Punjab Bed Time Story "Char Murakh" "ਚਾਰ ਮੂਰਖ " Punjabi Moral Story for Kids, Dadi-Nani Diya Kahani.

ਚਾਰ ਮੂਰਖ 
Char Murakh



ਇਕ ਦਿਨ ਮਨੋਰੰਜਨ ਦੇ ਵਕਤ ਬਾਦਸ਼ਾਹ ਦੇ ਮਨ ਵਿਚ ਇਕ ਗੱਲ ਆਈ ਕਿ ਸੰਸਾਰ ਵਿਚ ਮੂਰਖਾਂ ਦੀ ਗਿਣਤੀ ਤਾਂ ਬਹੁਤ ਹੈ ਪਰ ਮੈਂ ਚਾਰ ਮੂਰਖ ਵੇਖਣਾ ਚਾਹੁੰਦਾ ਹਾਂ। ਬਾਦਸ਼ਾਹ ਨੇ ਬੀਰਬਲ ਨੂੰ ਆਖਿਆ ਕਿ ਇਸ ਢੰਗ ਨਾਲ ਅਜਿਹੇ ਚਾਰ ਮੂਰਖਾਂ ਦੀ ਤਲਾਸ਼ ਕਰੋ ਕਿ ਉਨ੍ਹਾਂ ਵਰਗਾ ਕੋਈ ਹੋਰ ਨਾ ਹੋਵੇ। ਬੀਰਬਲ ਨੇ ਬਾਦਸ਼ਾਹ ਦੀ ਗੱਲ ਮੰਨ ਲਈ।

ਲੱਭਣ ਵਾਲਿਆਂ ਨੂੰ ਕੀ ਨਹੀਂ ਲੱਭ ਸਕਦਾ। ਮਨ ਵਿਚ ਸੱਚੀ ਲਗਨ ਅਤੇ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ ਹੈ। ਥੋੜ੍ਹੀ ਹੀ ਦੂਰ ਜਾਣ ਤੋਂ ਬਾਅਦ ਬੀਰਬਲ ਨੂੰ ਇਕ ਆਦਮੀ ਨਜ਼ਰ ਆਇਆ ਜਿਹੜਾ ਥਾਲੀ ਵਿਚ ਪਾਨ ਦਾ ਇਕ ਜੋੜਾ ਅਤੇ ਥੋੜ੍ਹੀ ਜਿਹੀ ਮਠਿਆਈ ਰੱਖ ਕੇ ਬੜੇ ਉਤਸ਼ਾਹ ਨਾਲ ਨਗਰ ਵੱਲ ਦੌੜਿਆ ਜਾ ਰਿਹਾ ਹੈ।

ਬੀਰਬਲ ਨੇ ਉਸ ਆਦਮੀ ਨੂੰ ਪੁੱਛਿਆ–“ਕਿਉਂ ਸਾਹਿਬ, ਇਹ ਸਾਮਾਨ ਕਿਥੇ ਲੈ ਕੇ ਜਾ ਰਹੇ ਹੋ। ਤੁਸੀਂ ਖ਼ੁਸ਼ ਵੀ ਬੜੇ ਹੋ, ਮੈਂ ਤੁਹਾਡੀ ਖ਼ੁਸ਼ੀ ਬਾਰੇ ਜਾਣ ਸਕਦਾ ਹਾਂ।”

ਉਸ ਆਦਮੀ ਨੇ ਬੀਰਬਲ ਨੂੰ ਟਾਲਣ ਦੀ ਬੜੀ ਕੋਸ਼ਿਸ਼ ਕੀਤੀ ਕਿਉਂਕਿ ਉਹ ਵਕਤ ਸਿਰ ਆਪਣੇ ਟਿਕਾਣੇ 'ਤੇ ਪਹੁੰਚਣਾ ਚਾਹੁੰਦਾ ਸੀ। ਪਰ ਬੀਰਬਲ ਦੇ ਬਾਰ-ਬਾਰ ਕਹਿਣ ’ਤੇ ਉਹਨੇ ਆਖਿਆ ਕਿ ਮੈਨੂੰ ਦੇਰ ਹੋ ਰਹੀ ਹੈ, ਪਰ ਜੇਕਰ ਤੁਸੀਂ ਏਨਾ ਹੀ ਜ਼ੋਰ ਲਾ ਰਹੇ ਹੋ ਤਾਂ ਮੈਂ ਦੱਸ ਹੀ ਦੇਂਦਾ ਹੈ।

ਉਹਨੇ ਆਖਿਆ–“ਮੇਰੀ ਘਰਵਾਲੀ ਨੇ ਦੂਸਰਾ ਪਤੀ ਰੱਖ ਲਿਆ ਹੈ। ਮੈਂ ਉਹਦੇ ਬੁਲਾਵੇ 'ਤੇ ਹੀ ਜਾ ਰਿਹਾ ਹਾਂ।”

ਬੀਰਬਲ ਨੇ ਉਸ ਆਦਮੀ ਨੂੰ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਤੈਨੂੰ ਬਾਦਸ਼ਾਹ ਕੋਲ ਚੱਲਣਾ ਪਵੇਗਾ, ਉਸ ਤੋਂ ਬਾਅਦ ਹੀ ਤੂੰ ਜਾ ਸਕੇਂਗਾ। ਉਹ ਆਦਮੀ ਡਰ ਗਿਆ ਅਤੇ ਬੇਬਸ ਹੋ ਕੇ ਬੀਰਬਲ ਦੇ ਨਾਲ ਤੁਰ ਪਿਆ।

ਉਹ ਅਜੇ ਥੋੜ੍ਹਾ ਹੀ ਅੱਗੇ ਗਏ ਸਨ ਕਿ ਉਨ੍ਹਾਂ ਨੂੰ ਰਸਤੇ ਵਿਚ ਇਕ ਘੋੜ-ਸਵਾਰ ਮਿਲਿਆ, ਜੀਹਨੇ ਸਿਰ ਉੱਪਰ ਪੰਡ ਚੁੱਕੀ ਹੋਈ ਸੀ। ਬੀਰਬਲ ਨੇ ਉਸ ਆਦਮੀ ਨੂੰ ਪੁੱਛਿਆ—“ਤੂੰ ਆਪਣੇ ਸਿਰ 'ਤੇ ਚੁੱਕੀ ਹੋਈ ਪੰਡ ਘੋੜੀ ਉੱਪਰ ਕਿਉਂ ਨਹੀਂ ਰੱਖ ਦੇਂਦਾ।”

ਉਸ ਆਦਮੀ ਨੇ ਜਵਾਬ ਦਿੱਤਾ ਕਿ ਮੇਰੀ ਘੋੜੀ ਗਰਭਵਤੀ ਹੈ, ਅਜਿਹੀ ਹਾਲਤ ਵਿਚ ਉਹਦੇ ਉਪਰ ਬੋਝ ਲੱਦਣਾ ਮੂਰਖਤਾ ਹੈ। ਇਹ ਮੈਨੂੰ ਲਈ ਜਾ ਰਹੀ ਹੈ, ਏਨਾ ਹੀ ਬਹੁਤ ਹੈ।

ਬੀਰਬਲ ਨੇ ਡਰਾ-ਧਮਕਾ ਕੇ ਉਹਨੂੰ ਵੀ ਆਪਣੇ ਨਾਲ ਤੋਰ ਲਿਆ।

ਬੀਰਬਲ ਉਨ੍ਹਾਂ ਦੋਹਾਂ ਨੂੰ ਆਪਣੇ ਨਾਲ ਲਿਜਾ ਕੇ ਬਾਦਸ਼ਾਹ ਕੋਲ ਪਹੁੰਚ ਗਿਆ। ਬੀਰਬਲ ਨੇ ਆਖਿਆ—“ਇਹ ਚਾਰੇ ਮੂਰਖ ਤੁਹਾਡੇ ਸਾਹਮਣੇ ਹਨ।”

ਬਾਦਸ਼ਾਹ ਨੇ ਆਖਿਆ-ਇਹ ਤਾਂ ਦੋ ਹਨ। ਬਾਕੀ ਦੇ ਦੋ ਕਿਥੇ ਹਨ ?”

ਬੀਰਬਲ ਨੇ ਆਖਿਆ—“ਮਹਾਰਾਜ ਤੀਸਰੇ ਤੁਸੀਂ ਖ਼ੁਦ ਹੈ, ਜਿਹੜੇ ਅਜਿਹੇ ਮੂਰਖ ਵੇਖਣਾ ਚਾਹੁੰਦੇ ਹੋ ਅਤੇ ਚੌਥਾ ਮੂਰਖ ਮੈਂ ਹਾਂ, ਜਿਹੜਾ ਅਜਿਹੇ ਮੂਰਖਾਂ ਨੂੰ ਲੱਭ ਕੇ ਤੁਹਾਡੇ ਕੋਲ ਲੈ ਕੇ ਆਇਆ ਹਾਂ।”

ਬਾਦਸ਼ਾਹ ਅਕਬਰ ਬੀਰਬਲ ਦਾ ਜਵਾਬ ਸੁਣ ਕੇ ਬਹੁਤ ਖ਼ੁਸ਼ ਹੋਏ।


Post a Comment

0 Comments