Punjabi Moral Story 'ਮੂਰਖ ਦੀ ਸੋਚ'' 'Murakh di Soch' for Kids and Students of class 6, 7, 8, 9, 10.

 ਮੂਰਖ ਦੀ ਸੋਚ

ਇਕ ਪਿੰਡ ਵਿਚ ਇਕ ਸ਼ਿਲਪਕਾਰ ਰਹਿੰਦਾ ਸੀ। ਉਹ ਬੜੀਆਂ ਸੋਹਣੀਆਂ ਮੂਰਤੀਆਂ ਬਣਾਉਂਦਾ ਸੀ। ਇਕ ਵਾਰ ਉਹਨੇ ਦੇਵੀ ਦੀ ਇਕ ਬੜੀ ਸੋਹਣੀ ਮੂਰਤੀ ਬਣਾਈ। ਉਹ ਮੂਰਤੀ ਉਹਨੇ ਦੂਜੇ ਪਿੰਡ ਆਪਣੇ ਗਾਹਕ ਕੋਲ ਪਹੁੰਚਾਉਣੀ ਸੀ, ਇਸ ਲਈ ਆਪਣੇ ਧੋਬੀ ਮਿੱਤਰ ਕੋਲੋਂ ਉਹਦਾ ਗਧਾ ਮੰਗ ਲਿਆ ਤੇ ਮੂਰਤੀ ਉਹਦੀ ਪਿੱਠ 'ਤੇ ਲੱਦ ਕੇ ਤੁਰ ਪਿਆ।

ਮੂਰਤੀ ਏਨੀ ਸੋਹਣੀ ਤੇ ਸਜੀਵ ਸੀ ਕਿ ਰਸਤੇ ਵਿਚ ਜਿਹੜਾ ਵੀ ਉਹ ਮੂਰਤੀ ਵੇਖਦਾ, ਉਹ ਉਸ ਸੁੰਦਰ ਮੂਰਤੀ ਨੂੰ ਵੇਖ ਕੇ ਰੁਕ ਜਾਂਦਾ...ਫਿਰ ਸ਼ਰਧਾ ਨਾਲ ਦੇਵੀ ਨੂੰ ਨਮਸਕਾਰ ਕਰਦਾ। ਸਾਰੇ ਰਾਹ ਇਹੋ ਕੁਝ ਹੁੰਦਾ ਰਿਹਾ।

ਇਹ ਵੇਖ ਕੇ ਉਸ ਮੂਰਖ ਗਧੇ ਨੇ ਸੋਚਿਆ ਕਿ ਲੋਕ ਉਹਨੂੰ ਹੱਥ ਜੋੜ ਰਹੇ ਹਨ। ਜਿਵੇਂ ਹੀ ਉਹਦੇ ਮਨ ਵਿਚ ਇਹ ਗੱਲ ਆਈ, ਉਹ ਘਮੰਡ ਨਾਲ ਆਕੜ ਪਿਆ ਤੇ ਸੜਕ ਦੇ ਵਿਚਕਾਰ ਖੜ੍ਹਾ ਹੋ ਕੇ ਉੱਚੀ-ਉੱਚੀ ਰੇਂਗਣ ਲੱਗਾ।

ਮੂਰਤੀਕਾਰ ਨੇ ਗਧੇ ਨੂੰ ਪੁਚਕਾਰ ਕੇ ਚੁੱਪ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਤੇ ਉਸ ਨੂੰ ਸਮਝਾਇਆ ਕਿ ਭਾਈ ਇਹ ਲੋਕ ਤੈਨੂੰ ਨਮਸਕਾਰ ਨਹੀਂ ਕਰ ਰਹੇ। ਇਹ ਤਾਂ ਉਸ ਦੇਵੀ ਨੂੰ ਨਮਸਕਾਰ ਕਰ ਰਹੇ ਹਨ ਜਿਹੜੀ ਤੇਰੀ ਪਿੱਠ 'ਤੇ ਸਵਾਰ ਹੈ। ਪਰ ਗਧਾ ਤਾਂ ਗਧਾ ਸੀ ਤੇ ਸਿੱਧੀ ਸਾਦੀ ਗੱਲ ਬਿਨਾਂ ਮਾਰ ਖਾਧਿਆਂ ਉਹਦੀ ਸਮਝ ਵਿਚ ਆ ਜਾਵੇ ਤਾਂ ਉਹਨੂੰ ਗਧਾ ਕੌਣ ਆਖੇ। ਉਹ ਆਕੜ ਕੇ ਖੜ੍ਹਾ ਰੇਂਗਦਾ ਰਿਹਾ |

ਅੰਤ ਵਿਚ ਉਸ ਸ਼ਿਲਪਕਾਰ ਨੇ ਡੰਡੇ ਨਾਲ ਉਹਨੂੰ ਚੰਗੀ ਤਰ੍ਹਾਂ ਕੁੱਟਿਆ। ਮਾਰ ਖਾਣ ਤੋਂ ਬਾਅਦ ਗਧੇ ਦਾ ਸਾਰਾ ਘਮੰਡ ਲੱਥ ਗਿਆ ਤੇ ਮਾਰ ਖਾ ਕੇ ਉਹਨੂੰ ਪਤਾ ਚਲਾ ਕਿ ਮੈਂ ਗਧਾ ਹਾਂ।

ਬਸ ਕੁੱਟ ਖਾ ਕੇ ਜਿਵੇਂ ਹੀ ਉਹਦੀ ਹੋਸ਼ ਟਿਕਾਣੇ ਆਈ, ਉਹ ਚੁੱਪਚਾਪ ਤੁਰ ਪਿਆ।



Post a Comment

0 Comments