ਕੰਨ 'ਚ ਗੰਢੀ
ਇਕ ਪਿੰਡ ਵਿਚ ਦੋ ਭਰਾ ਰਹਿੰਦੇ ਸਨ। ਉਨ੍ਹਾਂ ਦੇ ਮਾਂ-ਬਾਪ ਮਰ ਚੁੱਕੇ ਸਨ।ਉਹ ਦੋਵੇਂ ਭਰਾ ਖੇਤੀਬਾੜੀ ਦਾ ਕੰਮ ਕਰਦੇ ਸਨ। ਦੋਹਾਂ ਦਾ ਆਪਸ ਵਿਚ ਗੂੜ੍ਹਾ ਪਿਆਰ ਸੀ। ਵੱਡਾ ਭਰਾ ਵਿਆਹਿਆ ਹੋਇਆ ਸੀ ਪਰ ਉਸਦੀ ਪਤਨੀ ਆਪਣੇ ਦਿਓਰ ਨੂੰ ਚੰਗਾ ਨਹੀਂ ਸਮਝਦੀ ਸੀ ਕਿਉਂਕਿ ਉਸਨੂੰ ਸ਼ੱਕ ਸੀ ਕਿ ਇਹ ਵਿਆਹ ਕਰਵਾਉਣ ਤੋਂ ਬਾਅਦ ਜਾਇਦਾਦ ਵਿਚੋਂ ਆਪਣਾ ਹਿੱਸਾ ਮੰਗੇਗਾ। ਉਸਨੇ ਉਸ ਨੂੰ ਆਪਣੇ ਰਸਤੇ ਵਿਚੋਂ ਹਟਾਉਣ ਦੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ। ਵਾਰ-ਵਾਰ ਰੋਟੀ ਟੁੱਕ ਪੱਖੋਂ ਤਾਨ੍ਹੇ- ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਸਭ ਦੇ ਬਾਵਜੂਦ ਜਦੋਂ ਦੋਹਾਂ ਭਰਾਵਾਂ ਦਾ ਪਿਆਰ ਨਾ ਘਟਿਆ ਤਾਂ ਉਸਦੀ ਭਾਬੀ ਇਕ ਦਿਨ ਕਿਸੇ ਬਾਬੇ ਤੋਂ ਜਾਦੂ-ਟੂਣਾ ਕਰਵਾ ਕੇ ਲਿਆਈ।
ਘਰ ਆਉਂਦੇ ਸਾਰ ਹੀ ਉਸਨੇ ਆਪਣੇ ਦਿਉਰ ਨਾਲ ਪਿਆਰ ਭਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੜਕਾ ਵੀ ਉਸਦੀਆਂ ਮੋਮੇਂ- ਠੱਗਣੀਆਂ ਗੱਲਾਂ ਵਿਚ ਆ ਗਿਆ। ਜਦੋਂ ਲੜਕਾ ਨਹਾਉਣ ਲੱਗਾ ਤਾਂ ਭਾਬੀ ਆਖਣ ਲੱਗੀ ਕਿ ਮੈਂ ਅੱਜ ਆਪਣੇ ਪਿਆਰੇ ਦਿਉਰ ਨੂੰ ਆਪ ਹੱਥੀਂ ਨਹਾਉਣਾ ਹੈ | ਨਹਾਉਣ ਦੇ ਬਹਾਨੇ ਉਸਨੇ ਮੁੰਡੇ ਦੇ ਕੰਨ ਵਿਚ ਗੰਢੀ ਪਾ ਦਿੱਤੀ। ਮੁੰਡਾ ਉਸੇ ਵੇਲੇ ਕੁੱਤਾ ਬਣ ਗਿਆ। ਇਹ ਦੇਖ ਕੇ ਉਹ ਬਹੁਤ ਖ਼ੁਸ਼ ਹੋਈ ਕਿ ਰਾਹ ਦਾ ਰੋੜਾ ਖ਼ਤਮ ਹੋਇਆ। ਜਦੋਂ ਉਸਦਾ ਪਤੀ ਘਰ ਆਇਆ ਤਾਂ ਉਸਨੇ ਆਪਣੇ ਭਰਾ ਬਾਰੇ ਪੁੱਛਿਆ ਤਾਂ ਉਹ ਆਖਣ ਲੱਗੀ ਕਿ ਉਹ ਕੁਝ ਦਿਨਾਂ ਲਈ ਬਾਹਰ ਚਲਾ ਗਿਆ ਹੈ। ਮੈਨੂੰ ਆਖਦਾ ਸੀ ਕਿ ਭਰਾ ਨੂੰ ਦੱਸ ਦੇਵੀਂ। ਪਹਿਲਾਂ ਤਾਂ ਉਸਨੂੰ ਆਪਣੀ ਪਤਨੀ 'ਤੇ ਸ਼ੱਕ ਹੋਇਆ ਕਿ ਉਹ ਮੈਨੂੰ ਦੱਸਣ ਤੋਂ ਬਿਨਾਂ ਅੱਜ ਤਕ ਕਿਤੇ ਨਹੀਂ ਗਿਆ ਤੇ ਇਸਨੂੰ ਕਿਵੇਂ ਦੱਸ ਗਿਆ ? ਅਖ਼ੀਰ ਉਹ ਮੰਨ ਗਿਆ। ਨੇੜੇ ਹੀ ਕੁੱਤਾ ਬਣਿਆ ਮੁੰਡਾ ਆਪਣੇ ਭਰਾ ਦੇ ਪੈਰ ਚੁੰਮਣ ਲੱਗ ਪਿਆ। ਇਹ ਦੇਖ ਕੇ ਉਸਦੀ ਪਤਨੀ ਕੁੱਤੇ ਨੂੰ ਮਾਰਨ ਲੱਗ ਪਈ ਕਿ ਉਹ ਕਹਿਣ ਲੱਗਾ, “ਇਸਨੂੰ ਮਾਰਨ ਦੀ ਕੋਈ ਲੋੜ ਨਹੀਂ।ਇਹ ਤਾਂ ਸਗੋਂ ਪਿਆਰ ਕਰ ਰਿਹਾ ਏ। ਪਰ ਇਹ ਆਇਆ ਕਿਥੋਂ ਐ ? ਅੱਗੇ ਤਾਂ ਕਦੀ ਦੇਖਿਆ ਨਹੀਂ।”
ਉਸਦੀ ਪਤਨੀ ਆਖਣ ਲੱਗੀ, ‘ਪਤਾ ਨਹੀਂ, ਪਰ ਸਵੇਰ ਦਾ ਇਥੇ ਈ ਏ। ਜਾਂਦਾ ਹੀ ਨਹੀਂ।”
ਇੰਝ ਦਿਨ ਬੀਤਦੇ ਗਏ। ਕੁੱਤਾ ਹਰ ਰੋਜ਼ ਭਰਾ ਨਾਲ ਖੇਤਾਂ ਵਿਚ ਜਾਂਦਾ, ਪਰ ਉਸਦੀ ਪਤਨੀ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਇਕ ਤਾਂ ਕੁੱਤੇ ਨੂੰ ਹਰ ਰੋਜ਼ ਰੋਟੀ ਪਾਉਣੀ ਪੈਂਦੀ, ਦੂਸਰਾ ਉਸਨੂੰ ਸ਼ੱਕ ਸੀ ਕਿ ਇਸ ਕੁੱਤੇ ਦਾ ਭੇਦ ਖੁੱਲ੍ਹ ਨਾ ਜਾਵੇ। ਜੇ ਅਜਿਹਾ ਹੋ ਗਿਆ ਤਾਂ ਉਸਦਾ ਪਤੀ ਉਸਨੂੰ ਮਾਰ ਦੇਵੇਗਾ। ਉਹ ਹਰ ਰੋਜ਼ ਚੋਰੀ-ਛਿਪੇ ਕੁੱਤੇ ਨੂੰ ਡੰਡਿਆਂ ਨਾਲ ਕੁੱਟਦੀ, ਤਾਂ ਜੋ ਉਹ ਘਰੋਂ ਦੌੜ ਜਾਵੇ।
ਮਾਰ ਨਾ ਝੱਲਦਾ ਹੋਇਆ ਕੁੱਤਾ ਇਕ ਦਿਨ ਘਰੋਂ ਚਲਾ ਗਿਆ। ਜਾਂਦਾ-ਜਾਂਦਾ ਉਹ ਕਿਸੇ ਰਾਜੇ ਦੀ ਰਿਆਸਤ ਵਿਚ ਪਹੁੰਚ ਗਿਆ। ਰਸਤੇ ਵਿਚ ਉਸਨੂੰ ਕਿਸੇ ਬਲੇਦੀ ਨੇ ਦੇਖ ਲਿਆ। ਬਲੇਦੀ ਨੂੰ ਕੁੱਤਾ ਬਹੁਤ ਪਿਆਰਾ ਲੱਗਾ।ਉਸਨੇ ਕੁੱਤੇ ਨੂੰ ਫੜ ਲਿਆ ਤੇ ਆਪਣੇ ਘਰ ਲੈ ਆਂਦਾ। ਜਦੋਂ ਬਲੇਦੀ ਡੰਗਰ ਚਾਰਨ ਜਾਂਦਾ ਤਾਂ ਕੁੱਤਾ ਵੀ ਨਾਲ ਚਲਾ ਜਾਂਦਾ। ਇਸ ਤੋਂ ਪਹਿਲਾਂ ਕਿ ਬਲੇਦੀ ਕਿਸੇ ਡੰਗਰ ਨੂੰ ਮੋੜ ਕੇ ਲਿਆਵੇ, ਉਹ ਕੁੱਤਾ ਭੱਜ ਕੇ ਜਾਂਦਾ ਤੇ ਪਸ਼ੂਆਂ ਨੂੰ ਘੇਰ ਕੇ ਲੈ ਆਉਂਦਾ। ਇਹ ਦੇਖ ਕੇ ਬਲੇਦੀ ਬੜਾ ਖ਼ੁਸ਼ ਹੁੰਦਾ। ਦਿਨੋ-ਦਿਨ ਦੋਹਾਂ ਦਾ ਪਿਆਰ ਵਧਦਾ ਗਿਆ।
ਇਕ ਦਿਨ ਉਸ ਦੇਸ਼ ਦੇ ਰਾਜੇ ਨੇ ਆਪਣੀ ਧੀ ਦਾ ਵਿਆਹ ਕਰਨ ਦੀ ਗੱਲ ਤੋਰੀ। ਰਾਜਕੁਮਾਰੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਵਿਆਹ ਆਪਣੀ ਮਰਜ਼ੀ ਨਾਲ ਕਰਵਾਏਗੀ। ਇਸ ਕਰਕੇ ਪਿਤਾ ਜੀ ਤੁਸੀਂ ਸਾਰੇ ਦੇਸ਼ ਵਿਚ ਢੰਡੋਰਾ ਪਿਟਵਾ ਦੇਵੋ ਕਿ ਕੋਈ ਵੀ ਦੇਸ਼ ਦਾ ਨੌਜਵਾਨ ਵਿਆਹ ਵਾਲੇ ਦਿਨ ਘਰ ਨਾ ਰਹੇ ਸਗੋਂ ਰਾਜ ਦਰਬਾਰ ਵਿਚ ਹਾਜ਼ਰ ਹੋਵੇ ਤਾਂ ਜੋ ਉਹ ਆਪਣੀ ਮਰਜ਼ੀ ਦਾ ਵਰ ਚੁਣ ਸਕੇ। ਰਾਜੇ ਦੀ ਬੇਟੀ ਬੜੀ ਸੁੱਘੜ-ਸੁਆਣੀ ਅਤੇ ਕੋਕ-ਸ਼ਾਸਤਰ ਦੀ ਵਿਦਵਾਨ ਸੀ। ਉਹ ਮਨੁੱਖ ਦੀ ਸ਼ਕਲ ਵੇਖ ਕੇ ਉਸਦੇ ਹਾਵ-ਭਾਵ ਜਾਣ ਲੈਂਦੀ ਸੀ। ਰਾਜੇ ਨੇ ਸਾਰੇ ਦੇਸ਼ ਵਿਚ ਢੰਡੋਰਾ ਪਿਟਵਾ ਦਿੱਤਾ। ਸੋਹਣੇ-ਸੋਹਣੇ ਨੌਜਵਾਨ ਕੀ ਅਮੀਰ, ਕੀ ਗ਼ਰੀਬ, ਕੀ ਉੱਚੀ ਜਾਤ, ਕੀ ਨੀਵੀਂ ਜਾਤ, ਸਾਰੇ ਹੀ ਰਾਜੇ ਦੇ ਹੁਕਮ ਤੇ ਖ਼ੂਬਸੂਰਤ ਰਾਜਕੁਮਾਰੀ ਨੂੰ ਵਿਆਹੁਣ ਦੀ ਲਾਲਸਾ ਲੈ ਕੇ ਰਾਜ ਦਰਬਾਰ ਵਿਚ ਹਾਜ਼ਰ ਹੋ ਗਏ।
ਰਾਜੇ ਦੇ ਹੁਕਮ ਅਨੁਸਾਰ ਵਿਚਾਰਾ ਬਲੇਦੀ ਵੀ ਕੁੱਤੇ ਦੇ ਨਾਲ ਰਾਜ ਦਰਬਾਰ ਹਾਜ਼ਰ ਹੋ ਗਿਆ। ਬਲੇਦੀ ਤੇ ਉਸਦੇ ਕੁੱਤੇ ਨੂੰ ਵੇਖ ਕੇ ਸਾਰੇ ਲੋਕ ਹੱਸਣ ਲੱਗ ਪਏ। ਜਦੋਂ ਰਾਜਕੁਮਾਰੀ ਹਾਰ-ਸ਼ਿੰਗਾਰ ਕਰਕੇ ਰਾਜ ਦਰਬਾਰ ਵਿਚ ਪਹੁੰਚੀ ਤਾਂ ਸਾਰੇ ਉਸਦੀ ਖ਼ੂਬਸੂਰਤੀ ਨੂੰ ਦੇਖ ਕੇ ਚੁੱਪ ਹੋ ਗਏ। ਰਾਜਕੁਮਾਰੀ ਅਸਮਾਨ ਤੋਂ ਉੱਤਰੀ ਪਰੀ ਲੱਗ ਰਹੀ ਸੀ। ਉਸਦੇ ਹੱਥ ਵਿਚ ਵਰਮਾਲਾ ਸੀ। ਬਲੇਦੀ ਤੇ ਉਸਦਾ ਕੁੱਤਾ ਡਰ ਦੇ ਮਾਰੇ ਸਭ ਤੋਂ ਪਿੱਛੇ ਖੜ੍ਹੇ ਸਨ। ਸੋਹਣੇ-ਸੋਹਣੇ ਰਾਜਕੁਮਾਰ ਤੇ ਨੌਜਵਾਨ ਰਾਜਕੁਮਾਰੀ ਦੇ ਅੱਗੇ-ਅੱਗੇ ਹੋ ਰਹੇ ਸਨ ਤਾਂ ਜੋ ਰਾਜਕੁਮਾਰੀ ਉਨ੍ਹਾਂ ਦੇ ਗਲ ਵਿਚ ਵਰਮਾਲਾ ਪਾ ਦੇਵੇ।
ਅਖ਼ੀਰ ਵਿਚ ਰਾਜਕੁਮਾਰੀ ਜਦੋਂ ਬਲੇਦੀ ਤੇ ਉਸਦੇ ਕੁੱਤੇ ਕੋਲ ਪਹੁੰਚੀ ਤਾਂ ਉਸਨੇ ਉਹ ਵਰਮਾਲਾ ਕੁੱਤੇ ਦੇ ਗਲ ਵਿਚ ਪਾ ਦਿੱਤੀ ਕਿਉਂਕਿ ਉਹ ਕੁੱਤੇ ਦੇ ਰੂਪ ਵਿਚ ਇਕ ਭੋਲਾ-ਭਾਲਾ, ਮਿਹਨਤੀ, ਇਮਾਨਦਾਰੀ ਤੇ ਖ਼ੂਬਸੂਰਤ ਨੌਜਵਾਨ ਦੇਖ ਰਹੀ ਸੀ।
ਪੂਰੇ ਦੇਸ਼ ਵਿਚ ਇਕ ਖ਼ਬਰ ਅੱਗ ਵਾਂਗ ਫੈਲ ਗਈ ਕਿ ਰਾਜੇ ਦੀ ਰਾਜਕੁਮਾਰੀ ਨੇ ਕੁੱਤੇ ਨੂੰ ਆਪਣਾ ਪਤੀ ਚੁਣਿਆ ਹੈ। ਹਰੇਕ ਆਦਮੀ ਇਸ ਕੰਮ ਲਈ ਰਾਜੇ ਨੂੰ ਮਾੜਾ-ਚੰਗਾ ਕਹਿਣ ਲੱਗਾ। ਹਰੇਕ ਪਾਸੇ ਹਾਹਾਕਾਰ ਮੱਚ ਗਈ। ਇਸ ਤੋਂ ਪਹਿਲਾਂ ਕਿ ਰਾਜਕੁਮਾਰੀ ਰਾਜੇ ਨੂੰ ਕੁਝ ਦੱਸ ਸਕਦੀ, ਰਾਜੇ ਨੇ ਉਸਨੂੰ ਕੁਝ ਕੀਮਤੀ ਸਾਮਾਨ ਦੇ ਕੇ ਸਦਾ ਲਈ ਰਾਜ ਘਰਾਣੇ ਵਿਚੋਂ ਜਾਣ ਦਾ ਹੁਕਮ ਦੇ ਦਿੱਤਾ। ਰਾਜਕੁਮਾਰੀ ਆਪਣੇ ਪਤੀ ਕੁੱਤੇ ਨੂੰ ਲੈ ਕੇ ਅਤੇ ਬਲੇਦੀ ਨੂੰ ਛੱਡ ਕੇ ਅਣਦਿਸਦੀ ਮੰਜ਼ਿਲ ਵੱਲ ਤੁਰ ਪਈ।
ਇਕ ਦਿਨ ਰਾਜਕੁਮਾਰੀ ਕੁੱਤੇ ਸਮੇਤ ਉਸ ਪਿੰਡ ਵਿਚ ਪਹੁੰਚ ਗਈ ਜਿਥੇ ਉਸ ਕੁੱਤੇ ਦਾ ਵੱਡਾ ਭਰਾ ਰਹਿੰਦਾ ਸੀ। ਰਾਜਕੁਮਾਰੀ ਨੇ ਜਾ ਕੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਤੇ ਤਾਕੀਦ ਕੀਤੀ ਕਿ ਜੇ ਉਹ ਉਨ੍ਹਾਂ ਨੂੰ ਇਕ ਰਾਤ ਲਈ ਰੱਖ ਲੈਣ ਤਾਂ ਬੜੀ ਮਿਹਰਬਾਨੀ ਹੋਵੇਗੀ। ਕੁੱਤੇ ਦੇ ਭਰਾ ਨੇ ਜਿਵੇਂ ਨੇ ਕੁੱਤੇ ਨੂੰ ਦੇਖਿਆ, ਝੱਟ ਪਛਾਣ ਲਿਆ ਕਿ ਇਹ ਤਾਂ ਉਹੀ ਕੁੱਤਾ ਹੈ ਜੋ ਸਾਡੇ ਕੋਲ ਰਹਿੰਦਾ ਸੀ ਪਰ ਪਤਾ ਨਹੀਂ ਕਿਥੇ ਚਲਾ ਗਿਆ ਸੀ। ਕੁੱਤੇ ਨੇ ਆਪਣੇ ਭਰਾ ਦੇ ਪੈਰ ਚੁੰਮਣੇ ਸ਼ੁਰੂ ਕਰ ਦਿੱਤੇ। ਉਸ ਲੜਕੇ ਨੇ ਰਾਜਕੁਮਾਰੀ ਤੇ ਕੁੱਤੇ ਨੂੰ ਰਾਤ ਰਹਿਣ ਦੀ ਆਗਿਆ ਦੇ ਦਿੱਤੀ। ਪਰ ਉਸਦੀ ਪਤਨੀ ਨਾ ਮੰਨੀ, ਉਸਨੂੰ ਚਿੰਤਾ ਹੋਣ ਲੱਗੀ ਕਿ ਇਹ ਤਾਂ ਉਹੀ ਕੁੱਤਾ ਹੈ, ਮੇਰੇ ਪਤੀ ਦਾ ਭਰਾ। ਕਿਧਰੇ ਇਹ ਭੇਦ ਹੀ ਨਾ ਖੁੱਲ੍ਹ ਜਾਵੇ। ਵਾਰ-ਵਾਰ ਨਾਂਹ ਕਰਨ ਦੇ ਬਾਵਜੂਦ ਉਸਦੇ ਪਤੀ ਨੇ ਉਸਦੀ ਇਕ ਵੀ ਗੱਲ ਨਾ ਮੰਨੀ ਤੇ ਉਨ੍ਹਾਂ ਨੂੰ ਰਾਤ ਰੱਖ ਲਿਆ।ਰੋਟੀ ਖਾਣ ਤੋਂ ਬਾਅਦ ਜਦੋਂ ਉਹ ਸਾਰੇ ਮੰਜੇ ’ਤੇ ਪਏ ਤਾਂ ਕੁੱਤੇ ਦਾ ਭਰਾ ਆਖਣ ਲੱਗਾ,“ਤੁਸੀਂ ਸਾਡੇ ਮਹਿਮਾਨ ਹੋ ਜੀ, ਇਕ ਰਾਤ ਲਈ, ਕੋਈ ਗੱਲ ਹੀ ਸੁਣਾਵੋ। ਫਿਰ ਪਤਾ ਨਹੀਂ ਕਦੀ ਮਿਲਾਂਗੇ ਜਾਂ ਨਹੀਂ।” ਰਾਜਕੁਮਾਰੀ ਆਖਣ ਲੱਗੀ, “ਤੁਸੀਂ ਹੀ ਦੱਸੋ ਜੀ, ਕੀ ਸੁਣਨਾ ਏ ? ਜੱਗਬੀਤੀ ਜਾਂ ਹੱਡਬੀਤੀ ?’
ਲੜਕੇ ਨੇ ਕਿਹਾ ਕਿ ਕੋਈ ਹੱਡਬੀਤੀ ਹੀ ਸੁਣਾ ਦੋਵੇ।
ਰਾਜਕੁਮਾਰੀ ਨੇ ਉਸ ਲੜਕੇ, ਉਸਦੇ ਭਰਾ ਕੁੱਤੇ ਤੇ ਉਸਦੀ ਪਤਨੀ ਦੀ ਸਾਰੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਜੋ ਅੱਜ ਤਕ ਉਨ੍ਹਾਂ ਨਾਲ ਬੀਤੀ ਸੀ। ਇਹ ਸੁਣ ਕੇ ਉਸਦਾ ਵੱਡਾ ਭਰਾ ਦੰਗ ਰਹਿ ਗਿਆ ਕਿ ਇਹ ਤਾਂ ਸਾਡੇ ਘਰ ਦੀ ਗੱਲ ਹੈ, ਪਰ ਇਸਨੂੰ ਕਿਸ ਤਰ੍ਹਾਂ ਪਤਾ ? ਤੇ ਇਹ ਕੁੱਤਾ ਮੇਰਾ ਭਰਾ ਕਿਵੇਂ ਹੋ ਸਕਦੈ ?
ਉਹ ਲੜਕਾ ਕਹਿਣ ਲੱਗਾ ਕਿ ਜੇ ਤੂੰ ਸੱਚ ਬੋਲ ਰਹੀ ਏਂ ਤਾਂ ਤੂੰ ਕੋਈ ਸਾਧਾਰਨ ਔਰਤ ਨਹੀਂ ਸਗੋਂ ਰੱਬ ਦਾ ਰੂਪ ਏਂ। ਜੇਕਰ ਤੂੰ ਗਲਤ ਨਹੀਂ ਕਹਿ ਰਹੀ ਤਾਂ ਇਸ ਕੁੱਤੇ ਨੂੰ ਜਦ ਤਕ ਤੂੰ ਮੁੜਕੇ ਮੇਰਾ ਭਰਾ ਨਹੀਂ ਬਣਾ ਦਿੰਦੀ ਤਾਂ ਤਦ ਤਕ ਮੈਂ ਤੁਹਾਡੀ ਗੱਲ ਦਾ ਯਕੀਨ ਨਹੀਂ ਕਰ ਸਕਦਾ। ਰਾਜਕੁਮਾਰੀ ਨੇ ਉਸੇ ਵੇਲੇ ਕੁੱਤੇ ਦੇ ਕੰਨ 'ਚੋਂ ਗੰਢੀ ਕੱਢੀ, ਉਹ ਕੁੱਤਾ ਫਿਰ ਮਨੁੱਖ ਰੂਪ ਵਿਚ ਪ੍ਰਗਟ ਹੋ ਗਿਆ। ਇਹ ਦੇਖ ਕੇ ਉਸਦਾ ਵੱਡਾ ਭਰਾ, ਆਪਣਾ ਭਰਾ ਤੇ ਛੋਟੀ ਭਰਜਾਈ ਨੂੰ ਦੇਖ ਕੇ ਜਿਥੇ ਖ਼ੁਸ਼ ਹੋਇਆ, ਉਥੇ ਉਸਨੇ ਡੰਗਰਾਂ ਵਾਲੀ ਪੁਰਾਣੀ ਚੁੱਕ ਕੇ ਆਪਣੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕੁੱਟ-ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ।
ਅਖ਼ੀਰ ਛੋਟੇ ਭਰਾ ਤੇ ਉਸਦੀ ਪਤਨੀ ਦੇ ਕਹਿਣ 'ਤੇ ਉਸਨੇ ਆਪਣੀ ਪਤਨੀ ਨੂੰ ਮਾਫ਼ ਕਰ ਦਿੱਤਾ ਤੇ ਘਰ ਲੈ ਆਂਦਾ। ਤੇ ਇਸ ਤਰ੍ਹਾਂ ਦੋਵੇਂ ਭਰਾ ਫਿਰ ਤੋਂ ਆਪਣੀਆਂ ਪਤਨੀਆਂ ਨਾਲ ਖ਼ੁਸ਼ੀ-ਖ਼ੁਸ਼ੀ ਜੀਵਨ ਬਤੀਤ ਕਰਨ ਲੱਗੇ।
0 Comments