Punjab Bed Time Story "Oonth ate Giddad" "ਊਠ ਅਤੇ ਗਿੱਦੜ" Punjabi Moral Story for Kids, Dadi-Nani Diya Kahani.

ਊਠ ਅਤੇ ਗਿੱਦੜ 
Oonth ate Giddad



ਇਕ ਵਾਰ ਦੀ ਗੱਲ ਹੈ ਕਿ ਇਕ ਦਰਿਆ ਦੇ ਕੰਢੇ ਉੱਤੇ ਊਠ ਅਤੇ ਗਿੱਦੜ ਰਹਿੰਦੇ ਸਨ। ਉਹ ਦੋਵੇਂ ਬੜੇ ਪੱਕੇ ਮਿੱਤਰ ਸਨ। ਇਕ ਵਾਰ ਗਿੱਦੜ ਨੇ ਊਠ ਨੂੰ ਕਿਹਾ ਕਿ ਦਰਿਆ ਦੇ ਦੂਜੇ ਬੰਨੇ ਇਕ ਜੱਟ ਨੇ ਆਪਣੇ ਖੇਤ ਵਿਚ ਹਦਵਾਣੇ ਬੀਜੇ ਹੋਏ ਹਨ, ਮੇਰਾ ਦਿਲ ਕਰਦਾ ਹੈ ਕਿ ਆਪਾਂ ਦੋਵੇਂ ਉਹ ਮਿੱਠੇ ਹਦਵਾਣੇ ਖਾਣ ਚੱਲੀਏ । ਊਠ ਆਖਣ ਲੱਗਾ ਕਿ ਅਸੀਂ ਦਰਿਆ ਤੋਂ ਪਾਰ ਕਿਵੇਂ ਜਾਵਾਂਗੇ ? ਗਿੱਦੜ ਆਖਣ ਲੱਗਾ ਕਿ ਮੈਂ ਤੇਰੀ ਪਿੱਠ 'ਤੇ ਬੈਠ ਜਾਵਾਂਗਾ, ਤੂੰ ਬਥੇਰਾ ਉੱਚਾ ਐਂ, ਕਿਤੇ ਨਹੀਂ ਦਰਿਆ ਵਿਚ ਡੁੱਬਦਾ

ਊਠ ਨੇ ਗਿੱਦੜ ਦੀ ਗੱਲ ਮੰਨ ਲਈ ਪਰੰਤੂ ਗਿੱਦੜ ਨੂੰ ਆਖਣ ਲੱਗਾ ਕਿ ਮੇਰੇ ਮਨ ਵਿਚ ਇਕ ਡਰ ਹੈ।ਗਿੱਦੜ ਕਹਿਣ ਲੱਗਾ, ਕਿਸ ਚੀਜ਼ ਦਾ ਡਰ ਹੈ ? ਮੈਨੂੰ ਦੱਸ।” ਊਠ ਆਖਣ ਲੱਗਾ ਕਿ ਦੋਸਤ ਗਿੱਦੜ ਤੂੰ ਜਦੋਂ ਰੱਜ ਜਾਂਦਾ ਏਂ ਤਾਂ ਹੁਆਂਕਣ ਲੱਗ ਪੈਂਦਾ ਏ। ਤੇਰੇ ਹੁਆਂਕਣ ਨਾਲ ਜੱਟ ਨੂੰ ਪਤਾ ਲੱਗ ਜਾਵੇਗਾ।ਤੂੰ ਤਾਂ ਕਿਸੇ ਝਾੜੀ ਵਿਚ ਵੜ ਜਾਵੇਂਗਾ, ਪਰ ਜੱਟ ਨੇ ਮੈਨੂੰ ਕੁੱਟ-ਕੁੱਟ ਕੇ ਅੱਧਮੋਇਆ ਕਰ ਦੇਣਾ ਏ।ਅੱਗੋਂ ਗਿੱਦੜ ਆਖਣ ਲੱਗਾ ਕਿ ਮੈਂ ਅਜਿਹਾ ਕੰਮ ਨਹੀਂ ਕਰਾਂਗਾ ਜਿਸ ਕਾਰਨ ਤੈਨੂੰ ਕੁੱਟ ਪਵੇ ।

ਇਸ ਤਰ੍ਹਾਂ ਗਿੱਦੜ ਊਠ ਦੀ ਪਿੱਠ 'ਤੇ ਬੈਠ ਜਾਂਦਾ ਤੇ ਦੋਵੇਂ ਜਣੇ ਦਰਿਆ ਟੱਪ ਜਾਂਦੇ ਹਨ। ਰੱਜ ਕੇ ਹਦਵਾਣੇ ਖਾਂਦੇ ਅਤੇ ਖੁਸ਼ੀ-ਖੁਸ਼ੀ ਵਾਪਿਸ ਆ ਜਾਂਦੇ। ਇਹ ਕੰਮ ਕਈ ਦਿਨਾਂ ਤੱਕ ਚਲਦਾ ਰਿਹਾ। ਜੱਟ ਹਰ ਰੋਜ਼ ਆਪਣੇ ਖੇਤ ਵਿਚੋਂ ਘੱਟਦੇ ਹਦਵਾਣੇ ਵੇਖ ਕੇ ਹੈਰਾਨ ਰਹਿ ਜਾਂਦਾ। ਪਰ ਉਸਨੂੰ ਸਮਉਂ ਨਹੀਂ ਸੀ ਆਉਂਦੀ ਕਿ ਹਦਵਾਣੇ ਕੌਣ ਖਾ ਜਾਂਦਾ ਏ। ਅਖੀਰ ਚੋਰ ਦਾ ਪਤਾ ਨਾ ਲੱਗਣ 'ਤੇ ਜੱਟ ਨੇ ਫੈਸਲਾ ਕੀਤਾ 'ਤੇ ਉਹ ਇਕ ਦਿਨ ਖੇਤ ਦੇ ਨੇੜੇ ਲਾਗੇ ਲੁੱਕ ਕੇ ਬੈਠ ਗਿਆ, ਕਾਫੀ ਚਿਰ ਉਡੀਕ ਕਰਦੇ-ਕਰਦੇ ਜੱਟ ਨੂੰ ਨੀਂਦ ਆ ਗਈ ਅਤੇ ਉਹ ਉੱਥੇ ਹੀ ਸੌਂ ਗਿਆ।

ਏਨੇ ਚਿਰ ਨੂੰ ਊਠ ਅਤੇ ਗਿੱਦੜ ਆ ਗਏ ਅਤੇ ਖੁਸ਼ੀ-ਖੁਸ਼ੀ ਹਦਵਾਣੇ ਖਾਣ ਲੱਗ ਪਏ। ਜਦੋਂ ਗਿੱਦੜ ਹਦਵਾਣੇ ਖਾ ਕੇ ਰੱਜ ਗਿਆ ਤਾਂ ਉਹਨੇ ਸੋਚਿਆ ਕਿ ਊਠ ਐਵੇਂ ਹੀ ਡਰਦਾ ਰਹਿੰਦਾ ਏ, ਜੱਟ ਕਿੱਥੋਂ ਆਣ ਲੱਕਾ, ਜੇ ਆ ਵੀ ਜਾਵੇਗਾ ਤਾਂ ਕਾਬੂ ਤਾਂ ਊਠ ਹੀ ਆਵੇਗਾ, ਉਹ ਤਾਂ ਝਾੜੀ ਪਿੱਛੇ ਲੁਕ ਜਾਵੇਗਾ। ਇਹ ਸਭ ਸੋਚਣ ਤੋਂ ਬਾਅਦ ਗਿੱਦੜ ਉੱਚੀ-ਉੱਚੀ ਹਵਾਂਕਣ ਲੱਗ ਪਿਆ। ਊਠ ਨੇ ਬੜੀਆਂ ਮਿੰਨਤਾਂ ਕੀਤੀਆਂ ਕਿ ਉਹਨਾਂ ਨੇ ਜੱਟ ਕੋਲੋਂ ਫੜੇ ਜਾਣਾ ਹੈ, ਪਰੰਤੂ ਗਿੱਦੜ ਨੇ ਉਠ ਦੀ ਇਕ ਨਾ ਮੰਨੀ ਸਗੋਂ ਹੋਰ ਉੱਚੀ-ਉੱਚੀ ਹਵਾਂਕਣ ਲੱਗਾ। ਅਚਾਨਕ ਆਵਾਜ਼ ਸੁਣ ਕੇ ਜੱਟ ਜਾਗ ਪਿਆ।ਉਸਨੇ ਜਦੋਂ ਗਿੱਦੜ ਅਤੇ ਊਠ ਨੂੰ ਵੇਖਿਆ ਤਾਂ ਗੁੱਸੇ ਵਿਚ ਲਾਲ-ਪੀਲਾ ਹੋ ਗਿਆ। ਜੱਟ ਨੂੰ ਡਾਂਗ ਲਈ ਆਉਂਦਾ ਵੱਖ ਕੇ ਗਿੱਦੜ ਝਾੜੀ ਪਿੱਛੇ ਛਿਪ ਗਿਆ ਪਰੰਤੂ ਜੱਟ ਨੇ ਊਠ ਨੂੰ ਕਾਬੂ ਕਰ ਲਿਆ। ਜੱਟ ਨੇ ਊਠ ਨੂੰ ਡਾਗਾਂ ਮਾਰ-ਮਾਰ ਕੇ ਬੇਹੋਸ਼ ਕਰ ਦਿੱਤਾ ਤੇ ਚਲਾ ਗਿਆ।

ਉਧਰੋਂ ਗਿੱਦੜ ਝਾੜੀ ਵਿੱਚੋਂ ਨਿਕਲਿਆ ਤੇ ਊਠ ਲਾਗੇ ਆ ਗਿਆ। ਜਦੋਂ ਊਠ ਹੋਸ਼ ਵਿਚ ਆਇਆ ਤਾਂ ਗਿੱਦੜ ਨੇ ਮਜ਼ਾਕ ਜਿਹੇ ਵਿਚ ਊਠ ਕੋਲੋਂ ਮੁਆਫ਼ੀ ਮੰਗੀ। ਦੋਵੇਂ ਜਣੇ ਵਾਪਿਸ ਮੁੜ ਪਏ ਪਰੰਤੂ ਊਠ ਦੇ ਮਨ ਵਿਚ ਗਿੱਦੜ ਤੋਂ ਬਦਲਾ ਲੈਣ ਲਈ ਕ੍ਰੋਧ ਠਾਠਾਂ ਮਾਰ ਰਿਹਾ ਸੀ। ਊਠ ਨੂੰ ਇਕ ਸਕੀਮ ਸੁੱਝੀ

ਜਦੋਂ ਊਠ ਦਰਿਆ ਦੇ ਅੱਧ ਵਿਚ ਪੁੱਜਾ ਤਾਂ ਪਾਣੀ ਵੀ ਕਾਫ਼ੀ ਸੀ। ਊਠ ਆਖਣ ਲੱਗਾ “ਯਾਰ ਗਿੱਦੜ ਮੈਂ ਤਾਂ ਅੱਜ ਦਰਿਆ ਵਿਚ ਰੱਜ ਕੇ ਡੁਬਕੀਆਂ ਲਗਾਉਣੀਆਂ ਹਨ।” ਗਿੱਦੜ, ਊਠ ਦੀ ਪਿੱਠ ਤੇ ਬੈਠਾ ਪਾਣੀ ਵੱਲ ਵੇਖ ਕੇ ਡਰ ਗਿਆ। ਆਖਣ ਲੱਗਾ ਕਿ ਜੇ ਉਸਨੇ ਨਹਾਉਣਾ ਹੈ ਤਾਂ ਪਹਿਲਾਂ ਉਸਨੂੰ ਕੰਢੇ ਉਤਾਰ ਦੇਵੇ ਨਹੀਂ ਤਾਂ ਉਹ ਪਾਣੀ ਵਿਚ ਡੁੱਬ ਜਾਵੇਗਾ । ਊਠ ਆਖਣ ਲੱਗਾ ਕਿ ਜਦੋਂ ਮੈਂ ਤੇਰੀਆਂ ਮਿੰਨਤਾਂ ਕੀਤੀਆਂ ਸਨ ਕਿ ਤੂੰ ਨਾ ਹਵਾਂਕ ਪਰ ਤੂੰ ਮੇਰੀ ਇਕ ਨਾ ਮੰਨੀ ਤੇ ਮੈਨੂੰ ਜੱਟ ਕੋਲੋਂ ਅੱਧਮੋਇਆ ਕਰਵਾ ਦਿੱਤਾ। ਮੈਂ ਤੇਰੇ ਕੋਲੋਂ ਉਸਦਾ ਬਦਲਾ ਲੈਣਾ ਹੈ। ਇੰਨੀ ਗੱਲ ਆਖ ਕੇ ਊਠ ਨੇ ਗਿੱਦੜ ਨੂੰ ਪਿੱਠ ਤੋਂ ਉਲਟਾ ਕੇ ਦਰਿਆ ਵਿਚ ਸੁੱਟ ਦਿੱਤਾ ਜਿਥੇ ਉਹ ਡੁੱਬ ਕੇ ਮਰ ਗਿਆ ਅਤੇ ਊਠ ਦਰਿਆ ਵਿੱਚੋਂ ਬਾਹਰ ਆ ਗਿਆ।


Post a Comment

0 Comments