ਬਾਦਸ਼ਾਹ ਦੀ ਦਾੜ੍ਹੀ
Badshah Di Dadhi
ਇਕ ਵਾਰ ਦੀ ਗੱਲ ਹੈ, ਅਕਬਰ ਬਾਦਸ਼ਾਹ ਮਹੱਲ ਵਿਚ ਬੈਠੇ ਹੋਏ ਸਨ। ਬੇਗਮ ਸਾਹਿਬਾ ਨੇ ਆਪਣੇ ਪੁੱਤਰ ਨੂੰ ਲਿਆ ਕੇ ਉਨ੍ਹਾਂ ਦੀ ਗੋਦੀ ਵਿਚ ਲਿਟਾ ਦਿੱਤਾ। ਬਾਦਸ਼ਾਹ ਆਪਣੇ ਛੋਟੇ ਪੁੱਤਰ ਦੇ ਨਾਲ ਖੇਡਣ ਲੱਗ ਪਏ । ਖੇਡਦੇ ਵਕਤ ਛੋਟੇ ਸਾਹਿਬਜਾਦੇ ਨੇ ਦੋਹਾਂ ਹੱਥਾਂ ਨਾਲ ਬਾਦਸ਼ਾਹ ਦੀ ਦਾੜ੍ਹੀ ਫੜ ਲਈ।
ਬਾਦਸ਼ਾਹ ਬੜੀ ਮੁਸ਼ਕਿਲ ਨਾਲ ਆਪਣੀ ਦਾੜ੍ਹੀ ਛੁਡਾ ਕੇ ਦਰਬਾਰ ਵਿਚ ਵਾਪਸ ਆਏ ਤਾਂ ਉਨ੍ਹਾਂ ਨੇ ਦਰਬਾਰੀਆਂ ਕੋਲੋਂ ਸਵਾਲ ਪੁੱਛਿਆ- “ਜੇਕਰ ਕੋਈ ਮੇਰੀ ਦਾੜ੍ਹੀ ਫੜ ਲਵੇ ਤਾਂ ਉਹਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ।”
ਇਕ ਨੇ ਆਖਿਆ–‘ਦਾੜ੍ਹੀ ਪੁੱਟਣ ਵਾਲੇ ਦੀ ਗਰਦਨ ਲਾਹ ਦੇਣੀ ਚਾਹੀਦੀ ਹੈ।”
ਦੂਸਰੇ ਨੇ ਆਖਿਆ-‘ਉਹਦੇ ਹੱਥ ਵੱਢ ਦੇਣੇ ਚਾਹੀਦਾ ਹੈ।” ਕਿਸੇ ਨੇ ਕੁਝ ਅਤੇ ਕਿਸੇ ਨੇ ਕੁਝ ਆਖਿਆ। ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਕਿਸੇ ਦਾ ਵੀ ਜਵਾਬ ਸੁਣ ਕੇ ਮਹਾਰਾਜ ਦੀ ਤਸੱਲੀ ਨਾ ਹੋਈ। ਆਖ਼ਿਰ ਉਨ੍ਹਾਂ ਨੇ ਬੀਰਬਲ ਵੱਲ ਸੁਆਲੀਆ ਨਜ਼ਰਾਂ ਨਾਲ ਵੇਖਿਆ।
ਬੀਰਬਲ ਨੇ ਆਖਿਆ—“ਮਹਾਰਾਜ, ਉਹਨੂੰ ਮਿਠਾਈ ਖਵਾਉਣੀ ਚਾਹੀਦੀ ਹੈ।” ਬੀਰਬਲ ਦੀ ਗੱਲ ਸੁਣ ਕੇ ਮਹਾਰਾਜ ਹੱਸ ਪਏ ਤੇ ਆਖਿਆ ਕਿ ਤੂੰ ਬਹੁਤ ਵਧੀਆ ਗੱਲ ਕੀਤੀ ਹੈ, ਪਰ ਉਹਨੂੰ ਮਿਠਾਈ ਕਿਉਂ ਖਵਾਉਣੀ ਚਾਹੀਦਾ ਹੈ ?
ਬੀਰਬਲ ਨੇ ਬੜੀ ਨਿਮਰਤਾ ਨਾਲ ਆਖਿਆ-‘ਮਹਾਰਾਜ, ਤੁਹਾਡੀ ਦਾੜ੍ਹੀ ਫੜਨ ਵਾਲਾ ਨੰਨ੍ਹੇ-ਮੁੰਨੇ ਸ਼ਹਿਜ਼ਾਦੇ ਤੋਂ ਬਿਨਾਂ ਕੋਈ ਹੋਰ ਹੋ ਹੀ ਨਹੀਂ ਸਕਦਾ।” ਬੀਰਬਲ ਦੀ ਦੂਰਅੰਦੇਸ਼ੀ ਤੋਂ ਸਾਰੇ ਦਰਬਾਰੀ ਹੈਰਾਨ ਰਹਿ ਗਏ।
0 Comments