Punjab Bed Time Story "Kalyug" "ਕਲਯੁਗ" Punjabi Moral Story for Kids, Dadi-Nani Diya Kahani.

ਕਲਯੁਗ



ਇਹ ਉਸ ਸਮੇਂ ਦੀ ਗੱਲ ਹੈ ਜਦੋਂ ਦੁਆਪਰ ਯੁੱਗ ਆਪਣੇ ਅੰਤਲੇ ਸਮੇਂ ਤੇ ਸੀ ਅਤੇ ਕਲਯੁਗ ਆਉਣ ਵਾਲਾ ਸੀ। ਕਲਯੁਗ ਦਾ ਨਾਮ ਸੁਣਦਿਆਂ ਹੀ ਧਰਮ ਰਾਜ ਦਾ ਸਿੰਘਾਸਣ ਡੋਲਣ ਲੱਗ ਪਿਆ। ਧਰਮ ਰਾਜ ਭੱਜ ਕੇ ਰੱਬ ਦੇ ਕੋਲ ਗਿਆ ਅਤੇ ਆਖਣ ਲੱਗਾ, “ਹੇ ਮਹਾਰਾਜ, ਇਹ ਕੀ ਹੋ ਰਿਹਾ ਏ ? ਮੇਰਾ ਸਿੰਘਾਸਣ ਕਿਉਂ ਡੋਲ ਰਿਹਾ ਏ ?''

ਰੱਬ ਆਖਣ ਲੱਗਾ, “ਧਰਮ ਰਾਜ ਜੀ ਡਰੋ ਨਾ ਕਲਯੁਗ ਆ ਰਿਹਾ ਏ। ਇਹ ਉਸਦੇ ਆਉਣ ਦੀ ਨਿਸ਼ਾਨੀ ਏ।”

ਧਰਮਰਾਜ ਆਖਣ ਲੱਗਾ, “ਹੇ ਪ੍ਰਭੂ, ਮੈਂ ਕਲਯੁਗ ਦੀਆਂ ਅੱਖਾਂ ਨਾਲ ਨਿਸ਼ਾਨੀਆਂ ਦੇਖਣਾ ਚਾਹੁੰਦਾ ਹਾਂ, ਮੇਰੇ 'ਤੇ ਕ੍ਰਿਪਾ ਕਰੋ।” ਰੱਬ ਆਖਣ ਲੱਗਾ, “ਚੰਗਾ, ਜਿਵੇਂ ਤੁਹਾਡੀ ਮਰਜ਼ੀ। ਚਲੋ ਮੇਰੇ ਨਾਲ।

ਰੱਬ ਤੇ ਧਰਮਰਾਜ ਆਮ ਸਾਧਾਰਨ ਵਿਅਕਤੀਆਂ ਵਾਲੇ ਕੱਪੜੇ ਪਾ ਕੇ ਧਰਤੀ 'ਤੇ ਆ ਗਏ। ਜਿਵੇਂ ਹੀ ਉਹ ਆਲਾ-ਦੁਆਲਾ ਦੇਖਦੇ ਕੁਦਰਤ ਨੂੰ ਮਾਣ ਰਹੇ ਸਨ ਤਾਂ ਅਚਾਨਕ ਧਰਮਰਾਜ ਦੀ ਨਿਗਾਹ ਪੰਜ ਖੂਹਾਂ ਉੱਤੇ ਪਈ। ਧਰਮਰਾਜ ਨੇ ਦੇਖਿਆ ਕਿ ਇਕ ਖੂਹ ਵਿਚੋਂ ਪਾਣੀ ਉਛਾਲੇ ਮਾਰ ਕੇ ਆਪਣੇ ਖੱਬੇ ਤੇ ਸੱਜੇ ਦੋ-ਦੋ ਖੂਹਾਂ ਨੂੰ ਪਾਣੀ ਨਾਲ ਭਰ ਰਿਹਾ ਸੀ ਅਤੇ ਕੁਝ ਦੇਰ ਤਕ ਉਹ ਚਾਰੇ ਖੂਹ ਭਰ ਗਏ।ਕੁਝ ਚਿਰਾਂ ਬਾਅਦ ਉਨ੍ਹਾਂ ਚਾਰਾਂ ਖੂਹਾਂ ਵਿਚੋਂ ਪਾਣੀ ਉਛਾਲੇ ਮਾਰਨ ਲੱਗਾ ਤੇ ਉਸ ਇਕੱਲੇ ਖੂਹ ਨੂੰ ਭਰਨ ਲੱਗਾ ਪਰ ਉਹ ਇਕੱਲਾ ਖੂਹ ਚਾਰਾਂ ਖੂਹਾਂ ਦੇ ਪਾਣੀ ਨਾਲ ਵੀ ਨਹੀਂ ਸੀ ਭਰ ਰਿਹਾ ।

ਧਰਮਰਾਜ ਇਹ ਦੇਖ ਕੇ ਹੈਰਾਨ ਰਹਿ ਗਿਆ। ਉਸਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਖੂਹ ਦੇ ਪਾਣੀ ਨਾਲ ਚਾਰ ਖੂਹ ਤਾਂ ਭਰ ਜਾਣ ਪਰ ਚਾਰਾਂ ਖੂਹਾਂ ਦੇ ਪਾਣੀ ਨਾਲ ਇਕ ਖੂਹ ਵੀ ਨਹੀਂ ਭਰ ਰਿਹਾ।ਇਹ ਕੌਤਕ ਵੇਖਕੇ ਧਰਮਰਾਜ ਦੰਗ ਰਹਿ ਗਿਆ। ਇਸ ਸੰਬੰਧ ਵਿਚ ਜਦੋਂ ਧਰਮਰਾਜ ਰੱਬ ਨੂੰ ਪੁੱਛਣ ਹੀ ਲੱਗਾ ਸੀ ਕਿ ਉਸਦਾ ਧਿਆਨ ਇਕ ਅਜਿਹੀ ਗਾਂ ਵੱਲ ਗਿਆ ਜਿਹੜੀ ਕਿ ਇਕ ਬੱਚੇ ਨੂੰ ਜਨਮ ਦੇ ਰਹੀ ਸੀ।

ਧਰਮਰਾਜ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ ਜਦੋਂ ਉਸਨੇ ਵੇਖਿਆ ਕਿ ਬਜਾਇ ਇਸਦੇ ਕਿ ਉਸ ਗਾਂ ਦੀ ਵੱਛੀ ਆਪਣੀ ਮਾਂ ਦਾ ਦੁੱਧ ਚੁੰਘਦੀ, ਸਗੋਂ ਇਸ ਦੇ ਉਲਟ ਉਹ ਗਾਂ ਹੀ ਆਪਣੀ ਵੱਛੀ ਦਾ ਦੁੱਧ ਚੁੰਘਣ ਲੱਗ ਪਈ।

ਧਰਮਰਾਜ ਤੋਂ ਰਿਹਾ ਨਾ ਗਿਆ।ਉਸਨੇ ਝਟਪਟ ਰੱਬ ਨੂੰ ਆਖਿਆ ਕਿ ਹੇ ਪ੍ਰਭੂ ! ਪਹਿਲਾਂ ਮੇਰੇ ਪ੍ਰਸ਼ਨਾਂ ਦਾ ਉੱਤਰ ਦੇਵੋ, ਮੈਂ ਤਾਹੀਉਂ ਤੁਹਾਡੇ ਨਾਲ ਅੱਗੇ ਚੱਲਾਂਗਾ, ਨਹੀ ਤਾਂ ਮੈਂ ਵਾਪਸ ਚਲੇ ਜਾਣਾ ਹੈ। ਇਹ ਕਹਿ ਕੇ ਧਰਮਰਾਜ ਨੇ ਅੱਖੀਂ ਡਿੱਠੇ ਦੋਵੇਂ ਦ੍ਰਿਸ਼ ਰੱਬ ਨੂੰ ਸੁਣਾ ਦਿੱਤੇ।

ਰੱਬ ਨੇ ਹੱਸ ਕੇ ਕਿਹਾ,‘‘ਧਰਮਰਾਜ ਜੀ ! ਹੁਣੇ ਡਰ ਗਏ ਹੋ ? ਅਜੇ ਤਾਂ ਕਲਯੁਗ ਦੇ ਦੋ ਹੀ ਦ੍ਰਿਸ਼ ਵੇਖੇ ਹਨ, ਅਜੇ ਤਾਂ ਬਾਕੀ ਅਜਿਹੇ ਕਈ ਹੋਰ ਵੇਖਣ ਵਾਲੇ ਨੇ।”

ਇਨ੍ਹਾਂ ਦ੍ਰਿਸ਼ਾਂ ਨਾਲ ਕਲਯੁਗ ਦਾ ਕੀ ਸੰਬੰਧ ਹੋਇਆ ? ਧਰਮਰਾਜ ਨੇ ਰੱਬ ਕੋਲੋਂ ਪੁੱਛਿਆ।ਰੱਬ ਨੇ ਕਿਹਾ, “ਧਰਮਰਾਜ ! ਕਲਯੁਗ ਦਾ ਅਜਿਹਾ ਸਮਾਂ ਹੋਵੇਗਾ, ਜਦੋਂ ਇਕ ਪਿਉ ਮਿਹਨਤ ਨਾਲ, ਹੱਡ ਭੰਨ ਕੇ ਜਾਂ ਚੋਰੀ ਚਕਾਰੀ ਨਾਲ ਆਪਣੇ ਚਾਰ-ਚਾਰ ਪੁੱਤਾਂ ਤਕ ਦਾ ਵੀ ਪੇਟ ਭਰੇਗਾ ਤੇ ਉਨ੍ਹਾਂ ਨੂੰ ਪਾਲ ਪੋਸ ਕੇ ਜਵਾਨ ਕਰੇਗਾ ਪਰ ਜਦੋਂ ਓਹੀ ਪਿਉ ਬੁੱਢਾ ਹੋ ਜਾਵੇਗਾ, ਹੱਡਾਂ-ਗੋਡਿਆਂ ਤੋਂ ਰਹਿ ਜਾਵੇਗਾ ਤਾਂ ਇਹੋ ਚਾਰ ਪੁੱਤਰ ਉਸਨੂੰ ਗਾਲ੍ਹਾਂ ਕੱਢਣਗੇ, ਉਸਨੂੰ ਦੋ ਵੇਲੇ ਦੀ ਰੋਟੀ ਦੇਣ ਤੋਂ ਕੰਨੀ ਕਤਰਾਉਣਗੇ ਅਤੇ ਉਸਨੂੰ ਸੁੱਖ ਆਰਾਮ ਨਹੀਂ ਦੇਣਗੇ। ਜਿਸ ਤਰ੍ਹਾਂ ਇਕ ਖੂਹ (ਪਿਓ) ਤਾਂ ਚਾਰ ਖੂਹਾਂ (ਪੁੱਤਾਂ) ਨੂੰ ਪਾਣੀ ਨਾਲ ਭਰ ਦਿੰਦਾ ਹੈ ਪਰ ਉਹ ਚਾਰੋ ਖੂਹ ਇਕ ਖੂਹ ਨੂੰ ਨਹੀਂ ਭਰ ਸਕੇ।”

ਹੇ ਪ੍ਰਭੂ ! ਧਨ ਹੋ ਤੁਸੀਂ ਤੇ ਤੁਹਾਡੀ ਮਾਇਆ। ਹੁਣ ਉਸ ਗਾਂ ਤੇ ਵੱਛੀ ਦਾ ਵੀ ਕੌਤਕ ਸੁਣਾ ਦੇਵੋ।” ਧਰਮਰਾਜ ਆਖਣ ਲੱਗਾ।

ਰੱਬ ਨੇ ਕਿਹਾ, “ਹੇ ਧਰਮਰਾਜ ! ਮਾਂ ਧਰਤੀ ਤੇ ਦੂਜਾ ਰੱਬ ਦਾ ਰੂਪ ਹੈ ਪਰ ਕਲਯੁਗ ਵਿਚ ਅਜਿਹੀਆਂ ਮਾਵਾਂ ਵੀ ਹੋਣਗੀਆਂ ਜੋ ਆਪਣੀ ਧੀ ਨੂੰ ਹੱਥੀਂ ਪਾਲ ਕੇ ਉਸਦੇ ਸਰੀਰ ਨੂੰ ਵੇਚ ਕੇ ਉਸਦੀ ਕਮਾਈ ਖਾਣਗੀਆਂ ਤੇ ਆਪ ਐਸ਼-ਆਰਾਮ ਕਰਨਗੀਆਂ। ਜਿਸ ਤਰ੍ਹਾਂ ਉਹ ਗਾਂ ਆਪਣੀ ਵੱਛੀ ਦਾ ਦੁੱਧ ਚੁੰਘ ਰਹੀ ਸੀ। ਕੀ ਕਲਯੁਗ ਦੀਆਂ ਕੁਝ ਹੋਰ ਵੀ ਨਿਸ਼ਾਨੀਆਂ ਵੇਖਣੀਆਂ ਨੇ ?''

“ਨਹੀਂ ਪ੍ਰਭੂ ! ਮੇਰੇ ਕੋਲੋਂ ਇਹ ਸਭ ਨਹੀਂ ਵੇਖਿਆ ਜਾਂਦਾ। ਚਲੋ ਆਪਾਂ ਵਾਪਸ ਚਲਦੇ ਹਾਂ।”

ਜਾਂਦੇ-ਜਾਂਦੇ ਧਰਮਰਾਜ ਰੱਬ ਨੂੰ ਕਹਿਣ ਲੱਗਾ, ਹੇ ਪ੍ਰਭੂ ! ਇਸ ਤਰ੍ਹਾਂ ਤਾਂ ਕਲਯੁਗ ਵਿਚ ਸਾਰੇ ਪਾਪੀ ਹੀ ਹੋਣਗੇ। ਕੀ ਇਹ ਸਾਰੇ ਨਰਕ ਦੇ ਵਾਸੀ ਹੋਣਗੇ ?”

ਰੱਬ ਨੇ ਕਿਹਾ, “ਨਹੀਂ ਧਰਮਰਾਜ ਜੀ ! ਜਿਹੜਾ ਮਨੁੱਖ ਦਿਨ ਵਿਚ ਕੁਝ ਚਿਰ ਲਈ ਵੀ ਸੱਚੇ ਦਿਲੋਂ ਰੱਬ ਦਾ ਨਾਮ ਜਪੇਗਾ, ਉਹ ਅਜਿਹੇ ਪਾਪਾਂ ਤੋਂ ਮੁਕਤ ਹੁੰਦਾ ਚਲਾ ਜਾਵੇਗਾ।”


Post a Comment

0 Comments