੇ ਮਾਰ ਦਿੰਦੇ ਸਨ। ਰਾਜਕੁਮਾਰ ਅਤੇ ਉਸਦੀ ਪਤਨੀ ਦੋਵੇਂ ਜਣੇ ਉਨ੍ਹਾਂ ਦੇ ਘਰ ਪੁੱਜ ਗਏ ਅਤੇ ਜਾਦੂਗਰਾਂ ਦੀ ਵੱਡੀ ਭੈਣ ਨੂੰ ਪਾਣੀ ਪਿਲਾਉਣ ਲਈ ਕਿਹਾ। ਉਸ ਦਿਨ ਉਸ ਕੁੜੀ ਦੇ ਭਰਾ ਘਰ ਨਹੀਂ ਸਨ। ਉਹ ਕੁੜੀ ਰਾਜਕੁਮਾਰ ਨੂੰ ਵੇਖਦਿਆਂ ਹੀ ਉਸ ਉੱਤੇ ਮੋਹਿਤ ਹੋ ਗਈ। ਉਸ ਕੁੜੀ ਨੇ ਜਦੋਂ ਦੋਹਾਂ ਨੂੰ ਵੇਖਿਆ ਤਾਂ ਪਹਿਲਾਂ ਹੱਸ ਪਈ ਤੇ ਫਿਰ ਰੋਣ ਲੱਗ ਪਈ। ਰਾਜਕੁਮਾਰ ਉਸਨੂੰ ਆਖਣ ਲੱਗਾ ਕਿ ਤੂੰ ਪਹਿਲਾਂ ਹੱਸੀ ਤੇ ਫਿਰ ਰੋਣ ਲੱਗ ਪਈ, ਇਸਦਾ ਕੀ ਕਾਰਨ ਏ ? ਉਹ ਲੜਕੀ ਆਖਣ ਲੱਗੀ ਕਿ ਹੁਣ ਤੁਸੀਂ ਬਚ ਕੇ ਨਹੀਂ ਜਾ ਸਕਦੇ। ਤੁਹਾਡੀ ਮੌਤ ਅਤੇ ਜ਼ਿੰਦਗੀ ਦੋਵੇਂ ਮੇਰੇ ਹੱਥ ਹਨ। ਰਾਜਕੁਮਾਰ ਆਖਣ ਲੱਗਾ ਕਿ ਉਹ ਕਿਸ ਤਰ੍ਹਾਂ ? ਕੁੜੀ ਆਖਣ ਲੱਗੀ ਕਿ ਇਕ ਘੜੇ ਵਿਚ ਜ਼ਹਿਰ ਵਾਲਾ ਪਾਣੀ ਹੈ ਅਤੇ ਦੂਜੇ ਵਿਚ ਸਾਫ਼ ਪਾਣੀ। ਅਸੀਂ ਸਾਰਿਆਂ ਨੂੰ ਜ਼ਹਿਰ ਵਾਲਾ ਪਾਣੀ ਪਿਲਾ ਕੇ ਮਾਰ ਦਿੰਦੇ ਹਾਂ ਤੇ ਲੁੱਟ ਲੈਂਦੇ ਹਾਂ ਰਾਜਕੁਮਾਰ ਆਖਣ ਲੱਗਾ ਕਿ ਸਾਨੂੰ ਤਾਂ ਬੜੀ ਪਿਆਸ ਲੱਗੀ ਹੈ ਤੇ ਪਿਆਸੇ ਮਰਨ ਨਾਲ ਚੰਗਾ ਏ ਕਿ ਪਾਣੀ ਪੀ ਕੇ ਮਰੀਏ। ਅੱਗੇ ਤੇਰੀ ਮਰਜ਼ੀ, ਜਿਹੜਾ ਮਰਜ਼ੀ ਪਾਣੀ ਪਿਲਾ ਦੇ। ਉਸ ਕੁੜੀ ਨੇ ਉਸਨੂੰ ਸਾਫ਼ ਪਾਣੀ ਪਿਆ ਦਿੱਤਾ ਤੇ ਆਖਣ ਲੱਗੀ ਕਿ ਹੇ ਰਾਜਕੁਮਾਰ ! ਮੈਂ ਮਨ ਹੀ ਮਨ ਤੈਨੂੰ ਆਪਣਾ ਪਤੀ ਮੰਨ ਲਿਆ ਹੈ। ਕੀ ਤੁਸੀਂ ਮੈਨੂੰ ਆਪਣੀ ਪਤਨੀ ਸਵੀਕਾਰ ਕਰੋਗੇ ? ਰਾਜਕੁਮਾਰ ਉਸ ਕੁੜੀ ਨੂੰ ਪਹਿਲੀ ਪਤਨੀ ਦੀ ਹਾਮੀ ਭਰਨ ਉੱਤੇ ਆਪਣੀ ਦੂਜੀ ਪਤਨੀ ਸਵੀਕਾਰ ਕਰ ਲਿਆ।

ਉਹ ਕੁੜੀ ਰਾਜਕੁਮਾਰ ਨੂੰ ਆਖਣ ਲੱਗੀ ਕਿ ਛੇਤੀ ਕਰੋ, ਇਥੋਂ ਚਲੇ ਜਾਈਏ। ਮੇਰੇ ਭਰਾ ਆਉਣ ਵਾਲੇ ਹਨ।ਜੇਕਰ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਿਆ ਹੈ ਤਾਂ ਉਹ ਤੁਹਾਡੇ ਸਮੇਤ ਮੈਨੂੰ ਵੀ ਮਾਰ ਦੇਣਗੇ। ਉਹ ਤਿੰਨੋਂ ਜਣੇ ਘੋੜੇ ’ਤੇ ਚੜ੍ਹ ਕੇ ਕਾਹਲੀ-ਕਾਹਲੀ ਉਥੋਂ ਤੁਰ ਪਏ । ਭਰਾਵਾਂ ਦੇ ਘਰ ਆਉਣ ਉੱਤੇ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀ ਛੋਟੀ ਭੈਣ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਵੱਡੀ ਭੈਣ ਕਿਸੇ ਨਾਲ ਵਿਆਹ ਕਰਵਾ ਕੇ ਚਲੀ ਗਈ ਹੈ ਤਾਂ ਉਨ੍ਹਾਂ ਨੇ ਰਾਜਕੁਮਾਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਿਚ ਇਕ ਅਜਿਹਾ ਜਾਦੂਗਰ ਸੀ ਜਿਸ ਦੀ ਨਜ਼ਰ ਚਾਲੀ ਮੀਲ ਤੀਕ ਪੁੱਜਦੀ ਸੀ। ਉਸਨੇ ਝਟਪਟ ਰਾਜਕੁਮਾਰ ਨੂੰ ਪੈਂਤੀ ਮੀਲ 'ਤੇ ਜਾਂਦਿਆਂ ਵੇਖ ਲਿਆ ਅਤੇ ਉਹ ਸੱਤੇ ਜਣੇ ਜਾਦੂ ਦੇ ਨਾਲ ਉਨ੍ਹਾਂ ਕੋਲ ਪਹੁੰਚ ਗਏ। ਉਥੇ ਪੁੱਜਦਿਆਂ ਹੀ ਉਨ੍ਹਾਂ ਨੇ ਰਾਜਕੁਮਾਰ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਨ੍ਹਾਂ ਦੋਵਾਂ ਕੁੜੀਆਂ ਨੂੰ ਇਹ ਸੋਚ ਕੇ ਜੀਊਂਦਾ ਰਹਿਣ ਦਿੱਤਾ ਕਿ ਆਪੇ ਹੀ ਬੀਆਬਾਨ ਜੰਗਲ ਵਿਚ ਭਟਕਦੀਆਂ, ਪਾਣੀ ਤੇ ਰੋਟੀ ਤੋਂ ਬਿਨਾਂ ਭੁੱਖੀਆਂ ਮਰ ਜਾਣਗੀਆਂ। ਉਹ ਸੱਤੇ ਜਾਦੂਗਰ ਵਾਪਸ ਚਲੇ ਗਏ।

ਦੋਵਾਂ ਰਾਣੀਆਂ ਨੇ ਰੋਣਾ ਸ਼ੁਰੂ ਕਰ ਦਿੱਤਾ। ਪਹਿਲੀ ਰਾਣੀ, ਦੂਜੀ ਨੂੰ ਆਖਣ ਲੱਗੀ ਕਿ ਅਸੀਂ ਆਪਣੇ ਮਹੱਲਾਂ ਨੂੰ ਵੀ ਵਾਪਸ ਨਹੀਂ ਜਾ ਸਕਦੀਆਂ ਕਿਉਂਕਿ ਅਸੀਂ ਦੋਵੇਂ ਮੁਹੱਲਾਂ ਦਾ ਤਿਆਗ ਕਰਕੇ ਆਈਆਂ ਸਾਂ।ਇਸ ਰਾਜਕੁਮਾਰ ਨੇ ਮੇਰੇ ਨਾਲ ਪ੍ਰੇਮ ਵਿਆਹ ਕੀਤਾ ਸੀ ਜੋ ਇਨ੍ਹਾਂ ਦੇ ਮਾਂ-ਬਾਪ ਨੂੰ ਪਸੰਦ ਨਹੀਂ ਸੀ। ਭਾਵੇਂ ਕਿ ਮੇਰੇ ਸਹੁਰੇ ਨੇ ਸਾਡਾ ਵਿਆਹ ਕਰਵਾ ਦਿੱਤਾ ਸੀ ਪਰ ਸਾਡੇ ਨਾਲ ਉਨ੍ਹਾਂ ਦਾ ਵਿਵਹਾਰ, ਵਿਆਹ ਤੋਂ ਬਾਅਦ ਚੰਗਾ ਨਹੀਂ ਸੀ। ਦੁਖੀ ਹੋ ਕੇ ਅਸੀਂ ਘਰ ਨੂੰ ਸਦਾ ਲਈ ਛੱਡ ਆਏ ਸੀ। ਇੰਨੀ ਗੱਲ ਸੁਣ ਕੇ ਦੂਜੀ ਰਾਣੀ, ਰਾਜਕੁਮਾਰ ਦੀ ਮੌਤ ਤੇ ਪਹਿਲੀ ਰਾਣੀ ਦੇ ਦੁੱਖ ਦੀ ਜ਼ਿੰਮੇਵਾਰ ਆਪਣੇ-ਆਪ ਨੂੰ ਸਮਝਣ ਲੱਗੀ ਤੇ ਸੱਚੇ ਦਿਲੋਂ ਰੱਬ ਅੱਗੇ ਅਰਦਾਸ ਕਰਨ ਲੱਗੀ ਕਿ ਹੇ ਰੱਬਾ! ਤੂੰ ਸਾਡੇ ਗੁਨਾਹਾਂ ਦੀ ਸਜ਼ਾ ਇਨ੍ਹਾਂ ਦੋਵਾਂ ਨੂੰ ਨਾ ਦੇ। ਇੰਨੇ ਨੂੰ ਇਕ ਜਟਾਧਾਰੀ ਸਾਧੂ ਝਾੜੀਆਂ ਵਿਚੋਂ ਨਿਕਲਿਆ ਤੇ ਉਸਨੇ ਦੋਹਾਂ ਰਾਣੀਆਂ ਦੀ ਦਰਦ ਕਹਾਣੀ ਨੂੰ ਸੁਣਿਆ। ਸਾਧੂ ਨੇ ਉਨ੍ਹਾਂ ਦੀ ਫਰਿਆਦ ਉੱਤੇ ਉਨ੍ਹਾਂ ਨੂੰ ਦੋ ਬੂੰਦਾਂ ਜਲ ਦੀਆਂ ਆਪਣੀ ਗੜਵੀ ਵਿਚੋਂ ਕੱਢੀਆਂ ਤੇ ਰਾਜਕੁਮਾਰ 'ਤੇ ਛਿੜਕ ਦਿੱਤੀਆਂ। ਕੁਝ ਪਲਾਂ ਵਿਚ ਹੀ ਰਾਜਕੁਮਾਰ ਜਿੰਦਾ ਹੋ ਗਿਆ ਤੇ ਉਹ ਸਾਧੂ ਉਥੋਂ ਅਲੋਪ ਹੋ ਗਿਆ। ਦੋਹਾਂ ਰਾਣੀਆਂ ਨੇ ਸਾਧੂ ਦਾ ਮਨ ਹੀ ਮਨ ਧੰਨਵਾਦ ਕੀਤਾ ਅਤੇ ਸਾਰੀ ਗੱਲ ਰਾਜਕੁਮਾਰ ਨੂੰ ਦੱਸ ਦਿੱਤੀ।

ਫਿਰ ਉਹ ਤਿੰਨੋਂ ਜਣੇ ਤੁਰ ਪਏ । ਕੁਝ ਦੂਰ ਜਾ ਕੇ ਰਾਜਕੁਮਾਰ ਨੇ ਜਿਵੇਂ ਹੀ ਜੇਬ ਵਿਚ ਹੱਥ ਮਾਰਿਆ ਤਾਂ ਪੰਜ ਅਸ਼ਰਫ਼ੀਆਂ ਨਿਕਲੀਆਂ। ਰਾਜਕੁਮਾਰ, ਰਾਣੀਆਂ ਨੂੰ ਆਖਣ ਲੱਗਾ ਕਿ ਤੁਸੀਂ ਬੈਠੋ ਅਤੇ ਮੈਂ ਨੇੜੇ ਕਿਸੇ ਪੈਂਦੇ ਸ਼ਹਿਰ ਵਿਚੋਂ ਖਾਣ ਲਈ ਸਮਾਨ ਲੈ ਕੇ ਆਉਂਦਾ ਹਾਂ। ਰਾਜਕੁਮਾਰ ਉਨ੍ਹਾਂ ਨੂੰ ਉਥੇ ਬਿਠਾ ਕੇ ਆਪ ਨੇੜਿਓਂ ਕਿਸੇ ਸ਼ਹਿਰ ਵਿਚੋਂ ਸਮਾਨ ਲੈਣ ਤੁਰ ਪਿਆ। ਰਾਜਕੁਮਾਰ ਕਿਸੇ ਹੋਰ ਰਾਜੇ ਦੇ ਸ਼ਹਿਰ ਪੁੱਜ ਗਿਆ ਤੇ ਹਰ ਇਕ ਦੁਕਾਨ ਉੱਤੇ ਕੁਝ ਪੈਸੇ ਦੇ ਕੇ ਆਖਦਾ ਜਾਵੇ ਕਿ ਮੈਂ ਆਉਂਦੀ ਵਾਰੀ ਚੀਜ਼ਾਂ ਲੈ ਜਾਵਾਂਗਾ। ਜਿਵੇਂ ਹੀ ਰਾਜਕੁਮਾਰ ਜਾ ਰਿਹਾ ਸੀ ਕਿ ਇਕ ਬੰਗਾਲਣ ਦੀ ਨਜ਼ਰ ਉਹਦੇ 'ਤੇ ਪੈ ਗਈ। ਰਾਜਕੁਮਾਰ ਦਾ ਸੋਹਣਾ ਚਿਹਰਾ ਉਸ ਤੋਂ ਵੇਖਿਆ ਨਾ ਗਿਆ। ਬੰਗਾਲਣ ਨੇ ਇਕ ਮਾਹਾਂ ਦਾ ਦਾਣਾ ਰਾਜਕੁਮਾਰ ਦੇ ਸਿਰ ਵਿਚ ਮਾਰਿਆ ਅਤੇ ਉਸਨੂੰ ਭੇਡ ਬਣਾ ਦਿੱਤਾ ਅਤੇ ਆਪਣੇ ਲਾਗੇ ਗੱਡੇ ਖੁੰਡੇ ਨਾਲ ਬੰਨ੍ਹ ਦਿੱਤਾ। ਜਦੋਂ ਬਹੁਤ ਦੇਰ ਹੋ ਗਈ ਤਾਂ ਉਹ ਦੋਵੇਂ ਰਾਣੀਆਂ ਰਾਜਕੁਮਾਰ ਦੀ ਚਿੰਤਾ ਕਰਨ ਲੱਗ ਪਈਆਂ। ਜਾਦੂਗਰਾਂ ਦੀ ਭੈਣ ਨੇ ਮਰਦਾਂ ਵਾਲਾ ਭੇਸ ਬਦਲ ਲਿਆ ਤੇ ਪਹਿਲੀ ਰਾਣੀ ਨੂੰ ਨਾਲ ਲੈ ਕੇ ਰਾਜਕੁਮਾਰ ਨੂੰ ਲੱਭਣ ਲਈ ਉਸੇ ਸ਼ਹਿਰ ਵੱਲ ਤੁਰ ਪਈ ਜਿਥੇ ਰਾਜਕੁਮਾਰ ਗਿਆ ਸੀ। ਸ਼ਹਿਰ ਵਿਚ ਪੁੱਜਦੇ ਸਾਰ ਉਨ੍ਹਾਂ ਨੇ ਇਕ ਦੁਕਾਨਦਾਰ ਤੋਂ ਆਪਣੇ ਪਤੀ ਬਾਰੇ ਪੁੱਛਿਆ। ਦੁਕਾਨਦਾਰ ਆਖਣ ਲੱਗਾ ਕਿ ਚੰਗਾ ਤੁਹਾਡਾ ਦੋਸਤ ਹੈ, ਪੈਸੇ ਦੇ ਗਿਆ ਤੇ ਆਖਣ ਲੱਗਾ ਕਿ ਅੱਗਿਓਂ ਸਮਾਨ ਲੈ ਕੇ ਆਉਂਦਾ ਹਾਂ ਤੇ ਆਉਂਦੀ ਵਾਰੀ ਸਾਮਾਨ ਲੈ ਲਵਾਂਗਾ ਪਰ ਅਜੇ ਤਕ ਆਇਆ ਹੀ ਨਹੀਂ ।

ਦੋਹਾਂ ਨੂੰ ਅੰਦਾਜ਼ਾ ਹੋ ਗਿਆ ਕਿ ਸਾਡਾ ਪਤੀ ਅੱਗੇ ਗਿਆ ਹੈ ਤੇ ਉਹ ਦੋਵੇਂ ਅਗਾਂਹ ਤੁਰ ਪਈਆਂ।ਜਿਵੇਂ ਉਹ ਦੋਵੇਂ ਬੰਗਾਲਣ ਦੇ ਨੇੜੇ ਪੁੱਜੀਆਂ ਤਾਂ ਬੰਦਾ ਬਣੀ ਜਾਦੂਗਰਾਂ ਦੀ ਭੈਣ ਦੀ ਨਜ਼ਰ ਭੇਡੂ 'ਤੇ ਜਾ ਪਈ। ਜਾਦੂਗਰਾਂ ਦੀ ਭੈਣ ਹੋਣ ਕਾਰਨ ਉਸਦੀ ਨਜ਼ਰ ਵੀ ਕਾਫ਼ੀ ਤੇਜ਼ ਸੀ। ਉਹ ਝਟਪਟ ਪਛਾਣ ਗਈ ਕਿ ਭੇਡੂ ਬਣਿਆ ਰਾਜਕੁਮਾਰ ਹੀ ਉਨ੍ਹਾਂ ਦਾ ਪਤੀ ਹੈ ਤੇ ਇਹ ਬੰਗਾਲਣ ਸਭ ਤੋਂ ਵੱਡੀ ਜਾਦੂਗਰਨੀ ਹੈ ।ਉਸਨੇ ਸਾਰੀ ਗੱਲ ਵੱਡੀ ਰਾਣੀ ਨੂੰ ਦੱਸੀ। ਪਰ ਦੋਵੇਂ ਕੀ ਕਰ ਸਕਦੀਆਂ ਸਨ ? ਉਹ ਦੋਵੇਂ ਪਤੀ-ਪਤਨੀ ਬਣ ਕੇ ਸ਼ਹਿਰ ਵਿਚ ਰਹਿਣ ਲੱਗ ਪਈਆਂ। ਛੋਟੀ ਰਾਣੀ ਹਰ ਰੋਜ਼ ਸੋਚਦੀ ਕਿ ਕਿਸ ਤਰ੍ਹਾਂ ਉਸ ਰਾਜਕੁਮਾਰ ਨੂੰ ਛੁਡਾਇਆ ਜਾਵੇ । ਉਸ ਸ਼ਹਿਰ ਵਿਚ ਹਰ ਰੋਜ਼ ਕਚਹਿਰੀ ਲੱਗਦੀ ਸੀ। ਪਤੀ ਬਣੀ ਛੋਟੀ ਰਾਣੀ ਹਰ ਰੋਜ਼ ਕਚਹਿਰੀ ਵੇਖਦੀ ਤੇ ਮੁੜ ਆਉਂਦੀ। ਇਕ ਦਿਨ ਉਸ ਰਾਜੇ ਦਾ ਵਜ਼ੀਰ ਉਸਨੂੰ ਫੜ ਕੇ ਰਾਜੇ ਕੋਲ ਲੈ ਗਿਆ ਤੇ ਆਖਣ ਲੱਗਾ ਕਿ ਹੇ ਰਾਜਾ ਜੀ ! ਇਹ ਲੜਕਾ ਹਰ ਰੋਜ਼ ਕਚਹਿਰੀ ਆਉਂਦਾ ਹੈ ਪਰ ਚੁੱਪ ਹੀ ਰਹਿੰਦਾ ਹੈ, ਤੁਸੀਂ ਇਸਦੀ ਫ਼ਰਿਆਦ ਪੁੱਛੋ ।

ਰਾਜੇ ਦੇ ਪੁੱਛਣ 'ਤੇ ਉਹ ਲੜਕਾ ਆਖਣ ਲੱਗਾ ਕਿ ਹੇ ਰਾਜਨ ! ਮੈਂ ਗਰੀਬ ਹਾਂ ਤੇ ਮੇਰੀ ਪਤਨੀ ਵੀ ਮੇਰੇ ਨਾਲ ਹੈ। ਰੋਟੀ ਦਾ ਕੋਈ ਸਾਧਨ ਨਹੀਂ ਹੈ। ਜੇ ਤੁਸੀਂ ਕੋਈ ਨੌਕਰੀ ਦੇ ਦੇਵੋ ਤਾਂ ਤੁਹਾਡੀ ਮਿਹਰਬਾਨੀ ਹੋਵੇਗੀ। ਰਾਜੇ ਨੇ ਉਸਦੀ ਸੋਹਣੀ ਸੂਰਤ ਤੇ ਸੋਹਲ ਸਰੀਰ ਵੇਖ ਕੇ ਉਸਨੂੰ ਆਪਣੇ ਪਲੰਘ ਦੀ ਰਾਤ ਨੂੰ ਰਾਖੀ ਕਰਨ ਦੀ ਨੌਕਰੀ ਦੇ ਦਿੱਤੀ।

ਉਹ ਲੜਕਾ ਹਰ ਰਾਤ ਰਾਜੇ ਦੇ ਪਲੰਘ ਦੀ ਰਾਖੀ ਕਰਦਾ । ਰਾਜੇ ਦਾ ਪਲੰਘ ਅਜਿਹਾ ਸੀ ਕਿ ਉਸਦੇ ਚਾਰੋ ਪਾਵੇ ਆਪਸ ਵਿਚ ਰਾਤ ਨੂੰ ਗੱਲਾਂ ਕਰਦੇ ਹੁੰਦੇ ਸਨ ਪਰ ਇਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਸੀ। ਇਥੋਂ ਤਕ ਕਿ ਰਾਜੇ ਨੂੰ ਵੀ ਨਹੀਂ ਸੀ ਪਤਾ। ਇਕ ਦਿਨ ਰਾਜਾ ਛੇਤੀ ਸੌਂ ਗਿਆ। ਉਹ ਲੜਕਾ ਤਲਵਾਰ ਫੜ ਕੇ ਉਸਦੇ ਪਲੰਘ ਦੀ ਰਾਖੀ ਕਰ ਰਿਹਾ ਸੀ। ਅਚਾਨਕ ਥੋੜ੍ਹਾ ਜਿਹਾ ਹਨੇਰਾ ਹੋਇਆ ਤੇ ਉਹ ਚਾਰੇ ਪਾਵੇ ਆਪਸ ਵਿਚ ਗੱਲਾਂ ਕਰਨ ਲੱਗ ਪਏ। ਉਨ੍ਹਾਂ ਦੀਆਂ ਗੱਲਾਂ ਕੇਵਲ ਸੱਚੇ ਮਨ ਵਾਲੇ ਤੇ ਕਰਮਾਂ ਵਾਲੇ ਨੂੰ ਹੀ ਸੁਣਦੀਆਂ ਸਨ। ਜਿਵੇਂ ਹੀ ਉਹ ਗੱਲਾਂ ਕਰਨ ਲੱਗੇ ਤਾਂ ਉਨ੍ਹਾਂ ਦੀ ਆਵਾਜ਼ ਉਸ ਲੜਕੇ ਦੇ ਕੰਨੀਂ ਪਈ। ਲੜਕਾ ਹੈਰਾਨ ਰਹਿ ਗਿਆ ਕਿ ਚਾਰੋ ਪਾਵੇ ਕਿਵੇਂ ਬੰਦਿਆਂ ਵਾਂਗ ਗੱਲਾਂ ਕਰ ਰਹੇ ਹਨ। ਪਹਿਲੇ ਪਹਿਰ, ਇਕ ਪਾਵਾ ਦੂਜਿਆਂ ਨੂੰ ਆਖਣ ਲੱਗਾ ਕਿ ਯਾਰ, ਮੇਰਾ ਘੁੰਮਣ- ਫਿਰਨ ਨੂੰ ਦਿਲ ਕਰ ਰਿਹਾ ਏ। ਤੁਸੀਂ ਜ਼ਰਾ ਕੁ ਰਾਜੇ ਦਾ ਭਾਰ ਸਾਂਭਿਓ, ਮੈਂ ਘੁੰਮ ਫਿਰ ਆਵਾਂ। ਬਾਕੀ ਪਾਵੇ ਆਖਣ ਲੱਗੇ—ਤੂੰ ਫ਼ਿਕਰ ਨਾ ਕਰ। ਜਾ ਘੁੰਮ ਫਿਰ ਆ। ਪਾਵਾ ਘੁੰਮਣ ਫਿਰਨ ਚਲਾ ਗਿਆ ਤੇ ਕੁਝ ਚਿਰ ਬਾਅਦ ਘੁੰਮ ਫਿਰ ਕੇ ਆ ਗਿਆ। ਬਾਕੀ ਪਾਵਿਆਂ ਦੇ ਪੁੱਛਣ ਉੱਤੇ ਕਿ ਤੂੰ ਕੀ ਕੁਝ ਵੇਖ ਕੇ ਆਇਆ ਏਂ ? ਪਾਵਾ ਆਖਣ ਲੱਗਾ ਕਿ ਯਾਰ ਮੱਕੜ ਚਾਨਣੀ ਰਾਤ ਐ। ਮੈਂ ਸ਼ਹਿਰ ਦੇ ਬਾਹਰ ਇਕ ਛੱਪੜੀ ਵੇਖੀ, ਜਿਸ ਵਿਚ ਇਕ ਸੋਨੇ ਦਾ ਕੱਛੂ ਘੁੰਮ ਰਿਹਾ । ਜੇ ਕੋਈ ਕਰਮਾਂ ਵਾਲਾ ਮੇਰੀ ਗੱਲ ਸੁਣਦਾ ਹੋਵੇ ਤਾਂ ਉਸਨੂੰ ਫੜ ਕੇ ਲਿਆ ਸਕਦਾ ਏ। ਲੜਕੇ ਨੇ ਜਦੋਂ ਇਹ ਗੱਲ ਸੁਣੀ ਤਾਂ ਉਸਨੂੰ ਯਕੀਨ ਆ ਗਿਆ ਤੇ ਫਿਰ ਉਸਨੇ ਵੇਖਿਆ ਕਿ ਰਾਜਾ ਗੂੜ੍ਹੀ ਨੀਂਦ ਵਿਚ ਸੁੱਤਾ ਪਿਆ ਹੈ, ਕਿਉਂ ਨਾ ਹੋਵੇ ਜਾ ਕੇ ਵੇਖ ਹੀ ਆਈਏ।

ਲੜਕਾ ਛੱਪੜੀ ਵੱਲ ਤੁਰ ਪਿਆ ਤੇ ਸੱਚਮੁੱਚ ਸੋਨੇ ਦਾ ਕੱਛੂ ਵੇਖ ਕੇ ਹੈਰਾਨ ਰਹਿ ਗਿਆ। ਲੜਕਾ ਛੱਪੜੀ ਵਿਚ ਜਾ ਵੜਿਆ ਤੇ ਕੱਛ ਫੜ ਕੇ ਰਾਜੇ ਦੇ ਪਲੰਘ ਨੇੜੇ ਲਿਆ ਕੇ ਰੱਖ ਦਿੱਤਾ। ਦੂਜਾ ਪਹਿਰ ਹੋਇਆ ਤਾਂ ਦੂਜਾ ਪਾਵਾ ਆਖਣ ਲੱਗਾ ਕਿ ਮੇਰਾ ਦਿਲ ਵੀ ਘੁੰਮਣ ਨੂੰ ਕਰਦਾ ਹੈ। ਜ਼ਰਾ ਤੁਸੀਂ ਭਾਰ ਸਾਂਭਿਓ ਤੇ ਮੈਂ ਘੁੰਮ ਫਿਰ ਆਵਾਂ। ਕੁਝ ਚਿਰ ਮਗਰੋਂ ਦੂਜਾ ਪਾਵਾ ਵੀ ਘੁੰਮ ਫਿਰ ਕੇ ਆ ਗਿਆ ਤੇ ਆ ਕੇ ਆਖਣ ਲੱਗਾ ਕਿ ਯਾਰ ਅੱਜ ਤਾਂ ਸਵਾਦ ਆ ਗਿਆ। ਆਖਣ ਲੱਗਾ ਕਿ ਮੈਂ ਘੁੰਮਦੇ-ਘੁੰਮਦੇ ਨਹਿਰ ਵਿਚ ਇਕ ਰੁੜ੍ਹਦੀ ਜਾਂਦੀ ਲਾਸ਼ ਵੇਖੀ, ਜਿਸਦੀ ਉਂਗਲ ਵਿਚ ਲੱਖਾਂ ਰੁਪਏ ਦੇ ਹੀਰਿਆਂ ਦੀ ਅੰਗੂਠੀ ਹੈ। ਜੇਕਰ ਕੋਈ ਕਰਮਾਂ ਵਾਲਾ ਸੁਣਦਾ ਹੋਵੇ ਤਾਂ ਉਹ ਅੰਗੂਠੀ ਲਿਆ ਸਕਦਾ ਏ। ਪਾਵੇ ਦੀ ਗੱਲ ਸੁਣਦੇ ਸਾਰ ਹੀ ਉਹ ਲੜਕਾ ਦੌੜ ਕੇ ਗਿਆ ਅਤੇ ਲਾਸ਼ ਦੀ ਉਂਗਲ ਵਿਚੋਂ ਹੀਰਿਆਂ ਦੀ ਅੰਗੂਠੀ ਲਾਹ ਲਿਆਇਆ ਤੇ ਲਿਆ ਕੇ ਸੋਨੇ ਦੇ ਕੱਛੂ ਲਾਗੇ ਰੱਖ ਦਿੱਤੀ। ਉਧਰੋਂ ਤੀਜਾ ਪਹਿਰ ਚੜ੍ਹ ਗਿਆ। ਤੀਜਾ ਪਾਵਾ ਬਾਕੀਆਂ ਨੂੰ ਆਖਣ ਲੱਗਾ-ਯਾਰ ਮੈਂ ਵੀ ਘੁੰਮਣ ਜਾਣਾ ਐ। ਤੁਸੀਂ ਭਾਰ ਸਾਂਭ ਕੇ ਰੱਖਿਓ। ਇੰਨੀ ਗੱਲ ਆਖ ਕੇ ਤੀਜਾ ਪਾਵਾ ਵੀ ਘੁੰਮਣ ਚਲਾ ਗਿਆ। ਜਦੋਂ ਘੁੰਮ ਫਿਰ ਕੇ ਆਇਆ ਤਾਂ ਬਾਕੀ ਪੁੱਛਣ ਲੱਗੇ ਕਿ ਤੂੰ ਕੀ ਵੇਖ ਕੇ ਆਇਆ ਏਂ ? ਉਹ ਆਖਣ ਲੱਗਾ-ਯਾਰ ਨਹਿਰ ਦੇ ਕੰਢੇ ਇਕ ਬੋਹੜ ਦਾ ਦਰਖ਼ਤ ਵੇਖਿਆ। ਜਿਸ ਉੱਤੇ ਇਕ ਪੀਂਘ ਪਈ ਹੋਈ ਏ। ਉਸ ਪੀਂਘ ਉੱਤੇ ਇਕ ਪਰੀਸਤਾਨ ਦੀ ਬੁੱਢੀ ਪਰ ਸੁੰਦਰ ਪਰੀ ਝੂਟੇ ਲੈ ਰਹੀ ਏ ਅਤੇ ਉਸਨੇ ਜਿਹੜੇ ਕੱਪੜੇ ਪਾਏ ਹਨ ਉਹ ਇਸ ਸੰਸਾਰ ਵਿਚ ਕਿਤੇ ਵੀ ਨਹੀਂ ਮਿਲਣੇ ਤੇ ਉਸ ਕੱਪੜੇ ਦੇ ਇਕ ਛੋਟੇ ਜਹੇ ਟੁਕੜੇ ਦੀ ਕੀਮਤ ਕਰੋੜਾਂ ਰੁਪਏ ਹੈ। ਲੜਕੇ ਨੇ ਜਿਵੇਂ ਹੀ ਪਾਵੇ ਦੀ ਗੱਲ ਸੁਣੀ ਤਾਂ ਤਲਵਾਰ ਲੈ ਕੇ ਬੋਹੜ ਵੱਲ ਤੁਰ ਪਿਆ।

ਬੋਹੜ ਨੇੜੇ ਜਾ ਕੇ ਉਹ ਲੜਕਾ ਲੁਕ ਗਿਆ ਤੇ ਜਿਵੇਂ ਹੀ ਉਸ ਪਰੀ ਦਾ ਦੁਪੱਟਾ ਹਵਾ ਵਿਚ ਲਹਿਰਾਇਆ ਤਾਂ ਲੜਕੇ ਨੇ ਦੁਪੱਟੇ ਦਾ ਇਕ ਟੁਕੜੇ ਪ੍ਰਾਪਤ ਕਰਨ ਲਈ ਉਸ ਉੱਤੇ ਵਾਰ ਕੀਤਾ। ਵਾਰ ਕਰਦੇ ਸਮੇਂ ਹੀ ਪਰੀ ਨੇ ਆਖਿਆ ਕਿ ਪੁੱਤਰਾ ਤੂੰ ਕੌਣ ਏਂ ? ਸਾਹਮਣੇ ਆ। ਲੜਕਾ ਡਰਦਾ ਸਾਹਮਣੇ ਆ ਗਿਆ ਤੇ ਸਾਰੀ ਗੱਲ ਦੱਸ ਦਿੱਤੀ। ਪਰੀ ਆਖਣ ਲੱਗੀ ਕਿ ਤੂੰ ਸ਼ੁਕਰ ਕਰ, ਅੱਜ ਮੈਂ ਆਪਣੇ ਦਿਓ ਪੁੱਤਰਾਂ ਨੂੰ ਨਾਲ ਲੈ ਕੇ ਨਹੀਂ ਆਈ, ਨਹੀਂ ਤਾਂ ਉਹ ਤੈਨੂੰ ਇਸ ਵੇਲੇ ਤਕ ਕੱਚੇ ਨੂੰ ਖਾ ਜਾਂਦਾ। ਪਰ ਮੈਂ ਤੈਨੂੰ ਮੁਆਫ਼ ਕਰਦੀ ਹਾਂ ਕਿਉਂਕਿ ਮੇਰੇ ਮੂੰਹੋਂ ਤੇਰੇ ਲਈ ਪੁੱਤਰ ਸ਼ਬਦ ਨਿਕਲ ਗਿਆ ਹੈ। ਤੂੰ ਦੁਪੱਟੇ ਦਾ ਟੁਕੜਾ ਚਾਹੁੰਦਾ ਸੀ। ਆਹ ਲੈ ਪੂਰਾ ਦੁਪੱਟਾ ਲੈ ਜਾ ਅਤੇ ਹੋਰ ਚਾਹੀਦਾ ਹੋਵੇ ਤਾਂ ਰਾਤ ਨੂੰ ਇਸੇ ਬੋਹੜ ਥੱਲੇ ਖੜੋ ਕੇ ਮੈਨੂੰ ਯਾਦ ਕਰੀਂ। ਤੈਨੂੰ ਖ਼ੁਦ ਕੱਪੜਾ ਦੇਣ ਲਈ ਮੇਰੇ ਪੁੱਤਰ ਦਿਓ ਆਉਣਗੇ। ਉਸ ਲੜਕੇ ਨੇ ਦੁਪੱਟਾ ਲਿਆ ਕੇ ਰਾਜੇ ਦੇ ਸਾਹਮਣੇ ਰੱਖ ਦਿੱਤਾ । ਚੌਥਾ ਪਾਵਾ ਆਖਣ ਲੱਗਾ ਕਿ ਭਰਾਵੋ ਤੁਸੀਂ ਸਾਰੇ ਘੁੰਮ ਆਏ। ਮੈਂ ਵੀ ਘੁੰਮਣ ਚੱਲਾ ਹਾਂ। ਤਿੰਨੋ ਪਾਵੇ ਆਖਣ ਲੱਗੇ–“ਭਾਈ, ਤੈਨੂੰ ਕਿਹੜੀ ਨਾਂਹ ਏ। ਜਾ ਘੁੰਮ ਆ।” ਕਾਫ਼ੀ ਚਿਰ ਘੁੰਮਣ-ਫਿਰਨ ਮਗਰੋਂ ਜਦੋਂ ਚੌਥਾ ਪਾਵਾ ਆਇਆ ਤਾਂ ਬਾਕੀ ਆਖਣ ਲੱਗੇ ਕਿ ਕੀ ਗੱਲ ਹੋਈ ? ਬੜਾ ਸਮਾਂ ਲਗਾ ਦਿੱਤਾ ਤੇ ਖ਼ੁਸ਼ ਵੀ ਬੜਾ ਲੱਗਦਾ ਏਂ, ਕੀ ਦੇਖ ਕੇ ਆਇਆ ਏਂ ?

ਚੌਥਾ ਪਹਿਰ ਵਾਲੇ ਪਾਵੇ ਨੇ ਆਖਿਆ ਕਿ ਭਾਈ ਵੇਖਿਆ ਤਾਂ ਕੁਝ ਵੀ ਨਹੀਂ, ਘੁੰਮਿਆ ਵੀ ਬੜਾ ਪਰ ਜਿਥੇ ਵੀ ਗਿਆ, ਹਰ ਥਾਂ ਸੁੱਖ-ਸ਼ਾਂਤੀ, ਆਨੰਦ, ਕੋਈ ਚਿੰਤਾ ਜਾਂ ਰੌਲਾ ਰੱਖਾ ਨਹੀਂ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਏ ਜਿਵੇਂ ਮੈਨੂੰ ਕੋਈ ਚਿੰਤਾ ਹੀ ਨਹੀਂ, ਬਸ ਅਨੰਦ ਹੀ ਅਨੰਦ ਏ। ਏਨੇ ਨੂੰ ਦਿਨ ਚੜ੍ਹ ਆਇਆ।ਰਾਜਾ ਉੱਠ ਖੜਾ ਹੋਇਆ। ਆਪਣੇ ਨੇੜੇ ਬੇਸ਼ੁਮਾਰ ਕੀਮਤ ਵਾਲੀਆਂ ਚੀਜ਼ਾਂ ਵੇਖ ਕੇ ਹੈਰਾਨ ਰਹਿ ਗਿਆ। ਰਾਜਾ ਲੜਕੇ ਨੂੰ ਆਖਣ ਲੱਗਾ ਕਿ ਇਹ ਸਭ ਕਿਥੋਂ ਆਈਆਂ ? ਲੜਕਾ ਆਖਣ ਲੱਗਾ ਕਿ ਮੈਨੂੰ ਦਿਨੇ ਸੁੱਤੇ ਨੂੰ ਸੁਪਨਾ ਆਇਆ ਤੇ ਅੱਜ ਰਾਤੀਂ ਮੈਂ ਸੁਪਨੇ ਵਾਲੀਆਂ ਥਾਵਾਂ ਤੇ ਗਿਆ ਤੇ ਇਹ ਸਭ ਚੀਜ਼ਾਂ ਉਨ੍ਹਾਂ ਥਾਵਾਂ ਤੋਂ ਹੀ ਲੱਭੀਆਂ।ਲੜਕੇ ਨੇ ਸਾਰੀਆਂ ਚੀਜ਼ਾਂ ਰਾਜੇ ਨੂੰ ਦੇ ਦਿੱਤੀਆਂ। ਰਾਜਾ ਬੜਾ ਖ਼ੁਸ਼ ਹੋਇਆ। ਰਾਜੇ ਨੇ ਉਹ ਕੀਮਤੀ ਦੁਪੱਟਾ ਆਪਣੀਆਂ ਸੱਤਾਂ ਰਾਣੀਆਂ ਨੂੰ ਦੇ ਦਿੱਤਾ।

ਰਾਣੀਆਂ ਦੁਪੱਟਾ ਵੇਖ ਕੇ ਹੈਰਾਨ ਹੋ ਗਈਆਂ ਤੇ ਰਾਜੇ ਨੂੰ ਆਖਣ ਲੱਗੀਆਂ ਕਿ ਸਾਨੂੰ ਇਸ ਕੱਪੜੇ ਨਾਲ ਦੇ ਸੂਟ ਵੀ ਚਾਹੀਦੇ ਹਨ, ਨਹੀਂ ਤਾਂ ਅਸੀਂ ਮਰ ਜਾਵਾਂਗੀਆਂ।ਰਾਜਾ ਚੱਕਰਾਂ ਵਿਚ ਪੈ ਗਿਆ ਕਿ ਮੈਂ ਅਜਿਹਾ ਕੱਪੜਾ ਕਿਥੋਂ ਲਿਆਵਾਂ ? ਰਾਜੇ ਨੇ ਸਾਰੀ ਗੱਲ ਉਸ ਲੜਕੇ ਨਾਲ ਕੀਤੀ। ਰਾਜਾ ਆਖਣ ਲੱਗਾ ਕਿ ਜੇਕਰ ਤੂੰ ਉਸ ਦੁਪੱਟੇ ਨਾਲ ਦਾ ਕੱਪੜਾ ਲਿਆ ਦੇਵੇਂਗਾ ਤਾਂ ਤੈਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ। ਲੜਕੇ ਨੇ ਰਾਜੇ ਨੂੰ ਹਾਂ ਕਰ ਦਿੱਤੀ।

ਅਗਲੀ ਰਾਤ ਲੜਕਾ ਬੋਹੜ ਥੱਲੇ ਜਾ ਖਲੋਤਾ ਤੇ ਸੱਚੇ ਦਿਲੋਂ ਪਰੀ ਨੂੰ ਯਾਦ ਕੀਤਾ। ਕੁਝ ਪਲਾਂ ਵਿਚ ਹੀ ਉਹ ਬੁੱਢੀ ਪਰੀ ਲੜਕੇ ਸਾਹਮਣੇ ਆ ਖੜੀ ਹੋਈ। ਲੜਕੇ ਨੇ ਪਰੀ ਨੂੰ ਸਾਰੀ ਗੱਲ ਦੱਸ ਦਿੱਤੀ। ਪਰੀ ਨੇ ਜਿਵੇਂ ਹੀ ਛੜੀ ਘੁਮਾਈ, ਪੰਜ-ਸੱਤ ਦਿਓ ਥਾਨਾਂ ਦੇ ਥਾਨ ਲੈ ਕੇ ਆ ਗਏ ਤੇ ਲੜਕੇ ਨੂੰ ਫੜਾ ਕੇ ਅਲੋਪ ਹੋ ਗਏ। ਲੜਕੇ ਨੇ ਪਰੀ ਦਾ ਧੰਨਵਾਦ ਕੀਤਾ ਤੇ ਥਾਨ ਲੈ ਕੇ ਰਾਜੇ ਕੋਲ ਆ ਗਿਆ। ਰਾਜਾ ਕੱਪੜੇ ਦੇ ਥਾਨ ਵੇਖ ਕੇ ਬਹੁਤ ਖ਼ੁਸ਼ ਹੋਇਆ ਤੇ ਆਖਣ ਲੱਗਾ ਕਿ ਮੰਗ ਕੀ ਚਾਹੀਦਾ ਏ? ਮੁੰਡਾ ਆਪਣ ਲੱਗਾ—ਹੇ ਰਾਜਨ ! ਤੇਰੇ ਸ਼ਹਿਰ ਵਿਚ ਇਕ ਚੋਰ ਰਹਿੰਦਾ ਏ, ਜਿਸਨੇ ਮੇਰੀ ਚੀਜ਼ ਚੋਰੀ ਕੀਤੀ ਏ। ਬਸ ਮੈਨੂੰ ਉਹ ਲੈ ਦੇਵੋ। ਰਾਜਾ ਆਖਣ ਲੱਗਾ ਕਿ ਤੂੰ ਉਸ ਚੋਰ ਦਾ ਨਾਂ ਦੱਸ, ਮੈਂ ਉਸਨੂੰ ਹੁਣੇ ਕਤਲ ਕਰਵਾ ਦੇਵਾਂਗਾ।

ਲੜਕਾ ਆਖਣ ਲੱਗਾ ਕਿ ਹੇ ਰਾਜਾ ! ਪਹਿਲਾਂ ਤੁਸੀਂ ਸਾਰਿਆਂ ਲੋਕਾਂ ਨੂੰ ਆਪਣੇ ਡੰਗਰਾਂ ਸਮੇਤ ਮੁਹੱਲਾਂ ਦੇ ਅੱਗਿਓਂ ਲੰਘਣ ਦਾ ਹੁਕਮ ਦੇਵੋ, ਮੈਂ ਆਪੇ ਚੋਰ ਨੂੰ ਪਛਾਣ ਲਵਾਂਗਾ। ਰਾਜੇ ਦੇ ਹੁਕਮ ਅਨੁਸਾਰ ਸਾਰੇ ਲੋਕ ਪਸ਼ੂਆਂ ਸਣੇ ਰਾਜੇ ਦੇ ਮਹੱਲਾਂ ਨੇੜਿਓਂ ਲੰਘਣ ਲੱਗ ਪਏ। ਉਧਰ ਜਾਦੂਗਰਨੀ ਨੂੰ ਪਤਾ ਲੱਗ ਗਿਆ ਕਿ ਕਿਸੇ ਨੂੰ ਭੇਡੂ ਬਣਾਏ ਰਾਜਕੁਮਾਰ ਬਾਰੇ ਪਤਾ ਲੱਗ ਗਿਆ ਹੈ, ਇਸ ਕਰਕੇ ਉਹ ਭੇਡੂ ਨੂੰ ਘਰ ਹੀ ਬੰਨ੍ਹ ਆਈ ਤੇ ਆਪ ਇਕੱਲੀ ਆ ਗਈ। ਜਦੋਂ ਲੜਕੇ ਨੇ ਜਾਦੂਗਰਨੀ ਨੂੰ ਇਕੱਲੀ ਵੇਖਿਆ ਤਾਂ ਰਾਜੇ ਨੂੰ ਆਖਣ ਲੱਗਾ—“ਹੇ ਰਾਜਨ ! ਤੁਸੀਂ ਕਿਹੋ ਜਿਹੇ ਰਾਜਾ ਹੋ ? ਤੁਹਾਡਾ ਕੋਈ ਹੁਕਮ ਹੀ ਪੂਰਾ ਨਹੀਂ ਕਰਦਾ। ਰਾਜਾ ਆਖਣ ਲੱਗਾ ਕਿ ਉਹ ਕਿਵੇਂ ? ਲੜਕਾ ਆਖਣ ਲੱਗਾ ਕਿ ਆਹ ਔਰਤ ਇਕੱਲੀ ਆਈ ਏ ਤੇ ਆਪਣਾ ਭੇਡੂ ਘਰ ਹੀ ਰਹਿਣ ਦਿੱਤਾ ਏ। ਰਾਜਾ ਆਖਣ ਲੱਗਾ ਕਿ ਤੈਨੂੰ ਕਿਵੇਂ ਪਤਾ ? ਲੜਕਾ ਆਖਣ ਲੱਗਾ-ਰਾਜਾ ਜੀ ! ਮੈਂ ਲੜਕਾ ਨਹੀਂ, ਲੜਕੀ ਹਾਂ ਅਤੇ ਇਹ ਔਰਤ ਜਾਦੂਗਰਨੀ ਏ, ਜਿਸਨੇ ਜਾਦੂ ਨਾਲ ਮੇਰਾ ਪਤੀ ਰਾਜਕੁਮਾਰ ਭੇਡੂ ਬਣਾ ਦਿੱਤਾ ਹੈ। ਉਸਦੇ ਗਲ ਵਿਚ ਇਕ ਤਵੀਤ ਏ, ਜਦ ਤਕ ਉਹ ਤਵੀਤ ਨਹੀਂ ਟੁੱਟੇਗਾ ਉਹ ਰਾਜਕੁਮਾਰ ਨਹੀਂ ਬਣੇਗਾ।” ਲੜਕੇ ਨੇ ਆਪਣੇ ਨਾਲ ਬੀਤੀ ਹਰ ਗੱਲ ਰਾਜੇ ਨੂੰ ਦੱਸ ਦਿੱਤੀ।

ਰਾਜੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਜਾਦੂਗਰਨੀ ਨੂੰ ਕੈਦ ਕਰ ਲਿਆ ਜਾਵੇ ਤੇ ਭੇਡੂ ਨੂੰ ਖੋਲ੍ਹ ਕੇ ਲਿਆਂਦਾ ਜਾਵੇ। ਜਾਦੂਗਰਨੀ ਨੇ ਦੌੜਨ ਦੀ ਕੋਸ਼ਿਸ਼ ਕੀਤੀ, ਪਰ ਸਿਪਾਹੀਆਂ ਨੇ ਫੜ ਲਈ। ਭੇਡੂ ਨੂੰ ਲਿਆ ਕੇ ਉਸਦੇ ਗਲ ਦਾ ਤਵੀਤ ਤੋੜਿਆ ਗਿਆ। ਤਵੀਤ ਟੁੱਟਦੇ ਸਾਰ ਹੀ ਭੇਡੂ ਰਾਜਕੁਮਾਰ ਬਣ ਗਿਆ। ਰਾਜੇ ਦੇ ਹੁਕਮ ਅਨੁਸਾਰ ਜਾਦੂਗਰਨੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਰਾਜਕੁਮਾਰ ਤੇ ਉਸਦੀਆਂ ਦੋਵੇਂ ਰਾਣੀਆਂ ਆਪਸ ਵਿਚ ਮਿਲੀਆਂ। ਰਾਜੇ ਨੇ ਛੋਟੀ ਰਾਣੀ ਦੀ ਬਹਾਦੁਰੀ ਤੋਂ ਖੁਸ਼ ਹੋ ਕੇ ਅਤੇ ਰਾਜਕੁਮਾਰ ਨੂੰ ਆਪਣਾ ਪੁੱਤਰ ਬਣਾ ਕੇ ਆਪਣੇ ਰਾਜ ਦਾ ਇਕ ਹਿੱਸਾ ਉਸਨੂੰ ਦੇ ਦਿੱਤਾ ਅਤੇ ਇਕ ਸੋਹਣਾ ਆਲੀਸ਼ਾਨ ਮਹਿਲ ਬਣਵਾ ਦਿੱਤਾ । ਰਾਜਕੁਮਾਰ ਤੇ ਉਸਦੀਆਂ ਦੋਵੇਂ ਰਾਣੀਆਂ ਉਥੇ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨ ਲੱਗ ਪਏ ।


Post a Comment

0 Comments