Punjabi Moral Story 'ਨਾ ਕੋਈ ਛੋਟਾ ਨਾ ਕੋਈ ਵੱਡਾ' 'Na koi chota na ko vadda' for Kids and Students of class 6, 7, 8, 9, 10.

 ਨਾ ਕੋਈ ਛੋਟਾ ਨਾ ਕੋਈ ਵੱਡਾ

ਸੇਠ ਮੁਰਾਰੀ ਲਾਲ ਬਹੁਤ ਅਮੀਰ ਹੋ ਗਿਆ। ਉਸ ਨੂੰ ਇਸ ਗੱਲ ਦਾ ਘੁਮੰਡ ਹੋ ਗਿਆ ਕਿ ਉਹਦੇ ਮੁਕਾਬਲੇ ਦਾ ਕੋਈ ਹੋਰ ਉਸ ਰਾਜ ਵਿਚ ਨਹੀਂ ਹੈ। ਉਸਦੀ ਹਵੇਲੀ ਵੀ ਰਾਜ ਮਹੱਲ ਤੋਂ ਘੱਟ ਨਹੀਂ ਹੈ।

ਇਕ ਦਿਨ ਉਹਨੇ ਸੋਚਿਆ ਕਿ ਘਰ ਵਿਚ ਦਾਅਵਤ ਦੇ ਕੇ ਆਪਣੇ ਧਨ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਸਨੇ ਸੋਚਿਆ ਕਿ ਸ਼ਹਿਰ ਦੇ ਵੱਡੇ ਤੇ ਅਮੀਰ ਲੋਕਾਂ ਦੇ ਨਾਲ ਰਾਜੇ ਨੂੰ ਵੀ ਬੁਲਾਇਆ ਜਾਵੇ। ਉਸਦਾ ਇਕੋ ਹੀ ਉਦੇਸ਼ ਸੀ-ਧਨ ਪ੍ਰਦਰਸ਼ਨ। ਅਗਲੇ ਹੀ ਦਿਨ ਉਹਨੇ ਇਸ ਦਾਅਵਤ ਦਾ ਆਯੋਜਨ ਕੀਤਾ। ਜਿਸ ਵਿਚ ਸ਼ਹਿਰ ਦੇ ਵੱਡੇ-ਵੱਡੇ ਲੋਕਾਂ ਦੇ ਨਾਲ ਰਾਜੇ ਨੂੰ ਵੀ ਸੱਦਿਆ ਗਿਆ। ਰਾਜਾ ਮਾਨ ਸਿੰਘ ਨੂੰ ਪੂਰੀ ਸ਼ਾਨ ਨਾਲ ਉਸ ਵੱਡੀ ਹਵੇਲੀ ਵਿਚ ਬਿਠਾਇਆ ਗਿਆ, ਜਿਸ ਵਿਚ ਸ਼ਹਿਰ ਦੇ ਵੱਡੇ-ਵੱਡੇ ਲੋਕ ਬੈਠੇ ਸਨ। ਉਥੇ ਕਿਸੇ ਵੀ ਆਮ ਆਦਮੀ ਜਾਂ ਛੋਟੇ ਵਰਗ ਦੇ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਗ਼ਲਤੀ ਨਾਲ ਮੁਰਾਰੀ ਲਾਲ ਦਾ ਇਕ ਨੌਕਰ ਨੰਦੂ ਉਸ ਕਮਰੇ ਵਿਚ ਆ ਕੇ ਬਹਿ ਗਿਆ। ਸੇਠ ਮੁਰਾਰੀ ਲਾਲ ਨੇ ਉਸਨੂੰ ਉਥੇ ਬੈਠਾ ਵੇਖਿਆ ਤਾਂ ਉਹ ਗੁੱਸੇ ਨਾਲ ਪਾਗ਼ਲ ਹੋ ਗਿਆ। ਉਹਨੇ ਜਾ ਕੇ ਉਹਨੂੰ ਗਲੇ ਤੋਂ ਫੜਿਆ ਤੇ ਸਾਰਿਆਂ ਦੇ ਸਾਹਮਣੇ ਕੁੱਟਣਾ ਸ਼ੁਰੂ ਕਰ ਦਿੱਤਾ। ਫਿਰ ਉਹਨੂੰ ਗਾਲ੍ਹਾਂ ਕੱਢਦਾ ਹੋਇਆ ਬੋਲਿਆ- “ਨਿਕਲ ਜਾ ਹਰਾਮਖੋਰ, ਬਦਮਾਸ਼ ਕਿਤੋਂ ਦੇ...ਨਿਕਲ ਜਾ ਮੇਰੇ ਘਰੋਂ...ਤੇਰੀ ਏਨੀ ਹਿੰਮਤ ਕਿ ਮਹਾਰਾਜ ਤੇ ਸਾਮੰਤਾਂ ਵਿਚ ਬੈਠੇ।”

ਇਸ ਅਪਮਾਨ ਨਾਲ ਨੌਕਰ ਦੇ ਮਨ ਵਿਚ ਗ਼ੁੱਸਾ ਭਰ ਗਿਆ। ਉਹ ਕਮਜ਼ੋਰ ਸੀ, ਇਸ ਲਈ ਕੁਝ ਨਾ ਕਰ ਸਕਿਆ ਤੇ ਖ਼ੂਨ ਦਾ ਘੁੱਟ ਪੀ ਕੇ ਰਹਿ ਗਿਆ। ਉਹਨੇ ਉਥੋਂ ਜਾਂਦੇ ਵੇਲੇ ਮਨ ਵਿਚ ਇਹ ਫ਼ੈਸਲਾ ਕਰ ਲਿਆ ਕਿ ਇਕ ਦਿਨ ਇਸ ਅਪਮਾਨ ਦਾ ਬਦਲਾ ਜ਼ਰੂਰ ਲਵਾਂਗਾ। ਇਹ ਪ੍ਰਣ ਕਰਕੇ ਨੰਦੂ ਉਥੋਂ ਚਲਾ ਗਿਆ।

ਕੁਝ ਸਮੇਂ ਬਾਅਦ ਹੀ ਨੰਦੂ ਨੇ ਆਪਣੀ ਤਿਕੜਮਬਾਜ਼ੀ ਨਾਲ ਰਾਜੇ ਦੇ ਮਹੱਲ ਵਿਚ ਨੌਕਰੀ ਹਾਸਲ ਕਰ ਲਈ। ਬਦਲੇ ਦੀ ਅੱਗ ਅਜੇ ਵੀ ਉਹਦੇ ਸੀਨੇ 'ਚ ਬਲ ਰਹੀ ਸੀ। ਉਹ ਹਰ ਵੇਲੇ ਉਸ ਮੌਕੇ ਦੀ ਭਾਲ ਵਿਚ ਰਹਿੰਦਾ ਸੀ ਕਿ ਕੋਈ ਅਜਿਹਾ ਮੌਕਾ ਮਿਲੇ, ਜਦੋਂ ਉਹ ਸੇਠ ਕੋਲੋਂ ਆਪਣੇ ਅਪਮਾਨ ਦਾ ਬਦਲਾ ਲੈ ਸਕੇ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਸਮਾਂ ਬਹੁਤ ਬਲਵਾਨ ਹੁੰਦਾ ਹੈ। ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ। ਇਕ ਦਿਨ ਨੰਦੂ ਰਾਜੇ ਦੀ ਗ਼ੈਰਹਾਜ਼ਰੀ ਵਿਚ ਉਹਦੇ ਕਮਰੇ ਵਿਚ ਵੜ ਗਿਆ। ਇਹ ਤਾਂ ਉਹ ਵੇਖ ਹੀ ਚੁੱਕਿਆ ਸੀ ਕਿ ਸੇਠ ਮੁਰਾਰੀ ਲਾਲ ਖੁੱਲ੍ਹੇਆਮ ਮਹੱਲਾਂ ਵਿਚ ਆਉਂਦਾ ਜਾਂਦਾ ਹੈ। ਉਹਦੇ ਆਉਣ 'ਤੇ ਕੋਈ ਰੋਕ ਟੋਕ ਨਹੀਂ। ਇਸ ਵਿਸ਼ੇ ਨੂੰ ਲੈ ਕੇ ਨੰਦੂ ਦਾ ਤੇਜ਼ ਦਿਮਾਗ਼ ਬਹੁਤ ਦੂਰ ਤਕ ਕੰਮ ਕਰ ਚੁੱਕਾ ਸੀ। ਉਹ ਸਿੱਧਾ ਜਾ ਕੇ ਰਾਜੇ ਦੇ ਪਲੰਘ 'ਤੇ ਲੇਟ ਗਿਆ। ਵੇਖਣ ’ਤੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਬੜੀ ਗਹਿਰੀ ਨੀਂਦ 'ਚ ਸੁੱਤਾ ਹੋਵੇ।

ਕੁਝ ਦੇਰ ਬਾਅਦ ਜਿਵੇਂ ਹੀ ਆਰਾਮ ਕਰਨ ਦੇ ਖ਼ਿਆਲ ਵਿਚ ਰਾਜਾ ਕਮਰੇ ਵਿਚ ਆਇਆ ਤਾਂ ਨੰਦੂ ਨੀਂਦ ਵਿਚ ਹੋਣ ਦਾ ਨਾਟਕ ਕਰਦਿਆਂ ਬੁੜਬੁੜਾਉਣ ਲੱਗਾ–“ਕੋਈ ਪੈਸਾ ਕਮਾ ਲੈਣ ਨਾਲ ਰਾਜੇ ਵਰਗੀ ਹੈਸੀਅਤ ਨਹੀਂ ਹਾਸਲ ਕਰ ਲੈਂਦਾ। ਮੁਰਾਰੀ ਲਾਲ ਦੀ ਇਹ ਮਜਾਲ ਕਿ ਰਾਣੀ ਨਾਲ ਛੇੜਖਾਨੀ ਕਰੇ। ਛੀ...ਛੀ...ਪਾਪੀ...ਪੈਸਾ ਜ਼ਿਆਦਾ ਆਉਣ ਕਰਕੇ ਬੁੱਧੀ ਭ੍ਰਿਸ਼ਟ ਹੋ ਗਈ ਹੈ। ਰਾਜੇ ਦੀ ਬਰਾਬਰੀ ਕਰਦਾ ਹੈ, ਦੁਸ਼ਟ ਕਿਤੋਂ ਦਾ।”

ਰਾਜਾ ਮਾਨ ਸਿੰਘ ਨੇ ਨੌਕਰ ਦੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਉਹਨੂੰ ਬੜਾ ਗੁੱਸਾ ਆਇਆ। ਉਹਨੇ ਝਟਪਟ ਨੰਦੂ ਨੂੰ ਗਲੇ ਤੋਂ ਫੜ ਕੇ ਖੜ੍ਹਾ ਕੀਤਾ ਤੇ ਪੁੱਛਿਆ—“ਨੰਦੂ,,,ਜੋ ਕੁਝ ਤੂੰ ਨੀਂਦ ਵਿਚ ਕਿਹਾ ਹੈ ਕੀ ਉਹ ਸੱਚ ਹੈ ?” ਨੰਦੂ ਕੋਈ ਘੱਟ ਚਲਾਕ ਨਹੀਂ ਸੀ। ਉਸਨੇ ਰਾਜੇ ਦੇ ਸਾਹਮਣੇ ਹੱਥ ਜੋੜਦਿਆਂ ਆਖਿਆ—“ਮਾਫ਼ ਕਰੋ ਅੰਨਦਾਤਾ ! ਮੈਂ ਬਹੁਤ ਜ਼ਿਆਦਾ ਥਕ ਗਿਆ ਸਾਂ। ਜਿਵੇਂ ਹੀ ਤੁਹਾਡੇ ਕਮਰੇ 'ਚ ਆਇਆ, ਮੈਨੂੰ ਬੜੀ ਜ਼ੋਰਦਾਰ ਨੀਂਦ ਆ ਗਈ ਤੇ ਮੈਂ ਆਪਣੇ ਆਪ ਪਲੰਘ 'ਦੇ ਡਿੱਗ ਪਿਆ। ਨੀਂਦ ਵਿਚ ਪਤਾ ਨਹੀਂ ਮੈਂ ਕੀ-ਕੀ ਕਰਦਾ ਰਿਹਾ ਹਾਂ। ਇਹ ਮੈਨੂੰ ਨਹੀਂ ਪਤਾ ਮਹਾਰਾਜ਼ ਮੈਨੂੰ ਮਾਫ਼ ਕਰੋ।” ਏਨਾ ਕਹਿ ਕੇ ਨੰਦੂ ਬਾਹਰ ਚਲਾ ਗਿਆ।

ਰਾਜਾ ਸੋਚਾਂ ਵਿਚ ਪੈ ਗਿਆ। ਸ਼ੱਕ ਕਾਰਨ ਉਹਦੇ ਮਨ ਵਿਚ ਗ਼ੁੱਸਾ ਆ ਗਿਆ ਕਿ ਸੇਠ ਮੁਰਾਰੀ ਲਾਲ ਉਸਦੀ ਘਰਵਾਲੀ ਨਾਲ ਛੇੜਖਾਨੀ ਕਰਦਾ ਹੈ। ਜਿਸ ਨੇ ਉਹਨੂੰ ਆਪਣਾ ਮਿੱਤਰ ਸਮਝ ਕੇ ਮਹਿਲਾਂ ਵਿਚ ਖੁੱਲ੍ਹੇਆਮ ਆਉਣ ਦੀ ਇਜਾਜ਼ਤ ਦੇ ਰੱਖੀ ਸੀ, ਉਸਨੇ ਹੀ ਉਸ ਨਾਲ ਵਿਸ਼ਵਾਸਘਾਤ ਕੀਤਾ। ਧੋਖੇਬਾਜ਼, ਪਾਪੀ ! ਮੈਂ ਤੈਨੂੰ ਤੇਰੇ ਕੀਤੇ ਦੀ ਸਜ਼ਾ ਦੇ ਕੇ ਹੀ ਰਹਾਂਗਾ।

ਉਸੇ ਵੇਲੇ ਰਾਜੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਸੇਠ ਮੁਰਾਰੀ ਲਾਲ ਨੂੰ ਫੜ ਕੇ ਉਹਦੇ ਸਾਹਮਣੇ ਪੇਸ਼ ਕਰਨ। ਰਾਜੇ ਦੀ ਆਗਿਆ ਦਾ ਪਾਲਣ ਕੀਤਾ ਗਿਆ। ਸੇਠ ਮੁਰਾਰੀ ਲਾਲ ਨੂੰ ਗ੍ਰਿਫ਼ਤਾਰ ਕਰਕੇ ਰਾਜੇ ਦੇ ਸਾਹਮਣੇ ਹਾਜ਼ਰ ਕੀਤਾ ਗਿਆ। ਮੁਰਾਰੀ ਲਾਲ ਨੂੰ ਵੇਖਦਿਆਂ ਹੀ ਰਾਜੇ ਨੇ ਗ਼ੁੱਸੇ ਭਰੀ ਆਵਾਜ਼ 'ਚ ਆਖਿਆ—“ਮੁਰਾਰੀ ਲਾਲ, ਅੱਜ ਤੋਂ ਬਾਅਦ ਤੂੰ ਮੇਰੇ ਮਹਿਲ ਵਿਚ ਕਦਮ ਨਾ ਰੱਖੀਂ। ਅੱਜ ਤੋਂ ਸਾਡੀ ਦੋਸਤੀ ਖ਼ਤਮ ਹੁੰਦੀ ਏ। ਧੋਖੇਬਾਜ਼ ਇਨਸਾਨਾਂ ਨਾਲ ਮੈਂ ਕਿਸੇ ਤਰ੍ਹਾਂ ਦੀ ਦੋਸਤੀ ਨਹੀਂ ਰੱਖਣੀ ਚਾਹੁੰਦਾ। ਹਾਂ...ਮੇਰੇ ਨਾਲ ਜਿਹੜਾ ਤੂੰ ਵਿਸ਼ਵਾਸਘਾਤ ਕੀਤਾ ਏ, ਉਹ ਮੈਂ ਸਾਰੀ ਉਮਰ ਨਹੀਂ ਭੁਲਾ ਸਕਾਂਗਾ। ਜਾ, ਅੱਜ ਤੋਂ ਬਾਅਦ ਕਦੇ ਏਧਰ ਮੂੰਹ ਨਾ ਕਰੀਂ, ਇਸੇ ਵਿਚ ਤੇਰੀ ਤੇ ਮੇਰੀ ਇੱਜ਼ਤ ਹੈ।”

ਸੇਠ ਮੁਰਾਰੀ ਲਾਲ ਦੀ ਇਹ ਹਿੰਮਤ ਨਾ ਹੋਈ ਕਿ ਰਾਜੇ ਤੋਂ ਪੁੱਛੇ ਕਿ ਉਹਦੀ ਗ਼ਲਤੀ ਕੀ ਹੈ?

ਚਿੰਤਾ ਦੇ ਸਾਗਰ ਵਿਚ ਡੁੱਬਿਆ ਮੁਰਾਰੀ ਲਾਲ ਜਦੋਂ ਆਪਣੇ ਘਰ ਆਇਆ ਤਾਂ ਇਸ ਸਾਰੇ ਕਾਂਡ ਬਾਰੇ ਸੋਚਣ ਲੱਗਾ। ਉਸ ਨੂੰ ਇਹ ਤਾਂ ਪਤਾ ਸੀ ਕਿ ਉਹ ਨਿਰਦੋਸ਼ ਹੈ ਪਰ ਉਸ ਨੂੰ ਦੋਸ਼ੀ ਕਿਉਂ ਬਣਾਇਆ ਗਿਆ ? ਕਿਸੇ ਨੇ ਰਾਜੇ ਦੇ ਮਨ ਵਿਚ ਜ਼ਹਿਰ ਭਰਿਆ ਹੈ।ਕਿਉਂ ਭਰਿਆ ? ਨੰਦੂ... ਅਚਾਨਕ ਹੀ ਆਪਣੇ ਪੁਰਾਣੇ ਨੌਕਰ ਨੰਦੂ ਦਾ ਚਿਹਰਾ ਉਹਦੀਆਂ ਅੱਖਾਂ ਸਾਹਮਣੇ ਆ ਘੁੰਮਣ ਲੱਗਾ। ਇਹ ਸਾਰਾ ਕੁਝ ਜ਼ਰੂਰ ਉਸੇ ਦਾ ਕੀਤਾ ਹੋਇਆ ਹੈ। ਉਹ ਅੱਜ ਕੱਲ੍ਹ ਰਾਜ ਮਹੱਲ ਵਿਚ ਹੈ ਤੇ ਰਾਜੇ ਦਾ ਨਜ਼ਦੀਕੀ ਵੀ ਹੈ।

ਮੁਰਾਰੀ ਲਾਲ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਇਹ ਅੱਗ ਉਸੇ ਦੀ ਲਾਈ ਹੋਈ ਹੈ।ਉਹਨੇ ਉਸੇ ਵੇਲੇ ਆਪਣੇ ਇਕ ਨੌਕਰ ਨੂੰ ਰਾਜ ਮਹੱਲ ਵਿਚ ਭੇਜ ਕੇ ਨੰਦੂ ਨੂੰ ਬੁਲਵਾਇਆ। ਕੁਝ ਦੇਰ ਬਾਅਦ ਹੀ ਨੰਦੂ ਆ ਗਿਆ। ਮੁਰਾਰੀ ਲਾਲ ਨੇ ਉਸ ਨੂੰ ਗਲ ਨਾਲ ਲਾ ਲਿਆ ਤੇ ਆਖਿਆ—“ਨੰਦੂ ! ਤੂੰ ਮੇਰਾ ਪੁਰਾਣਾ ਵਫ਼ਾਦਾਰ ਸੇਵਕ ਏਂ...ਨਿੱਕੀ ਜਿਹੀ ਗੱਲ ਪਿੱਛੇ ਨਰਾਜ਼ ਹੋ ਕੇ ਤੂੰ ਘਰੋਂ ਚਲਾ ਗਿਆਂ....ਭਲਾ ਇਹ ਵੀ ਕੋਈ ਗੱਲ ਹੋਈ। ਮੈਂ ਤਾਂ ਤੈਨੂੰ ਦੀਵਾਲੀ ਦਾ ਇਨਾਮ ਵੀ ਦੇਣਾ ਸੀ, ਜਿਹੜਾ ਲਿਆ ਕੇ ਰੱਖਿਆ ਹੋਇਆ ਸੀ। ਆਹ ਲੈ ਆਪਣਾ ਧੋਤੀ ਕੁੜਤਾ, ਮਿਠਾਈ ਅਤੇ ਚਾਂਦੀ ਦਾ ਸਿੱਕਾ। ਤੂੰ ਮੈਨੂੰ ਭੁੱਲ ਗਿਆਂ ਤਾਂ ਕੀ ਹੋਇਆ। ਪਰ ਅਸੀਂ ਆਪਣੇ ਸੇਵਕ ਨੂੰ ਕਿਵੇਂ ਭੁੱਲ ਸਕਦੇ ਹਾਂ।”

ਇਨਾਮ ਵਿਚ ਏਨੀਆਂ ਚੀਜ਼ਾਂ ਹਾਸਿਲ ਕਰਕੇ ਨੰਦੂ ਬਹੁਤ ਖ਼ੁਸ਼ ਹੋਇਆ। ਉਸ ਨੂੰ ਮਨ ਹੀ ਮਨ ਅਹਿਸਾਸ ਹੋਣ ਲੱਗਾ ਕਿ ਮੇਰਾ ਇਹ ਮਾਲਕ ਕਿੰਨਾ ਚੰਗਾ ਹੈ।ਮੈਂ ਰਾਜੇ ਦੇ ਸਾਹਮਣੇ ਇਸ ਦੀ ਬੁਰਾਈ ਕੀਤੀ ਤੇ ਇਸ ਭਲੇ ਆਦਮੀ ਨੂੰ ਮੁਫ਼ਤ ਵਿਚ ਦੋਸ਼ੀ ਬਣਾ ਦਿੱਤਾ।

ਅਗਲੇ ਦਿਨ ਨੰਦੂ ਫਿਰ ਪਲੰਘ 'ਤੇ ਜਾ ਕੇ ਲੇਟ ਗਿਆ। ਜਿਵੇਂ ਹੀ ਰਾਜਾ ਕਮਰੇ 'ਚ ਆਇਆ ਤਾਂ ਫਿਰ ਨੀਂਦ ਵਿਚ ਬੁੜਬੁੜਾਉਣ ਲੱਗਾ- “ਦੇਖੋ...ਦੇਖੋ ਪ੍ਰਭੂ ! ਇਸ ਰਾਜੇ ਦਾ ਪਾਗਲਪਨ ਦੇਖੋ..ਜਿਹੜਾ ਬਾਥਰੂਮ ਵਿਚ ਜਾ ਕੇ ਵੀ ਪਾਨ ਖਾਂਦਾ ਹੈਛੀ...ਛੀ...ਛੀ...ਕਿਸ ਤਰ੍ਹਾਂ ਦਾ ਰਾਜਾ ਹੈ ਇਹ।”

ਰਾਜੇ ਨੇ ਜਿਵੇਂ ਹੀ ਨੌਕਰ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਹਦਾ ਗਲਾ ਫੜ ਕੇ ਉਹਨੂੰ ਉਠਾਇਆ—“ਓਏ ਨਮਕ ਹਰਾਮਕੀ ਬਕ ਰਿਹਾ ਸੈਂ ?” “ਮਾਫ਼ ਕਰਨਾ ਮਹਾਰਾਜਾ...ਅਸਲ ਵਿਚ ਨੀਂਦ ਵਿਚ ਮੈਨੂੰ ਪੁੱਠਾ ਸਿੱਧਾ ਬੋਲਣ ਦੀ ਆਦਤ ਹੈ...ਹੋ ਸਕਦਾ ਹੈ ਮੈਂ ਤੁਹਾਡੇ ਸਾਹਮਣੇ ਕੋਈ ਅਜਿਹੀ ਭੁੱਲ ਕਰ ਬੈਠਾ ਸਾਂਇਸ ਲਈ ਮੈਂ ਮਾਫ਼ੀ ਮੰਗਦਾ ਹਾਂ।”

ਰਾਜਾ ਸਮਝ ਗਿਆ ਕਿ ਇਸ ਨੌਕਰ ਨੇ ਨੀਂਦ ਵਿਚ ਇਹ ਸਭ ਬਕ ਦਿੱਤਾ ਹੈ। ਉਸ ਦਿਨ ਉਸਦੀ ਰਾਣੀ ਤੇ ਸੇਠ ਮੁਰਾਰੀ ਲਾਲ ਵਾਲੀ ਗੱਲ ਵੀ ਇਸ ਮੂਰਖ ਨੇ ਨੀਂਦ ਵਿਚ ਹੀ ਬਕ ਦਿੱਤੀ ਹੋਵੇਗੀ। ਰਾਜਾ ਆਪਣੀ ਭੁੱਲ 'ਤੇ ਮਾਫ਼ੀ ਮੰਗਦਾ ਹੋਇਆ ਸੇਠ ਮੁਰਾਰੀ ਲਾਲ ਕੋਲ ਗਿਆ ਤੇ ਨੌਕਰ ਦੀ ਸਾਰੀ ਕਹਾਣੀ ਸੁਣਾਈ ਤੇ ਆਪਣੀ ਇਸ ਭੁੱਲ ਦੀ ਮੁਆਫ਼ੀ ਵੀ ਮੰਗੀ। ਸੇਠ ਮੁਰਾਰੀ ਲਾਲ ਦਿਲ ਹੀ ਦਿਲ ਵਿਚ ਆਪਣੀ ਚਾਲ ਦੀ ਸਫ਼ਲਤਾ 'ਤੇ ਖ਼ੁਸ਼ ਹੋਇਆ। ਮਨ ਵਿਚ ਪ੍ਰਭੂ ਦਾ ਧੰਨਵਾਦ ਕਰਦਿਆਂ ਕਹਿਣ ਲੱਗਾ—ਇਸ ਸੰਸਾਰ ਵਿਚ ਕੋਈ ਛੋਟਾ ਵੱਡਾ ਨਹੀਂ, ਕਿਸੇ ਨੂੰ ਛੋਟਾ ਸਮਝ ਕੇ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ।



Post a Comment

0 Comments