Punjabi Moral Story 'ਜੈਸੀ ਕਰਨੀ ਵੈਸੀ ਭਰਨੀ'' 'Jaisi Karni Waisi Bharni' for Kids and Students of class 6, 7, 8, 9, 10.

 ਜੈਸੀ ਕਰਨੀ ਵੈਸੀ ਭਰਨੀ

ਸੇਠ ਰਾਮ ਧਨ ਬਾਜੀਪੁਰ ਵਿਚ ਰਹਿਣ ਵਾਲੇ ਆਪਣੇ ਕਸਬੇ ਦੇ ਮੰਨੇ ਹੋਏ ਅਮੀਰ ਲੋਕਾਂ ਵਿਚੋਂ ਇਕ ਸੀ। ਕਸਬੇ ਦੇ ਹਰ ਦੀਨ ਦੁਖੀ ਦੀ ਸਹਾਇਤਾ ਕਰਨਾ ਸੇਠ ਰਾਮ ਧਨ ਆਪਣਾ ਕਰਤੱਵ ਸਮਝਦਾ ਸੀ। ਇਹੋ ਕਾਰਨ ਸੀ ਕਿ ਕਸਬੇ ਦਾ ਹਰ ਛੋਟਾ-ਵੱਡਾ ਪ੍ਰਾਣੀ ਉਸਦਾ ਸਨਮਾਨ ਕਰਦਾ ਸੀ। ਪਰ ਕਿਸਮਤ ਵਿਧਾਤਾ ਨੇ ਜੋ ਲਿਖਿਆ ਹੈ ਉਸ ਨੂੰ ਕੋਈ ਟਾਲ ਨਹੀਂ ਸਕਦਾ। ਬੁਰਾ ਵੇਲਾ ਜਦੋਂ ਆਉਂਦਾ ਹੈ ਤਾਂ ਇਨਸਾਨ ਦਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਮਾਨਵ ਜੀਵਨ ਤਾਂ ਧੁੱਪ-ਛਾਂ ਹੈ। ਉਸ ਵਿਚ ਕਦੇ ਪ੍ਰਕਾਸ਼ ਤੇ ਕਦੇ ਹਨੇਰਾ ਆਉਂਦਾ ਹੀ ਹੈ। ਇਹੋ ਹਾਲ ਰਾਮਧਨ ਦਾ ਸੀ। ਉਸ ਕੋਲ ਇਕ ਵਾਰ ਰਾਮ ਹੀ ਰਾਮ ਬਾਕੀ ਰਹਿ ਗਿਆ, ਕਾਰੋਬਾਰੀ ਘਾਟੇ ਕਾਰਨ ਧਨ ਉੱਡ ਗਿਆ। ਰਾਤੋ ਰਾਤ ਉਹ ਅਮੀਰ ਤੋਂ ਗ਼ਰੀਬ ਹੋ ਗਿਆ। ਜਿਸ ਘਰ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਨੱਚਦੀਆਂ ਸਨ, ਉਸ ਘਰ ਵਿਚ ਉਦਾਸੀ ਪਸਰ ਗਈ।

ਸੰਕਟ ਵੇਲੇ ਤਾਂ ਆਪਣੇ ਵੀ ਦੂਰ ਭੱਜਣ ਲੱਗਦੇ ਹਨ। ਰਾਮ ਧਨ ਵਿਚਾਰਾ ਕੀ ਕਰਦਾ, ਧਨ ਕੋਲ ਤਾਂ ਸੀ ਨਹੀਂ, ਲੈਣ ਵਾਲੇ ਘਰ ਆ ਰਹੇ ਸੀ ਤੇ ਦੇਣ ਵਾਲਿਆਂ ਨੇ ਅੱਖਾਂ ਮਿਲਾਉਣੀਆਂ ਬੰਦ ਕਰ ਦਿੱਤੀਆਂ ਸਨ। ਇਸ ਦੁਖ ਦੇ ਵੇਲੇ 'ਚ ਉਹਦੇ ਲਈ ਉਹਦੀ ਘਰਵਾਲੀ ਰਾਧਾ ਦਾ ਹੀ ਸਹਾਰਾ ਰਹਿ ਗਿਆ ਸੀ। ਉਸਨੇ ਜਦੋਂ ਆਪਣੇ ਪਤੀ ਨੂੰ ਇਸ ਤਰ੍ਹਾਂ ਉਦਾਸ ਤੇ ਚਿੰਤਾ ਵਿਚ ਮਗਨ ਵੇਖਿਆ ਤਾਂ ਉਹ ਉਹਨੂੰ ਹੌਸਲਾ ਦਿੰਦੀ ਹੋਈ ਬੋਲੀ—“ਤੁਸੀਂ ਦਿਲ ਛੋਟਾ ਨਾ ਕਰੋ ਸਵਾਮੀ...ਇਹ ਮਾਇਆ ਤਾਂ ਆਉਂਦੀ ਜਾਂਦੀ ਰਹਿੰਦੀ ਹੈ। ਅੱਜ ਜੇਕਰ ਧਨ ਚਲਾ ਗਿਆ ਹੈ ਤਾਂ ਕੀ ਹੋਇਆ, ਹਿੰਮਤ ਤੋਂ ਕੰਮ ਲਵੋਗੇ ਤਾਂ ਇਹ ਧਨ ਤੁਸੀਂ ਫਿਰ ਕਮਾ ਲਵੋਗੇ।”

“ਰਾਧਾ ਨਵਾਂ ਕੰਮ ਸ਼ੁਰੂ ਕਰਨ ਲਈ ਵੀ ਤਾਂ ਧਨ ਦੀ ਲੋੜ ਹੈ, ਜਿਹੜਾ ਕਿ ਸਾਡੇ ਕੋਲ ਨਹੀਂ ਹੈ। ਬਿਨਾਂ ਧਨ ਦੇ ਕੁਝ ਨਹੀਂ ਹੋ ਸਕਦਾ।” “ਫਿਰ ਕੀ ਹੋਇਆ।ਲਉ, ਆਹ ਮੇਰੇ ਗਲੇ ਦਾ ਹਾਰ ਗਿਰਧਾਰੀ ਲਾਲ ਜੌਹਰੀ ਕੋਲ ਗਹਿਣੇ ਰੱਖ ਆਓ। ਜਿੰਨੇ ਪੈਸੇ ਮਿਲਣਗੇ, ਉਹਦੇ ਨਾਲ ਨਵਾਂ ਕਾਰੋਬਾਰ ਸ਼ੁਰੂ ਕਰੋ। ਪਰ ਇਥੇ ਨਹੀਂ, ਕਿਸੇ ਵੱਡੇ ਸ਼ਹਿਰ ਜਾ ਕੇ ਸ਼ੁਰੂ ਕਰੋ।” ਆਪਣੀ ਪਤਨੀ ਦੀ ਗੱਲ ਸੁਣਦਿਆਂ ਹੀ ਰਾਮ ਧਨ ਨੂੰ ਜਿਵੇਂ ਜੋਸ਼ ਆ ਗਿਆ। ਉਹਨੇ ਆਪਣੀ ਪਤਨੀ ਨੂੰ ਪਿਆਰ ਨਾਲ ਵੇਖਿਆ ਤੇ ਆਖਿਆ–‘ਰਾਧਾ ! ਤੂੰ ਸ਼ਾਖ਼ਸ਼ਾਤ ਦੇਵੀ ਦਾ ਰੂਪ ਏਂ । ਅੱਜ ਦੇ ਯੁੱਗ ਵਿਚ ਤੇਰੇ ਵਰਗੀਆਂ ਪਤਨੀਆਂ ਕਿਥੋਂ ਮਿਲਦੀਆਂ ਨੇ।”

“ਤੁਸੀਂ ਮੇਰੇ ਪਰਮਾਤਮਾ ਹੋ ਤੇ ਮੈਂ ਤੁਹਾਡੀ ਪੁਜਾਰਨ ਹਾਂ। ਮੈਂ ਜੋ ਕੁਝ ਵੀ ਕੀਤਾ ਹੈ, ਆਪਣੇ ਪ੍ਰਭੂ ਲਈ ਕੀਤਾ ਹੈ। ਜਾਓ, ਦੇਰ ਨਾ ਕਰੋ...ਇਸ ਹਾਰ ਨੂੰ ਦੇ ਕੇ ਕੁਝ ਪੈਸੇ ਲੈ ਆਓ। ਅਸੀਂ ਕੱਲ੍ਹ ਸਵੇਰ ਹੁੰਦਿਆਂ ਹੀ ਵੱਡੇ ਸ਼ਹਿਰ ਵੱਲ ਚੱਲ ਪਵਾਂਗੇ।”

ਰਾਮ ਧਨ ਉਸੇ ਵੇਲੇ ਸੋਨੇ ਦਾ ਕੀਮਤੀ ਹਾਰ ਲੈ ਕੇ ਗਿਰਧਾਰੀ ਲਾਲ ਜੌਹਰੀ ਕੋਲ ਗਿਆ ਤਾਂ ਉਹ ਆਪਣੀ ਪਾਰਖੂ ਨਜ਼ਰ ਨਾਲ ਉਸ ਹਾਰ ਨੂੰ ਵੇਖਦਿਆਂ ਹੀ ਸਮਝ ਗਿਆ ਕਿ ਇਹ ਬਹੁਤ ਕੀਮਤੀ ਹੈ। ਉਸ ਨੇ ਉਸਨੂੰ ਅੱਧੇ ਮੁੱਲ 'ਤੇ ਗਹਿਣੇ ਰੱਖਣ ਦੀ ਸ਼ਰਤ ਰੱਖੀ ਤੇ ਨਾਲ ਹੀ ਆਖਿਆ ਕਿ ਜੇਕਰ ਇਕ ਸਾਲ ਦੇ ਅੰਦਰ ਇਸ ਨੂੰ ਨਾ ਛੁਡਾਇਆ ਤਾਂ ਤੁਹਾਡਾ ਹਾਰ ਜ਼ਬਤ ਹੋ ਜਾਵੇਗਾ।

ਗਿਰਧਾਰੀ ਲਾਲ ਦੀ ਗੱਲ ਮੰਨਣ ਤੋਂ ਸਿਵਾ ਰਾਮੁ ਧਨੁ ਕੋਲ ਕੋਈ ਚਾਰਾ ਨਹੀਂ ਸੀ। ਜੋ ਰੁਪਿਆ ਉਹਨੇ ਦਿੱਤਾ, ਉਸ ਨੂੰ ਮੱਥੇ ਨਾਲ ਲਾਇਆ, ਦੁਖੀ ਮਨ ਨਾਲ ਉਹਨੇ ਦੂਜੀ ਸਵੇਰ ਆਪਣਾ ਘਰ ਛੱਡ ਦਿੱਤਾ ਤੇ ਨੇੜੇ ਹੀ ਇਕ ਵੱਡੇ ਸ਼ਹਿਰ ਵਿਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ।

ਏਨੀ ਵੱਡੀ ਹਵੇਲੀ ਨੂੰ ਛੱਡਣ ਤੋਂ ਬਾਅਦ ਦੋਵੇਂ ਪਤੀ-ਪਤਨੀ ਕਿਰਾਏ 'ਤੇ ਇਕ ਛੋਟੇ ਮਕਾਨ ਵਿਚ ਰਹਿਣ ਲੱਗੇ ਸਨ। ਨਵੇਂ ਸ਼ਹਿਰ ਵਿਚ ਧੰਦਾ ਸ਼ੁਰੂ ਕਰਨਾ ਕੋਈ ਸਰਲ ਕੰਮ ਨਹੀਂ ਸੀ ਪਰ ਰਾਮ ਧਨ ਬਹੁਤ ਮਿਹਨਤੀ ਆਦਮੀ ਸੀ। ਉਸਨੇ ਪਿੰਡ ਵਿਚੋਂ ਮਾਲ ਲੈ ਕੇ ਸ਼ਹਿਰ ਆਉਣ ਵਾਲੇ ਕਿਸਾਨਾਂ ਨਾਲ ਆਪਣੀ ਮਿੱਤਰਤਾ ਵਧਾਉਣੀ ਸ਼ੁਰੂ ਕਰ ਦਿੱਤੀ। ਉਸਦਾ ਪ੍ਰੇਮ ਵਿਹਾਰ ਵੇਖ ਕੇ ਸਭ ਕਿਸਾਨ ਬਹੁਤ ਖ਼ੁਸ਼ ਸੀ। ਉਹ ਉਨ੍ਹਾਂ ਤੋਂ ਮਾਲ ਲੈ ਕੇ ਵੇਚਦਾ ਅਤੇ ਚੰਗਾ ਮੁਨਾਫ਼ਾ ਕਮਾਉਂਦਾ। ਸ਼ਹਿਰ ਤੋਂ ਬਾਹਰ ਹੀ ਰਾਮਧਨ ਨੇ ਆਪਣੀ ਇਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਕੁਝ ਹੀ ਦਿਨਾਂ ਵਿਚ ਉਸਦੇ ਜੀਵਨ ਦਾ ਮਾਣ ਚਿੱਤਰ ਬਦਲ ਗਿਆ। ਉਸਦੇ ਕੋਲ ਕਾਫ਼ੀ ਧਨ ਇਕੱਠਾ ਹੋ ਗਿਆ। ਉਸਨੇ ਆਪਣੀ ਪਤਨੀ ਨੂੰ ਆਖਿਆ—“ਚਲੋ ਪ੍ਰਿਯ, ਹੁਣ ਇਕ ਵਾਰ ਆਪਣੇ ਘਰੋਂ ਹੋ ਆਈਏ। ਤੁਹਾਡਾ ਗਹਿਣੇ ਪਿਆ ਹਾਰ ਵੀ ਛੁਡਾ ਲਿਆਵਾਂਗੇ।”

ਦੋਵੇਂ ਪਤੀ-ਪਤਨੀ ਵਾਪਸ ਆਪਣੇ ਪੁਰਾਣੇ ਕਸਬੇ ਵਿਚ ਪਹੁੰਚੇ ਤਾਂ ਲੋਕ ਉਨ੍ਹਾਂ ਦੇ ਸਵਾਗਤ ਲਈ ਇਕੱਠੇ ਹੋ ਗਏ।

ਰਾਮੁ ਧਨੁ ਗਿਰਧਾਰੀ ਲਾਲ ਜੌਹਰੀ ਕੋਲ ਗਿਆ ਤੇ ਉਹਦੇ ਨਾਲ ਦੁਆ-ਸਲਾਮ ਕਰਕੇ ਬੋਲਿਆ-ਭਰਾ ਗਿਰਧਾਰੀ ਲਾਲ, ਮੇਰਾ ਇਹ ਹਾਰ ਦੇ ਦਿਉ ਤੇ ਆਪਣੇ ਪੈਸੇ ਵਿਆਜ ਸਮੇਤ ਲੈ ਲਉ।”

ਗਿਰਧਾਰੀ ਲਾਲ ਨੂੰ ਪਤਾ ਸੀ ਕਿ ਉਹ ਹਾਰ ਬਹੁਤ ਕੀਮਤੀ ਹੈ। ਉਹਨੂੰ ਇਹ ਵੀ ਉਮੀਦ ਨਹੀਂ ਸੀ ਕਿ ਰਾਮਧਨ ਏਨਾ ਧਨ ਏਨੀ ਛੇਤੀ ਇਕੱਠਾ ਕਰ ਲਵੇਗਾ। ਉਹਦੇ ਮਨ ਵਿਚ ਪਾਪ ਆ ਚੁੱਕਿਆ ਸੀ, ਉਹ ਹਾਰ ਦੇਣਾ ਨਹੀਂ ਸੀ ਚਾਹੁੰਦਾ। ਇਸ ਲਈ ਉਹਨੇ ਰਾਮ ਧਨ ਨੂੰ ਆਖਿਆ—‘ਭਰਾ ਰਾਮ ਧਨ ! ਤੁਸੀਂ ਆ ਗਏ ਇਹੋ ਖ਼ੁਸ਼ੀ ਵਾਲੀ ਗੱਲ ਹੈ, ਪਰ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿ ਉਹ ਹਾਰ ਤਾਂ ਮੇਰੀ ਦੁਕਾਨ ਤੋਂ ਚੋਰੀ ਹੋ ਗਿਆ ਹੈ। ਇਹ ਨੁਕਸਾਨ ਤਾਂ ਦੋਹਾਂ ਭਰਾਵਾਂ ਦਾ ਹੈ। ਤੁਹਾਡਾ ਹਾਰ ਗਿਆ...ਮੇਰੀ ਰਕਮ ਗਈ।”

ਰਾਮ ਧਨ ਨੇ ਗਿਰਧਾਰੀ ਲਾਲ ਦੀ ਗੱਲ ਤਾਂ ਸੁਣ ਲਈ ਪਰ ਉਸ ਨੂੰ ਉਸਦੀ ਗੱਲ 'ਤੇ ਵਿਸ਼ਵਾਸ ਨਾ ਆਇਆ। ਉਹ ਕਰ ਵੀ ਕੀ ਸਕਦਾ ਸੀ। ਆਪਣੇ ਮਨ ਵਿਚ ਉਸ ਪਾਪੀ ਨੂੰ ਉਸਦੇ ਪਾਪ ਦੀ ਸਜ਼ਾ ਦੇਣ ਦੀ ਯੋਜਨਾ ਬਣਾਉਂਦਾ ਹੋਇਆ ਉਹ ਉਥੋਂ ਬਾਹਰ ਨਿਕਲਿਆ ਤਾਂ ਉਸਨੇ ਉਸਦੇ ਬੱਚੇ ਨੂੰ ਬਾਹਰ ਖੇਡਦੇ ਹੋਏ ਦੇਖਿਆ।

ਛੋਟੇ ਬੱਚੇ ਨੂੰ ਬੜੇ ਪਿਆਰ ਨਾਲ ਉਹਨੇ ਆਪਣੀ ਗੋਦੀ ਵਿਚ ਚੁੱਕ ਲਿਆ ਤੇ ਘਰ ਆ ਕੇ ਆਪਣੀ ਹਵੇਲੀ ਦੇ ਤਹਿਖ਼ਾਨੇ ਵਿਚ ਬੰਦ ਕਰ ਦਿੱਤਾ।

ਗਿਰਧਾਰੀ ਲਾਲ ਨੇ ਜਦੋਂ ਸ਼ਾਮ ਵੇਲੇ ਆਪਣੇ ਬੇਟੇ ਨੂੰ ਘਰ ਵਿਚ ਨਾ ਦੇਖਿਆ ਤਾਂ ਬੜਾ ਚਿੰਤਤ ਹੋਇਆ। ਉਹਨੇ ਆਪਣੇ ਨੌਕਰਾਂ ਕੋਲੋਂ ਪੁੱਛਿਆ ਤਾਂ ਇਕ ਨੌਕਰ ਨੇ ਉਹਨੂੰ ਦੱਸਿਆ ਕਿ ਤੁਹਾਡੇ ਬੇਟੇ ਨੂੰ ਰਾਮ ਧਨ ਚੁੱਕ ਕੇ ਲਿਜਾ ਰਿਹਾ ਸੀ।

ਘਬਰਾਇਆ ਹੋਇਆ ਗਿਰਧਾਰੀ ਲਾਲ ਰਾਮ ਧਨ ਕੋਲ ਪਹੁੰਚ ਗਿਆ ਤੇ ਉਹਨੇ ਜਾ ਕੇ ਪੁੱਛਿਆ—“ਮੇਰਾ ਬੇਟਾ ਕਿਥੇ ਏ?”

ਰਾਮ ਧਨ ਨੇ ਹੱਸ ਕੇ ਜਵਾਬ ਦਿੱਤਾ—“ਮੈਨੂੰ ਕੀ ਪਤਾ ਭਰਾਵਾ ! ਹਾਂ, ਮੈਂ ਇਕ ਬਾਜ਼ ਨੂੰ ਬੱਚੇ ਨੂੰ ਚੁੱਕਦਿਆਂ ਵੇਖਿਆ ਸੀ।”

“ਤੂੰ ਝੂਠ ਬੋਲ ਰਿਹਾ ਏਂ ਰਾਮ ਧਨ, ਮੇਰੇ ਬੱਚੇ ਨੂੰ ਤੂੰ ਹੀ ਚੁੱਕ ਕੇ ਲਿਆਇਆ ਏਂ। ਮੇਰੇ ਨੌਕਰਾਂ ਨੇ ਤੈਨੂੰ ਵੇਖਿਆ ਏ।”

“ਵੇਖਿਆ ਹੋਵੇਗਾ...ਮੈਂ ਤਾਂ ਕੁਝ ਵੀ ਨਹੀਂ ਕਹਿ ਸਕਦਾ। ਜੋ ਮੈਂ ਵੇਖਿਆ ਹੈ, ਦੱਸ ਦਿੱਤਾ ਹੈ।”

“ਮੈਂ ਕੱਲ੍ਹ ਰਾਜੇ ਕੋਲ ਜਾਵਾਂਗਾ।” ਉ

“ਜ਼ਰੂਰ ਜਾ, ਮੈਂ ਤਾਂ ਤੈਨੂੰ ਰੋਕ ਨਹੀਂ ਰਿਹਾ।”

ਅਗਲੇ ਦਿਨ ਸਵੇਰੇ ਹੀ ਗਿਰਧਾਰੀ ਲਾਲ ਜੌਹਰੀ ਰਾਜੇ ਦੇ ਦਰਬਾਰ

ਵਿਚ ਪੁੱਜ ਗਿਆ। ਉਹਨੇ ਰਾਜੇ ਨੂੰ ਦੱਸਿਆ ਕਿ ਰਾਮਧਨ ਉਹਦੇ ਪੁੱਤਰ ਨੂੰ ਚੁੱਕ ਕੇ ਲੈ ਗਿਆ ਹੈ ਤੇ ਹੁਣ ਵਾਪਸ ਨਹੀਂ ਕਰ ਰਿਹਾ।

ਰਾਜੇ ਨੇ ਆਪਣੇ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਰਾਮ ਧਨ ਨੂੰ ਫੜ ਕੇ ਲਿਆਉ।

ਉਸ ਵੇਲੇ ਰਾਮ ਧਨ ਨੂੰ ਫੜ ਕੇ ਲਿਆਂਦਾ ਗਿਆ ਤਾਂ ਰਾਜੇ ਨੇ ਰਾਮਧਨ ਨੂੰ ਆਖਿਆ-‘ਦੇਖ ਰਾਮਧਨ, ਤੂੰ ਗਿਰਧਾਰੀ ਲਾਲ ਦੇ ਪੁੱਤਰ ਨੂੰ ਕੱਲ੍ਹ ਚੁੱਕਿਆ ਸੀ ਤੇ ਇਹਨੂੰ ਕਿਹਾ ਕਿ ਤੇਰੇ ਮੁੰਡੇ ਨੂੰ ਬਾਜ਼ ਚੁੱਕ ਕੇ ਲੈ ਗਿਆ। ਦੱਸ...ਕੀ ਇਹ ਝੂਠ ਹੈ ?

“ਨਹੀਂ ਮਹਾਰਾਜ, ਇਹ ਸਭ ਸੱਚ ਹੈ।

ਤਾਂ ਫਿਰ ਤੂੰ ਇੰਜ ਕਿਉਂ ਕੀਤਾ ?”

“ਮਹਾਰਾਜ, ਤੁਸੀਂ ਮੈਨੂੰ ਦੱਸੋ ਕਿ ਪਿੰਡ ਦੇ ਏਨੇ ਬੱਚਿਆਂ ਨੂੰ ਛੱਡ ਕੇ ਬਾਜ਼ ਨੇ ਗਿਰਧਾਰੀ ਲਾਲ ਦੇ ਮੁੰਡੇ ਨੂੰ ਹੀ ਕਿਉਂ ਚੁੱਕਿਆ ?"

“ਕਿਉਂ ਚੁੱਕਿਆ...ਇਹ ਤਾਂ ਤੂੰ ਹੀ ਦੱਸ ਸਕਦਾ ਏਂ। ਮੈਂ ਤਾਂ ਸਿਰਫ਼ ਏਨਾ ਜਾਣਦਾ ਹਾਂ ਕਿ ਰਾਮ ਧਨ ਤੂੰ ਦੋਸ਼ੀ ਏਂ ?”

“ਮਹਾਰਾਜ ! ਮੈਂ ਸੇਠ ਗਿਰਧਾਰੀ ਲਾਲ ਤੋਂ ਕੁਝ ਪੁੱਛ ਸਕਦਾ ਹਾਂ ?” “ਜ਼ਰੂਰ ਪੁੱਛ।”

“ਹਾਂ ਤਾਂ ਫਿਰ ਸੇਠ ਜੀ, ਤੁਸਾਂ ਮੈਨੂੰ ਇਹ ਦੱਸੋ ਕਿ ਤੁਹਾਡੀ ਦੁਕਾਨ ਵਿਚ ਕਿੰਨੇ ਗਹਿਣੇ ਪਏ ਹਨ।”

“ਬਹੁਤ ਸਾਰੇ।”

“ਉਨ੍ਹਾਂ ਗਹਿਣਿਆਂ ’ਚ ਹੀ ਮੇਰੀ ਘਰਵਾਲੀ ਦਾ ਹਾਰ ਵੀ ਰੱਖਿਆ ਸੀ।”

“ਆਹੋ, ਰੱਖਿਆ ਸੀ।”

“ਫਿਰ ਇਹ ਦੱਸੋ ਕਿ ਉਹ ਚੋਰ ਤੁਹਾਡੇ ਸਾਰੇ ਗਹਿਣਿਆਂ ਨੂੰ ਛੱਡ ਕੇ ਮੇਰੀ ਘਰਵਾਲੀ ਦਾ ਹਾਰ ਹੀ ਕਿਉਂ ਲੈ ਕੇ ਗਿਆ ?” “ਜੀ...ਜੀ...ਜੀ...!” ਗਿਰਧਾਰੀ ਲਾਲ ਹਕਲਾਉਣ ਲੱਗਾ।

“ਮਹਾਰਾਜ ! ਹੁਣ ਤਾਂ ਇਹ ਨਿਆਂ ਤੁਸੀਂ ਹੀ ਕਰੋਗੇ ਕਿ ਗਿਰਧਾਰੀ ਲਾਲ ਦੋਸ਼ੀ ਏ ਜਾਂ ਮੈਂ। ਜੇਕਰ ਸੈਂਕੜੇ ਗਹਿਣਿਆਂ 'ਚੋਂ ਮੇਰਾ ਹਾਰ ਚੋਰ ਲਿਜਾ ਸਕਦਾ ਹੈ ਤਾਂ ਪਿੰਡ ਦੇ ਸਾਰੇ ਬੱਚਿਆਂ ਨੂੰ ਛੱਡ ਕੇ ਬਾਜ਼ ਵੀ ਇਹਦੇ ਮੁੰਡੇ ਨੂੰ ਚੁੱਕ ਕੇ ਲਿਜਾ ਸਕਦਾ ਹੈ।”

ਗਿਰਧਾਰੀ ਲਾਲ ਸਮਝ ਗਿਆ ਕਿ ਜੋ ਮੈਂ ਕੀਤਾ ਸੀ ਉਸ ਦਾ ਫ਼ਲ ਹੀ ਮੈਨੂੰ ਮਿਲਿਆ ਹੈ। ਉਹਨੇ ਮਹਾਰਾਜ ਦੇ ਸਾਹਮਣੇ ਹੱਥ ਜੋੜਦਿਆਂ ਕਿਹਾ, “ਮਹਾਰਾਜ ! ਮੈਨੂੰ ਇਸ ਭੁੱਲ ਲਈ ਮਾਫ਼ ਕਰ ਦਿਉ । ਮੈਂ ਰਾਮ ਧਨ ਦੀ ਘਰਵਾਲੀ ਦਾ ਹਾਰ ਵਾਪਸ ਕਰ ਦਿੰਦਾ ਹਾਂ।”

“ਠੀਕ ਏ...ਮੈਂ ਅੱਜ ਹੀ ਤੇਰਾ ਬੱਚਾ ਵੀ ਵਾਪਸ ਕਰ ਦੇਵਾਂਗਾ।” ਜਿਸ ਤਰ੍ਹਾਂ ਦਾ ਕੋਈ ਬੀਜੇ, ਉਹਨੂੰ ਉਹੋ ਜਿਹਾ ਹੀ ਵੱਢਣਾ ਪਵੇਗਾ। ਰਾਮ ਧਨ ਨੂੰ ਆਪਣਾ ਹਾਰ ਵਾਪਸ ਮਿਲ ਗਿਆ ਤੇ ਉਸਨੇ ਗਿਰਧਾਰੀ ਲਾਲ ਦਾ ਬੱਚਾ ਵਾਪਸ ਦੇ ਦਿੱਤਾ।



Post a Comment

0 Comments