Punjabi Moral Story 'ਸਵਾਰਥੀ ਤੋਂ ਦੂਰੀ ਚੰਗੀ'' 'Swarthi to Doori Changi' for Kids and Students of class 6, 7, 8, 9, 10.

 ਸਵਾਰਥੀ ਤੋਂ ਦੂਰੀ ਚੰਗੀ

ਇਕ ਜੰਗਲ ਵਿਚ ਇਕ ਨਦੀ ਦੇ ਕਿਨਾਰੇ 'ਤੇ ਇਕ ਜਾਮਨੂੰ ਦਾ ਦਰਖ਼ਤ ਸੀ। ਉਹਦੇ 'ਤੇ ਇਕ ਬਾਂਦਰ ਰਹਿੰਦਾ ਸੀ। ਉਸਦਾ ਨਾ ਕੋਈ ਦੋਸਤ ਸੀ, ਨਾ ਕੋਈ ਸਕਾ ਸੰਬੰਧੀ। ਬਸ ਇਕੱਲਾ ਹੀ ਉਹ ਦਰਖ਼ਤ 'ਤੇ ਆਪਣਾ ਸਮਾਂ ਬਿਤਾਉਂਦਾ ਤੇ ਬੈਠਾ ਬੈਠਾ ਨਦੀ ਦੀਆਂ ਲਹਿਰਾਂ ਗਿਣਦਾ ਰਹਿੰਦਾ । ਇਕ ਦਿਨ ਇਕ ਮਗਰਮੱਛ ਨਦੀ 'ਚੋਂ ਨਿਕਲ ਕੇ ਨਦੀ ਕਿਨਾਰੇ ਠੰਡੀ ਰੇਤ 'ਤੇ ਲੇਟ ਗਿਆ। ਬਾਂਦਰ ਵੀ ਇਕੱਲਾ ਬੈਠਾ ਸੀ। ਉਹਨੇ ਮਗਰਮੱਛ ਨੂੰ ਵੇਖਿਆ ਤੇ ਉਹਨੇ ਉਸ ਨੂੰ ਬੁਲਾਇਆ ਤੇ ਪੁੱਛਿਆ-ਮਗਰ ਭਰਾ ਮੇਰੇ ਨਾਲ ਦੋਸਤੀ ਕਰੇਂਗਾ ??

“ਕਿਉਂ ਨਹੀਂ ਕਰਾਂਗਾ। ਤੇਰੇ ਨਾਲ ਦੋਸਤੀ ਕਰਕੇ ਤਾਂ ਲਾਭ ਹੀ ਹੋਵੇਗਾ।”

“ਕਿਸ ਤਰ੍ਹਾਂ ਦਾ ਲਾਭ ?

“ਮੈਨੂੰ ਵੀ ਧਰਤੀ ’ਤੇ ਪੈਦਾ ਹੋਣ ਵਾਲੇ ਸਵਾਦ-ਸਵਾਦ ਫ਼ਲ ਖਾਣ ਨੂੰ ਮਿਲ ਜਾਣਗੇ। ਬਹੁਤ ਆਨੰਦ ਆਵੇਗਾ।”

“ਕਿਉਂ ਨਹੀਂ...ਇਹ ਜਾਮਨੂੰ ਦਾ ਬਾਗ਼ ਹੈ। ਮੈਂ ਆਪਣਾ ਢਿੱਡ ਵੀ ਮਿੱਠੇ ਜਾਮਨੂੰਆਂ ਨਾਲ ਭਰਦਾ ਹਾਂ, ਜੇਕਰ ਤੁਸੀਂ ਕਹੋ ਤਾਂ ਤੁਹਾਨੂੰ ਵੀ ਜਾਮਨੂੰ ਖੁਆਵਾਂ।”

“ਹਾਂ...ਹਾਂ ਦੋਸਤ ! ਮੈਂ ਸੁਣਿਐ ਕਿ ਜਾਮਨੂੰ ਬਹੁਤ ਮਿੱਠਾ ਫ਼ਲ ਹੈ। ਬਸ ਸਮਝ ਲੈ ਕਿ ਅੱਜ ਤੋਂ ਅਸੀਂ ਦੋਵੇਂ ਪੱਕੇ ਦੋਸਤ ਹਾਂ।”

ਇਥੋਂ ਹੀ ਬਾਂਦਰ ਤੇ ਮਗਰਮੱਛ ਦੀ ਦੋਸਤੀ ਸ਼ੁਰੂ ਹੋਈ। ਬਾਂਦਰ ਆਪਣੇ ਮਿੱਤਰ ਨੂੰ ਦਰਖ਼ਤ ਤੋਂ ਤੋੜ ਤੋੜ ਕੇ ਜਾਮਨੂੰ ਤਾਂ ਖਵਾਉਂਦਾ ਹੀ ਸੀ, ਕਦੀ- ਕਦੀ ਅੰਬ, ਖਰਬੂਜੇ, ਸੇਬ ਵੀ ਲੈ ਆਉਂਦਾ, ਜਿਸ ਨੂੰ ਖਾ ਕੇ ਮਗਰਮੱਛ ਬਹੁਤ ਖ਼ੁਸ਼ ਰਹਿੰਦਾ ਸੀ। ਉਨ੍ਹਾਂ ਵਿਚੋਂ ਕੁਝ ਫ਼ਲ ਆਪਣੀ ਪਤਨੀ ਲਈ ਵੀ ਲੈ ਜਾਂਦਾ। ਉਹਦੀ ਪਤਨੀ ਉਨ੍ਹਾਂ ਫਲਾਂ ਨੂੰ ਖਾ ਕੇ ਬਹੁਤ ਖ਼ੁਸ਼ ਹੁੰਦੀ, ਅਜਿਹੇ ਸਵਾਦੀ ਫ਼ਲ ਨਦੀ ਵਿਚ ਨਹੀਂ ਸੀ।

ਇਕ ਦਿਨ ਮਗਰਮੱਛ ਦੀ ਪਤਨੀ ਨੇ ਆਪਣੇ ਪਤੀ ਕੋਲੋਂ ਪੁੱਛਿਆ- “ਪ੍ਰਾਣਨਾਥ ! ਤੁਸੀਂ ਹਰ ਰੋਜ਼ ਏਨੇ ਸਵਾਦੀ ਫ਼ਲ ਕਿਥੋਂ ਲਿਆਉਂਦੇ ਹੋ ?” “ਬਾਹਰ ਕਿਨਾਰੇ ’ਤੇ ਇਕ ਜਾਮਨੂੰਆਂ ਦਾ ਦਰਖ਼ਤ ਹੈ। ਉਸ ਦਰਖ਼ਤ ’ਤੇ ਮੇਰਾ ਇਕ ਦੋਸਤ ਬਾਂਦਰ ਰਹਿੰਦਾ ਹੈ, ਜਿਹੜਾ ਹਰ ਰੋਜ਼ ਮੇਰੇ ਲਈ ਇਹ ਫ਼ਲ ਲੈ ਕੇ ਆਉਂਦਾ ਹੈ।”

ਬੜਾ ਚੰਗਾ ਦੋਸਤ ਏ ਤੁਹਾਡਾ।”

“ਆਹੋ ਸੋਹਣੀਏ, ਇਹੋ ਜਿਹੇ ਦੋਸਤ ਜ਼ਿੰਦਗੀ 'ਚ ਬਹੁਤ ਘੱਟ ਮਿਲਦੇ ਹਨ।”

“ਜਿਹੜਾ ਬਾਂਦਰ ਏਨੇ ਚੰਗੇ ਤੇ ਸਵਾਦੀ ਫਲ ਖਾਂਦਾ ਹੈ, ਉਹਦਾ ਦਿਲ ਖਾਣ ਵਿਚ ਕਿੰਨਾ ਮਜ਼ਾ ਆਵੇਗਾ।” ਮਗਰਮੱਛ ਦੀ ਪਾਗਲ ਘਰਵਾਲੀ ਦੇ ਮਨ ਵਿਚ ਪਤਾ ਨਹੀਂ ਕਿਥੋਂ ਏਨੀ ਬੁਰੀ ਭਾਵਨਾ ਪੈਦਾ ਹੋ ਗਈ। ਉਹਨੇ ਆਪਣੇ ਪਤੀ ਨੂੰ ਆਖਿਆ—“ਮੈਂ ਤਾਂ ਹੁਣ ਉਦੋਂ ਹੀ ਜ਼ਿੰਦਾ ਰਹਿ ਸਕਦੀ ਹਾਂ, ਜਦੋਂ ਤਕ ਮੈਨੂੰ ਬਾਂਦਰ ਦਾ ਦਿਲ ਖਾਣ ਨੂੰ ਨਹੀਂ ਮਿਲਦਾ।”

“ਭਾਗਵਾਨੇ, ਇਹ ਤੂੰ ਕੀ ਕਹਿ ਰਹੀ ਏਂ। ਬਾਂਦਰ ਵਿਚਾਰਾ ਤਾਂ ਬੜਾ ਨੇਕ ਪ੍ਰਾਣੀ ਹੈ। ਅਜਿਹੇ ਪ੍ਰਾਣੀ ਨੂੰ ਮਾਰਨਾ ਮਹਾਂ ਪਾਪ ਹੈ।”

“ਆਪਣੀ ਘਰਵਾਲੀ ਦੀ ਇੱਛਾ ਪੂਰਾ ਨਾ ਕਰਨਾ ਤਾਂ ਉਸ ਤੋਂ ਵੀ 'ਵੱਡਾ ਪਾਪ ਹੈ। ਹੁਣ ਮੈਂ ਤਾਂ ਉਸ ਬਾਂਦਰ ਦਾ ਦਿਲ ਖਾ ਕੇ ਹੀ ਜੀਵਤ ਰਹਾਂਗੀ, ਨਹੀਂ ਤਾਂ ਮਰ ਜਾਵਾਂਗੀ।”

“ਪਰ ਮੈਂ ਆਪਣੇ ਮਿੱਤਰ ਦਾ ਦਿਲ ਕਿਵੇਂ ਕੱਢ ਕੇ ਲਿਆ ਸਕਦਾ ਹਾਂ। ਉਹ ਸਮੁੰਦਰ ਵਿਚ ਤਾਂ ਰਹਿੰਦਾ ਨਹੀਂ ਤਾਂ ਜੋ ਮੈਂ ਆਪਣੀ ਤਾਕਤ ਨਾਲ ਉਸ ਦਾ ਖ਼ਾਤਮਾ ਕਰਕੇ ਉਹਦਾ ਦਿਲ ਕੱਢ ਸਕਾਂ।”

ਵੇਖੋ ਜੀ, ਬਾਂਦਰ ਤੁਹਾਡਾ ਦੋਸਤ ਏ ਨਾ ?” “ਆਹੋ।”

“ਤਾਂ ਫਿਰ ਉਸ ਦੋਸਤ ਨੂੰ ਜਾ ਕੇ ਆਖੋ ਕਿ ਤੁਸੀਂ ਮੈਨੂੰ ਬਹੁਤ ਕੁਝ ਖਵਾਇਆ ਪਿਆਇਆ ਹੈ, ਹੁਣ ਮੈਂ ਆਪਣੇ ਘਰ ਤੁਹਾਡੀ ਦਾਅਵਤ ਕਰਨੀ ਚਾਹੁੰਦਾ ਹਾਂ। ਬਾਂਦਰ ਤੁਹਾਡੀ ਗੱਲ ਮੰਨ ਹੀ ਲਵੇਗਾ। ਇਕ ਵਾਰ ਉਹ ਸਮੁੰਦਰ ਦੇ ਅੰਦਰ ਆ ਗਿਆ ਤਾਂ ਸਮਝੋ ਕਿ ਆਪਣਾ ਕੰਮ ਬਣ ਗਿਆ। ਫਿਰ ਉਹ ਬਚ ਕੇ ਕਿਥੇ ਜਾ ਸਕਦਾ ਹੈ।”

ਆਪਣੀ ਪਤਨੀ ਦੀ ਯੋਜਨਾ ਸੁਣ ਕੇ ਮੂਰਖ ਮਗਰਮੱਛ ਬਹੁਤ ਖ਼ੁਸ਼ ਹੋਇਆ। ਦੂਜੇ ਦਿਨ ਬਾਂਦਰ ਕੋਲ ਜਾ ਕੇ ਮਗਰਮੱਛ ਨੇ ਆਖਿਆ—“ਭਰਾ ਅੱਜ ਮੇਰੀ ਪਤਨੀ ਨੇ ਤੁਹਾਨੂੰ ਖਾਣੇ ’ਤੇ ਸੱਦਿਆ ਹੈ।’”

“ਮੈਨੂੰ ?” ਬਾਂਦਰ ਨੇ ਹੈਰਾਨੀ ਨਾਲ ਮਗਰਮੱਛ ਵੱਲ ਤੱਕਿਆ।

“ਹਾਂ ਦੋਸਤ ! ਉਹਨੇ ਆਖਿਆ ਕਿ ਤੁਸੀਂ ਸਾਨੂੰ ਏਨੇ ਸੁਆਦੀ ਫ਼ਲ ਖੁਆਏ ਨੇ, ਹੁਣ ਅਸੀਂ ਵੀ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ। ਬਸ ਅੱਜ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਉ।”

“ਪਰ ਮਗਰਮੱਛ ਭਰਾ, ਮੈਂ ਨਦੀ 'ਚ ਕਿਵੇਂ ਜਾਵਾਂਗਾ ?”

“ਮੇਰੀ ਪਿੱਠ ’ਤੇ ਬਹਿ ਕੇ। ਮੈਂ ਤੈਨੂੰ ਆਪਣੀ ਪਿੱਠ 'ਤੇ ਬਿਠਾ ਕੇ ਲੈ ਜਾਵਾਂਗਾ ਤੇ ਪਿੱਠ 'ਤੇ ਬਿਠਾ ਕੇ ਵਾਪਸ ਛੱਡ ਜਾਵਾਂਗਾ।”

ਬਾਂਦਰ ਨੇ ਮਗਰਮੱਛ ਦੀ ਗੱਲ ਮੰਨ ਲਈ ਤੇ ਉਹਦੀ ਪਿੱਠ 'ਤੇ ਬਹਿ ਕੇ ਨਦੀ ਵਿਚ ਚਲਾ ਗਿਆ। ਨਦੀ ਵਿਚ ਪਹੁੰਚਦਿਆਂ ਹੀ ਮਗਰਮੱਛ ਸਮਝ ਗਿਆ ਕਿ ਹੁਣ ਤਾਂ ਬਾਂਦਰ ਮੇਰੇ ਕਾਬੂ ਵਿਚ ਹੀ ਹੈ। ਇਹ ਕਿਤੇ ਭੱਜ ਤਾਂ ਸਕਦਾ ਨਹੀਂ ਭਾਵ ਇਹਨੂੰ ਸੱਚੀ ਗੱਲ ਦੱਸ ਹੀ ਦੇਣੀ ਚਾਹੀਦੀ ਹੈ। ਇਹੋ ਸੋਚ ਕੇ ਉਹ ਬੋਲਿਆ-“ਵੇਖ ਭਰਾਵਾ ! ਸੱਚੀ ਗੱਲ ਤਾਂ ਇਹ ਹੈ ਕਿ ਮੇਰੀ ਘਰਵਾਲੀ ਕਹਿੰਦੀ ਹੈ ਕਿ ਜਦੋਂ ਤੁਹਾਡਾ ਦੋਸਤ ਏਨੇ ਮਿੱਠੇ ਤੇ ਸਵਾਦ ਫ਼ਲ ਖਾਂਦਾ ਹੈ ਤਾਂ ਉਹਦਾ ਦਿਲ ਤਾਂ ਹੋਰ ਵੀ ਜ਼ਿਆਦਾ ਮਿੱਠਾ ਹੋਵੇਗਾ। ਮੈਂ ਉਹਦਾ ਦਿਲ ਖਾਣਾ ਚਾਹੁੰਦੀ ਹਾਂ। ਜੇਕਰ ਇੰਜ ਨਾ ਹੋਇਆ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ। ਆਪਣੀ ਪਤਨੀ ਦੀ ਜਾਨ ਬਚਾਉਣ ਲਈ ਮੈਨੂੰ ਮਿੱਤਰ ਮਾਰ ਕਰਨੀ ਪੈ ਰਹੀ ਹੈ।

ਇਹ ਸੁਣ ਕੇ ਬਾਂਦਰ ਨੂੰ ਬਹੁਤ ਦੁੱਖ ਹੋਇਆ। ਉਹ ਸਮਝ ਗਿਆ ਕਿ ਉਹਦਾ ਮਿੱਤਰ ਮਗਰ ਮੂਰਖ ਹੈ, ਜਿਹੜਾ ਦੋਸਤੀ ਨੂੰ ਛੱਡ ਕੇ ਘਰਵਾਲੀ ਦੀ ਪੁੱਠੀ ਗੱਲ ਨੂੰ ਮਹੱਤਵ ਦੇ ਰਿਹਾ ਹੈ। ਪਰ ਹੁਣ ਕੀਤਾ ਵੀ ਕੀ ਜਾ ਸਕਦਾ ਹੈ, ਮੈਂ ਮਗਰਮੱਛ ਦੇ ਜਾਲ ਵਿਚ ਫਸ ਚੁੱਕਿਆ ਹਾਂ। ਇਸ ਤੋਂ ਬਚਣ ਦਾ ਕੋਈ ਤਰੀਕਾ ਵੀ ਨਜ਼ਰ ਨਹੀਂ ਆਉਂਦਾ। ਬਾਂਦਰ ਨੂੰ ਆਪਣੀ ਮੌਤ ਸਾਹਮਣੇ ਨਜ਼ਰ ਆ ਰਹੀ ਸੀ। ਉਹਦੇ ਤੇਜ਼ ਦਿਮਾਗ਼ ਵਿਚ ਅਚਾਨਕ ਹੀ ਬਚਣ ਦੀ ਇਕ ਤਰਕੀਬ ਸੁੱਝ ਗਈ। ਉਹਨੇ ਮਗਰਮੱਛ ਨੂੰ ਆਖਿਆ- ਜ਼ਰਾ ਠਹਿਰੀਂ ਦੋਸਤ।”

ਕੀ ਹੋਇਆ ?”

“ਵੇਖ ਭਰਾ !” ਬਾਂਦਰ ਬੋਲਿਆ—“ਇਹ ਤਾਂ ਮੇਰੇ ਲਈ ਬੜੀ ਖ਼ੁਸ਼ੀ ਵਾਲੀ ਗੱਲ ਹੈ ਕਿ ਭਾਬੀ ਮੇਰਾ ਦਿਲ ਖਾਣਾ ਚਾਹੁੰਦੀ ਹੈ। ਪਰ ਤੈਨੂੰ ਇਹ ਗੱਲ ਮੈਨੂੰ ਉਥੇ ਹੀ ਦੱਸਣੀ ਚਾਹੀਦੀ ਸੀ।”

“ਕਿਉਂ, ਇਹੋ ਜਿਹੀ ਕਿਹੜੀ ਗੱਲ ਏ ?"

“ਭਰਾਵਾ, ਮੈਂ ਆਪਣਾ ਦਿਲ ਦਰਖ਼ਤ ਉੱਤੇ ਹੀ ਛੱਡ ਆਇਆ ਹਾਂ। ਤੂੰ ਜ਼ਰਾ ਵਾਪਸ ਚੱਲ ਤੇ ਆਪਾਂ ਦਿਲ ਲੈ ਆਈਏ। ਨਹੀਂ ਤਾਂ ਤੇਰੀ ਘਰਵਾਲੀ ਖਾਊਗੀ ਕੀ ? ਮੇਰਾ ਤਾਂ ਜਾਣਾ ਹੀ ਬੇਕਾਰ ਹੋ ਜਾਵੇਗਾ।”

ਮਗਰਮੱਛ ਸਮੁੰਦਰ ਤੋਂ ਬਾਹਰ ਵੱਲ ਚੱਲ ਪਿਆ ਤੇ ਫਿਰ ਜਿਵੇਂ ਹੀ ਉਹ ਕਿਨਾਰੇ 'ਤੇ ਪਹੁੰਚਿਆ, ਉਵੇਂ ਹੀ ਬਾਂਦਰ ਛਾਲ ਮਾਰ ਕੇ ਦਰਖ਼ਤ 'ਤੇ ਚੜ੍ਹ ਗਿਆ ਤੇ ਮਗਰਮੱਛ ਨੂੰ ਕਹਿਣ ਨੂੰ ਲੱਗਾ-‘ਧੋਖੇਬਾਜ਼ ਮਿੱਤਰ, ਜਾ ਵਾਪਸ ਮੁੜ ਜਾ।ਕਿਤੇ ਕੋਈ ਪ੍ਰਾਣੀ ਜਿਸਮ ਤੋਂ ਦਿਲ ਵੱਖ ਕਰਕੇ ਰੱਖਦਾ ਹੈ। ਤੁਸੀਂ ਘਰਵਾਲੀ ਦੇ ਕਹਿਣ 'ਤੇ ਮੇਰੇ ਨਾਲ ਧੋਖਾ ਕੀਤਾ, ਅੱਜ ਤੋਂ ਤੇਰੀ ਮੇਰੀ ਦੋਸਤੀ ਖ਼ਤਮ।”

ਇਸ ਤਰ੍ਹਾਂ ਬਾਂਦਰ ਦੀ ਜਾਨ ਬਚ ਗਈ ਤੇ ਮਗਰਮੱਛ ਆਪਣਾ ਵਿਚਾਰਾ ਜਿਹਾ ਮੂੰਹ ਲੈ ਕੇ ਵਾਪਸ ਚਲਾ ਗਿਆ।



Post a Comment

0 Comments