Punjabi Moral Story 'ਚਲਾਕ ਗਿੱਦੜ'' 'Chalak Giddad' for Kids and Students of class 6, 7, 8, 9, 10.

ਚਲਾਕ ਗਿੱਦੜ

ਜੰਗਲ ਵਿਚ ਇਕ ਬੁੱਢਾ ਗਿੱਦੜ ਸੀ। ਉਹ ਇਕੱਲਾ ਹੀ ਇਕ ਛੋਟੀ ਜਹੀ ਗੁਫ਼ਾ ਵਿਚ ਪਿਆ ਰਹਿੰਦਾ। ਬੁਢਾਪੇ ਕਾਰਨ ਹੁਣ ਉਹਦੇ ਕੋਲੋਂ ਜ਼ਿਆਦਾ ਭੱਜ ਦੌੜ ਨਹੀਂ ਸੀ ਹੁੰਦੀ। ਆਸੇ-ਪਾਸਿਓਂ ਜੋ ਵੀ ਸੜਿਆ ਗਲਿਆ ਮਿਲਦਾ, ਖਾ ਲੈਂਦਾ ਨਹੀਂ ਤਾਂ ਭੁੱਖਾ ਹੀ ਸੁੱਤਾ ਰਹਿੰਦਾ।

ਇਕ ਦਿਨ ਉਹ ਭੁੱਖਾ ਹੀ ਜੰਗਲ ਵਿਚ ਭਟਕ ਰਿਹਾ ਸੀ ਕਿ ਉਹਨੇ ਇਕ ਥਾਂ ’ਤੇ ਹਾਥੀ ਦੀ ਲਾਸ਼ ਵੇਖੀ। ਏਨੇ ਵੱਡੇ ਹਾਥੀ ਨੂੰ ਵੇਖ ਕੇ ਉਹਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਪਰ ਜਿਵੇਂ ਹੀ ਨੇੜੇ ਜਾ ਕੇ ਉਹਨੇ ਹਾਥੀ ਦੀ ਖਲ ਤੇ ਦੰਦ ਮਾਰੇ, ਉਹ ਚੀਕਾਂ ਮਾਰ ਕੇ ਪਿਛਾਂਹ ਹੋ ਗਿਆ।

ਗਿੱਦੜ ਨੇ ਸੋਚਿਆ ਕਿ ਜੇਕਰ ਕੋਈ ਤਿੱਖੇ ਦੰਦਾਂ ਵਾਲਾ ਜਾਨਵਰ ਏਧਰ ਆਵੇ ਤਾਂ ਗੱਲ ਬਣ ਜਾਵੇ। ਇਸੇ ਉਡੀਕ 'ਚ ਉਹ ਇਕ ਪਾਸੇ ਲੁਕ ਕੇ ਖੜ੍ਹਾ ਹੋ ਗਿਆ।

ਹਾਥੀ ਦੀ ਖਲ ਬੜੀ ਮੋਟੀ ਤੇ ਮਜਬੂਤ ਸੀ ਜਿਹੜੀ ਉਹਦੇ ਬੁੱਢੇ ਦੰਦਾਂ ਨਾਲ ਕੱਟੀ ਨਹੀਂ ਸੀ ਜਾ ਸਕੀ ਸਗੋਂ ਉਹਦਾ ਆਪਣਾ ਜਬਾੜਾ ਹਿੱਲ ਗਿਆ ਸੀ।

ਥੋੜ੍ਹੀ ਦੇਰ ਬਾਅਦ ਗਿੱਦੜ ਨੇ ਇਕ ਸ਼ੇਰ ਨੂੰ ਆਉਂਦਿਆਂ ਵੇਖਿਆ ਤਾਂ ਮਨ ਹੀ ਮਨ ਉਹ ਬੜਾ ਖ਼ੁਸ਼ ਹੋਇਆ।

ਜਿਵੇਂ ਹੀ ਸ਼ੇਰ ਉਹਦੇ ਨੇੜੇ ਆਇਆ ਤਾਂ ਗਿੱਦੜ ਨੇ ਉਹਨੂੰ ਪ੍ਰਣਾਮ ਕੀਤਾ ਤੇ ਆਖਿਆ-ਜੰਗਲ ਦੇ ਮਹਾਰਾਜ, ਮੈਂ ਤੁਹਾਡੇ ਲਈ ਇਸ ਸ਼ਿਕਾਰ ਦੀ ਰੱਖਿਆ ਕਰ ਰਿਹਾ ਸਾਂ। ਇਹਦੇ ਤੇ ਪਹਿਲਾ ਹੱਕ ਤੁਹਾਡਾ ਹੀ ਹੈ। ਜਦ ਤਕ ਤੁਸੀਂ ਭੋਗ ਨਹੀਂ ਲਾਓਗੇ, ਤਦ ਤਕ ਭਲਾ ਮੈਂ ਕਿਵੇਂ ਮੂੰਹ ਲਾ ਸਕਦਾ ਹਾਂ।” “ਗਿੱਦੜ, ਕੀ ਤੂੰ ਇਹ ਨਹੀਂ ਜਾਣਦਾ ਕਿ ਅਸੀਂ ਜੰਗਲ ਦੇ ਰਾਜੇ ਹਾਂ ਤੇ ਅਸੀਂ ਮਰੇ ਹੋਏ ਜਾਨਵਰ ਨਹੀਂ ਖਾਂਦੇ। ਅਸੀਂ ਤਾਂ ਆਪਣਾ ਸ਼ਿਕਾਰ ਖ਼ੁਦ ਮਾਰ ਕੇ ਖਾਂਦੇ ਹਾਂ, ਸਮਝਿਆ ਕਿ ਨਹੀਂ।” ਏਨਾ ਕਹਿ ਕੇ ਸ਼ੇਰ ਅੱਗੇ ਲੰਘ ਗਿਆ।ਵਿਚਾਰੇ ਗਿੱਦੜ ਦੀ ਸਾਰੀ ਯੋਜਨਾ ਧਰੀ ਧਰਾਈ ਰਹਿ ਗਈ।

ਉਸਦੇ ਜਾਣ ਬਾਅਦ ਇਕ ਚੀਤਾ ਉਥੇ ਆ ਨਿਕਲਿਆ। ਗਿੱਦੜ ਨੂੰ ਪਤਾ ਸੀ ਕਿ ਚੀਤੇ ਦੇ ਦੰਦ ਬਹੁਤ ਤਿੱਖੇ ਹੁੰਦੇ ਹਨ। ਉਹਦੇ ਕੋਲੋਂ ਹਾਥੀ ਦੀ ਮੋਟੀ ਚਮੜੀ ਨੂੰ ਕਟਾ ਕੇ ਆਪਣਾ ਢਿੱਡ ਭਰਿਆ ਜਾ ਸਕਦਾ ਹੈ।

ਗਿੱਦੜ ਨੇ ਬੜੇ ਉਤਸ਼ਾਹ ਨਾਲ ਉਸ ਚੀਤੇ ਦਾ ਸਵਾਗਤ ਕੀਤਾ ਤੇ ਹੱਥ ਜੋੜ ਕੇ ਆਖਿਆ—“ਮਾਮਾ ਜੀ ਨੂੰ ਪ੍ਰਣਾਮ ! ਤੁਹਾਡਾ ਸਵਾਗਤ ਹੈ।” “ਸਵਾਗਤ ਤੇ ਤੁਸੀਂ...ਭਾਣਜੇ ਅੱਜ ਤਾਂ ਜ਼ਰੂਰ ਦਾਲ ਵਿਚ ਕੁਝ ਕਾਲਾ ਹੈ।”

“ਨਹੀਂ ਮਾਮਾ ਜੀ, ਅਜਿਹੀ ਕੋਈ ਗੱਲ ਨਹੀਂ ਹੈ। ਸਵੇਰੇ ਸਵੇਰੇ ਸ਼ੇਰ ਨੇ ਹਾਥੀ ਦਾ ਸ਼ਿਕਾਰ ਕਰ ਦਿੱਤਾ। ਮੈਨੂੰ ਇਹਦੀ ਰੱਖਿਆ ਕਰਨ ਲਈ ਬਿਠਾ ਗਿਆ ਤੇ ਆਪ ਨਹਾਉਣ ਚਲਾ ਗਿਆ ਹੈ। ਹੁਣ ਤੁਸੀਂ ਆ ਹੀ ਗਏ ਹੋ ਤਾਂ ਮੈਂ ਆਪਣੇ ਮਾਮੇ ਦੀ ਸੇਵਾ ਤਾਂ ਕਰਨੀ ਹੀ ਹੈ। ਹੁਣ ਤੁਸੀਂ ਇਸ ਹਾਥੀ ਦੇ ਮਾਸ ਨਾਲ ਆਪਣਾ ਢਿੱਡ ਭਰ ਲਓ। ਮੈਂ ਇਥੇ ਖੜ੍ਹਾ ਹੋ ਕੇ ਸ਼ੇਰ ਨੂੰ ਵੇਖਦਾ ਹਾਂ। ਜਿਵੇਂ ਹੀ ਸ਼ੇਰ ਆਵੇਗਾ, ਮੈਂ ਤੁਹਾਨੂੰ ਦੱਸ ਦਿਆਂਗਾ...ਤੁਸੀਂ ਭੱਜ ਜਾਣਾ।”

“ਜੇਕਰ ਇਹ ਗੱਲ ਹੈ ਤਾਂ ਚਲੋ ਥੋੜ੍ਹਾ ਬਹੁਤ ਖਾ ਲੈਂਦੇ ਹਾਂ।” ਜਿਵੇਂ ਹੀ ਚੀਤੇ ਨੇ ਖਲ ਲਾਹੀ, ਗਿੱਦੜ ਨੇ ਰੌਲਾ ਪਾ ਦਿੱਤਾ—‘ਸ਼ੇਰ ਆ ਗਿਆ, ਮਾਮਾ ਜੀ ਸ਼ੇਰ ਆ ਗਿਆ।”

ਇਹ ਸੁਣਦਿਆਂ ਹੀ ਚੀਤਾ ਭੱਜ ਗਿਆ।

ਗਿੱਦੜ ਹੱਸ ਪਿਆ...ਤੇ ਹਾਥੀ ਵੱਲ ਤੁਰ ਪਿਆ। ਉਹਦਾ ਰਸਤਾ ਸਾਫ਼ ਹੋ ਗਿਆ ਸੀ।



Post a Comment

0 Comments