Punjabi Moral Story 'ਬੁੱਧੀ ਦਾ ਚਮਤਕਾਰ' 'Buddhi da Chamatkar' for Kids and Students of class 6, 7, 8, 9, 10.

 ਬੁੱਧੀ ਦਾ ਚਮਤਕਾਰ

ਕਾਸ਼ੀਪੁਰ ਦੇ ਜੰਗਲ ਵਿਚ ਇਕ ਖ਼ੂਨੀ ਸ਼ੇਰ ਰਹਿੰਦਾ ਸੀ। ਉਹ ਜਾਂਦੇ- ਆਉਂਦੇ ਮੁਸਾਫ਼ਰਾਂ ਨੂੰ ਮਾਰ ਕੇ ਖਾ ਜਾਂਦਾ ਸੀ। ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ ਕਿ ਇਸ ਜੰਗਲ ਵਿਚ ਨਰ(ਆਦਮੀਆਂ) ਨੂੰ ਖਾਣ ਵਾਲਾ ਸ਼ੇਰ ਰਹਿੰਦਾ ਹੈ, ਉਨ੍ਹਾਂ ਨੇ ਉਥੇ ਜਾਣਾ ਆਉਣਾ ਬੰਦ ਕਰ ਦਿੱਤਾ।

ਹੁਣ ਸ਼ੇਰ ਨੂੰ ਮਾਨਵ ਜਾਤੀ ਦਾ ਮਾਸ ਖਾਣ ਨੂੰ ਨਾ ਮਿਲਦਾ। ਫਲਸਰੂਪ ਉਹਨੇ ਜੰਗਲ ਦੇ ਜਾਨਵਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜੰਗਲੀ ਜਾਨਵਰਾਂ ਦਾ ਜੀਵਨ ਅਨਿਸਚਿਤ ਹੋ ਗਿਆ। ਕੋਈ ਨਹੀਂ ਸੀ ਜਾਣਦਾ ਕਿ ਉਸਦਾ ਜੀਵਨ ਕਦੋਂ ਖ਼ਤਮ ਹੋ ਜਾਵੇ। ਕਦੋਂ ਉਹ ਖੂਨੀ ਸ਼ੇਰ ਦਾ ਸ਼ਿਕਾਰ ਬਣ ਜਾਵੇ।

ਸ਼ੇਰ ਦੇ ਇਨ੍ਹਾਂ ਅੱਤਿਆਚਾਰਾਂ ਤੋਂ ਤੰਗ ਆ ਕੇ ਜੰਗਲੀ ਜਾਨਵਰਾਂ ਨੇ ਮਿਲ ਕੇ ਆਪਣੀ ਇਕ ਸਭਾ ਬੁਲਾਈ ਜੀਹਦੇ ਵਿਚ ਹਾਥੀ ਤੋਂ ਲੈ ਕੇ ਖ਼ਰਗੋਸ਼ ਤਕ ਛੋਟੇ ਵੱਡੇ ਸਾਰੇ ਜਾਨਵਰਾਂ ਨੇ ਭਾਗ ਲਿਆ। ਸਭਾ ਦਾ ਪ੍ਰਧਾਨ ਇਕ ਹਾਥੀ ਨੂੰ ਬਣਾਇਆ ਗਿਆ। ਜਦੋਂ ਸਾਰੇ ਜਾਨਵਰ ਆਪਣੀ-ਆਪਣੀ ਜਗ੍ਹਾ ਬਹਿ ਗਏ ਤਾਂ ਹਾਥੀ ਨੇ ਉਨ੍ਹਾਂ ਨੂੰ ਸੰਬੋਧਿਤ ਕੀਤਾ—“ਵੇਖੋ ਭਰਾਵੋ ! ਇਸ ਵੇਲੇ ਸਾਡੇ ਸਾਰਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਹੈ। ਪਤਾ ਨਹੀਂ ਕਿਹੜੇ ਵੇਲੇ ਉਹ ਖੂਨੀ ਸ਼ੇਰ ਆ ਕੇ ਸਾਡੇ ਜੀਵਨ ਨੂੰ ਮੌਤ ਵਿਚ ਬਦਲ ਦੇਵੇ। ਅਜਿਹੇ ਵੇਲੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਨਿਡਰ ਹੋ ਕੇ ਜੀਣ ਲਈ ਅਸੀਂ ਕੀ ਕਰੀਏ ? ਆਖ਼ਿਰ ਕਦੋਂ ਤਕ ਵਣਰਾਜ ਦਾ ਇਹ ਜ਼ੁਲਮ ਸਹਿੰਦੇ ਰਹਾਂਗੇ ?”

ਪਰ ਕਿਸੇ ਦੇ ਕੋਲ ਕੋਈ ਠੋਸ ਜਵਾਬ ਨਹੀਂ ਸੀ। ਸ਼ੇਰ ਦੇ ਖ਼ਿਲਾਫ਼ ਬੋਲੇ ਤਾਂ ਕੀ ਬੋਲੇ ? ਤਦ ਇਕ ਮੋਰ ਮੰਚ ’ਤੇ ਆਇਆ ਤੇ ਸਭਾਪਤੀ ਹਾਥੀ ਦਾ ਸਤਿਕਾਰ ਕਰਦਿਆਂ ਬੋਲਿਆ—“ਸਭਾਪਤੀ ਜੀਓ ਤੇ ਭਰਾਵੋ, ਮੇਰੇ ਕੋਲ ਇਕ ਸੁਝਾਅ ਹੈ। ਜਿਸ ਤੋਂ ਸਾਨੂੰ ਆਪਣੇ-ਆਪਣੇ ਮਰਨ ਵਾਲੇ ਦਿਨ ਦਾ ਪਤਾ ਲੱਗ ਸਕਦਾ ਹੈ। ਜੇਕਰ ਮੇਰਾ ਸੋਚਿਆ ਪੂਰਾ ਹੋ ਜਾਂਦਾ ਹੈ ਤਾਂ ਅਸੀਂ ਮੌਤ ਦੇ ਦਿਨ ਤਕ ਨਿਡਰ ਹੋ ਕੇ ਜੀ ਸਕਦੇ ਹਾਂ।”

“ਉਹ ਕਿਵੇਂ ?” ਹਾਥੀ ਨੇ ਪੁੱਛਿਆ—“ਕੀ ਸੋਚਿਆ ਏ ਤੁਸੀਂ ?” ਸਾਰੇ ਜਾਨਵਰਾਂ ਦੀਆਂ ਅੱਖਾਂ ਵਿਚ ਆਸ਼ਾ ਦੀ ਝਲਕ ਚਮਕਣ ਲੱਗੀ। “ਵੇਖੋ ਭਰਾਵੋ, ਸਾਡੇ ਵਿਚੋਂ ਪੰਜ ਲੋਕ ਇਕੱਠੇ ਹੋ ਕੇ ਜੰਗਲ ਦੇ ਰਾਜੇ ਕੋਲ ਜਾਣਗੇ। ਉਹ ਸ਼ੇਰ ਅੱਗੇ ਇਹ ਪ੍ਰਾਰਥਨਾ ਕਰਨਗੇ ਕਿ ਤੁਸੀਂ ਆਪਣੀ ਗੁਫ਼ਾ ਵਿਚ ਹੀ ਆਰਾਮ ਨਾਲ ਬੈਠੇ ਰਿਹਾ ਕਰੋ। ਤੁਹਾਡੇ ਭੋਜਨ ਵਾਸਤੇ ਸਾਡੇ ਵਿਚੋਂ ਇਕ ਜਾਨਵਰ ਹਰ ਰੋਜ਼ ਤੁਹਾਡੇ ਕੋਲ ਆ ਜਾਇਆ ਕਰੇਗਾ। ਇਸ ਪ੍ਰਕਾਰ ਤੁਹਾਨੂੰ ਭੋਜਨ ਮਿਲਦਾ ਰਹੇਗਾ ਤੇ ਸਾਨੂੰ ਵੀ ਆਪਣੀ ਮੌਤ ਵਾਲਾ ਦਿਨ ਯਾਦ ਰਹੇਗਾ। ਇਸ ਪ੍ਰਕਾਰ ਦੋਵੇਂ ਪੱਖ ਚੈਨ ਨਾਲ ਰਹਿਣਗੇ। ਨਾ ਸਾਨੂੰ ਮੌਤ ਦਾ ਡਰ ਸਤਾਵੇਗਾ ਤੇ ਨਾ ਜੰਗਲ ਦੇ ਰਾਜੇ ਨੂੰ ਭੁੱਖ।”

ਸਾਰੇ ਜਾਨਵਰ ਇਹ ਗੱਲ ਮੰਨਣ ਲਈ ਤਿਆਰ ਹੋ ਗਏ ਤੇ ਸਾਰਿਆਂ ਨੇ ਮੋਰ ਦੇ ਇਸ ਸੁਝਾਅ ਦਾ ਸਮਰਥਨ ਕੀਤਾ। ਸਹਿਮਤੀ ਹੁੰਦਿਆਂ ਹੀ ਪੰਜ ਮੈਂਬਰਾਂ ਦਾ ਦਲ ਮੋਰ ਤੇ ਹਾਥੀ ਦੀ ਅਗਵਾਈ ਵਿਚ ਸ਼ੇਰ ਕੋਲ ਪਹੁੰਚਿਆ। ਸ਼ੇਰ ਨੇ ਇਸ ਸ਼ਰਤ ਨੂੰ ਖ਼ੁਸ਼ੀ ਨਾਲ ਸਵੀਕਾਰ ਕਰ ਲਿਆ।

ਦੂਸਰੇ ਦਿਨ ਤੋਂ ਹੀ ਜਾਨਵਰਾਂ ਦੀ ਪੰਚਾਇਤ ਨੇ ਮਿਲ ਕੇ ਆਪਣੇ ਸਾਥੀਆਂ ਦੀ ਮੌਤ ਦੇ ਦਿਨ ਵੰਡੇ ਦਿੱਤੇ। ਹੁਣ ਰੋਜ਼ ਇਕ ਜਾਨਵਰ ਸ਼ੇਰ ਦੀ ਗੁਫ਼ਾ ਵੱਲ ਤੁਰ ਪੈਂਦਾ। ਬਾਕੀ ਬਚੇ ਜਾਨਵਰ ਆਪਣੀ ਮੌਤ ਦੇ ਇੰਤਜ਼ਾਰ ਦੇ ਦਿਨ ਗਿਣਦੇ ਰਹਿੰਦੇ।

ਇਕ ਦਿਨ ਇਕ ਖ਼ਰਗੋਸ਼ ਦੀ ਵਾਰੀ ਆਈ। ਸਾਰੇ ਜਾਨਵਰਾਂ ਨੂੰ ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਖਰਗੋਸ਼ ਜ਼ਰਾ ਵੀ ਚਿੰਤਤ ਨਹੀਂ ਸੀ। ਨਾ ਹੀ ਉਹਦੇ ਚਿਹਰੇ 'ਤੇ ਉਦਾਸੀ ਨਜ਼ਰ ਆ ਰਹੀ ਸੀ। ਉਹ ਹੱਸਦਾ ਹੋਇਆ ਖ਼ੁਸ਼ੀ-ਖ਼ੁਸ਼ੀ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਤੋਂ ਵਿਦਾ ਲੈ ਕੇ ਜਾ ਰਿਹਾ ਸੀ ਜਿਵੇਂ ਕਿਸੇ ਵਿਆਹ-ਸ਼ਾਦੀ ਵਿਚ ਜਾ ਰਿਹਾ ਹੋਵੇ। ਜਦ ਕਿ ਉਸਦੇ ਤੋਂ ਪਹਿਲਾਂ ਜਿੰਨੇ ਵੀ ਜਾਨਵਰ ਸ਼ੇਰ ਦਾ ਭੋਜਨ ਬਣਨ ਜਾਂਦੇ, ਉਹ ਸਾਰੇ ਰੋਂਦੇ ਹੋਏ ਜਾਂਦੇ ਸਨ।

ਉਸ ਖਰਗੋਸ਼ ਦੀ ਪਤਨੀ ਤੇ ਦੋ ਬੱਚੇ ਭਾਵੇਂ ਉਸ ਨੂੰ ਵੇਖ ਕੇ ਰੋ ਰਹੇ ਸਨ ਪਰ ਉਹ ਜ਼ਰਾ ਵੀ ਬੇਚੈਨ ਨਹੀਂ ਸੀ।

ਦਰਅਸਲ ਉਹ ਖ਼ਰਗੋਸ਼ ਵੀ ਮਰਨਾ ਨਹੀਂ ਸੀ ਚਾਹੁੰਦਾ। ਪਤਾ ਨਹੀਂ ਕਿਉਂ ਉਹਦੀ ਅੰਤਰ-ਆਤਮਾ ਉਹਨੂੰ ਬਾਰ-ਬਾਰ ਕਹਿ ਰਹੀ ਸੀ ਕਿ ਤੁਸੀਂ ਨਹੀਂ ਮਰੋਗੇ। ਤੁਸੀਂ ਇਕ ਬੁੱਧੀਮਾਨ ਜੀਵ ਹੋ, ਤੁਸੀਂ ਛੋਟੀ ਉਮਰ ਤੋਂ ਸਾਧੂ- ਸੰਤਾਂ ਤੇ ਗਿਆਨੀਆਂ ਦੇ ਕੋਲ ਬੈਠਦੇ ਰਹੇ ਓ। ਉਥੋਂ ਤੁਹਾਨੂੰ ਏਨਾ ਗਿਆਨ ਮਿਲ ਚੁੱਕਿਆ ਹੈ ਕਿ ਤੁਸੀਂ ਮੌਤ ਨਾਲ ਲੜ ਸਕਦੇ ਹੋ। ਉਹਨੂੰ ਗਿਆਨ ਦੀ ਸ਼ਕਤੀ ਨਾਲ ਇਹੋ ਪ੍ਰੇਰਨਾ ਹਾਸਲ ਹੋ ਰਹੀ ਸੀ ਕਿ ਤੁਸੀਂ ਮਰੋਗੇ ਨਹੀਂ। ਜੇਕਰ ਤੁਸੀਂ ਆਪਣੀ ਬੁੱਧੀ ਤੋਂ ਕੰਮ ਲਵੋਗੇ ਤਾਂ ਮੌਤ ਤੋਂ ਬਚ ਜਾਓਗੇ।

ਜਾਂਦਿਆਂ ਜਾਂਦਿਆਂ ਖ਼ਰਗੋਸ਼ ਮੌਤ ਤੋਂ ਬਚਣ ਦੀ ਯੁਕਤੀ ਸੋਚਦਾ ਜਾ ਰਿਹਾ ਸੀ। ਰਸਤੇ ਵਿਚ ਉਹਨੇ ਇਕ ਪੁਰਾਣਾ ਖੂਹ ਵੇਖਿਆ।ਉਹਨੇ ਉਸ ਖੂਹ ਅੰਦਰ ਝਾਕ ਕੇ ਵੇਖਿਆ ਕਿ ਖੂਹ ਅੰਦਰ ਪਾਣੀ ਹੈ ਜਾਂ ਨਹੀਂ। ਉਹਨੇ ਹੇਠਾਂ ਝਾਕ ਕੇ ਵੇਖਿਆ ਤਾਂ ਪਾਣੀ ਅੰਦਰ ਇਕ ਹੋਰ ਖ਼ਰਗੋਸ਼ ਨਜ਼ਰ ਆਇਆ ਜੋ ਉਸਦਾ ਆਪਣਾ ਹੀ ਪਰਛਾਵਾਂ ਸੀ।

ਖਰਗੋਸ਼ ਉਸ ਨੂੰ ਵੇਖ ਕੇ ਹੱਸ ਪਿਆ। ਫਿਰ ਥੋੜ੍ਹੀ ਦੇਰ ਤਕ ਸੋਚਦਾ ਰਿਹਾ। ਸ਼ੇਰ ਕੋਲ ਪਹੁੰਚਦਿਆਂ ਉਹਨੂੰ ਕਾਫ਼ੀ ਦੇਰ ਹੋ ਗਈ। ਸ਼ੇਰ ਪਹਿਲਾਂ ਹੀ ਭੁੱਖਾ ਬੈਠਾ ਸੀ। ਖਰਗੋਸ਼ ਨੂੰ ਵੇਖਦਿਆਂ ਹੀ ਗ਼ੁੱਸੇ ਨਾਲ ਭੜਕ ਉੱਠਿਆ ਤੇ ਦਹਾੜਦੇ ਹੋਇਆਂ ਬੋਲਿਆ—‘ਖਰਗੋਸ਼ ਦੇ ਬੱਚੇ...ਇਕ ਤਾਂ ਤੂੰ ਪਹਿਲਾਂ ਹੀ ਪਿੱਦਾ ਜਿਹਾ ਏਂ, ਤੈਨੂੰ ਖਾਣ ਨਾਲ ਮੇਰਾ ਢਿੱਡ ਨਹੀਂ ਭਰਨਾ। ਦੂਜਾ ਤੂੰ ਆਇਆਂ ਏਨੀ ਦੇਰ ਨਾਲ ਐਂ ਕਿ ਮੈਂ ਭੁੱਖ ਨਾਲ ਮਰਦਾ ਜਾ ਰਿਹਾ ਹਾਂ। ਲੇਟ ਕਿਉਂ ਆਇਆਂ ? ਜੇਕਰ ਝੂਠ ਬੋਲਿਆ ਤਾਂ ਹੁਣੇ ਤੇਰੇ ਸਾਰੇ ਪਰਿਵਾਰ ਦਾ ਸਫ਼ਾਇਆ ਕਰ ਦੇਵਾਂਗਾ।”

“ਮਹਾਰਾਜ ! ਕੀ ਦੱਸਾਂ, ਮੈਨੂੰ ਰਾਹ ਵਿਚ ਇਕ ਹੋਰ ਸ਼ੇਰ ਨੇ ਘੇਰ ਲਿਆ ਸੀ।”

“ਕੀ ਬੋਲ ਰਿਹਾ ਏਂ...ਇਸ ਜੰਗਲ ਵਿਚ ਮੇਰੇ ਤੋਂ ਇਲਾਵਾ ਹੋਰ ਕੋਈ ਸ਼ੇਰ ਹੈ ਹੀ ਨਹੀਂ।”

“ਮਹਾਰਾਜ ! ਮੈਂ ਸੱਚ ਕਹਿ ਰਿਹਾ ਹਾਂ। ਇਕ ਸ਼ੇਰ ਹੋਰ ਹੈ..ਉਹਨੇ ਮੈਨੂੰ ਘੇਰ ਲਿਆ ਤਾਂ ਮੈਂ ਉਹਨੂੰ ਕਿਹਾ ਕਿ ਮੈਨੂੰ ਜਾਣ ਦਿਉ। ਮੈਂ ਆਪਣੇ ਰਾਜੇ ਦਾ ਭੋਜਨ ਹਾਂ ਅਤੇ ਉਹ ਤੁਹਾਨੂੰ ਪੁੱਠਾ-ਸਿੱਧਾ ਬੋਲਣ ਲੱਗਾ।”

“ਕੀ ? ਪੁੱਠਾ ਸਿੱਧਾ। ਉਹਦੀ ਏਨੀ ਹਿੰਮਤ। ਅਸੀਂ ਉਹਨੂੰ ਮਾਰ ਦੇਵਾਂਗੇ। ਉਹਨੂੰ ਕੀ ਅਧਿਕਾਰ ਹੈ ਸਾਡੇ ਜੰਗਲ ਦੀ ਸੀਮਾ ਵਿਚ ਆਉਣ ਦੀ ? ਮੈਂ ਉਹਦਾ ਖ਼ੂਨ ਪੀ ਜਾਵਾਂਗਾ। ਚੱਲ, ਮੈਨੂੰ ਦੱਸ ਉਹ ਕਿਥੇ ਰਹਿੰਦਾ ਏ। ਮੈਂ ਤੈਨੂੰ ਛੱਡ ਕੇ ਉਹਦੇ ਮਾਸ ਨਾਲ ਆਪਣੀ ਭੁੱਖ ਮਿਟਾਵਾਂਗਾ। “ਠੀਕ ਏ ਮਹਾਰਾਜ, ਚੱਲੋ।”

“ਚਲੋ, ਕਿਤੇ ਇਹ ਨਾ ਹੋਵੇ ਕਿ ਉਹ ਜਾਣ ਤਕ ਭੱਜ ਜਾਵੇ।”

ਜਦੋਂ ਖ਼ਰਗੋਸ਼ ਸ਼ੇਰ ਨੂੰ ਲੈ ਕੇ ਉਸ ਖੂਹ ਕੋਲ ਆਇਆ ਤਾਂ ਸ਼ੇਰ ਨੇ ਚਾਰੇ ਪਾਸੇ ਨਜ਼ਰਾਂ ਘੁਮਾ ਕੇ ਵੇਖਿਆ। ਦੂਰ-ਦੂਰ ਤਕ ਕਿਸੇ ਹੋਰ ਸ਼ੇਰ ਦਾ ਨਾਮੋ ਨਿਸ਼ਾਨ ਨਹੀਂ ਸੀ।

“ਓਏ ਪਿੱਦੇ, ਕਿਥੇ ਆ ਉਹ ਸ਼ੇਰ। ਕੀ ਤੂੰ ਮੈਨੂੰ ਪਾਗਲ ਬਣਾ ਰਿਹਾ ਹੈਂ।”

“ਨਹੀਂ...ਨਹੀਂ...ਮਹਾਰਾਜ ! ਅਜਿਹੀ ਗੱਲ ਨਹੀਂ ਹੈ। ਮੈਂ ਝੂਠ ਨਹੀਂ ਬੋਲ ਰਿਹਾ। ਸ਼ਾਇਦ ਤੁਹਾਡੇ ਤੋਂ ਡਰ ਕੇ ਉਹ ਇਸ ਖੂਹ ਵਿਚ ਲੁਕ ਗਿਆ ਹੈ।”

ਖਰਗੋਸ਼ ਭੱਜ ਕੇ ਖੂਹ ਦੇ ਪੱਥਰ 'ਤੇ ਚੜ੍ਹ ਗਿਆ। ਬੜੇ ਹੀ ਜੋਸ਼ ਨਾਲ ਬੋਲਿਆ—‘ਵੇਖੋ ਮਹਾਰਾਜ, ਔਹ ਹੈ ਸ਼ੇਰ। ਇਸ ਖੂਹ ਵਿਚ ਲੁਕਿਆ ਬੈਠਾ ਹੈ।”

ਸ਼ੇਰ ਨੇ ਝਾਕ ਕੇ ਖੂਹ ਵਿਚ ਵੇਖਿਆ ਤਾਂ ਖੂਹ ਦੇ ਪਾਣੀ ਵਿਚ ਉਸ ਨੂੰ ਸ਼ੇਰ ਨਜ਼ਰ ਆਇਆ, ਜਿਹੜਾ ਅਸਲ ਵਿਚ ਉਸਦਾ ਆਪਣਾ ਹੀ ਪਰਛਾਵਾਂ ਸੀ। ਗੁੱਸੇ ਨਾਲ ਭਰੇ ਸ਼ੇਰ ਨੇ ਕੁਝ ਨਾ ਸੋਚਿਆ, ਗੁੱਸੇ 'ਚ ਗਰਜਦਿਆਂ ਖੂਹ ਵਿਚ ਛਾਲ ਮਾਰ ਦਿੱਤੀ। ਉਹਦਾ ਸਿਰ ਪੱਥਰਾਂ ਨਾਲ ਟਕਰਾ ਕੇ ਟੁਕੜੇ- ਟੁਕੜੇ ਹੋ ਗਿਆ।

ਖਰਗੋਸ਼ ਖ਼ੁਸ਼ੀ ਨਾਲ ਨੱਚ ਉੱਠਿਆ।

“ਬੁੱਧੀ ਸਭ ਤੋਂ ਵੱਡਾ ਹਥਿਆਰ ਹੈ।” ਕਹਿੰਦਾ ਹੋਇਆ ਉਹ ਵਾਪਸ ਆਪਣੇ ਸਾਥੀਆਂ ਕੋਲ ਪਹੁੰਚਿਆ ਤਾਂ ਉਹ ਸਭ ਉਹਨੂੰ ਜਿਊਂਦਾ ਵੇਖ ਕੇ ਹੈਰਾਨ ਰਹਿ ਗਏ ਤੇ ਜਦੋਂ ਖ਼ਰਗੋਸ਼ ਨੇ ਸ਼ੇਰ ਨੂੰ ਮਾਰਨ ਦੀ ਸਾਰੀ ਕਹਾਣੀ ਸੁਣਾਈ ਤਾਂ ਸਾਰੇ ਜਾਨਵਰ ਖ਼ੁਸ਼ੀ ਨਾਲ ਨੱਚ ਉੱਠੇ।



Post a Comment

0 Comments