Punjab Bed Time Story "Irkha Ate Bahaduri" "ਈਰਖਾ ਅਤੇ ਬਹਾਦਰੀ " Punjabi Moral Story for Kids, Dadi-Nani Diya Kahani.

ਈਰਖਾ ਅਤੇ ਬਹਾਦਰੀ 
Irkha Ate Bahaduri



ਇਕ ਰਾਜਾ ਸੀ ਤੇ ਉਹਦੀਆਂ ਸੱਤ ਰਾਣੀਆਂ ਸਨ।ਰਾਜਾ ਸਭ ਤੋਂ ਛੋਟੀ ਰਾਣੀ ਨੂੰ ਬਹੁਤ ਪਿਆਰ ਕਰਦਾ ਸੀ। ਇਸੇ ਗੱਲ ਕਰਕੇ ਬਾਕੀ ਛੇ ਰਾਣੀਆਂ

ਛੋਟੀ ਰਾਣੀ ਨੂੰ ਨਫ਼ਰਤ ਕਰਦੀਆਂ ਸਨ। ਸੱਤਾਂ ਰਾਣੀਆਂ ਦੀ ਕੋਈ ਵੀ ਔਲਾਦ ਨਹੀਂ ਸੀ। ਛੇ ਰਾਣੀਆਂ ਨੇ ਚਲਾਕੀ ਨਾਲ ਛੋਟੀ ਰਾਣੀ ਨੂੰ ਬੁਰਾ ਬਣਾ ਕੇ ਰਾਜ ਮਹੱਲ ਵਿਚੋਂ ਕਢਵਾ ਦਿੱਤਾ। ਛੋਟੀ ਰਾਣੀ ਮਹੱਲ ਤੋਂ ਥੋੜ੍ਹੀ ਹੀ ਦੂਰ ਇਕ ਝੌਂਪੜੀ ਬਣਾ ਕੇ ਰਹਿਣ ਲੱਗ ਪਈ। ਉਸ ਰਾਣੀ ਕੋਲ ਇਕ ਕੁੱਤੀ ਅਤੇ ਇਕ ਘੋੜਾ ਸੀ। ਘੋੜਾ ਵੀ ਅਜਿਹਾ ਸਲੱਭ ਸੀ ਜਿਹੜਾ ਹਵਾ ਵਿਚ ਉੱਡ ਸਕਦਾ ਸੀ।

ਰਾਜਾ ਔਲਾਦ ਨਾ ਹੋਣ ਕਰਕੇ ਬਹੁਤ ਦੁਖੀ ਸੀ। ਉਹ ਇਕ ਰਿਸ਼ੀ ਕੋਲ ਗਿਆ ਅਤੇ ਔਲਾਦ ਦੀ ਦਾਤ ਮੰਗੀ। ਰਿਸ਼ੀ ਨੇ ਉਹਨੂੰ ਇਕ ਸੋਟੀ ਦਿੱਤੀ ਅਤੇ ਆਖਿਆ ਕਿ ਇਸ ਨਾਲ ਤੂੰ ਜੰਗਲ ਵਿਚ ਬਣੇ ਤਲਾਬ ਦੇ ਕੰਢੇ ਉੱਗੇ ਅੰਬ ਦੇ ਦਰਖ਼ਤ ਨੂੰ ਠੋਕੀਂ। ਇੰਝ ਕਰਨ ਨਾਲ ਦਰਖ਼ਤ ਤੋਂ ਛੇ ਅੰਬ ਡਿੱਗਣਗੇ ਅਤੇ ਉਹ ਅੰਬ ਇਕ-ਇਕ ਕਰਕੇ ਤੂੰ ਆਪਣੀਆਂ ਰਾਣੀਆਂ ਨੂੰ ਦੇ ਦੇਵੀਂ ਤੇ ਆਖੀਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਅੰਬ ਖਾ ਲੈਣ। ਪਰ ਖ਼ਿਆਲ ਰੱਖੀਂ ਕਿ ਅੰਬ ਦੇ ਦਰਖ਼ਤ ਨੂੰ ਸੋਟੀ ਦੋ ਵਾਰ ਨਾ ਮਾਰੀਂ, ਨਹੀਂ ਤਾਂ ਪਹਿਲਾਂ ਡਿੱਗੇ ਅੰਬ ਵੀ ਗ਼ਾਇਬ ਹੋ ਜਾਣਗੇ ਤੇ ਸੋਟੀ ਵੀ ਗ਼ਾਇਬ ਹੋ ਜਾਵੇਗੀ। ਇਕ ਗੱਲ ਹੋਰ ਕਿ ਨਾ ਤਾਂ ਅੰਬ ਛਿੱਲ ਕੇ ਖਾਣੇ ਅਤੇ ਨਾ ਅੰਬਾਂ ਵਿਚੋਂ ਗਿਟਕਾਂ ਹੀ ਕੱਢਣੀਆਂ ਹਨ।

ਰਾਜੇ ਨੇ ਰਿਸ਼ੀ ਦੇ ਕਹਿਣ ਮੁਤਾਬਕ ਕੀਤਾ ਅਤੇ ਰਾਣੀਆਂ ਨੂੰ ਅੰਬ ਲਿਆ ਕੇ ਦੇ ਦਿੱਤਾ ਤੇ ਰਿਸ਼ੀ ਦੀਆਂ ਸ਼ਰਤਾਂ ਵੀ ਦੱਸ ਦਿੱਤੀਆਂ। ਸਾਰੀਆਂ ਰਾਣੀਆਂ, ਛੋਟੀ ਰਾਣੀ ਨੂੰ ਤੜਫਾਉਣ ਵਾਸਤੇ ਉੱਚੀ-ਉੱਚੀ ਸੁਣਾਉਣ ਲੱਗ ਪਈਆਂ। ਛੋਟੀ ਰਾਣੀ ਉਹਨਾਂ ਦੀਆਂ ਗੱਲਾਂ ਸੁਣਕੇ ਬੜੀ ਦੁਖੀ ਹੋਈ। ਉਹ ਚੋਰੀ ਚੋਰੀ ਵੇਖਣ ਲੱਗੀ ਕਿ ਸੱਚਮੁੱਚ ਰਾਜੇ ਨੇ ਉਨ੍ਹਾਂ ਨੂੰ ਅੰਬ ਲਿਆ ਕੇ ਦਿੱਤੇ ਹਨ।ਰਾਣੀਆਂ ਜਦੋਂ ਅੰਬ ਖਾਣ ਲੱਗੀਆਂ ਤਾਂ ਉਨ੍ਹਾਂ ਨੇ ਅੰਬ ਛਿੱਲ ਲਏ ਅਤੇ ਅੰਬਾਂ ਦੇ ਛਿਲਕੇ ਗਿਟਕਾਂ ਸਮੇਤ ਬਾਹਰ ਸੁੱਟ ਦਿੱਤੇ ਅਤੇ ਬਾਕੀ ਅੰਬ ਖਾ ਲਏ। ਛੋਟੀ ਰਾਣੀ ਇਹ ਸਾਰਾ ਕੁਝ ਵੇਖ ਰਹੀ ਸੀ। ਛੋਟੀ ਰਾਣੀ ਨੇ ਅੰਬਾਂ ਦੇ ਛਿਲਕੇ ਅਤੇ ਗਿਟਕਾਂ ਚੁੱਕ ਲਈਆਂ। ਉਹਨੇ ਉਨ੍ਹਾਂ ਨੂੰ ਪੀਹ ਕੇ ਉਨ੍ਹਾਂ ਦੇ ਦੋ ਹਿੱਸੇ ਕੀਤੇ। ਇਕ ਹਿੱਸਾ ਛੋਟੀ ਰਾਣੀ ਨੇ ਆਪ ਖਾਧਾ ਅਤੇ ਦੂਜਾ ਹਿੱਸਾ ਕੁੱਤੀ ਨੂੰ ਖਵਾ ਦਿੱਤਾ।

ਕੁਝ ਦੇਰ ਬਾਅਦ ਛੇ ਰਾਣੀਆਂ ਸਮੇਤ ਛੋਟੀ ਰਾਣੀ ਅਤੇ ਕੁੱਤੀ ਗਰਭਵਤੀ ਹੋ ਗਈਆਂ। ਛੇ ਰਾਣੀਆਂ ਨੂੰ ਜਦੋਂ ਛੋਟੀ ਰਾਣੀ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਤਾਂ ਉਹ ਦੁਖੀ ਹੋਈਆਂ। ਉਨ੍ਹਾਂ ਨੇ ਛੋਟੀ ਰਾਣੀ ਲਈ ਇਕ ਦਾਈ ਭੇਜ ਦਿੱਤੀ ਅਤੇ ਕਿਹਾ ਕਿ ਉਹ ਛੋਟੀ ਰਾਣੀ ਦਾ ਬੱਚਾ ਕਿਤੇ ਸੁੱਟ ਆਵੇ ਅਤੇ ਆਪਣੇ ਨਾਲ ਉਸ ਕੁੱਤੀ ਦਾ ਬੱਚਾ ਲੈ ਆਵੇ। ਇੰਝ ਕਰਨ ’ਤੇ ਉਸਨੂੰ ਇਨਾਮ ਦਿੱਤਾ ਜਾਵੇਗਾ। ਦਾਈ ਨੇ ਉਸੇ ਤਰ੍ਹਾਂ ਕੀਤਾ, ਜਿਵੇਂ ਰਾਣੀਆਂ ਨੇ ਉਹਨੂੰ ਆਖਿਆ ਸੀ।

ਪਰ ਜਿਵੇਂ ਹੀ ਦਾਈ ਛੋਟੀ ਰਾਣੀ ਦੇ ਬੱਚੇ ਨੂੰ ਸੁੱਟਣ ਲਈ ਗਈ ਤਾਂ ਕੁੱਤੀ ਵੀ ਉਹਦੇ ਮਗਰ ਹੀ ਚਲੀ ਗਈ। ਦਾਈ ਬੱਚੇ ਨੂੰ ਸੁੱਟ ਆਈ ਅਤੇ ਕੁੱਤੀ ਦਾ ਬੱਚਾ ਛੋਟੀ ਰਾਣੀ ਦੇ ਲਾਗੇ ਲਿਆ ਕੇ ਰੱਖ ਕੇ ਉੱਚੀ-ਉੱਚੀ ਚੀਕਣ ਲੱਗ ਪਈ ਕਿ ਛੋਟੀ ਰਾਣੀ ਨੇ ਕੁੱਤਾ ਜੰਮਿਆ ਹੈ। ਦੂਜੇ ਪਾਸੇ ਕੁੱਤੀ ਹਰ ਰੋਜ਼ ਜਾਂਦੀ ਅਤੇ ਛੋਟੀ ਰਾਣੀ ਦੇ ਬੱਚੇ ਨੂੰ ਦੁੱਧ ਪਿਆ ਆਉਂਦੀ। ਰਾਣੀ ਆਪਣੀ ਦੁੱਧ ਕੁੱਤੇ ਨੂੰ ਪੁੱਤਰ ਸਮਝ ਕੇ ਪਿਲਾ ਦੇਂਦੀ।

ਇੰਝ ਛੋਟੀ ਰਾਣੀ ਦਾ ਬੱਚਾ ਜਦੋਂ ਵੱਡਾ ਹੋਇਆ ਤਾਂ ਕੁੱਤੀ ਛੋਟੀ ਰਾਣੀ ਦਾ ਕਤੂਰਾ ਖਿੱਚ ਕੇ ਬੱਚੇ ਤਕ ਲੈ ਗਈ। ਛੋਟੀ ਰਾਣੀ ਨੇ ਆਪਣਾ ਪੁੱਤਰ ਪਛਾਣ ਲਿਆ ਅਤੇ ਉਹਨੂੰ ਪਤਾ ਲੱਗ ਗਿਆ ਕਿ ਦਾਈ ਨੇ ਮੇਰੇ ਨਾਲ ਧੋਖਾ ਕੀਤਾ ਹੈ।

ਉਧਰ ਛੇ ਰਾਣੀਆਂ ਦੇ ਘਰ ਵੀ ਪੁੱਤਰ ਹੋਏ। ਪਰ ਉਨ੍ਹਾਂ ਦੇ ਪੁੱਤਰ ਡਰਪੋਕ ਅਤੇ ਬਹੁਤ ਹੀ ਕਮਜ਼ੋਰ ਸਨ। ਕਿਉਂਕਿ ਉਨ੍ਹਾਂ ਰਾਣੀਆਂ ਨੇ ਅੰਬ ਛਿੱਲ ਕੇ ਖਾਧੇ ਸਨ। ਪਰ ਛੋਟੀ ਰਾਣੀ ਦਾ ਪੁੱਤਰ ਨਿੱਡਰ ਅਤੇ ਬਹਾਦੁਰ ਸੀ ਕਿਉਂਕਿ ਉਹ ਅੰਬਾਂ ਦੇ ਛਿਲਕੇ ਅਤੇ ਗਿਟਕਾਂ ਖਾ ਕੇ ਪੈਦਾ ਹੋਇਆ ਸੀ।

ਕੁਝ ਦੇਰ ਬਾਅਦ ਉਸ ਰਾਜੇ ਨੂੰ ਕੋਹੜ ਹੋ ਗਿਆ। ਬੜਾ ਇਲਾਜ ਕਰਵਾਇਆ ਪਰ ਉਹਨੂੰ ਕੋਈ ਫ਼ਰਕ ਨਾ ਪਿਆ ਸਗੋਂ ਕੋਹੜ ਵਧਦਾ ਹੀ ਗਿਆ। ਰਾਜੇ ਦਾ ਅੰਤ ਨਜ਼ਦੀਕ ਆ ਗਿਆ। ਜੋਤਸ਼ੀਆਂ ਨੇ ਰਾਜੇ ਨੂੰ ਆਖਿਆ ਕਿ ਸੱਤ ਸਮੁੰਦਰ ਪਾਰ ਇਕ ਦਰਖ਼ਤ ਹੈ। ਜੇਕਰ ਤੁਸੀਂ ਉਸ ਦਰਖ਼ਤ ਦੇ ਫਲ ਦਾ ਰਸ ਪੀ ਲਉਗੇ ਤਾਂ ਤੁਸੀਂ ਬਚ ਜਾਵੋਗੇ। ਪਰ ਉਸ ਦਰਖ਼ਤ ਦੇ ਫਲ ਦਾ ਰਸ ਹਾਸਿਲ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਅੱਜ ਤਕ ਉਸ ਫਲ ਨੂੰ ਜਿਹੜਾ ਵੀ ਲੈਣ ਗਿਆ, ਉਹ ਵਾਪਸ ਨਹੀਂ ਆਇਆ। ਸੱਤ ਸਮੁੰਦਰ ਤੋਂ ਪਾਰ ਇਕ ਰਾਖਸ਼ਸ਼ ਰਹਿੰਦਾ ਹੈ, ਜਿਹੜਾ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੰਦਾ। ਜੇਕਰ ਕੋਈ ਉਸ ਰਾਖਸ਼ਸ਼ ਨੂੰ ਮਾਰ ਕੇ ਅੱਗੇ ਚਲਾ ਜਾਵੇ ਤਾਂ ਅੱਗੇ ਤਿੰਨ ਖ਼ੂਬਸੂਰਤ ਰਾਣੀਆਂ ਬੈਠੀਆਂ ਹੋਈਆਂ ਹਨ। ਜੇਕਰ ਕੋਈ ਇਕੋ ਫੱਟ ਨਾਲ ਉਨ੍ਹਾਂ ਤਿੰਨਾਂ ਰਾਣੀਆਂ ਦੀਆਂ ਗਰਦਨਾਂ ਲਾਹ ਦੇਵੇ ਤਾਂ ਉਹ ਤਿੰਨੋਂ ਦਰਖ਼ਤ ਬਣ ਜਾਣਗੀਆਂ ਅਤੇ ਫਿਰ ਕੋਈ ਵੀ ਉਸ ਦਰਖ਼ਤ ਦਾ ਫ਼ਲ ਤੋੜ ਸਕਦਾ ਹੈ। ਪਰ ਜਿਵੇਂ ਹੀ ਉਹ ਦਰਖ਼ਤ ਬਣਦੀਆਂ ਹਨ ਤਾਂ ਕਈ ਰਾਖਸ਼ਸ਼ ਪੈਦਾ ਹੋ ਜਾਂਦੇ ਹਨ, ਜਿਹੜੇ ਫ਼ਲ ਖਾਣ ਲਈ ਕਈ ਚਿਰਾਂ ਤੋਂ ਉਥੇ ਬੈਠੇ ਹੋਏ ਹਨ ਕਿਉਂਕਿ ਉਹ ਫ਼ਲ ਖਾਣ ਨਾਲ ਰਾਖਸ਼ਸ਼ਾਂ ਦੀ ਤਾਕਤ ਵਧਦੀ ਹੈ।

ਇਹ ਸੁਣ ਕੇ ਰਾਜੇ ਨੇ ਆਪਣੇ ਛੇਆਂ ਪੁੱਤਰਾਂ ਨੂੰ ਫ਼ਲ ਲਿਆਉਣ ਲਈ ਆਖਿਆ। ਪਰ ਉਨ੍ਹਾਂ ਨੇ ਗੱਲਾਂ ਸੁਣ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਅਸੀਂ ਤੇਰੇ ਕਰਕੇ ਆਪਣੀ ਜਾਨ ਨੂੰ ਜੋਖ਼ਮ ਵਿਚ ਕਿਉਂ ਪਾਈਏ ।

ਰਾਜਾ ਬੜਾ ਦੁਖੀ ਹੋਇਆ। ਉਹਨੂੰ ਮੌਤ ਨੇੜੇ ਆ ਰਹੀ ਨਜ਼ਰ ਆਉਣ ਲੱਗੀ। ਗੱਲ ਪੁੱਜਦੀ-ਪੁੱਜਦੀ ਛੋਟੀ ਰਾਣੀ ਦੇ ਮੁੰਡੇ ਦੇ ਕੰਨਾਂ ਵਿਚ ਪੁੱਜ ਗਈ।ਉਹਨੇ ਆਪਣੀ ਮਾਂ ਨੂੰ ਆਖਿਆ ਕਿ ਭਾਵੇਂ ਹੀ ਰਾਜੇ ਨੇ ਸਾਨੂੰ ਬਾਹਰ ਕੱਢ ਦਿੱਤਾ ਹੈ। ਫਿਰ ਉਹ ਵੀ ਮੇਰਾ ਪਿਉ ਹੈ ਤੇ ਤੇਰਾ ਪਤੀ ਹੈ। ਮੈਂ ਆਪਣੀ ਜਾਨ ਦੇ ਕੇ ਵੀ ਉਸਦੀ ਜਾਨ ਬਚਾਵਾਂਗਾ।

ਉਹ ਮੁੰਡਾ ਇਕ ਘੋੜਾ ਅਤੇ ਤਲਵਾਰ ਲੈ ਕੇ ਰਾਜ ਦਰਬਾਰ ਵਿਚ ਗਿਆ। ਰਾਜਾ ਤਾਂ ਬਿਮਾਰ ਸੀ।ਛੇ ਰਾਣੀਆਂ ਉਸ ਮੁੰਡੇ ਨੂੰ ਵੇਖ ਕੇ ਸੜਨ ਲੱਗ ਪਈਆਂ। ਉਨ੍ਹਾਂ ਨੇ ਉਸਨੂੰ ਇਕ ਮਰੀਅਲ ਜਿਹਾ ਘੋੜਾ ਅਤੇ ਤਲਵਾਰ ਦੇ ਦਿੱਤੀ। ਉਹ ਮੁੰਡਾ ਆਪਣਾ ਉੱਡਣ ਵਾਲਾ ਘੋੜਾ, ਜਿਹੜਾ ਉਹਦੀ ਮਾਂ ਕੋਲ ਸੀ ਅਤੇ ਤਲਵਾਰ ਲੈ ਕੇ ਸਮੁੰਦਰ ਵੱਲ ਚਲਾ ਗਿਆ। ਸਮੁੰਦਰ ਕੰਢੇ ਇਕ ਸਾਧੂ ਨੇ ਮੁੰਡੇ ਦੀ ਸਾਰੀ ਗੱਲ ਸੁਣੀ ਅਤੇ ਉਹ ਬੜਾ ਖ਼ੁਸ਼ ਹੋਇਆ। ਸਾਧੂ ਨੇ ਮੁੰਡੇ ਨੂੰ ਇਕ ਹੋਰ ਗੱਲ ਦੱਸੀ ਕਿ ਅੱਜ ਤਕ ਕੋਈ ਵੀ ਉਥੋਂ ਵਾਪਸ ਨਹੀਂ ਆਇਆ ਕਿਉਂਕਿ ਉਹ ਰਾਣੀਆਂ ਉਥੇ ਪੁੱਜਣ ਵਾਲੇ ਮਨੁੱਖ ਨੂੰ ਸੋਹਣੇ ਅਤੇ ਜ਼ਹਿਰੀਲੇ ਫ਼ਲ ਖਵਾ ਕੇ ਮਾਰ ਦਿੰਦੀਆਂ ਹਨ। ਇਸ ਲਈ ਤੂੰ ਉਹ ਫ਼ਲ ਨਾ ਖਾਵੀਂ। ਮੁੰਡੇ ਨੇ ਸਾਧੂ ਦਾ ਅਸ਼ੀਰਵਾਦ ਲਿਆ ਅਤੇ ਘੋੜੇ ’ਤੇ ਬਹਿ ਕੇ ਸੱਤ ਸਮੁੰਦਰ ਪਾਰ ਚਲਾ ਗਿਆ। ਪਹਿਲਾਂ ਤਾਂ ਮੁੰਡੇ ਨੇ ਰਾਖਸ਼ਸ਼ ਨਾਲ ਯੁੱਧ ਕਰਕੇ ਉਹਨੂੰ ਮਾਰ ਦਿੱਤਾ। ਫਿਰ ਤਿੰਨਾਂ ਰਾਣੀਆਂ ਕੋਲ ਪੁੱਜਾ। ਤਿੰਨਾਂ ਰਾਣੀਆਂ ਨੇ ਉਹਨੂੰ ਸੋਹਣੇ ਫ਼ਲ ਖਾਣ ਲਈ ਦਿੱਤੇ ਪਰ ਉਹਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਵਿਚ ਜ਼ਹਿਰ ਹੈ। ਤਿੰਨੋਂ ਰਾਣੀਆਂ ਲੜਕੇ ਦੇ ਹੁਸਨ ਉੱਤੇ ਲੱਟੂ ਹੋ ਗਈਆਂ ਅਤੇ ਉਹਦੇ ਹੌਂਸਲੇ ਅਤੇ ਬਹਾਦਰੀ ਦੀਆਂ ਤਾਰੀਫ਼ਾਂ ਕਰਨ ਲੱਗ ਪਈਆਂ। ਰਾਣੀਆਂ ਨੇ ਆਖਿਆ ਕਿ ਤੂੰ ਸਾਨੂੰ ਮਾਰ ਕੇ ਫ਼ਲ ਲਿਜਾ ਸਕਦਾ ਏਂ ਪਰ ਆਹ ਇਕ ਅੰਮ੍ਰਿਤ ਦੀ ਬੋਤਲ ਲੈ ਜਾ। ਜਦੋਂ ਅਸੀਂ ਦਰਖ਼ਤ ਬਣ ਜਾਵਾਂਗੀਆਂ ਤਾਂ ਰਾਖਸ਼ਸ਼ ਫ਼ਲ ਖਾਣ ਲਈ ਆਉਣਗੇ ਅਤੇ ਤੈਨੂੰ ਮਾਰ ਦੇਣਗੇ।ਤੂੰ ਛੇਤੀ ਨਾਲ ਸਾਡੇ 'ਤੇ ਦੋ ਬੂੰਦਾਂ ਅੰਮ੍ਰਿਤ ਦੀਆਂ ਛਿੜਕਾ ਦੇਵੀਂ, ਅਸੀਂ ਫਿਰ ਰਾਣੀਆਂ ਬਣ ਜਾਵਾਂਗੀਆਂ।ਰਾਣੀਆਂ ਬਣਨ 'ਤੇ ਰਾਖ਼ਸ਼ਸ਼ ਫਿਰ ਵਾਪਸ ਚਲੇ ਜਾਣਗੇ।

ਮੁੰਡੇ ਨੂੰ ਵਿਸ਼ਵਾਸ ਨਾ ਹੋਇਆ।ਵਿਸ਼ਵਾਸ ਕਰਨ ਲਈ ਉਹਨੇ ਇਕੋ ਫੱਟ ਨਾਲ ਤਿੰਨਾਂ ਰਾਣੀਆਂ ਦੀਆਂ ਗਰਦਨਾਂ ਲਾਹ ਦਿੱਤੀਆਂ ਤੇ ਉਹ ਦਰਖ਼ਤ ਬਣ ਗਈਆਂ। ਜਿਉਂ ਹੀ ਮੁੰਡਾ ਫ਼ਲ ਤੋੜਨ ਲੱਗਾ ਤਾਂ ਰਾਖਸ਼ਸ਼ ਆ ਗਏ । ਮੁੰਡੇ ਨੇ ਫਟਾਫਟ ਅੰਮ੍ਰਿਤ ਦੀਆਂ ਬੂੰਦਾਂ ਉਸ ਦਰਖ਼ਤ 'ਤੇ ਪਾ ਦਿੱਤੀਆਂ। ਉਹ ਦਰਖ਼ਤ ਮੁੜ ਤਿੰਨ ਰਾਣੀਆਂ ਬਣ ਗਏ। ਮੁੰਡਾ ਤਿੰਨਾਂ ਰਾਣੀਆਂ ਨੂੰ ਘੋੜੇ 'ਤੇ ਬਿਠਾ ਕੇ ਘਰ ਲੈ ਆਇਆ । ਮਹੱਲ ਵਿਚ ਆਣ ਕੇ ਮੁੰਡੇ ਨੇ ਤਿੰਨਾਂ ਰਾਣੀਆਂ ਨੂੰ ਇਕ ਫੱਟ ਨਾਲ ਵੱਢ ਕੇ ਮੁੜ ਦਰਖ਼ਤ ਬਣਾ ਦਿੱਤਾ ਅਤੇ ਫ਼ਲ ਤੋੜ ਲਏ। ਦਰਖ਼ਤ ’ਤੇ ਮੁੜ ਅੰਮ੍ਰਿਤ ਦੀਆਂ ਬੂੰਦਾਂ ਪਾ ਕੇ ਉਨ੍ਹਾਂ ਨੂੰ ਰਾਣੀ ਬਣਾ ਦਿੱਤੀ। ਰਾਜੇ ਨੇ ਜਦੋਂ ਫ਼ਲ ਦਾ ਰਸ ਪੀਤਾ ਤਾਂ ਉਹ ਠੀਕ ਹੋ ਗਿਆ। ਰਾਜੇ ਨੇ ਉਹਨੂੰ ਆਪਣਾ ਪੁੱਤਰ ਬਣਾ ਲਿਆ।

ਪਰ ਛੇ ਰਾਣੀਆਂ ਆਖਣ ਲੱਗੀਆਂ ਕਿ ਇਹ ਰਾਜੇ ਦਾ ਪੁੱਤਰ ਨਹੀਂ ਹੈ। ਰਾਜੇ ਦੇ ਪੁੱਤਰ ਤਾਂ ਸਾਡੇ ਮੁੰਡੇ ਹਨ। ਉਨ੍ਹਾਂ ਨੂੰ ਡਰ ਸੀ ਕਿ ਸਾਰਾ ਰਾਜ ਭਾਗ ਇਸ ਮੁੰਡੇ ਨੂੰ ਨਾ ਮਿਲ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸੱਚਮੁੱਚ ਰਾਜੇ ਦਾ ਮੁੰਡਾ ਹੈ ਤਾਂ ਉੱਡਦੇ ਪੰਛੀਆਂ ਦੀਆਂ ਲੱਤਾਂ ਅਤੇ ਪੂਛਾਂ ਵੱਢ ਕੇ ਲਿਆਵੇ ਅਤੇ ਸਾਡੇ ਮੁੰਡੇ ਵੀ ਇੰਝ ਹੀ ਕਰਨਗੇ। ਮੁੰਡੇ ਨੇ ਸ਼ਰਤ ਮੰਨ ਲਈ। ਉਹ ਆਪਣੇ ਉੱਡਣ ਵਾਲੇ ਘੋੜੇ 'ਤੇ ਬਹਿ ਕੇ ਪੰਛੀਆਂ ਦੀਆਂ ਲੱਤਾਂ ਅਤੇ ਪੂਛਾਂ ਕੱਟ ਲਿਆਇਆ। ਜਿਹੜੇ ਪੰਛੀ ਉਹਨੇ ਮਾਰ ਕੇ ਸੁੱਟੇ ਸਨ, ਬਾਕੀ ਮੁੰਡਿਆਂ ਨੇ ਉਨ੍ਹਾਂ ਦੀਆਂ ਗਰਦਨਾਂ ਵੱਢ ਲਈਆਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਲੱਤਾਂ ਤੇ ਪੂਛਾਂ ਕਿਥੇ ਹਨ ਤਾਂ ਉਹ ਕਹਿਣ ਲੱਗੇ ਕਿ ਪਤਾ ਨਹੀਂ ਸਾਡੇ ਹੱਥ ਤਾਂ ਧੋਣਾਂ ਹੀ ਆਈਆਂ ਹਨ। ਪਰ ਛੋਟੀ ਰਾਣੀ ਦੇ ਮੁੰਡੇ ਨੇ ਪੰਛੀਆਂ ਦੀਆਂ ਲੱਤਾਂ ਅਤੇ ਪੂਛਾਂ ਦਿਖਾਈਆਂ। ਇੰਝ ਸਾਬਿਤ ਹੋ ਗਿਆ ਕਿ ਉਹ ਰਾਜੇ ਦਾ ਹੀ ਮੁੰਡਾ ਹੈ। ਰਾਜੇ ਨੇ ਮੁੰਡੇ ਨੂੰ ਰਾਜਾ ਬਣਾ ਦਿੱਤਾ ਅਤੇ ਛੇ ਰਾਣੀਆਂ ਨੂੰ ਨੌਕਰਾਣੀਆਂ ਅਤੇ ਉਨ੍ਹਾਂ ਦੇ ਮੁੰਡਿਆਂ ਨੂੰ ਨੌਕਰ ਬਣਾ ਦਿੱਤਾ।

ਰਾਜੇ ਨੇ ਆਪ ਹਾਥੀ 'ਤੇ ਜਾ ਕੇ ਛੋਟੀ ਰਾਣੀ ਨੂੰ ਝੌਂਪੜੀ ਵਿਚੋਂ ਲਿਆਂਦਾ। ਸੱਤ ਸਮੁੰਦਰੋਂ ਪਾਰੋਂ ਲਿਆਂਦੀਆਂ ਤਿੰਨਾਂ ਰਾਣੀਆਂ ਦਾ ਵਿਆਹ ਰਾਜੇ ਨੇ ਆਪਣੇ ਮੁੰਡੇ ਨਾਲ ਕਰ ਦਿੱਤਾ ਅਤੇ ਉਹਨਾਂ ਨੂੰ ਮਹਾਰਾਣੀਆਂ ਬਣਾ ਦਿੱਤਾ।


Post a Comment

0 Comments