ਅੰਨ੍ਹਿਆਂ ਦੀ ਗਿਣਤੀ
Anniya Di Ginti
ਇਕ ਦਿਨ ਬਾਦਸ਼ਾਹ ਨੇ ਬੀਰਬਲ ਨੂੰ ਪੁੱਛਿਆ—“ਰਾਜ ਵਿਚ ਕਿੰਨੇ ਅੰਨ੍ਹੇ ਹਨ ? ਉਨ੍ਹਾਂ ਦੀ ਗਿਣਤੀ ਕਰਕੇ ਦੱਸੋ।’’
ਬੀਰਬਲ ਨੇ ਗਿਣਤੀ ਕਰਨ ਲਈ ਛੁੱਟੀ ਲੈ ਲਈ ਅਤੇ ਨਾਲ ਹੀ ਬਾਦਸ਼ਾਹ ਨੂੰ ਆਖਿਆ-‘ਮਹਾਰਾਜ, ਤੁਸੀਂ ਰਾਜ ਵਿਚ ਐਲਾਨ ਕਰਵਾ ਦਿਉ ਕਿ ਸਾਰੇ ਲੋਕ ਇਕੋ ਰਸਤੇ ਥਾਣੀਂ ਲੰਘਣ।”
ਬਾਦਸ਼ਾਹ ਨੇ ਇਸ ਗੱਲ ਦਾ ਐਲਾਨ ਕਰਵਾ ਦਿੱਤਾ।
ਅਗਲੇ ਦਿਨ ਬੀਰਬਲ ਉਸ ਰਸਤੇ ਉੱਪਰ ਬਹਿ ਕੇ ਵਾਣ ਵੱਟਣ ਲੱਗ ਪਿਆ। ਬੀਰਬਲ ਨੂੰ ਵਾਣ ਵੱਟਦਾ ਵੇਖ ਕੇ ਉਸ ਰਸਤਿਓਂ ਲੰਘਣ ਵਾਲਾ ਹਰ ਕੋਈ ਉਹਨੂੰ ਪੁੱਛਦਾ‘ਬੀਰਬਲ ਕੀ ਕਰ ਰਿਹਾ ਏਂ ?''
ਇਹ ਗੱਲ ਪੁੱਛਣ ਵਾਲਿਆਂ ਦਾ ਨਾਂ ਬੀਰਬਲ ਇਕ ਕਾਗ਼ਜ਼ ਉੱਪਰ ਲਿਖਦਾ ਗਿਆ।ਸ਼ਾਮ ਦੀ ਗਿਣਤੀ ਤੋਂ ਬਾਅਦ ਬੀਰਬਲ ਨੇ ਅਕਬਰ ਨੂੰ ਦੱਸਿਆ—“ਮਹਾਰਾਜ ਸਾਰੇ ਰਾਜ ਵਿਚ ਅੱਧੇ ਤੋਂ ਜ਼ਿਆਦਾ ਅੰਨ੍ਹੇ ਹਨ। ਇਨ੍ਹਾਂ ਅੰਨ੍ਹਿਆਂ ਵਿਚ ਸਭ ਤੋਂ ਉੱਪਰ ਮੈਂ ਤੁਹਾਡਾ ਨਾਂ ਵੀ ਲਿਖਿਆ ਹੈ।”
ਬੀਰਬਲ ਦੀ ਇਹ ਗੱਲ ਸੁਣ ਕੇ ਮਹਾਰਾਜ ਗੁੱਸੇ ਵਿਚ ਆ ਗਏ—ਇਹ ਕਿਹੜਾ ਤਰੀਕਾ ਏ ਗਿਣਤੀ ਕਰਨ ਦਾ ? ਮੇਰੀਆਂ ਅੱਖਾਂ ਸਹੀ ਸਲਾਮਤ ਹੁੰਦਿਆਂ ਵੀ ਤੂੰ ਮੈਨੂੰ ਅੰਨ੍ਹਾ ਕਹਿ ਰਿਹਾ ਏਂ।”
“ਮਹਾਰਾਜ ਜਦ ਤੁਸੀਂ ਵੇਖ ਸਕਦੇ ਹੋ ਤਾਂ ਤੁਸੀਂ ਮੈਨੂੰ ਵਾਣ ਵੱਟਦਿਆਂ ਵੇਖ ਕੇ ਇਹ ਕਿਉਂ ਪੁੱਛਿਆ ਕਿ ਬੀਰਬਲ ਕੀ ਕਰ ਰਿਹਾ ਏਂ?”
0 Comments