ਹੋਣੀ ਦਾ ਚੱਕਰ
Honi Da Chakar
ਇਕ ਪਿੰਡ ਵਿਚ ਇਕ ਬ੍ਰਾਹਮਣ ਰਹਿੰਦਾ ਸੀ। ਉਸਦੇ ਪਰਿਵਾਰ ਵਿਚ ਉਸਦੀ ਪਤਨੀ ਅਤੇ ਇਕ ਜਵਾਨ ਧੀ ਸੀ। ਬ੍ਰਾਹਮਣ ਅਤੇ ਉਸਦੀ ਪਤਨੀ ਨੂੰ ਹਰ ਵੇਲੇ ਆਪਣੀ ਧੀ ਦੇ ਵਿਆਹ ਦੀ ਚਿੰਤਾ ਲੱਗੀ ਰਹਿੰਦੀ ਸੀ।
ਇਕ ਦਿਨ ਬ੍ਰਾਹਮਣ ਦੀ ਪਤਨੀ ਬ੍ਰਾਹਮਣ ਨੂੰ ਆਖਣ ਲੱਗੀ ਕਿ ਮੈਂ ਸੁਣਿਆ ਹੈ ਕਿ ਸਾਡਾ ਰਾਜਾ ਬੜਾ ਦਿਆਲੂ ਅਤੇ ਪਰਉਪਕਾਰੀ ਹੈ। ਉਹ ਦਰ 'ਤੇ ਆਏ ਜਾਚਕ ਨੂੰ ਕਦੇ ਨਿਰਾਸ਼ ਨਹੀਂ ਮੋੜਦਾ। ਤੁਸੀਂ ਵੀ ਉਸ ਕੋਲ ਜਾਵੋ, ਸ਼ਾਇਦ ਸਾਡੀ ਕੋਈ ਮਦਦ ਹੀ ਕਰ ਦੇਵੇ। ਪਹਿਲਾਂ ਤਾਂ ਬ੍ਰਾਹਮਣ ਨਾ ਮੰਨਿਆ ਪਰ ਫਿਰ ਪਤਨੀ ਦਾ ਕਿਹਾ ਮੰਨ ਕੇ ਉਹ ਰਾਜੇ ਕੋਲ ਚਲਾ ਗਿਆ। ਰਾਜੇ ਕੋਲ ਪਹੁੰਚ ਕੇ ਉਹਨੇ ਆਪਣੇ ਘਰ ਦੀ ਸਾਰੀ ਹਾਲਤ ਬਿਆਨ ਕਰ ਦਿੱਤੀ।
ਰਾਜੇ ਨੇ ਪਹਿਲਾਂ ਤਾਂ ਬ੍ਰਾਹਮਣ ਦਾ ਬੜੀ ਚੰਗੀ ਤਰ੍ਹਾਂ ਆਓ-ਭਗਤ ਕੀਤਾ ਤੇ ਫਿਰ ਘਰ ਨੂੰ ਤੁਰਨ ਲੱਗਿਆਂ ਅਸ਼ਰਫ਼ੀਆਂ ਅਤੇ ਸੋਨੇ-ਚਾਂਦੀ ਦੀ ਗੰਢ ਬੰਨ੍ਹ ਦਿੱਤੀ। ਰਸਤੇ ਵਿਚ ਹੋਣੀ ਨੇ ਚੋਰ ਦਾ ਰੂਪ ਧਾਰਿਆ ਤੇ ਬ੍ਰਾਹਮਣ ਨੂੰ ਲੁੱਟ ਲਿਆ। ਬ੍ਰਾਹਮਣ ਰੋਂਦਾ-ਕੁਰਲਾਉਂਦਾ ਦੁਬਾਰਾ ਰਾਜੇ ਕੋਲ ਪਹੁੰਚ ਗਿਆ ਤੇ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ। ਰਾਜੇ ਨੇ ਬ੍ਰਾਹਮਣ ਨੂੰ ਇਕ ਵਾਰ ਮੁੜ ਸੋਨਾ-ਚਾਂਦੀ ਦੇ ਦਿੱਤਾ ਅਤੇ ਆਖਿਆ ਕਿ ਇਸ ਵਾਰ ਮੈਂ ਖ਼ੁਦ ਤੇਰੇ ਪਿੱਛੇ-ਪਿੱਛੇ ਚੱਲਾਂਗਾ। ਬ੍ਰਾਹਮਣ ਅੱਗੇ ਅੱਗੇ ਤੁਰ ਪਿਆ ਅਤੇ ਰਾਜਾ ਉਹਦੇ ਮਗਰ-ਮਗਰ। ਅਚਾਨਕ ਹੋਣੀ ਨੇ ਦੁਬਾਰਾ ਚੋਰ ਦਾ ਰੂਪ ਧਾਰਿਆ ਅਤੇ ਬ੍ਰਾਹਮਣ ਨੂੰ ਘੇਰ ਲਿਆ। ਬ੍ਰਾਹਮਣ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬ੍ਰਾਹਮਣ ਦੀ ਆਵਾਜ਼ ਸੁਣ ਕੇ ਰਾਜਾ ਫਟਾਫਟ ਆ ਗਿਆ | ਰਾਜਾ ਆ ਕੇ ਕਹਿਣ ਲੱਗਾ ਕਿ ਤੂੰ ਕੌਣ ਏਂ ਤੇ ਗਰੀਬਾਂ ਨੂੰ ਲੁੱਟਦਾ ਕਿਉਂ ਏਂ ? ਜੇਕਰ ਤੇਰੇ ਵਿਚ ਹਿੰਮਤ ਹੈ ਤਾਂ ਮੈਨੂੰ ਲੁੱਟ ਕੇ ਵਿਖਾ
ਚੋਰ ਰਾਜੇ ਨੂੰ ਆਖਣ ਲੱਗਾ-‘ਰਾਜਾ ਜੀ, ਮੈਂ ਹਾਂ ਚੋਰ ਪਰ ਹੋਣੀ ਦਾ ਰੂਪ ਹਾਂ। ਜਿਸ ਮਗਰ ਪੈ ਜਾਂਦਾ ਹਾਂ, ਉਹਨੂੰ ਤਬਾਹ ਕਰਕੇ ਹੀ ਛੱਡਦਾ ਹਾਂ।”
ਕੀ ਬ੍ਰਾਹਮਣ ਦੀ ਤਬਾਹੀ ਨੂੰ ਤੁਸੀਂ ਆਪਣੀ ਹੋਣੀ ਬਣਾਉਣਾ ਚਾਹੁੰਦਾ ਹੋ ?'
ਰਾਜਾ ਆਖਣ ਲੱਗਾ ਕਿ ਮੈਂ ਤੇਰੀਆਂ ਧਮਕੀਆਂ ਤੋਂ ਨਹੀਂ ਡਰਦਾ। ਤੇਰੇ ਕੋਲੋਂ ਜੋ ਹੁੰਦਾ ਏ ਕਰ ਲੈ, ਪਰ ਮੇਰੇ ਰਾਜ ਦੇ ਗਰੀਬਾਂ ਨੂੰ ਨਾ ਲੁੱਟੀਂ। ਚੋਰ ਰਾਜੇ ਦੀ ਗੱਲ ਸੁਣ ਕੇ ਚਲਾ ਗਿਆ ਅਤੇ ਬ੍ਰਾਹਮਣ ਆਪਣੇ ਘਰ ਚਲਾ ਗਿਆ।
ਰਾਜਾ ਆਪਣੇ ਘੋੜੇ 'ਤੇ ਬਹਿ ਕੇ ਆਪਣੇ ਮਹੱਲ ਵੱਲ ਤੁਰ ਪਿਆ। ਜਿਉਂ ਹੀ ਰਾਜਾ ਮਹੱਲ ਦੇ ਨੇੜੇ ਪੁੱਜਿਆ ਤਾਂ ਉਹਨੇ ਤੱਕਿਆ ਕਿ ਮਹੱਲ ਨੂੰ ਅੱਗ ਲੱਗੀ ਹੋਈ ਹੈ ਅਤੇ ਉਸਦਾ ਸਾਰਾ ਪਰਿਵਾਰ ਮਹੱਲ ਦੇ ਅੰਦਰ ਹੀ ਸੜ ਰਿਹਾ ਹੈ।ਵੇਖਦੇ-ਵੇਖਦੇ ਰਾਜੇ ਦੇ ਸਾਹਮਣੇ ਸਾਰਾ ਮਹੱਲ ਸੜ ਕੇ ਸੁਆਹ ਹੋ ਗਿਆ। ਰਾਜਾ ਸਮਝ ਗਿਆ ਕਿ ਇਹ ਸਾਰਾ ਉਸੇ ਹੋਣੀ ਦਾ ਚੱਕਰ ਹੈ ਜਿਹੜੀ ਮੈਨੂੰ ਚੋਰ ਬਣ ਕੇ ਮਿਲੀ ਸੀ। ਪਰ ਮੈਂ ਹੁਣ ਕੀ ਕਰ ਸਕਦਾ ਹਾਂ। ਆਖ਼ਿਰਕਾਰ ਰਾਜਾ ਦੁਖੀ ਹੋ ਕੇ ਘੋੜੇ 'ਤੇ ਸਵਾਰ ਹੋ ਕੇ ਕਿਤੇ ਦੂਰ ਚਲਾ ਗਿਆ।ਜਾਂਦਾ-ਜਾਂਦਾ ਰਾਜਾ ਕਿਸੇ ਹੋਰ ਰਾਜੇ ਦੇ ਰਾਜ ਵਿਚ ਚਲਾ ਗਿਆ। ਰਾਜੇ ਨੂੰ ਭੁੱਖ ਲੱਗੀ ਹੋਈ ਸੀ। ਉਹਨੇ ਇਕ ਖੇਤ ਵਿਚ ਹਦਵਾਣੇ ਵੇਖੇ ਅਤੇ ਘੋੜੇ ਤੋਂ ਉੱਤਰ ਕੇ ਖੇਤ ਦੇ ਵਿਚ ਵੜ ਗਿਆ ਤੇ ਉਥੋਂ ਇਕ ਹਦਵਾਣਾ ਤੋੜ ਲਿਆ। ਉਸਨੇ ਹਦਵਾਣੇ ਦੀ ਥਾਂ 'ਤੇ ਤਿੰਨ ਟਕੇ ਰੱਖ ਦਿੱਤੇ। ਰਾਜੇ ਨੇ ਛੁਰੇ ਨਾਲ ਹਦਵਾਣੇ ਦੇ ਦੋ ਹਿੱਸੇ ਕਰ ਦਿੱਤੇ ਅਤੇ ਇਕ ਹਿੱਸਾ ਖਾ ਲਿਆ ਅਤੇ ਦੂਜਾ ਹਿੱਸਾ ਘੋੜੇ ਨਾਲ ਬੰਨ੍ਹੀ ਖੁਰਜ਼ੀ ਵਿਚ ਰੱਖ ਦਿੱਤਾ ਤਾਂ ਜੋ ਭੁੱਖ ਲੱਗਣ 'ਤੇ ਦੁਬਾਰਾ ਖਾਧਾ ਜਾ ਸਕੇ ।
ਰਾਜਾ ਘੋੜੇ ’ਤੇ ਬਹਿ ਕੇ ਤੁਰ ਪਿਆ। ਜਿਵੇਂ ਜਿਵੇਂ ਉਸਦਾ ਘੋੜਾ ਤੁਰਨ ਲੱਗਾ, ਘੋੜੇ ਦੀ ਖੁਰਜੀ ਵਿਚ ਰੱਖੇ ਹਦਵਾਣੇ ਵਿਚੋਂ ਲਾਲ ਪਾਣੀ ਵਗਣ ਲੱਗ ਪਿਆ। ਉਧਰੋਂ ਹੋਣੀ ਨੇ ਔਰਤ ਦਾ ਰੂਪ ਧਾਰਿਆ ਅਤੇ ਰਾਜੇ ਦੇ ਘੋੜੇ ਮਗਰ ਦੌੜਦੀ ਹੋਈ ਚੀਕਣ ਲੱਗ ਪਈ—“ਲੋਕੋ ! ਇਸ ਪਾਪੀ ਨੇ ਮੇਰੇ ਪੁੱਤਰ ਦਾ ਸਿਰ ਵੱਢ ਦਿੱਤਾ ਹੈ। ਇਸ ਪਾਪੀ ਨੂੰ ਫੜ ਲਓ, ਇਸ ਪਾਪੀ ਨੂੰ ਫੜ ਲਓ।” ਲੋਕਾਂ ਨੇ ਔਰਤ ਦੀ ਆਵਾਜ਼ ਸੁਣ ਕੇ ਰਾਜੇ ਨੂੰ ਘੇਰ ਲਿਆ।
ਲੋਕ ਆਖਣ ਲੱਗੇ ਕਿ ਤੁਸੀਂ ਇਸ ਔਰਤ ਦੇ ਪੁੱਤ ਦਾ ਸਿਰ ਵੱਢ ਕੇ ਲਿਜਾ ਰਹੇ ਹੋ| ਖੁਰਜੀ ਵਿਚੋਂ ਖ਼ੂਨ ਵੀ ਵਗ ਰਿਹਾ ਹੈ। ਰਾਜਾ ਆਖਣ ਲੱਗਾ ਕਿ ਖੁਰਜੀ ਵਿਚ ਤਾਂ ਅੱਧਾ ਹਦਵਾਣਾ ਪਿਆ ਹੋਇਆ ਹੈ । ਮੈਂ ਤੁਹਾਨੂੰ ਕੱਢ ਕੇ ਵਿਖਾਉਂਦਾ ਹਾਂ। ਪਰ ਜਿਵੇਂ ਹੀ ਰਾਜੇ ਨੇ ਖੁਰਜੀ ਵਿਚੋਂ ਹਦਵਾਣਾ ਕੱਢਿਆ, ਉਹ ਵੇਖ ਕੇ ਘਬਰਾ ਗਿਆ। ਉਹ ਹਦਵਾਣਾ ਨਹੀਂ, ਸੱਚਮੁੱਚ ਹੀ ਮੁੰਡੇ ਦਾ ਸਿਰ ਸੀ।
ਲੋਕ ਰਾਜੇ ਨੂੰ ਫੜ ਕੇ ਆਪਣੇ ਦੇਸ਼ ਦੇ ਰਾਜੇ ਕੋਲ ਲੈ ਗਏ। ਰਾਜੇ ਨੂੰ ਉਸ ਦੇਸ਼ ਦੇ ਰਾਜੇ ਨੇ ਦੋਸ਼ੀ ਪਾਇਆ ਤੇ ਸਜ਼ਾ ਵਜੋਂ ਉਸਦੇ ਹੱਥ-ਪੈਰ ਵੱਢ ਕੇ ਜੰਗਲ ਵਿਚ ਸੁੱਟ ਦੇਣ ਦਾ ਹੁਕਮ ਜਾਰੀ ਕੀਤਾ। ਰਾਜੇ ਦੇ ਹੱਥ-ਪੈਰ ਵੱਢ ਦਿੱਤੇ ਅਤੇ ਉਸਦੇ ਧੜ ਨੂੰ ਜੰਗਲ ਵਿਚ ਸੁੱਟ ਦਿੱਤਾ। ਰਾਜਾ ਦਰਦ ਨਾਲ ਜੰਗਲ ਵਿਚ ਤੜਫਣ ਲੱਗਾ। ਅਚਾਨਕ ਉਥੋਂ ਦੀ ਇਕ ਤੇਲੀ ਅਤੇ ਤੇਲਣ ਲੰਘੇ।ਉਨ੍ਹਾਂ ਨੇ ਰਾਜੇ ਨੂੰ ਤੜਫ਼ਦਿਆਂ ਵੇਖਿਆ ਤੇ ਉਸ ਵੱਲ ਭੱਜੇ। ਤੇਲੀ ਤੇ ਤੇਲਣ ਨੂੰ ਰਾਜੇ ’ਤੇ ਤਰਸ ਆ ਗਿਆ ਅਤੇ ਉਹ ਉਸ ਨੂੰ ਚੁੱਕ ਕੇ ਘਰ ਲੈ ਗਏ। ਘਰ ਜਾ ਕੇ ਉਨ੍ਹਾਂ ਨੇ ਰਾਜੇ ਦੀ ਮਲ੍ਹਮ ਪੱਟੀ ਕੀਤੀ। ਕੁਝ ਦਿਨਾਂ ਵਿਚ ਰਾਜੇ ਦੇ ਜ਼ਖ਼ਮ ਠੀਕ ਹੋ ਗਏ।
ਇਕ ਦਿਨ ਉਸ ਪਿੰਡ ਵਿਚ ਇਕ ਸਾਧੂ ਆਇਆ ਜਿਹੜਾ ਹਰੇਕ ਨੂੰ ਪੁੱਛ ਰਿਹਾ ਸੀ ਕਿ ਦੁਨੀਆ ਵਿਚ ਸਭ ਤੋਂ ਵੱਧ ਸ਼ਕਤੀਸ਼ਾਲੀ ਕੌਣ ਹੈ ? ਕੋਈ ਸ਼ਿਵਜੀ ਭਗਵਾਨ ਦਾ ਨਾਂ ਲਵੇ, ਕੋਈ ਰਾਮ ਦਾ, ਕੋਈ ਵਿਸ਼ਨੂੰ ਦਾ ਤੇ ਕੋਈ ਬ੍ਰਹਮਾ ਦਾ। ਉਹ ਸਾਧੂ ਇਹੋ ਸਵਾਲ ਪੁੱਛਦਾ-ਪੁੱਛਦਾ ਤੇਲੀ- ਤੇਲਣ ਦੇ ਘਰ ਆ ਗਿਆ। ਜਦੋਂ ਇਹ ਸਵਾਲ ਸਾਧੂ ਨੇ ਤੇਲੀ-ਤੇਲਣ ਕੋਲੋਂ ਪੁੱਛਿਆ ਤਾਂ ਮੰਜੇ ਉੱਤੇ ਲੰਮਾ ਪਿਆ ਰਾਜਾ ਆਖਣ ਲੱਗਾ ਕਿ ਮੈਂ ਜਵਾਬ ਦਿੰਦਾ ਹਾਂ। ਸਾਧੂ ਨੇ ਕਿਹਾ ਕਿ ਤੁਸੀਂ ਦੱਸ ਦੇਵੋ । ਰਾਜਾ ਆਖਣ ਲੱਗਾ ਕਿ ਇਸ ਦੁਨੀਆ ਵਿਚ ਸਭ ਤੋਂ ਵੱਧ ਸ਼ਕਤੀਸ਼ਾਲੀ ਹੋਣੀ ਹੈ ਪਰ ਉਹ ਹੋਣੀ ਵੀ ਰੱਬ ਦੇ ਹੁਕਮ ਅਨੁਸਾਰ ਹੀ ਕਾਰਜ ਕਰਦੀ ਹੈ। ਸਾਧੂ ਰਾਜੇ ਦੇ ਜਵਾਬ ਤੋਂ ਬਹੁਤ ਖ਼ੁਸ਼ ਹੋਇਆ। ਸਾਧੂ ਰਾਜੇ ਨੂੰ ਆਖਣ ਲੱਗਾ ਕਿ ਤੂੰ ਆਖਦਾ ਏਂ ਕਿ ਹੋਣੀ ਸੱਚਮੁੱਚ ਜਿਸ ਉੱਤੇ ਆਉਂਦੀ ਹੈ ਉਸਨੂੰ ਆਪਣਾ ਰੂਪ ਵਿਖਾ ਕੇ ਹੀ ਜਾਂਦੀ ਹੈ। ਬੰਦਾ ਹੋਣੀ ਦੇ ਚੱਕਰ ਤੋਂ ਮੁਨਕਰ ਨਹੀਂ ਹੋ ਸਕਦਾ।ਪਰ ਤੂੰ ਤਾਂ ਖ਼ੁਦ ਹੋਣੀ ਨੂੰ ਚਿਤਾਵਨੀ ਦਿੱਤੀ ਸੀ। ਰਾਜਾ ਆਖਣ ਲੱਗਾ ਕਿ ਇਹ ਸਭ ਕੁਝ ਤੁਹਾਨੂੰ ਕਿਵੇਂ ਪਤਾ ? ਸਾਧੂ ਨੇ ਪਹਿਲਾਂ ਤਾਂ ਮੰਤਰ ਪੜ੍ਹ ਕੇ ਰਾਜੇ 'ਤੇ ਪਾਣੀ ਛਿੜਕਾ ਕੇ ਉਸਦੇ ਹੱਥ-ਪੈਰ ਵਾਪਸ ਕੀਤੇ ਅਤੇ ਜਾਂਦੀ ਵਾਰ ਰਾਜੇ ਨੂੰ ਆਖਣ ਲੱਗਾ ਕਿ ਮੈਂਉਹੀ ਚੋਰ ਅਤੇ ਹੋਣੀ ਦਾ ਫਿਰ ਰੂਪ ਹਾਂ। ਇੰਨੀ ਗੱਲ ਕਹਿ ਕੇ ਸਾਧੂ ਗਾਇਬ ਹੋ ਗਿਆ। ਰਾਜਾ ਸਮਝ ਗਿਆ ਕਿ ਇਹ ਹੋਣੀ ਹੀ ਸੀ। ਆਪਣੇ ਹੱਥ-ਪੈਰ ਵਾਪਸ ਆਏ ਵੇਖ ਕੇ ਰਾਜੇ ਨੇ ਹੋਣੀ ਦਾ ਧੰਨਵਾਦ ਕੀਤਾ ਅਤੇ ਖ਼ੁਸ਼ੀ-ਖ਼ੁਸ਼ੀ ਆਪਣੇ ਰਾਜ ਵੱਲ ਵਾਪਸ ਚਲਾ ਗਿਆ। ਜਿਉਂ ਹੀ ਰਾਜਾ ਆਪਣੇ ਰਾਜ ਵਿਚ ਪੁੱਜਾ ਤਾਂ ਆਪਣੇ ਮਹੱਲ ਨੂੰ ਪਹਿਲਾਂ ਵਾਂਗ ਠੀਕ-ਠਾਕ ਵੇਖ ਕੇ ਬੜਾ ਖ਼ੁਸ਼ ਹੋਇਆ।
0 Comments